ਅਡਾਨੀ ਗਰੁੱਪ ਖਰੀਦੇਗਾ ਰਿਲਾਇੰਸ ਦਾ ਪਾਵਰ ਪਲਾਂਟ, 3000 ਕਰੋੜ ਰੁਪਏ ''ਚ ਹੋ ਸਕਦੀ ਹੈ ਡੀਲ
Tuesday, Aug 20, 2024 - 01:03 PM (IST)
ਮੁੰਬਈ - ਗੌਤਮ ਅਡਾਨੀ ਦੀ ਅਗਵਾਈ ਵਾਲਾ ਅਡਾਨੀ ਗਰੁੱਪ ਰਿਲਾਇੰਸ ਪਾਵਰ ਦਾ ਪਲਾਂਟ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਅਡਾਨੀ ਗਰੁੱਪ ਇਸ ਸੌਦੇ 'ਤੇ 2,400 ਤੋਂ 3000 ਕਰੋੜ ਰੁਪਏ ਖਰਚ ਕਰ ਸਕਦਾ ਹੈ। ਅਡਾਨੀ ਪਾਵਰ ਇਸ ਬੰਦ ਪਏ ਪਲਾਂਟ ਨੂੰ ਖਰੀਦਣ ਲਈ ਫਿਲਹਾਲ CFM ਐਸੇਟ ਰੀਕੰਸਟ੍ਰਕਸ਼ਨ ਕੰਪਨੀ ਨਾਲ ਗੱਲਬਾਤ ਕਰ ਰਹੀ ਹੈ।
600 ਮੈਗਾਵਾਟ ਦਾ ਹੈ ਬੁਟੀਬੋਰੀ ਥਰਮਲ ਪਾਵਰ ਪ੍ਰੋਜੈਕਟ
ਇਕ ਰਿਪੋਰਟ ਮੁਤਾਬਕ ਅਡਾਨੀ ਪਾਵਰ ਨਾਗਪੁਰ ਸਥਿਤ 600 ਮੈਗਾਵਾਟ ਦੇ ਬੁਟੀਬੋਰੀ ਥਰਮਲ ਪਾਵਰ ਪ੍ਰੋਜੈਕਟ ਨੂੰ ਖਰੀਦਣਾ ਚਾਹੁੰਦੀ ਹੈ। ਇਸ ਦਾ ਕੰਟਰੋਲ ਪਹਿਲਾਂ ਅਨਿਲ ਅੰਬਾਨੀ ਦੀ ਰਿਲਾਇੰਸ ਪਾਵਰ ਕੋਲ ਸੀ। ਅਡਾਨੀ ਗਰੁੱਪ ਇਸ ਪਲਾਂਟ ਲਈ ਪ੍ਰਤੀ ਮੈਗਾਵਾਟ 4 ਤੋਂ 5 ਕਰੋੜ ਰੁਪਏ ਦੇਣ ਲਈ ਤਿਆਰ ਹੈ। ਇਸ ਪ੍ਰੋਜੈਕਟ ਵਿੱਚ ਦੋ ਪਾਵਰ ਪਲਾਂਟ ਯੂਨਿਟ ਹਨ। ਪਹਿਲਾਂ ਇਨ੍ਹਾਂ ਦਾ ਮੁੱਲ 6000 ਕਰੋੜ ਰੁਪਏ ਸੀ। ਪਰ ਉਤਪਾਦਨ ਬੰਦ ਹੋਣ ਤੋਂ ਬਾਅਦ ਮੁਲਾਂਕਣ ਅੱਧਾ ਰਹਿ ਗਿਆ ਹੈ। ਇਹ ਪਲਾਂਟ ਅਡਾਨੀ ਗਰੁੱਪ ਦੀ ਰਣਨੀਤੀ ਵਿੱਚ ਫਿੱਟ ਬੈਠਦਾ ਹੈ।
ਸੱਜਣ ਜਿੰਦਲ ਦੀ JSW ਐਨਰਜੀ ਨੇ ਵੀ ਦਿਖਾਈ ਸੀ ਦਿਲਚਸਪੀ
