ਬਾਈਡੇਨ ਕੋਲੋਂ 900 ਅਰਬ ਦਾ ਬੇਲ ਆਊਟ ਪੈਕੇਜ ਮੰਗਣ ਅਮਰੀਕਾ ਪਹੁੰਚੇ ਸਨ ਸ਼ੀ

Sunday, Dec 10, 2023 - 02:52 PM (IST)

ਸ਼ੀ ਜਿਨਪਿੰਗ ਦੀ ਅਮਰੀਕਾ ਯਾਤਰਾ ਪੂਰੀ ਹੋਣ ਪਿੱਛੋਂ ਹੁਣ ਇਸ ਯਾਤਰਾ ਨਾਲ ਜੁੜੀਆਂ ਕੁਝ ਹੋਰ ਖਬਰਾਂ ਫਿਲਟਰ ਹੋ ਕੇ ਸਾਹਮਣੇ ਆਉਣ ਲੱਗੀਆਂ ਹਨ। ਪਹਿਲਾਂ ਜੋ ਖਬਰਾਂ ਆ ਰਹੀਆਂ ਸਨ, ਉਨ੍ਹਾਂ ਅਨੁਸਾਰ ਸ਼ੀ ਬਾਈਡੇਨ ਕੋਲੋਂ ਅਮਰੀਕਾ ’ਚ ਚੀਨ ’ਤੇ ਲੱਗੀਆਂ ਪਾਬੰਦੀਆਂ ’ਚ ਢਿੱਲ ਦੇਣ ਅਤੇ ਉਸ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਗੱਲ ਕਰਨ ਗਏ ਸਨ ਪਰ ਹੁਣ ਜੋ ਖਬਰਾਂ ਚੀਨ ਦੀ ਕਮਿਊਨਿਸਟ ਪਾਰਟੀ ਦੇ ਖੁਫੀਆ ਸਰੋਤ ਤੋਂ ਨਿਕਲ ਕੇ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ ਸ਼ੀ ਜਿਨਪਿੰਗ ਇਕ ਵੱਡਾ ਕਟੋਰਾ ਲੈ ਕੇ ਬਾਈਡੇਨ ਸਾਹਮਣੇ ਅਪੀਲ ਲਾਉਣ ਗਏ ਸਨ।

ਸ਼ੀ ਜਿਨਪਿੰਗ ਚੀਨੀ ਅਰਥਵਿਵਸਥਾ ’ਚ ਜਾਨ ਫੂਕਣ ਲਈ 900 ਅਰਬ ਡਾਲਰ ਦਾ ਬੇਲ ਆਊਟ ਪੈਕੇਜ ਲੈਣ ਗਏ ਸਨ। ਹਾਲਾਂਕਿ ਇਸ ਜਾਣਕਾਰੀ ਨੂੰ ਕਿਤੋਂ ਸਪੱਸ਼ਟ ਨਹੀਂ ਕੀਤਾ ਜਾ ਸਕਿਆ ਪਰ ਜਾਣਕਾਰਾਂ ਦੀ ਰਾਇ ’ਚ ਚੀਨ ਇਸ ਸਮੇਂ ਜਿਸ ਆਰਥਿਕ ਬਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ ਉਸ ਤੋਂ ਇਹ ਗੱਲ ਸੱਚ ਲੱਗ ਰਹੀ ਹੈ। ਉੱਥੇ ਅਮਰੀਕੀ ਰਣਨੀਤੀਕਾਰ ਅਤੇ ਇਤਿਹਾਸਕਾਰ ਗ੍ਰੇਗੋਰੀ ਕੋਪਲੇ ਨੇ 21 ਨਵੰਬਰ ਨੂੰ ਆਇਲ ਪ੍ਰਾਈਸ ਡਾਟ ਕਾਮ ਵੈੱਬਸਾਈਟ ’ਚ ਲਿਖੇ ਆਪਣੇ ਇਕ ਲੇਖ ’ਚ ਵੀ ਇਹੀ ਗੱਲ ਕਹੀ ਹੈ।

