ਵਾਢੀ ਤੋਂ ਬਾਅਦ ਪਰਾਲੀ ਨੂੰ ਖੇਤ ’ਚ ਨਹੀਂ ਸਾੜਿਆ ਜਾਵੇਗਾ, ਯੋਜਨਾ ਲ਼ਈ ਹੋਵੇਗਾ 500 ਕਰੋੜ ਦਾ ਨਿਵੇਸ਼
Wednesday, Jan 25, 2023 - 12:00 PM (IST)
ਨਵੀਂ ਦਿੱਲੀ (ਬਿਊਰੋ) – ਐੱਸ. ਏ. ਈ. ਐੱਲ. ਇੰਡਸਟ੍ਰੀਜ਼ ਲਿਮਟਿਡ ਨੇ ਇਕ ਅਜਿਹਾ ਬਿਜ਼ਨੈੱਸ ਮਾਡਲ ਵਿਕਸਿਤ ਕੀਤਾ ਹੈ, ਜਿੱਥੇ ਫਸਲਾਂ ਦੀ ਵਾਢੀ ਤੋਂ ਬਾਅਦ ਉਨ੍ਹਾਂ ਦੇ ਬਚੇ ਹੋਏ ਹਿੱਸਿਆਂ ਦੀ ਵਰਤੋਂ ਰਹਿੰਦ-ਖੂੰਹਦ ਤੋਂ ਊਰਜਾ ਤਿਆਰ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਵਿਚ ਈਂਧਨ ਦੇ ਰੂਪ ’ਚ ਕੀਤੀ ਜਾਂਦੀ ਹੈ। ਨੋਰਫੰਡ ਵੱਲੋਂ ਪਾਬੰਦੀਸ਼ੁਦਾ ਨਾਰਵੇਜੀਅਨ ਕਲਾਈਮੇਟ ਇਨਵੈਸਟਮੈਂਟ ਫੰਡ ਹੁਣ ਐੱਸ.ਏ. ਈ. ਐੱਲ. ਵਿਚ ਇਕਵਿਟੀ ਨਿਵੇਸ਼ ਕਰ ਰਿਹਾ ਹੈ। ਇਸ ਦਾ ਟੀਚਾ 600 ਮੈਗਾਵਾਟ ਦੇ ਮੌਜੂਦਾ ਪੋਰਟਫੋਲੀਓ ਤੋਂ ਇਲਾਵਾ ਸਾਲਾਨਾ 100 ਮੈਗਾਵਾਟ ਨਵੀਂ ਬਾਇਓਮਾਸ ਤੇ 400 ਮੈਗਾਵਾਟ ਨਵੀਂ ਸੂਰਜੀ ਸਮਰੱਥਾ ਜੋੜ ਕੇ ਆਪਣੇ ਪੋਰਟਫੋਲੀਓ ਨੂੰ ਅਗਲੇ 5 ਸਾਲਾਂ ਵਿਚ 3 ਗੀਗਾਵਾਟ ਤਕ ਵਧਾਉਣ ਲਈ ਕੰਪਨੀ ਦੇ ਪ੍ਰਾਜੈਕਟ ਦਾ ਸਮਰਥਨ ਕਰਨਾ ਹੈ।
ਭਾਈਵਾਲੀ ’ਚ ਨੋਰਫੰਡ ਵੱਲੋਂ ਲਗਭਗ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਦੇਸ਼ ਵਿਚ ਪਹਿਲੀ ਵਾਰ ਨਾਰਵੇ ਦਾ ਜਲਵਾਯੂ ਨਿਵੇਸ਼ ਫੰਡ ਬਾਇਓਮਾਸ ਐਨਰਜੀ ’ਚ ਇੰਨਾ ਨਿਵੇਸ਼ ਕਰ ਰਿਹਾ ਹੈ। ਨਾਰਵੇ ਦੇ ਭਾਰਤ ’ਚ ਰਾਜਦੂਤ ਹੈਂਸ ਜੈਕਬ ਫ੍ਰਾਇਡੇਨਲੁੰਡ ਨੇ ਕਿਹਾ ,‘‘ਭਾਰਤ ਦਾ ਹਰੀ ਤਬਦੀਲੀ ’ਚ ਸਫਲ ਹੋਣਾ ਦੁਨੀਆ ਲਈ ਗਲੋਬਲ ਵਾਰਮਿੰਗ ਦਾ ਮੁਕਾਬਲਾ ਕਰਨ ’ਚ ਸਫਲ ਹੋਣ ਵਾਸਤੇ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਨਾਰਵੇ ਸਾਡੇ ਨਵੇਂ ਜਲਵਾਯੂ ਨਿਵੇਸ਼ ਫੰਡ ਦੇ ਮਾਧਿਅਮ ਰਾਹੀਂ ਇਸ ਵਿਚ ਯੋਗਦਾਨ ਪਾ ਸਕਦਾ ਹੈ।’’