ਬੁਟੀਬੋਰੀ ਥਰਮਲ ਪਾਵਰ ਪ੍ਰੋਜੈਕਟ ਵਿਦਰਭ ਇੰਡਸਟਰੀਜ਼ ਪਾਵਰ ਦੁਆਰਾ ਚਲਾਇਆ ਜਾਂਦਾ ਹੈ, ਜੋ ਰਿਲਾਇੰਸ ਪਾਵਰ ਦੀ ਸਹਾਇਕ ਕੰਪਨੀ ਹੈ। ਰਿਲਾਇੰਸ ਪਾਵਰ ਦੇ ਵਿੱਤੀ ਸੰਕਟ ਵਿੱਚ ਆਉਣ ਤੋਂ ਬਾਅਦ ਇਹ ਪ੍ਰੋਜੈਕਟ ਵੀ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੱਜਣ ਜਿੰਦਲ ਦੀ ਕੰਪਨੀ JSW Energy ਨੇ ਵੀ ਇਸ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਸੀ। ਹਾਲਾਂਕਿ, ਉੱਚ ਮੁਲਾਂਕਣ ਅਤੇ ਸੰਚਾਲਨ ਸਮੱਸਿਆਵਾਂ ਕਾਰਨ ਉਹ ਪਿੱਛੇ ਹਟ ਗਏ ਸਨ।
ਕਰਜ਼ਦਾਰਾਂ ਨੇ ਕੰਪਨੀ ਦੇ ਖਿਲਾਫ ਦਾਇਰ ਕੀਤੀ ਦੀਵਾਲੀਆਪਨ ਪਟੀਸ਼ਨ
ਇਸ ਤੋਂ ਪਹਿਲਾਂ ਰਿਲਾਇੰਸ ਪਾਵਰ ਨੇ ਮੁੰਬਈ ਵਿੱਚ ਬਿਜਲੀ ਸਪਲਾਈ ਲਈ ਇਸ ਬੂਟੀਬੋਰੀ ਪਲਾਂਟ ਦੀ ਵਰਤੋਂ ਕੀਤੀ ਸੀ। ਪਰ, ਬਾਅਦ ਵਿੱਚ ਅਡਾਨੀ ਇਲੈਕਟ੍ਰੀਸਿਟੀ ਨੇ ਉਨ੍ਹਾਂ ਤੋਂ ਮੁੰਬਈ ਦਾ ਡਿਸਟ੍ਰੀਬਿਊਸ਼ਨ ਕਾਰੋਬਾਰ ਖੋਹ ਲਿਆ।
ਦਸੰਬਰ 2019 ਵਿੱਚ, ਵਿਦਰਭ ਇੰਡਸਟਰੀਜ਼ ਅਤੇ ਅਡਾਨੀ ਵਿਚਕਾਰ ਬਿਜਲੀ ਖਰੀਦ ਸਮਝੌਤਾ ਵੀ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਬੁਟੀਬੋਰੀ ਪ੍ਰਾਜੈਕਟ ਵਿੱਤੀ ਸੰਕਟ ਵਿੱਚ ਫਸ ਗਿਆ। ਕਰਜ਼ਦਾਰਾਂ ਨੇ ਕੰਪਨੀ ਦੇ ਖਿਲਾਫ ਦੀਵਾਲੀਆਪਨ ਪਟੀਸ਼ਨ ਦਾਇਰ ਕੀਤੀ ਹੈ। ਪਰ, ਫਿਲਹਾਲ ਦੀਵਾਲੀਆਪਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਅਡਾਨੀ ਗਰੁੱਪ ਇਸ ਨੂੰ ਖਰੀਦੇਗਾ ਅਤੇ ਇਸ ਨੂੰ ਨਾਗਪੁਰ ਨੇੜੇ ਸਥਿਤ ਆਪਣੇ ਤਿਰੋਦਾ ਪਾਵਰ ਪਲਾਂਟ ਨਾਲ ਜੋੜੇਗਾ।