ਹਿੰਡਨਬਰਗ ਦੇ ਇਲਜ਼ਾਮ ''ਤੇ ਅਡਾਨੀ ਗਰੁੱਪ ਦੀ ਪ੍ਰਤੀਕਿਰਿਆ, ਕਿਹਾ- ''ਇਸ ਨੂੰ ਜੋੜ-ਤੋੜ ਕੇ ਪੇਸ਼ ਕੀਤਾ ਗਿਆ''

Monday, Aug 12, 2024 - 01:32 PM (IST)

ਹਿੰਡਨਬਰਗ ਦੇ ਇਲਜ਼ਾਮ ''ਤੇ ਅਡਾਨੀ ਗਰੁੱਪ ਦੀ ਪ੍ਰਤੀਕਿਰਿਆ, ਕਿਹਾ- ''ਇਸ ਨੂੰ ਜੋੜ-ਤੋੜ ਕੇ ਪੇਸ਼ ਕੀਤਾ ਗਿਆ''

ਮੁੰਬਈ - ਅਡਾਨੀ ਸਮੂਹ ਨੇ ਐਤਵਾਰ ਨੂੰ ਹਿੰਡਨਬਰਗ ਰਿਸਰਚ ਦੀ ਨਵੀਂ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹਿੰਡਨਬਰਗ ਵੱਲੋਂ ਲਾਏ ਗਏ ਦੋਸ਼ ਨਕਾਰਾਤਮਕ ਅਤੇ ਝੂਠੇ ਹਨ। ਸ਼ਨੀਵਾਰ ਨੂੰ ਯੂਐਸ ਸ਼ਾਰਟ-ਸੇਲਰ ਫਰਮ ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਦਾ ਉਨ੍ਹਾਂ ਗੁਪਤ ਆਫਸ਼ੋਰ ਕੰਪਨੀਆਂ ਵਿਚ ਹਿੱਸਾ ਸੀ ਜਿਨ੍ਹਾਂ ਦਾ ਇਸਤੇਮਾਲ "ਅਡਾਨੀ ਪੈਸੇ ਹੜੱਪਣ ਦੇ ਘਪਲੇ" ਵਿਚ ਕੀਤਾ ਗਿਆ ਸੀ। ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰਦੇ ਹੋਏ ਅਡਾਨੀ ਸਮੂਹ ਨੇ ਇਕ ਬਿਆਨ ਜਾਰੀ ਕੀਤਾ ਅਤੇ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ।

ਅਡਾਨੀ ਸਮੂਹ ਨੇ ਇੱਕ ਬਿਆਨ ਵਿੱਚ ਕਿਹਾ, “ਹਿੰਡਨਬਰਗ ਦੁਆਰਾ ਲਗਾਏ ਗਏ ਤਾਜ਼ਾ ਦੋਸ਼ ਮੰਦਭਾਗੇ, ਸ਼ਰਾਰਤੀ ਅਤੇ ਹੇਰਾਫੇਰੀ ਵਾਲੇ ਹਨ। ਇਹ ਇਲਜ਼ਾਮ ਜਨਤਕ ਤੌਰ 'ਤੇ ਉਪਲਬਧ ਜਾਣਕਾਰੀਆਂ ਦੀ ਚੋਣ ਕੇ ਪੂਰਵ ਅਨੁਮਾਨਿਤ ਸਿੱਟੇ 'ਤੇ ਪਹੁੰਚਣ ਦੀ ਕੋਸ਼ਿਸ਼ ਹੈ ਜਿਸ ਵਿਚ ਤੱਥਾਂ ਅਤੇ ਕਾਨੂੰਨ ਦੀ ਪੂਰੀ ਅਣਦੇਖੀ ਕੀਤੀ ਗਈ ਹੈ। ਅਸੀਂ ਅਡਾਨੀ ਸਮੂਹ ਦੇ ਖਿਲਾਫ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਇਹ ਦੋਸ਼ ਪੁਰਾਣੇ ਅਤੇ ਬੇਬੁਨਿਆਦ ਦਾਅਵਿਆਂ ਨੂੰ ਮੁੜ ਉਭਾਰਦੇ ਹਨ ਜਿਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਬੇਬੁਨਿਆਦ ਸਾਬਤ ਹੋਏ ਅਤੇ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਨਵਰੀ 2024 ਵਿੱਚ ਰੱਦ ਕਰ ਦਿੱਤਾ ਸੀ।