ਕਿਸਾਨਾਂ-ਉੱਦਮੀਆਂ ਲਈ ਪੈਦਾ ਕਰ ਰਹੇ ਵਾਧੂ ਆਮਦਨ : ਜਸਬੀਰ ਆਵਲਾ
ਐੱਸ. ਏ. ਈ. ਐੱਲ. ਲਿਮਟਿਡ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਜਸਬੀਰ ਆਵਲਾ ਨੇ ਕਿਹਾ ਕਿ ਰਹਿੰਦ-ਖੂੰਹਦ ਤੋਂ ਊਰਜਾ ਬਣਾਉਣ ਵਾਲੇ ਸਾਡੇ ਪਲਾਂਟਾਂ ਵਿਚ ਈਂਧਨ ਦੇ ਰੂਪ ’ਚ ਵਰਤੋਂ ਵਿਚ ਲਿਆਂਦੇ ਜਾਣ ਲਈ ਫਸਲਾਂ ਦੀ ਪਰਾਲੀ ਇਕੱਠੀ ਕਰ ਕੇ ਅਸੀਂ ਦੇਸ਼ ਦੀ ਸਭ ਤੋਂ ਵੱਡੀ ਸਿਹਤ ਸਮੱਸਿਆ ਨਾਲ ਲੜਨ ’ਚ ਯੋਗਦਾਨ ਪਾਉਂਦੇ ਹਾਂ। ਸਥਾਨਕ ਰੋਜ਼ਗਾਰਾਂ ਦੀ ਸਿਰਜਣਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਤੇ ਸਥਾਨਕ ਉੱਦਮੀਆਂ ਲਈ ਵਾਧੂ ਆਮਦਨ ਪੈਦਾ ਕੀਤੀ ਜਾ ਰਹੀ ਹੈ। ਖੁਸ਼ੀ ਹੈ ਕਿ ਇਨ੍ਹਾਂ ਯਤਨਾਂ ’ਚ ਨੋਰਫੰਡ ਸਹਿਯੋਗ ਦੇ ਰਿਹਾ ਹੈ।
ਭਾਰਤ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ’ਚ ਯੋਗਦਾਨ ਪਾਉਣ ਦੀ ਖੁਸ਼ੀ : ਯਲਵਾ ਲਿੰਡਬਰਗ
ਐੱਸ. ਏ. ਈ. ਐੱਲ. ਇੰਡਸਟਰੀਜ਼ ਲਿਮਟਿਡ ਨਾਲ ਭਾਈਵਾਲੀ ਬਾਰੇ ਗੱਲ ਕਰਦਿਆਂ ਨੋਰਫੰਡ ਦੀ ਕਾਰਜਕਾਰੀ ਉਪ-ਪ੍ਰਧਾਨ, ਰਣਨੀਤੀ ਤੇ ਸੰਚਾਰ ਯਲਵਾ ਲਿੰਡਬਰਗ ਨੇ ਕਿਹਾ ਕਿ ਸਾਨੂੰ ਭਾਰਤ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ’ਚ ਯੋਗਦਾਨ ਪਾਉਂਦੇ ਹੋਏ ਐੱਸ. ਏ. ਈ. ਐੱਲ. ਲਈ ਜ਼ਰੂਰੀ ਵਿੱਤ ਪੋਸ਼ਣ ਨਾਲ ਮਦਦ ਕਰ ਸਕਣ ਦੀ ਖੁਸ਼ੀ ਹੈ ਤਾਂ ਜੋ ਇਹ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕੇ ਅਤੇ ਗੈਸ ਨਿਕਾਸੀ ਤੇ ਸਥਾਨਕ ਪ੍ਰਦੂਸ਼ਣ ਨੂੰ ਘੱਟ ਕਰਨ ’ਚ ਯੋਗਦਾਨ ਪਾਇਆ ਜਾ ਸਕੇ। 