ਖੇਤੀਬਾੜੀ ਬਰਾਮਦ 2021-22 ’ਚ 5 ਅਰਬ ਡਾਲਰ ਤੋਂ ਉੱਪਰ : ਵਣਜ ਵਿਭਾਗ
Thursday, Apr 07, 2022 - 10:17 AM (IST)
ਨਵੀਂ ਦਿੱਲੀ – ਸਮੁੰਦਰੀ ਅਤੇ ਬਾਗਬਾਨੀ ਉਤਪਾਦਾਂ ਸਮੇਤ ਦੇਸ਼ ਤੋਂ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਸਾਲ 2021-22 ’ਚ 50 ਅਰਬ ਡਾਲਰ ਨੂੰ ਪਾਰ ਕਰ ਗਈ ਹੈ ਜੋ ਇਕ ਨਵਾਂ ਰਿਕਾਰਡ ਹੈ। ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ (ਡੀ. ਜੀ. ਸੀ. ਆਈ. ਐਂਡ ਐੱਸ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਖੇਤੀਬਾੜੀ ਬਰਾਮਦ 2021-22 ਦੌਰਾਨ 19.92 ਫੀਸਦੀ ਵਧ ਕੇ 50.21 ਅਰਬ ਡਾਲਰ ਤੱਕ ਪਹੁੰਚ ਗਈ ਹੈ। ਸਾਲ 2020-21 ’ਚ ਇਸ ਖੇਤਰ ’ਚ 17.6 ਫੀਸਦੀ ਦੇ ਵਾਧੇ ਨਾਲ ਖੇਤੀਬਾੜੀ ਬਰਾਮਦ 41.87 ਅਰਬ ਡਾਲਰ ਸੀ। ਵਪਾਰ ਮੰਤਰਾਲਾ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ 2021-22 ’ਚ ਭਾੜਾ ਜ਼ਿਆਦਾ ਹੋਣ, ਕੰਟੇਨਰ ਦੀ ਕਮੀ ਅਤੇ ਲਾਜਿਸਟਿਕਸ ਦੇ ਖੇਤਰ ’ਚ ਚੁਣੌਤੀਆਂ ਦੇ ਬਾਵਜੂਦ ਬਰਾਮਦ ’ਚ ਇਹ ਵਾਧਾ ਜ਼ਿਕਰਯੋਗ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪਿਛਲੇ ਦੋ ਸਾਲਾਂ ਤੋਂ ਬਰਾਮਦ ਚੰਗੀ ਚੱਲ ਰਹੀ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਦੇ ਟੀਚੇ ਵੱਲ ਵਧਣ ’ਚ ਮਦਦ ਮਿਲੇਗੀ। ਸਰਕਾਰੀ ਬਿਆਨ ਮੁਤਾਬਕ ਪਿਛਲੇ ਵਿੱਤੀ ਸਾਲ ’ਚ ਚੌਲ (9.65 ਅਰਬ ਡਾਲਰ), ਕਣਕ (2.19 ਅਰਬ ਡਾਲਰ), ਖੰਡ (4.6 ਅਰਬ ਡਾਲਰ) ਅਤੇ ਹੋਰ ਅਨਾਜ (1.08 ਅਰਬ ਡਾਲਰ) ਦੀ ਬਰਾਮਦ ਨਵੀਆਂ ਉਚਾਈਆਂ ’ਤੇ ਰਹੀ। ਕਣਕ ਦੀ ਬਰਾਮਦ ’ਚ ਸਾਲਾਨਾ ਆਧਾਰ ’ਤੇ 273 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। 2020-21 ’ਚ ਕਣਕ ਦੀ ਬਰਾਮਦ 56.8 ਕਰੋੜ ਡਾਲਰ ਦੇ ਬਰਾਬਰ ਸੀ।