ਦਰਅਸਲ, ਯੂਐਸ ਸਥਿਤ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ 10 ਅਗਸਤ ਨੂੰ ਆਪਣੀ ਨਵੀਂ ਰਿਪੋਰਟ ਵਿੱਚ ਦੋਸ਼ ਲਗਾਇਆ ਸੀ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਦੀ ਅਡਾਨੀ ਦੇ 'ਮਨੀ ਸਾਇਫਨਿੰਗ ਸਕੈਂਡਲ' ਵਿੱਚ ਵਰਤੇ ਗਏ ਆਫਸ਼ੋਰ ਫੰਡਾਂ ਵਿੱਚ ਹਿੱਸੇਦਾਰੀ ਹੈ। ਹਿੰਡਨਬਰਗ ਨੇ ਦੋਸ਼ ਲਗਾਇਆ ਕਿ ਸੇਬੀ ਜਨਵਰੀ 2023 ਵਿੱਚ ਪ੍ਰਕਾਸ਼ਿਤ ਹਿੰਡਨਬਰਗ ਰਿਪੋਰਟ 'ਤੇ ਕਾਰਵਾਈ ਕਰਨ ਲਈ ਤਿਆਰ ਨਹੀਂ ਸੀ ਕਿਉਂਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਆਫਸ਼ੋਰ ਫੰਡਾਂ ਵਿੱਚ ਨਿਵੇਸ਼ ਕੀਤਾ ਸੀ ਜਿਨ੍ਹਾਂ ਦੇ ਅਡਾਨੀ ਸਮੂਹ ਨਾਲ ਸਬੰਧ ਸਨ।

ਇਸ ਦੌਰਾਨ ਸੇਬੀ ਦੇ ਚੇਅਰਮੈਨ ਨੇ ਹਿੰਡਨਬਰਗ ਦੀ ਰਿਪੋਰਟ ਵਿੱਚ ਅਡਾਨੀ ਲਿੰਕ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ 'ਬੇਬੁਨਿਆਦ, ਕਿਸੇ ਵੀ ਸੱਚਾਈ ਤੋਂ ਰਹਿਤ' ਹੈ। ਇਸ ਵਾਰ ਅਮਰੀਕਾ ਦੀ ਸ਼ਾਰਟ ਸੇਲਰ ਕੰਪਨੀ ਨੇ ਸਟਾਕ ਮਾਰਕੀਟ ਰੈਗੂਲੇਟਿੰਗ ਬਾਡੀ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ 'ਤੇ ਦੋਸ਼ ਲਗਾਇਆ ਹੈ। ਮਾਧਵੀ ਪੁਰੀ ਬੁੱਚ ਅਤੇ ਧਵਲ ਬੁੱਚ ਨੇ ਸ਼ਨੀਵਾਰ ਦੇਰ ਰਾਤ ਆਈਆਂ ਰਿਪੋਰਟਾਂ ਦਾ ਖੰਡਨ ਕਰਦੇ ਹੋਏ ਉਨ੍ਹਾਂ ਨੂੰ 'ਬੇਬੁਨਿਆਦ' ਅਤੇ 'ਚਰਿੱਤਰ ਹੱਤਿਆ' ਦੀ ਕੋਸ਼ਿਸ਼ ਕਰਾਰ ਦਿੱਤਾ। ਹਿੰਡਨਬਰਗ ਨੇ ਦੋਸ਼ ਲਗਾਇਆ ਹੈ ਕਿ ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਅਤੇ ਉਸ ਦੇ ਪਤੀ ਅਡਾਨੀ ਮਨੀ ਸਾਇਫਨਿੰਗ ਘਪਲੇ (Adani money siphoning scandal) ਵਿਚ ਇਸਤੇਮਾਲ ਹੋਏ ਆਫਸ਼ੋਰ ਫੰਡ ਵਿਚ ਹਿੱਸੇਦਾਰੀ ਸੀ।

ਇਸ 'ਤੇ ਉਨ੍ਹਾਂ ਕਿਹਾ, '10 ਅਗਸਤ, 2024 ਦੀ ਹਿੰਡਨਬਰਗ ਰਿਪੋਰਟ 'ਚ ਸਾਡੇ 'ਤੇ ਲਗਾਏ ਗਏ ਦੋਸ਼ਾਂ 'ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਰਿਪੋਰਟ 'ਚ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਖੰਡਨ ਕਰਦੇ ਹਾਂ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸਾਡੀ ਜ਼ਿੰਦਗੀ ਅਤੇ ਮਾਲੀ ਹਾਲਤ ਇੱਕ ਖੁੱਲੀ ਕਿਤਾਬ ਵਾਂਗ ਹੈ। ਸਾਨੂੰ ਸਾਰੇ ਵਿੱਤੀ ਦਸਤਾਵੇਜ਼ ਦਿਖਾਉਣ ਵਿੱਚ ਕੋਈ ਝਿਜਕ ਨਹੀਂ ਹੈ। ਇਸ ਵਿੱਚ ਉਹ ਕਾਗਜ਼ ਵੀ ਸ਼ਾਮਲ ਹਨ ਜਦੋਂ ਮੈਂ ਅਤੇ ਪੁਰੀ ਆਮ ਨਾਗਰਿਕ ਸੀ।


author

Harinder Kaur

Content Editor

Related News