40-50 ਫੀਸਦੀ ਘੱਟ ਹੋਵੇਗਾ ਪ੍ਰਦੂਸ਼ਣ, 2025 ਤਕ ਆਈ. ਪੀ. ਓ. ਵੀ ਲਿਆਵਾਂਗੇ ਯੁਵਾ ਉੱਦਮੀ ਲਕਸ਼ਿਤ ਆਵਲਾ ਦੇਸ਼ ਨੂੰ ਬਾਇਓਮਾਸ ਐਨਰਜੀ ਦੇ ਖੇਤਰ ’ਚ ਅਗਾਂਹਵਧੂ ਬਣਾਉਣ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ।
ਸਿਰਫ 28 ਸਾਲ ਦੇ ਲਕਸ਼ਿਤ ਆਵਲਾ ਨੇ 2016 ’ਚ ਆਪਣੀ ਪਰਿਵਾਰਕ ਕੰਪਨੀ ‘ਸਸਟੇਨੇਬਲ ਐਂਡ ਅਫੋਰਡੇਬਲ ਐਨਰਜੀ ਫਾਰ ਲਾਈਫ’ ਜੁਆਇਨ ਕੀਤੀ ਸੀ। ਦਿੱਲੀ ਯੂਨੀਵਰਸਿਟੀ ਤੋਂ ਕਾਮਰਸ ’ਚ ਗ੍ਰੈਜੂਏਟ ਆਵਲਾ ਦਾ ਕੰਪਨੀ ਦੇ ਸੀ. ਈ. ਓ. ਬਣਨ ਦੇ ਬਾਅਦ ਤੋਂ ਪੰਜਾਬ ’ਤੇ ਖਾਸ ਫੋਕਸ ਹੈ ਕਿਉਂਕਿ ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਨੂੰ ਹੀ ਕਸੂਰਵਾਰ ਠਹਿਰਾਇਆ ਜਾਂਦਾ ਰਿਹਾ ਹੈ। ਲਕਸ਼ਿਤ ਦੇ ਨਾਲ ਉਨ੍ਹਾਂ ਦੀ ਕੰਪਨੀ, ਕਿਸਾਨਾਂ ਲਈ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਬਾਇਓਮਾਸ ਨਾਲ ਸਬੰਧਤ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ– –ਬਾਇਓਮਾਸ ਐਨਰਜੀ ਤੋਂ ਲੋਕ ਅਜੇ ਜਾਣੂ ਕਿਉਂ ਨਹੀਂ? ਖੇਤੀਬਾੜੀ ਦੀ ਰਹਿੰਦ-ਖੂੰਹਦ ਨਾਲ ਬਿਜਲੀ ਉਤਪਾਦਨ ਨੂੰ ਬਾਇਓਮਾਸ ਐਨਰਜੀ ਕਹਿ ਸਕਦੇ ਹਾਂ। ਕਿਸਾਨ ਵੀ ਹੌਲੀ-ਹੌਲੀ ਇਸ ਤੋਂ ਜਾਣੂ ਹੋ ਰਹੇ ਹਨ। ਸਾਡੇ ਪਲਾਂਟਾਂ ਨੂੰ ਹਰ ਸਾਲ ਝੋਨੇ ਦੀ ਪਰਾਲੀ ਜ਼ਿਆਦਾ ਮਿਲ ਰਹੀ ਹੈ। ਉਨ੍ਹਾਂ ਨੂੰ ਇਸ ਨਾਲ ਮੁਨਾਫਾ ਵੀ ਹੁੰਦਾ ਹੈ ਅਤੇ ਉਹ ਪਰਾਲੀ ਸਾੜਨ ਤੋਂ ਵੀ ਬਚਦੇ ਹਨ।
ਕੀ ‘ਸਸਟੇਨੇਬਲ ਐਂਡ ਅਫੋਰਡੇਬਲ ਐਨਰਜੀ ਫਾਰ ਲਾਈਫ’ ’ਚ ਵਿਦੇਸ਼ ਤੋਂ ਵੀ ਕਿਸੇ ਨਿਵੇਸ਼ ਜਾਂ ਭਾਈਵਾਲੀ ਦੀ ਸੰਭਾਵਨਾ ਹੈ?
