5-ਜੀ ਸਪੈਕਟ੍ਰਮ ਨੀਲਾਮੀ ਤੋਂ ਦੂਰ ਰਹਿ ਸਕਦੀ ਹੈ ਏਅਰਟੈੱਲ

Wednesday, Nov 21, 2018 - 11:59 AM (IST)

5-ਜੀ ਸਪੈਕਟ੍ਰਮ ਨੀਲਾਮੀ ਤੋਂ ਦੂਰ ਰਹਿ ਸਕਦੀ ਹੈ ਏਅਰਟੈੱਲ

ਕੋਲਕਾਤਾ - ਭਾਰਤੀ ਏਅਰਟੈੱਲ ਦੇਸ਼ ’ਚ ਸਮੇਂ ਤੋਂ ਪਹਿਲਾਂ 5-ਜੀ ਸਪੈਕਟ੍ਰਮ ਦੀ ਨੀਲਾਮੀ ਹੋਣ ’ਤੇ ਇਸ ਮਹਿੰਗੀ ਏਅਰਵੇਵਸ ਲਈ ਬੋਲੀ ਨਹੀਂ ਲਾਵੇਗੀ। ਉਸ ਨੂੰ ਲੱਗਦਾ ਹੈ ਕਿ ਇਸ ਅਲਟ੍ਰਾ ਫਾਸਟ ਵਾਇਰਲੈੱਸ ਟੈਕਨਾਲੋਜੀ ਨ’ਚ ਪੂਰੀ ਤਰ੍ਹਾਂ ਚਾਲੂ ਹੋਣ ’ਚ ਘੱਟ ਤੋਂ ਘੱਟ 3-4 ਸਾਲ ਲੱਗਣਗੇ। ਦਰਅਸਲ ਅਜੇ ਇੱਥੇ ਯੂਜ਼ ਕੇਸ (ਸਿਸਟਮ ਰਿਕੁਆਇਰਮੈਂਟ ਪਤਾ ਕਰਨ ਦਾ ਤਰੀਕਾ) ਨਹੀਂ ਹੈ ਅਤੇ ਨਾ ਹੀ 5-ਜੀ ਚਲਾਉਣ ਯੋਗ ਡਿਵਾਈਸ ਦਾ ਈਕੋ ਸਿਸਟਮ ਹੈ। ਇਹ ਸੰਕੇਤ ਏਅਰਟੈੱਲ ਦੇ ਇੰਡੀਅਨ ਬਿਜ਼ਨੈੱਸ ’ਚ ਨਵੀਂ ਜਾਨ ਪਾਉਣ ਦੇ ਤੌਰ-ਤਰੀਕਿਆਂ ਦੇ ਸਬੰਧ ’ਚ ਤਾਜ਼ਾ ਐਨਾਲਿਸਟ ਮੀਟ ’ਚ ਉਸਦੀ ਲੀਡਰਸ਼ਿਪ ਟੀਮ ਨੇ ਦਿੱਤੇ ਸਨ।  

ਮਾਰਗਨ ਸਟੇਨਲੀ ਦਾ ਕਹਿਣਾ ਹੈ ਕਿ ਸੁਨੀਲ ਮਿੱਤਲ ਦੀ ਕੰਪਨੀ ਦਾ ਫੋਕਸ ਜਿਓ ਦੀ ਐਂਟਰੀ ਦੇ ਬਾਵਜੂਦ 4-ਜੀ ਗੇਮ ’ਚ ਬਾਜ਼ੀ ਮਾਰਨ ’ਤੇ ਬਣਿਆ ਹੋਇਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਮੁਕਾਬਲੇਬਾਜ਼ੀ ਵਾਸਤੇ ਜ਼ਿਆਦਾ ਫੰਡ ਦੀ ਜ਼ਰੂਰਤ ਪੂਰੀ ਕਰਨ ਲਈ ਏਅਰਟੈੱਲ ਕੋਲ ਵੱਡੇ ਸ਼ੇਅਰਧਾਰਕਾਂ ਦਾ ਸਹਾਰਾ ਹੈ।  

ਬ੍ਰੋਕਰੇਜ ਫਰਮ ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਦੇ ਨੋਟ ਮੁਤਾਬਕ ਭਾਰਤੀ ਏਅਰਟੈੱਲ ਨੇ ਸਪੱਸ਼ਟ ਕੀਤਾ ਹੈ ਕਿ ਉਹ 5-ਜੀ ਸਪੈਕਟ੍ਰਮ ਨੀਲਾਮੀ ’ਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਜ਼ਿਆਦਾ ਸਪੈਕਟ੍ਰਮ ਖਰੀਦਣ ’ਚ ਉਸ ਦੀ ਦਿਲਚਸਪੀ ਨਹੀਂ ਹੈ। ਉਹ 5-ਜੀ ਈਕੋ ਸਿਸਟਮ ਦੇ ਸਪੋਰਟਿਵ ਹੋਣ ’ਤੇ ਇਸ ਬਾਰੇ ਸੋਚੇਗੀ। 

2019 ਦੀ ਦੂਜੀ ਛਿਮਾਹੀ ’ਚ ਹੋ ਸਕਦੀ ਹੈ ਸਪੈਕਟ੍ਰਮ ਵਿਕਰੀ

ਸਰਕਾਰ ਨੇ ਵੀ ਆਪਣੇ ਵੱਲੋਂ ਇਸ ਦੀ ਨੀਲਾਮੀ ਦੀ ਮਿਆਦ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਸਿਰਫ ਇੰਨਾ ਕਿਹਾ ਹੈ ਕਿ 5-ਜੀ ਸਪੈਕਟ੍ਰਮ ਵਿਕਰੀ ਕੈਲੰਡਰ ਸਾਲ 2019 ਦੀ ਦੂਜੀ ਛਿਮਾਹੀ ’ਚ ਹੋ ਸਕਦੀ ਹੈ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਦੇ ਅਫਸਰਾਂ ਨੇ ਵੀ ਨਿੱਜੀ ਤੌਰ ’ਤੇ ਮੰਨਿਆ ਕਿ ਵਿੱਤੀ ਸਾਲ 2019 ’ਚ 5-ਜੀ ਸਪੈਕਟ੍ਰਮ ਦੀ ਨੀਲਾਮੀ ਹੋਣ ਦੀ ਸੰਭਾਵਨਾ ਨਹੀਂ ਹੈ। ਇੰਡੀਅਨ ਟੈਲੀਕਾਮ ਇੰਡਸਟਰੀ ਪਹਿਲਾਂ ਤੋਂ ਹੀ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੀ ਹੈ। ਹਾਲਾਂਕਿ ਉਨ੍ਹਾਂ ਨੇ ਪੜਾਅਬੱਧ ਤਰੀਕੇ ਨਾਲ ਇਸ ਦੀ ਵਿਕਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ, ਖਾਸ ਤੌਰ ’ਤੇ ਉਦੋਂ ਜਦੋਂ ਸਰਕਾਰ ਨੂੰ ਚੋਣ ਵਾਲੇ ਸਾਲ ’ਚ ਆਪਣਾ ਖਜ਼ਾਨਾ ਭਰਨ ਦੀ ਜ਼ਰੂਰਤ ਹੋਵੇਗੀ। 


Related News