AAI ਦੀ 8 ਵੱਡੇ ਹਵਾਈ ਅੱਡਿਆਂ ਦੇ ਨੇੜੇ ਦੀ 759 ਏਕਡ਼ ਜ਼ਮੀਨ ਨੂੰ ਕਿਰਾਏ ’ਤੇ ਦੇਣ ਦੀ ਯੋਜਨਾ

10/21/2019 11:08:33 AM

ਨਵੀਂ ਦਿੱਲੀ — ਭਾਰਤੀ ਏਅਰਪੋਰਟ ਅਥਾਰਟੀ (ਏ. ਏ. ਆਈ.) 8 ਵੱਡੇ ਹਵਾਈ ਅੱਡਿਆਂ ਨੇੜੇ ਦੀ ਆਪਣੀ 759 ਏਕਡ਼ ਜ਼ਮੀਨ ਨੂੰ ਕਿਰਾਏ ’ਤੇ ਦੇਣ ਦੀ ਯੋਜਨਾ ਤਿਆਰ ਕਰ ਰਹੀ ਹੈ ਤਾਂ ਕਿ ਨਿੱਜੀ ਕੰਪਨੀਆਂ ਇੱਥੇ ਆਪਣੇ ਹੋਟਲ, ਰੈਸਟੋਰੈਂਟਾਂ ਅਤੇ ਵੇਅਰ ਹਾਊਸ ਬਣਾ ਸਕਣ। ਇਸ ਤੋਂ ਆਉਣ ਵਾਲੇ ਪੈਸੇ ਦੀ ਵਰਤੋਂ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਬਣਾਉਣ ’ਚ ਕੀਤੀ ਜਾਵੇਗੀ। ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਅਥਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਏ. ਏ. ਆਈ. ਨੇ ਕੋਲਕਾਤਾ ਹਵਾਈ ਅੱਡੇ ਕੋਲ 145 ਏਕਡ਼, ਅੰਮ੍ਰਿਤਸਰ ਹਵਾਈ ਅੱਡੇ ਨੇੜੇ 45 ਏਕਡ਼, ਭੁਵਨੇਸ਼ਵਰ ਹਵਾਈ ਅੱਡੇ ਨੇੜੇ ਕੁੱਝ ਜਗ੍ਹਾ, ਜੈਪੁਰ ਹਵਾਈ ਅੱਡੇ ਕੋਲ 35 ਏਕਡ਼, ਵਾਰਾਣਸੀ ਹਵਾਈ ਅੱਡੇ ਨੇੜੇ 60 ਏਕਡ਼, ਲਖਨਊ ਹਵਾਈ ਅੱਡੇ ਨੇੜੇ 217 ਏਕਡ਼, ਰਾਏਪੁਰ ਹਵਾਈ ਅੱਡੇ ਕੋਲ 80 ਏਕਡ਼ ਅਤੇ ਤਿਰੂਪਤੀ ਹਵਾਈ ਅੱਡੇ ਕੋਲ 117 ਏਕਡ਼ ਜ਼ਮੀਨ ਦੀ ਪਛਾਣ ਕੀਤੀ ਹੈ।’’

ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜ਼ਮੀਨ ਦੇ ਸਾਰੇ ਟੁਕੜੇ ਸਬੰਧਤ ਹਵਾਈ ਅੱਡੇ ’ਚ ਹੀ ਸਥਿਤ ਹਨ। ਇਸ ਤੋਂ ਹੋਣ ਵਾਲੀ ਕਮਾਈ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ’ਚ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ’ਚ ਲਾਇਆ ਜਾਵੇਗਾ।

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਧੀਨ ਆਉਣ ਵਾਲੀ ਭਾਰਤੀ ਏਅਰਪੋਰਟ ਅਥਾਰਟੀ ਦੇਸ਼ ਭਰ ’ਚ 129 ਹਵਾਈ ਅੱਡਿਆਂ ਦਾ ਸੰਚਾਲਨ ਕਰਦੀ ਹੈ, ਇਨ੍ਹਾਂ ’ਚੋਂ 94 ਹਵਾਈ ਅੱਡੇ 2017-18 ’ਚ ਘਾਟੇ ’ਚ ਚੱਲ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਉਕਤ ਜ਼ਮੀਨ ਨੂੰ ਕਿਸੇ ਕੰਪਨੀ ਜਾਂ ਸੰਗਠਨ ਨੂੰ 25 ਤੋਂ 30 ਸਾਲਾਂ ਲਈ ਪਟੇ ’ਤੇ ਦਿੱਤਾ ਜਾ ਸਕਦਾ ਹੈ। ਇਸ ਨਾਲ ਅਥਾਰਟੀ ਨੂੰ ਸਾਲਾਨਾ ਇਕ ਨਿਸ਼ਚਿਤ ਕਿਰਾਇਆ ਮਿਲੇਗਾ।


Related News