ਨਾਰਵੇ ਸਰਕਾਰ ਦਾ ਜਲਵਾਯੂ ਨਿਵੇਸ਼ ਫੰਡ ਵਿਕਾਸਸ਼ੀਲ ਦੇਸ਼ਾਂ ਵਿਚ ਇਸ ਖੇਤਰ ’ਚ ਨਿਵੇਸ਼ ਦੇ ਰੂਪ ’ਚ ਮਦਦ ਕਰ ਰਿਹਾ ਹੈ। ਉਨ੍ਹਾਂ ਵੱਲੋਂ 500 ਕਰੋੜ ਰੁਪਏ ਦੀ ਇਕਵਿਟੀ ਦੇ ਨਾਲ ਸਾਡੀ ਕੰਪਨੀ ਵਿਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ 3000 ਮੈਗਾਵਾਟ ਕਲੀਨ ਐਨਰਜੀ ਦਾ ਉਤਪਾਦਨ ਕਰਨ ’ਚ ਮਦਦ ਮਿਲੇਗੀ। ਇਸ ਨਿਵੇਸ਼ ਰਾਹੀਂ ਸਾਲਾਨਾ 2.8 ਮਿਲੀਅਨ ਕਾਰਬਨ ਡਾਈਆਕਸਾਈਡ ਤੋਂ ਬਚਾਅ ਵਿਚ ਵੀ ਮਦਦ ਮਿਲੇਗੀ। ਦੇਸ਼ ਵਿਚ ਕਿਸੇ ਕੰਪਨੀ ਨੂੰ ਨਾਰਵੇ ਪਹਿਲੀ ਵਾਰ ਇੰਨੇ ਵੱਡੇ ਪੈਮਾਨੇ ’ਤੇ ਬਾਇਓਮਾਸ ਐਨਰਜੀ ਦੇ ਖੇਤਰ ’ਚ ਮਦਦ ਕਰ ਰਿਹਾ ਹੈ। ਸਰਕਾਰ ਨੂੰ ਫਾਇਦਾ ਇਹ ਹੈ ਕਿ ਪੰਜਾਬ ਦਾ ਜੀ. ਐੱਸ. ਟੀ. ਬਚਦਾ ਹੈ। ਹੋਰ ਸੂਬਿਆਂ ਤੋਂ ਕੋਲਾ ਖਰੀਦਣ ਨਾਲ ਪੰਜਾਬ ਦਾ ਪੈਸਾ ਸੂਬੇ ਤੋਂ ਬਾਹਰ ਜਾਂਦਾ ਹੈ। ਸਾਡੇ ਵੱਲੋਂ ਪਰਾਲੀ ਖਰੀਦ ਕੇ ਬਿਜਲੀ ਦਾ ਉਤਪਾਦਨ ਕਰਨ ਨਾਲ ਪੰਜਾਬ ਦਾ ਪੈਸਾ ਪੰਜਾਬ ’ਚ ਹੀ ਰਹਿੰਦਾ ਹੈ। –ਅੱਗੇ ਕੀ ਯੋਜਨਾ ਹੈ, ਕੀ ਕੰਪਨੀ ਆਪਣਾ ਆਈ. ਪੀ. ਓ. ਵੀ ਲਿਆਉਣ ਬਾਰੇ ਸੋਚ ਰਹੀ ਹੈ? –ਪਟਿਆਲਾ ਦੇ ਜਲਖੇੜੀ ’ਚ ਸਾਡੀ ਕੰਪਨੀ ਨੇ ਸਰਕਾਰ ਕੋਲੋਂ ਇਕ ਪਲਾਂਟ ਖਰੀਦਿਆ ਹੈ। ਜਲਦ ਹੀ ਉੱਥੇ ਵੀ ਬਾਇਓਮਾਸ ਐਨਰਜੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਅਸੀਂ ਆਈ. ਪੀ. ਓ. ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ ਅਤੇ ਆਸ ਹੈ ਕਿ ਕੰਪਨੀ 2025 ’ਚ ਆਪਣਾ ਆਈ. ਪੀ. ਓ. ਲਿਆਉਣ ਵਿਚ ਸਮਰੱਥ ਹੋਵੇਗੀ।
ਕਿਸਾਨਾਂ ਨੂੰ ਇਸ ਤੋਂ ਕਿੰਨਾ ਲਾਭ ਹੋਵੇਗਾ?
ਸਾਡੇ ਬਾਇਓਮਾਸ ਐਨਰਜੀ ਦੇ 3 ਪਲਾਂਟ ਇਸ ਵੇਲੇ ਪੰਜਾਬ ਵਿਚ ਚੱਲ ਰਹੇ ਹਨ ਅਤੇ ਇਕ ਪਲਾਂਟ ਵਿਚ ਪ੍ਰਤੱਖ ਤੇ ਅਪ੍ਰਤੱਖ ਤੌਰ ’ਤੇ 2 ਹਜ਼ਾਰ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਕਿਸਾਨਾਂ ਨੂੰ ਸਾਡੀ ਆਮਦਨ ਵਿਚੋਂ ਲਗਭਗ ਅੱਧਾ ਹਿੱਸਾ ਮਿਲਦਾ ਹੈ। ਉਦਾਹਰਣ ਵਜੋਂ ਜੇ ਸਰਕਾਰ 8 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਦੀ ਹੈ ਤਾਂ ਕਿਸਾਨ ਨੂੰ ਪਰਾਲੀ ਦੀ ਵਾਢੀ, ਢੁਆਈ ਆਦਿ ਮਿਲਾ ਕੇ ਉਸ ਵਿਚੋਂ 4 ਰੁਪਏ ਦਿੰਦੇ ਹਾਂ।
ਸਰਕਾਰ ਤੋਂ ਕੀ ਆਸ ਹੈ?