ਵਪਾਰ ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਉਤਪਾਦਾਂ ਦੀ ਬਰਾਮਦ ’ਚ ਵਾਧੇ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਛੱਤੀਸਗੜ੍ਹ ਵਰਗੇ ਸੂਬਿਆਂ ਦੇ ਕਿਸਾਨਾਂ ਨੂੰ ਲਾਭ ਹੋਇਆ ਹੈ। ਭਾਰਤ ਨੇ ਚੌਲਾਂ ਲਈ ਵਿਸ਼ਵ ਬਾਜ਼ਾਰ ਦੇ ਲਗਭਗ 50 ਫੀਸਦੀ ’ਤੇ ਕਬਜ਼ਾ ਕਰ ਲਿਆ ਹੈ। ਸਾਲ ਦੌਰਾਨ ਸਮੁੰਦਰੀ ਉਤਪਾਦਾਂ ਦੀ ਬਰਾਮਦ ਵੀ ਰਿਕਾਰਡ 7.71 ਅਰਬ ਡਾਲਰ ਦੇ ਬਰਾਬਰ ਰਹੀ। ਇਸ ਨਾਲ ਤਟੀ ਸੂਬਿਆਂ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਓਡਿਸ਼ਾ, ਤਾਮਿਲਨਾਡੂ, ਕੇਰਲ, ਮਹਾਰਾਸ਼ਟਰ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਲਾਭ ਹੋਇਆ ਹੈ। ਡੀ. ਜੀ. ਸੀ. ਆਈ. ਐਂਡ ਐੱਸ. ਦੇ ਅੰਕੜਿਆਂ ਮੁਤਾਬਕ ਮਸਾਲਿਆਂ ਦੀ ਬਰਾਮਦ ਲਗਾਤਾਰ ਦੂਜੇ ਸਾਲ ਵਧੀ ਅਤੇ 2021-22 ’ਚ 4 ਅਰਬ ਡਾਲਰ ਤੱਕ ਪਹੁੰਚ ਗਈ।
ਕੌਫੀ ਦੀ ਬਰਾਮਦ ਪਹਿਲੀ ਵਾਰ ਇਕ ਅਰਬ ਅਮਰੀਕੀ ਡਾਲਰ ਤੋਂ ਪਾਰ
ਭਾਰੀ ਸਪਲਾਈ ਪੱਖ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਤੋਂ ਕੌਫੀ ਦੀ ਬਰਾਮਦ ਪਹਿਲੀ ਵਾਰ ਇਕ ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਈ ਹੈ, ਜਿਸ ਨਾਲ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ’ਚ ਕੌਪੀ ਉਤਪਾਦਕਾਂ ਦੀ ਆਮਦਨ ’ਚ ਸੁਧਾਰ ਹੋਇਆ ਹੈ। ਵਪਾਰ ਮੰਤਰਾਲਾ ਨੇ ਕਿਹਾ ਕਿ ਉਸ ਦੇ ਅਧੀਨ ਕੰਮ ਕਰ ਰਹੀਆਂ ਬਰਾਮਦ ਪ੍ਰੋਤਸਾਹਨ ਏਜੰਸੀਆਂ ਜਿਵੇਂ ਏਪੀਡਾ, ਐੱਮ. ਪੀ. ਈ. ਡੀ. ਏ. ਅਤੇ ਵੱਖ-ਵੱਖ ਕਮੋਡਿਟੀ ਬੋਰਡ ਦੇਸ਼ ਤੋਂ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਵਧਣ ਲਈ ਨਿਰੰਤਰ ਯਤਨਸ਼ੀਲ ਹਨ। ਵਿਭਾਗ ਨੇ ਖੇਤੀਬਾੜੀ ਬਰਾਮਦ ਨੂੰ ਬੜ੍ਹਾਵਾ ਦੇਣ ਲਈ ਸੂਬਾ ਸਰਕਾਰਾਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਸ਼ਾਮਲ ਕਰਨ ਲਈ ਵਿਸ਼ੇਸ਼ ਯਤਨ ਕੀਤੇ ਹਨ। ਵਣਜ ਵਿਭਾਗ ਨੇ ਕਿਸਾਨਾਂ ਅਤੇ ਐੱਫ. ਪੀ. ਓ. ਨੂੰ ਸਿੱਧੇ ਬਰਾਮਦ ਬਾਜ਼ਾਰ ਲਿੰਕੇਜ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਹਨ ਅਤੇ ਬਰਾਮਦਕਾਰਾਂ ਅਤੇ ਉਤਪਾਦਕਾਂ ਦਰਮਿਆਨ ਸੰਪਰਕ ਵਧਾਉਣ ਲਈ ਕਿਸਾਨ ਕਨੈਕਟ ਪੋਰਟਲ ਸਥਾਪਿਤ ਕੀਤਾ ਗਿਆ ਹੈ।