ਅਡਾਨੀ ਸਮੂਹ ਨੂੰ ACC ਅਤੇ ਅੰਬੂਜਾ ਸੀਮੈਂਟਸ ਦੀ ਐਕਵਾਇਰਮੈਂਟ ਦੀ ਮਨਜ਼ੂਰੀ
Sunday, Aug 14, 2022 - 01:51 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਅਡਾਨੀ ਸਮੂਹ ਨੂੰ ਅੰਬੂਜਾ ਲਿਮਟਿਡ ਅਤੇ ਏ. ਸੀ. ਸੀ. ਲਿਮਟਿਡ ’ਚ ਸਵਿਟਜਰਲੈਂਡ ਦੇ ਹੋਲਸਿਮ ਸਮੂਹ ਦੀ ਹਿੱਸੇਦਾਰੀ ਦੀ ਐਕਵਾਇਰਮੈਂਟ ਦੀ ਮਨਜ਼ੂਰੀ ਦੇ ਦਿੱਤੀ ਹੈ। ਕਮਿਸ਼ਨ ਨੇ ਦੱਸਿਆ ਕਿ ਅਡਾਨੀ ਸਮੂਹ ਨਾਲ ਜੁੜੀ ਇਕਾਈ ਐਂਡੈਵਰ ਟ੍ਰੇਡ ਐਂਡ ਇਨਵੈਸਟਮੈਂਟ ਨੂੰ ਹੋਲਡਰਿੰਡ ਇਨਵੈਸਟਮੈਂਟਸ, ਅੰਬੂਜਾ ਸੀਮੈਂਟਸ ਅਤੇ ਏ. ਸੀ. ਸੀ. ’ਚ ਹਿੱਸੇਦਾਰੀ ਦੀ ਪ੍ਰਾਪਤੀ ਦੀ ਮਨਜ਼ੂਰੀ ਦਿੱਤੀ ਗਈ ਹੈ। ਐਂਡੈਵਰ ਟ੍ਰੇਡ ਐਂਡ ਇਨਵੈਸਟਮੈਂਟ ਇਸ ਮਨਜ਼ੂਰੀ ਤੋਂ ਬਾਅਦ ਹੋਲਡਰਿੰਡ ਇਨਵੈਸਟਮੈਂਟਸ ’ਚ 100 ਫੀਸਦੀ ਹਿੱਸੇਦਾਰੀ ਦੀ ਐਕਵਾਇਰਮੈਂਟ ਕਰੇਗੀ।
ਹੋਲਡਰਿੰਡ ਸਵਿਟਜਰਲੈਂਡ ਦੇ ਹੋਲਸਿਮ ਸਮੂਹ ਦੀ ਕੰਪਨੀ ਹੈ। ਇਹ ਸੀਮੈਂਟ ਨਿਰਮਾਤਾ ਅੰਬੂਜਾ ਸੀਮੈਂਟ ਅਤੇ ਏ. ਸੀ. ਸੀ. ਲਿਮਟਿਡ ਦੀ ਹੋਲਡਿੰਗ ਕੰਪਨੀ ਵੀ ਹੈ। ਹੋਲਸਿਮ ਕੋਲ ਅੰਬੂਜਾ ਸੀਮੈਂਟ ’ਚ 63.11 ਫੀਸਦੀ ਅਤੇ ਏ. ਸੀ. ਸੀ. ਵਿਚ 4.48 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਅੰਬੂਜਾ ਦੀ ਵੀ ਏ. ਸੀ. ਸੀ. ਵਿਚ ਹਿੱਸੇਦਾਰੀ 50.05 ਫੀਸਦੀ ਹੈ। ਅਡਾਨੀ ਸਮੂਹ ਨੇ ਮਈ ’ਚ ਐਲਾਨ ਕੀਤਾ ਸੀ ਕਿ ਭਾਰਤ ’ਚ ਹੋਲਸਿਮ ਲਿਮਟਿਡ ਦੇ ਕਾਰੋਬਾਰ-ਅੰਬੂਜਾ ਲਿਮਟਿਡ ਅਤੇ ਏ. ਸੀ. ਸੀ. ਲਿਮਟਿਡ ’ਚ ਬਹੁਮੱਤ ਹਿੱਸੇਦਾਰੀ ਦੀ ਐਕਵਾਇਰਮੈਂਟ ਲਈ ਸਮਝੌਤਾ ਹੋਇਆ ਹੈ। ਹੁਣ ਇਸ ਸੌਦੇ ’ਤੇ ਮੁਕਾਬਲੇਬਾਜ਼ ਕਮਿਸ਼ਨ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।