ਕਈ ਵਾਰ ਪੰਜਾਬ ਦੇ ਥਰਮਲ ਪਲਾਂਟ ਵਿਚ ਬਿਜਲੀ ਦਾ ਉਤਪਾਦਨ ਬੰਦ ਹੋਣ ਦੇ ਕੰਢੇ ’ਤੇ ਪਹੁੰਚ ਜਾਂਦਾ ਹੈ। ਅਸੀਂ ਝੋਨੇ ਦੀ ਵਾਢੀ ਹੋਣ ’ਤੇ ਸਾਲ ਦੇ ਆਖਰੀ 3 ਮਹੀਨਿਆਂ ਵਿਚ ਇਕੱਲੇ ਪੰਜਾਬ ਦੇ ਕਿਸਾਨਾਂ ਕੋਲੋਂ 10 ਲੱਖ ਟਨ ਪਰਾਲੀ ਖਰੀਦਦੇ ਹਾਂ। ਅਸੀਂ 80 ਲੱਖ ਟਨ ਤਕ ਪਰਾਲੀ ਖਰੀਦ ਸਕਦੇ ਹਾਂ, ਜਿਸ ਨਾਲ ਪਰਾਲੀ ਤੋਂ ਪ੍ਰਦੂਸ਼ਣ ਦੀ ਸਮੱਸਿਆ ਦਾ 40-50 ਫੀਸਦੀ ਤਕ ਹੱਲ ਹੋ ਜਾਵੇਗਾ। ਪ੍ਰਦੂਸ਼ਣ ਇੰਨਾ ਘੱਟ ਹੋ ਗਿਆ ਤਾਂ ਇਹ ਖਾਸ ਸਮੱਸਿਆ ਨਹੀਂ ਬਣੇਗਾ। ਅਸੀਂ 300 ਮੈਗਾਵਾਟ ਸਮਰੱਥਾ ਦੀ ਪੂਰੀ ਤਰ੍ਹਾਂ ਆਟੋਮੈਟਿਕ ਸੋਲਰ ਮਾਡਿਊਲ ਅਸੈਂਬਲੀ ਲਾਈਨ ਇਟਲੀ ਤੋਂ ਮੰਗਵਾਈ ਹੈ। ਇਸ ਨਾਲ ਸਾਡੀ ਕੰਪਨੀ ਦੇਸ਼ ਵਿਚ ਹੀ ਇਸ ਮਾਡਿਊਲ ਦਾ ਨਿਰਮਾਣ ਕਰੇਗੀ। ਭਾਈਵਾਲੀ ਪ੍ਰੋਗਰਾਮ ’ਚ ਐੱਸ. ਏ. ਈ. ਐੱਲ. ਦੇ ਸੀ. ਐੱਮ. ਡੀ. ਜਸਬੀਰ ਆਵਲਾ ਤੇ ਨੋਰਫੰਡ ਦੀ ਕਾਰਜਕਾਰੀ ਉਪ-ਪ੍ਰਧਾਨ ਯਲਵਾ ਲਿੰਡਬਰਗ। ਲਕਸ਼ਿਤ ਆਵਲਾ, ਸੀ. ਈ. ਓ. ਸਸਟੇਨੇਬਲ ਐਂਡ ਅਫੋਰਡੇਬਲ ਐਨਰਜੀ ਫਾਰ ਲਾਈਫ। ਨੋਰਫੰਡ ਨਾਲ ਭਾਈਵਾਲੀ ਦੌਰਾਨ ਐੱਸ.ਏ. ਈ. ਐੱਲ. ਦੇ ਕੋ-ਫਾਊਂਡਰ ਸੁਖਬੀਰ ਆਵਲਾ. ਸੀ. ਈ. ਓ. ਲਕਸ਼ਿਤ ਆਵਲਾ ਤੇ ਨੋਰਫੰਡ ਦਾ ਵਫਦ।