AIR INDIA ਨੇ ਵੰਦੇ ਭਾਰਤ ਮਿਸ਼ਨ ਤਹਿਤ ਉਡਾਣਾਂ ਤੋਂ ਕੀਤੀ ਇੰਨੀ ਕਮਾਈ
Wednesday, Sep 16, 2020 - 09:30 PM (IST)
ਨਵੀਂ ਦਿੱਲੀ— ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਹੋਣ ਵਿਚਕਾਰ ਵੰਦੇ ਭਾਰਤ ਮਿਸ਼ਨ ਤਹਿਤ ਰਾਸ਼ਟਰੀ ਜਹਾਜ਼ ਕੰਪਨੀ ਨੇ ਚੰਗਾ ਮਾਲੀਆ ਹਾਸਲ ਕੀਤਾ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਏਅਰ ਇੰਡੀਆ ਨੇ 31 ਅਗਸਤ ਤੱਕ ਵੰਦੇ ਭਾਰਤ ਮਿਸ਼ਨ ਤਹਿਤ ਚੱਲ ਰਹੀਆਂ ਉਡਾਣਾਂ ਤੋਂ 2556.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਭਾਰਤ 'ਚ 23 ਮਾਰਚ ਤੋਂ ਨਿਰਧਾਰਤ ਕੌਮਾਂਤਰੀ ਯਾਤਰੀ ਉਡਾਣਾਂ 'ਤੇ ਪਾਬੰਦੀ ਜਾਰੀ ਹੈ। ਹਾਲਾਂਕਿ, ਸਰਕਾਰ ਨੇ ਵੱਖ-ਵੱਖ ਦੇਸ਼ਾਂ 'ਚ ਫਸੇ ਲੋਕਾਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਣ ਲਈ 6 ਮਈ ਤੋਂ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਏਅਰ ਬੱਬਲ ਕਰਾਰ ਤਹਿਤ ਵੀ ਉਡਾਣਾਂ ਚੱਲ ਰਹੀਆਂ ਹਨ।
ਪੁਰੀ ਨੇ ਰਾਜ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਕਿਹਾ, ''31-08-2020 ਤੱਕ ਏਅਰ ਇੰਡੀਆ ਸਮੂਹ ਦੀਆਂ ਆਉਣ-ਜਾਣ ਵਾਲੀਆਂ ਵਿਸ਼ੇਸ਼ ਉਡਾਣਾਂ ਦੀ ਕੁੱਲ ਗਿਣਤੀ 4,505 ਰਹੀ।'' ਮੰਤਰੀ ਨੇ ਦੱਸਿਆ ਕਿ 31 ਅਗਸਤ ਤੱਕ ਵਾਪਸ ਲਿਆਂਦੇ ਗਏ ਲਗਭਗ 11 ਲੱਖ ਭਾਰਤੀ ਨਾਗਰਿਕਾਂ 'ਚੋਂ ਲਗਭਗ 4 ਲੱਖ ਯਾਤਰੀ ਏਅਰ ਇੰਡੀਆ ਗਰੁੱਪ ਦੀਆਂ ਉਡਾਣਾਂ 'ਚ ਭਾਰਤ ਆਏ ਹਨ। ਇਸ ਤੋਂ ਇਲਾਵਾ ਏਅਰ ਇੰਡੀਆ ਗਰੁੱਪ ਨੇ ਲਗਭਗ 1.9 ਲੱਖ ਯਾਤਰੀਆਂ ਨੂੰ ਭਾਰਤ ਤੋਂ ਉਨ੍ਹਾਂ ਦੀ ਵਿਦੇਸ਼ 'ਚ ਮੰਜ਼ਿਲ ਤੱਕ ਪਹੁੰਚਾਇਆ।