ਤਿਉਹਾਰਾਂ ਦਰਮਿਆਨ 3 ਬੈਂਕਾਂ ਨੇ ਮਹਿੰਗਾ ਕੀਤਾ ਕਰਜ਼ਾ, ਵਧਾਈਆਂ ਵਿਆਜ ਦਰਾਂ
Tuesday, Oct 18, 2022 - 05:53 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਸਮੇਤ ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਅਤੇ ਫੈਡਰਲ ਬੈਂਕ ਨੇ ਮਾਰਜਿਨਲ ਕਾਸਟ ਲੈਂਡਿੰਗ ’ਤੇ ਦਿੱਤੇ ਜਾਣ ਵਾਲੇ ਕਰਜ਼ੇ (ਐੱਮ. ਸੀ. ਐੱਲ. ਆਰ) ਦੇ ਤਹਿਤ ਆਪਣੀਆਂ ਉਧਾਰੀ ਦਰਾਂ ’ਚ ਵਾਧਾ ਕੀਤਾ ਹੈ। ਬੈਂਕਾਂ ਦੇ ਇਸ ਕਦਮ ਨਾਲ ਖਪਤਕਾਰਾਂ ਲਈ ਨਿੱਜੀ ਕਰਜ਼ੇ, ਹਾਊਸਿੰਗ ਅਤੇ ਵਾਹਨ ਕਰਜ਼ੇ ਮਹਿੰਗੇ ਹੋ ਜਾਣਗੇ। ਐੱਸ. ਬੀ. ਆਈ. ਨੇ ਇਕ ਸਾਲ ਦੀ ਮਿਆਦ ਵਾਲੀ ਐੱਮ. ਸੀ. ਐੱਲ. ਆਰ. ਨੂੰ 0.25 ਫੀਸਦੀ ਵਧਾ ਕੇ 7.95 ਫੀਸਦੀ ਕਰ ਦਿੱਤਾ ਹੈ। ਨਵੀਆਂ ਦਰਾਂ 15 ਅਕਤੂਬਰ ਤੋਂ ਲਾਗੂ ਹਨ।
ਬੈਂਕ ਨੇ 2 ਅਤੇ 3 ਸਾਲ ਵਾਲੇ ਐੱਮ. ਸੀ. ਐੱਲ. ਆਰ. ਨੂੰ ਵੀ ਵਧਾ ਕੇ ਕ੍ਰਮਵਾਰ 8.15 ਫੀਸਦੀ ਅਤੇ 8.25 ਫੀਸਦੀ ਕਰ ਦਿੱਤਾ ਹੈ, ਜੋ ਪਹਿਲਾਂ 7.90 ਫੀਸਦੀ ਅਤੇ 8 ਫੀਸਦੀ ਸੀ। ਕੋਟਕ ਮਹਿੰਦਰਾ ਬੈਂਕ ਨੇ ਵੀ ਵੱਖ-ਵੱਖ ਮਿਆਦਾਂ ਲਈ ਐੱਮ. ਸੀ. ਐੱਲ. ਆਰ. ਨੂੰ ਵਧਾ ਕੇ 7.70 ਤੋਂ 8.95 ਫੀਸਦੀ ਕਰ ਦਿੱਤਾ ਹੈ। ਉੱਥੇ ਹੀ ਬੈਂਕ ਨੇ ਇਕ ਸਾਲ ਦੀ ਮਿਆਦ ਵਾਲੇ ਕਰਜ਼ੇ ’ਤੇ ਵਿਆਜ ਦਰ ਵਧਾ ਕੇ 8.75 ਫੀਸਦੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਫੈਡਰਲ ਬੈਂਕ ਨੇ ਕਰਜ਼ਾ ਅਤੇ ਐਡਵਾਂਸ ’ਤੇ ਇਕ ਸਾਲ ਦੀ ਮਿਆਦ ਵਾਲੀ ਐੱਮ. ਸੀ. ਐੱਲ. ਆਰ. ਨੂੰ 16 ਅਕਤੂਬਰ ਤੋਂ ਸੋਧ ਕੇ 8.70 ਫੀਸਦੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਰੇਪੋ ਦਰ ’ਚ 0.50 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ਜ਼ਿਆਦਾਤਰ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ।