ਸ਼ਰਾਬ ਦੀਆਂ ਕੀਮਤਾਂ 'ਚ 80 ਫ਼ੀਸਦੀ ਹਿੱਸਾ ਟੈਕਸ ਦਾ , ਡੂੰਘੇ ਸੰਕਟ ਦਾ ਸਾਹਮਣਾ ਕਰ ਰਿਹੈ ਉਦਯੋਗ
Monday, Dec 19, 2022 - 07:31 PM (IST)
ਕੋਲਕਾਤਾ (ਭਾਸ਼ਾ) - ਇੰਟਰਨੈਸ਼ਨਲ ਸਪਿਰਿਟਸ ਐਂਡ ਵਾਈਨ ਐਸੋਸੀਏਸ਼ਨ ਆਫ ਇੰਡੀਆ (ਆਈ. ਐੱਮ. ਡਬਲਯੂ. ਏ. ਆਈ.) ਨੇ ਕਿਹਾ ਕਿ ਟੈਕਸੇਸ਼ਨ ਦੀਆਂ ਉੱਚ ਦਰਾਂ ਨਾਲ ਮਾਦਕ ਪੇਅ (ਐਲਕੋਬੇਵ) ਖੇਤਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਦੇਸ਼ ’ਚ ਸ਼ਰਾਬ ਉਦਯੋਗ ਦਾ ਭਵਿੱਖ ਖਤਰੇ ’ਚ ਪੈ ਗਿਆ ਹੈ। ਦੇਸ਼ ’ਚ ਐਲਕੋਬੇਵ ਉਦਯੋਗ ਦੇ ਚੋਟੀ ਦੀ ਬਾਡੀ ਆਈ. ਐੱਸ. ਡਬਲਯੂ. ਏ. ਆਈ. ਨੇ ਕਿਹਾ ਕਿ ਉਤਪਾਦ ਦੀਆਂ ਕੀਮਤਾਂ ’ਚ ਟੈਕਸਾਂ ਦਾ ਹਿੱਸਾ 67 ਤੋਂ 80 ਫੀਸਦੀ ਹੈ, ਜਿਸ ਨਾਲ ਵਪਾਰ ਨੂੰ ਜਾਰੀ ਰੱਖਣ ਅਤੇ ਕੰਮਕਾਜ ਦਾ ਪ੍ਰਬੰਧਨ ਕਰਨ ਲਈ ਬਹੁਤ ਘੱਟ ਬਚਤ ਹੁੰਦੀ ਹੈ।
ਆਈ. ਐੱਸ. ਡਬਲਯੂ. ਏ. ਆਈ. ਦੀ ਸੀ. ਈ. ਓ. ਨੀਤਾ ਕਪੂਰ ਨੇ ਕਿਹਾ,‘‘ਭਾਰਤੀ ਐਲਕੋਬੇਵ ਉਦਯੋਗ ਮਹਿੰਗਾਈ ਅਤੇ ਹਾਈ ਟੈਕਸੇਸ਼ਨ ਦਰਾਂ ਕਾਰਨ ਡੂੰਘੇ ਸੰਕਟ ’ਚ ਹੈ। ਇਸ ਲਿਹਾਜ਼ ਨਾਲ ਖੇਤਰ ਨੂੰ ਬਚਾਉਣ ਲਈ ਟੈਕਸਾਂ ਨੂੰ ਘੱਟ ਕਰਨ ਅਤੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਲੋੜ ਹੈ।’’ ਕਪੂਰ ਨੇ ਕਿਹਾ ਕਿ ਹੋਰ ਉਦਯੋਗਾਂ ਦੇ ਉਲਟ ਸ਼ਰਾਬ ਉਦਯੋਗ ਨੂੰ ਉਤਪਾਦਾਂ ਦੀ ਕੀਮਤ ਤੈਅ ਕਰਨ ਦੀ ਆਜ਼ਾਦੀ ਨਹੀਂ ਹੈ। ਉਨ੍ਹਾਂ ਕਿਹਾ ਿਕ ਉੱਚ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣਾ ਚਾਹੀਦਾ ਹੈ। ਆਈ. ਐੱਸ. ਡਬਲਯੂ. ਏ. ਆਈ. ਅਨੁਸਾਰ ਭਾਰਤੀ ਐਲਕੋਬੇਵ ਉਦਯੋਗ 55 ਅਰਬ ਅਮਰੀਕੀ ਡਾਲਰ ਅਨੁਮਾਨਿਤ ਕਾਰੋਬਾਰ ਨਾਲ 15 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ।