ਨੋਇਡਾ ਏਅਰਪੋਰਟ ਕੋਲ 40,000 ਫਲੈਟਸ ਬਣਾਉਣ ਦਾ ਪ੍ਰਾਜੈਕਟ, 18 ਦਸੰਬਰ ਤੱਕ ਕਰ ਸਕਦੇ ਹੋ ਅਪਲਾਈ
Monday, Dec 02, 2024 - 05:51 AM (IST)
ਜਲੰਧਰ– ਯਮੁਨਾ ਅਥਾਰਿਟੀ ਨੇ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ 40,000 ਫਲੈਟਾਂ ਦੇ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਹੈ। ਅਥਾਰਿਟੀ ਨੇ ਇਸ ਲਈ ਸੈਕਟਰ-17, 18 ਅਤੇ 22-ਡੀ ’ਚ 20 ਪਲਾਟਾਂ ਦੀ ਗਰੁੱਪ ਹਾਊਸਿੰਗ ਯੋਜਨਾ ਲਾਂਚ ਕਰ ਦਿੱਤੀ ਹੈ। ਇਸ ਮਹੱਤਵਪੂਰਨ ਪ੍ਰਾਜੈਕਟ ਦੇ ਤਹਿਤ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜੋ 18 ਦਸੰਬਰ ਤੱਕ ਚੱਲੇਗੀ।
ਗਰੁੱਪ ਹਾਊਸਿੰਗ ਲਈ 3 ਮੁੱਖ ਸੈਕਟਰ
ਯਮੁਨਾ ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਤੋਂ ਆਉਣ ਵਾਲੀ ਅਪ੍ਰੈਲ ਦੇ ਅਖੀਰ ਤੱਕ ਜਹਾਜ਼ਾਂ ਦੀਆਂ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਡਾਣਾਂ ਦੇ ਸ਼ੁਰੂ ਹੁੰਦੇ ਹੀ ਯਮੁਨਾ ਸਿਟੀ ਦੀ ਆਬਾਦੀ ’ਚ ਤੇਜ਼ੀ ਨਾਲ ਵਾਧਾ ਹੋਣ ਦਾ ਅੰਦਾਜ਼ਾ ਹੈ।
ਕੌਮਾਂਤਰੀ ਕੰਪਨੀਆਂ ਇਥੇ ਆਪਣੇ ਯੂਨਿਟ ਲਗਾਉਣਗੀਆਂ, ਜਿਸ ਨਾਲ ਹਜ਼ਾਰਾਂ ਰੋਜ਼ਗਾਰ ਪੈਦਾ ਹੋਣਗੇ। ਆਉਣ ਵਾਲੇ ਕਰਮਚਾਰੀਆਂ ਲਈ ਆਵਾਸ ਦੀ ਸਹੂਲਤ ਯਕੀਨੀ ਕਰਨ ਦੇ ਮਕਸਦ ਨਾਲ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।
ਯੋਜਨਾ ਦੇ ਤਹਿਤ ਛੋਟੇ ਅਤੇ ਵੱਡੇ ਆਕਾਰ ਦੇ ਪਲਾਟ ਸ਼ਾਮਲ ਕੀਤੇ ਗਏ ਹਨ। ਸੈਕਟਰ-17 ’ਚ 6, ਸੈਕਟਰ-18 ’ਚ 5 ਅਤੇ ਸੈਕਟਰ-22 ਡੀ ’ਚ 9 ਪਲਾਟ ਅਲਾਟ ਕੀਤੇ ਗਏ ਹਨ। ਅਰਜ਼ੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਯੋਜਨਾ ਨਾਲ ਸਬੰਧਤ ਸਾਰੇ ਵੇਰਵੇ ਯੀਡਾ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ।
ਬਿਲਡਰਾਂ ਨੂੰ ਈ-ਨਿਲਾਮੀ ’ਚ ਅਲਾਟ ਹੋਣਗੇ ਪਲਾਟ
20 ਜਨਵਰੀ ਨੂੰ ਯੋਜਨਾ ਦੇ ਤਹਿਤ ਈ-ਨਿਲਾਮੀ ਪ੍ਰਕਿਰਿਆ ਆਯੋਜਿਤ ਕੀਤੀ ਜਾਵੇਗੀ। ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਬਿਲਡਰ ਨੂੰ ਹੀ ਪਲਾਟ ਅਲਾਟ ਕੀਤੇ ਜਾਣਗੇ। ਯਮੁਨਾ ਅਥਾਰਿਟੀ ਦੇ ਓ. ਐੱਸ. ਡੀ. ਸ਼ੈਲੇਂਦਰ ਭਾਟੀਆ ਨੇ ਦੱਸਿਆ ਕਿ ਹਰੇਕ ਪਲਾਟ ਲਈ ਘੱਟੋ-ਘੱਟ 3 ਅਰਜ਼ੀਆਂ ਜ਼ਰੂਰੀ ਹੋਣਗੀਆਂ। ਜੇ ਕਿਸੇ ਪਲਾਟ ’ਤੇ 3 ਤੋਂ ਘੱਟ ਅਰਜ਼ੀਆਂ ਮਿਲਦੀਆਂ ਹਨ ਤਾਂ ਉਸ ’ਤੇ ਅਲਾਟਮੈਂਟ ਨਹੀਂ ਹੋਵੇਗੀ ਅਤੇ ਪ੍ਰਕਿਰਿਆ ਅੱਗੇ ਨਹੀਂ ਵਧਾਈ ਜਾਵੇਗੀ।
ਏਅਰਪੋਰਟ ਕੋਲ ਸੈਕਟਰ-24 ’ਚ ਰਿਹਾਇਸ਼ੀ ਪਲਾਟ ਯੋਜਨਾ ਪਹਿਲਾਂ ਤੋਂ ਜਾਰੀ ਹੈ। ਇਸ ਯੋਜਨਾ ਦੇ ਤਹਿਤ 30 ਨਵੰਬਰ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਹੁਣ ਤੱਕ 62,000 ਤੋਂ ਵੱਧ ਅਰਜ਼ੀਆਂ ਮਿਲ ਚੁੱਕੀਆਂ ਹਨ। ਦਸੰਬਰ ’ਚ ਇਸ ਯੋਜਨਾ ਦਾ ਡਰਾਅ ਕੱਢਿਆ ਜਾਵੇਗਾ। ਯਮੁਨਾ ਅਥਾਰਿਟੀ ਨੇ ਗਰੁੱਪ ਹਾਊਸਿੰਗ ਦੀ ਅਲਾਟਮੈਂਟ ਨੀਤੀ ’ਚ ਬਦਲਾਅ ਕੀਤਾ ਹੈ।