ਅਡਾਨੀ ਸਮੂਹ ਭਾਰਤ ’ਚ ਨਿਵੇਸ਼ ਤੋਂ ਕਦੀ ਪਿੱਛੇ ਨਹੀਂ ਹਟਿਆ : ਗੌਤਮ ਅਡਾਨੀ
Wednesday, Jul 27, 2022 - 01:21 PM (IST)
ਨਵੀਂ ਦਿੱਲੀ–ਦੇਸ਼ ਦੇ ਸਭ ਤੋਂ ਅਮੀਰ ਉੱਦਮੀ ਗੌਤਮ ਅਡਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਅਡਾਨੀ ਸਮੂਹ ਕਦੀ ਵੀ ਭਾਰਤ ’ਚ ਨਿਵੇਸ਼ ਤੋਂ ਪਿੱਛੇ ਨਹੀਂ ਹਟਿਆ ਹੈ ਕਿਉਂਕਿ ਸਮੂਹ ਦਾ ਵਾਧਾ ਦੇਸ਼ ਦੀ ਆਰਥਿਕ ਤਰੱਕੀ ਨਾਲ ਜੁੜਿਆ ਹੋਇਆ ਹੈ। ਅਡਾਨੀ ਨੇ ਸਮੂਹ ਦੇ ਸ਼ੇਅਰਧਾਰਕਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਮੂਹ ਦੇਸ਼ ’ਚ ਇਕ ਨਵੇਂ ਊਰਜਾ ਕਾਰੋਬਾਰ ’ਤੇ 70 ਅਰਬ ਡਾਲਰ ਦਾ ਨਿਵੇਸ਼ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੀ ਮਦਦ ਨਾਲ ਭਾਰਤ ਕੱਚੇ ਤੇਲ ਦੇ ਇੰਪੋਰਟਰ ਦੀ ਥਾਂ ਗ੍ਰੀਨ ਹਾਈਡ੍ਰੋਜਨ ਦਾ ਐਕਸਪੋਰਟਰ ਬਣ ਜਾਏਗਾ। ਅਡਾਨੀ ਨੇ ਕਿਹਾ ਕਿ ਅਸੀਂ ਕਦੀ ਵੀ ਭਾਰਤ ’ਚ ਆਪਣੇ ਨਿਵੇਸ਼ ਨੂੰ ਨਾ ਤਾਂ ਹੌਲੀ ਕੀਤਾ ਹੈ ਅਤੇ ਨਾ ਹੀ ਨਿਵੇਸ਼ ਤੋਂ ਆਪਣੇ ਕਦਮ ਪਿੱਛੇ ਖਿੱਚੇ ਹਨ। ਅਡਾਨੀ ਮੁਤਾਬਕ ਸਮੂਹ ਦੀ ਸੋਚ ਹੈ ਕਿ ਉਸ ਦੀ ਸਫਲਤਾ ਭਾਰਤ ਦੇ ਵਾਧੇ ਨਾਲ ਜੁੜੀ ਹੋਈ ਹੈ। ਅਡਾਨੀ ਨੇ ਕਿਹਾ ਕਿ ਉਨ੍ਹਾਂ ਦਾ ਸਮੂਹ ਦੇਸ਼ ’ਚ ਹਵਾਈ ਅੱਡਿਆਂ ਦਾ ਸਭ ਤੋਂ ਵੱਡਾ ਸੰਚਾਲਕ ਬਣ ਕੇ ਉਭਰਿਆ ਹੈ ਅਤੇ ਹੋਲਸਿਮ ਦੀ ਐਕਵਾਇਰਮੈਂਟ ਨਾਲ ਸਮੂਹ ਨੇ ਹੁਣ ਸੀਮੈਂਟ ਕਾਰੋਬਾਰ ’ਚ ਵੀ ਆਪਣੇ ਕਦਮ ਰੱਖ ਦਿੱਤੇ ਹਨ।