ਗ੍ਰੇਗੋਰੀ ਨੇ ਕਿਹਾ ਕਿ ਸਾਲ 2015 ਤੋਂ ਹੀ ਚੀਨ ਆਰਥਿਕ ਤੰਗੀ ਵੱਲ ਅੱਗੇ ਵਧਣ ਲੱਗਾ ਸੀ ਪਰ ਉਸ ਸਮੇਂ ਵੀ ਸ਼ੀ ਜਿਨਪਿੰਗ ਨੇ ਇਸ ਨਾਲ ਨਜਿੱਠਣ ਲਈ ਕੋਈ ਕਾਰਗਰ ਕਦਮ ਨਹੀਂ ਉਠਾਏ। ਉਨ੍ਹਾਂ ਅੱਗੇ ਦੱਸਿਆ ਕਿ ਸੈਨ ਫਰਾਂਸਿਸਕੋ ’ਚ ਸ਼ੀ ਜਿਨਪਿੰਗ ਦੀ ਯਾਤਰਾ 13 ਤੋਂ 17 ਨਵੰਬਰ ਤੱਕ ਚੱਲੀ। ਇਸ ਦੌਰਾਨ ਸ਼ੀ ਬਾਈਡੇਨ ਨੂੰ ਮਿਲਣ ਸਿਰਫ ਇਸ ਲਈ ਆਏ ਸਨ ਕਿ ਬਾਈਡੇਨ ਸ਼ੀ ਨੂੰ 900 ਅਰਬ ਡਾਲਰ ਦਾ ਬੇਲ ਆਊਟ ਪੈਕੇਜ ਦੇ ਦੇਵੇ, ਜਿਸ ਨਾਲ ਚੀਨ ਦੀ ਅਰਥਵਿਵਸਥਾ ਨੂੰ ਆਰਾਮ ਮਿਲੇ ਅਤੇ ਸੀ. ਪੀ. ਸੀ. ਚੈਨ ਨਾਲ ਸਾਹ ਲੈ ਸਕੇ। ਇਹ ਖਬਰ ਵੀ ਗ੍ਰੇਗੋਰੀ ਤਕ ਚੀਨ ਦੀ ਕਮਿਊਨਿਸਟ ਪਾਰਟੀ ਦੇ ਅੰਦਰੂਨੀ ਸਰੋਤਾਂ ਤੋਂ ਨਿਕਲ ਕੇ ਆਈ ਸੀ।

2. ਇਸ ਖਬਰ ’ਤੇ ਇਸ ਲਈ ਵੀ ਭਰੋਸਾ ਕੀਤਾ ਜਾ ਸਕਦਾ ਹੈ ਕਿ ਜੋ ਚੀਨ ਹਮੇਸ਼ਾ ਅਮਰੀਕਾ ਤੋਂ ਅੱਗੇ ਨਿਕਲਣ ਅਤੇ ਉਸ ਨੂੰ ਜੰਗ ’ਚ ਹਰਾਉਣ ਦੇ ਸੁਫ਼ਨੇ ਦੇਖਿਆ ਕਰਦਾ ਹੈ, ਅਚਾਨਕ ਹੀ ਉਹ ਚੀਨ ਅਮਰੀਕਾ ਦੇ ਸਾਹਮਣੇ ਗਿੜਗਿੜਾਉਣ ਦੀ ਮੁਦਰਾ ’ਚ ਕਿਵੇਂ ਆ ਗਿਆ? ਅਮਰੀਕਾ ਨੂੰ ਲੈ ਕੇ ਅਚਾਨਕ ਚੀਨ ਦੇ ਤੇਵਰਾਂ ’ਚ ਇੰਨਾ ਤਕੜਾ ਬਦਲਾਅ ਆਉਣਾ ਅਤੇ ਅਮਰੀਕਾ ਨੂੰ ਇਹ ਕਹਿਣਾ ਕਿ ਚੀਨ ਅਤੇ ਅਮਰੀਕਾ ਵਿਰੋਧੀ ਨਹੀਂ ਸਗੋਂ ਦੋਸਤ ਅਤੇ ਭਾਈਵਾਲ ਹਨ, ਦਿਖਾਉਂਦਾ ਹੈ ਕਿ ਚੀਨ ਇਸ ਸਮੇਂ ਪੂਰੀ ਤਰ੍ਹਾਂ ਮਜਬੂਰ ਹੋ ਚੁੱਕਾ ਹੈ। ਇਸ ਲਈ ਉਹ ਅਮਰੀਕਾ ਤੋਂ ਬੇਲ ਆਊਟ ਪੈਕੇਜ ਮੰਗਣ ਅਮਰੀਕਾ ਚਲਾ ਗਿਆ।

ਇਹ ਖਬਰਾਂ ਚੀਨ ਦੀ ਸੀ. ਪੀ. ਸੀ. ਦੇ ਉਸ ਧੜੇ ਤੋਂ ਆ ਰਹੀਆਂ ਹਨ ਜੋ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਸ਼ੀ ਜਿਨਪਿੰਗ ਨੂੰ ਸੱਤਾ ਤੋਂ ਹਟਾਇਆ ਜਾਵੇ, ਜਿਸ ਨਾਲ ਬਰਬਾਦ ਹੁੰਦੇ ਚੀਨ ਦੀ ਅਰਥਵਿਵਸਥਾ ਨੂੰ ਇਕ ਵਾਰ ਫਿਰ ਤੋਂ ਲੀਹ ’ਤੇ ਲਿਆਂਦਾ ਜਾ ਸਕੇ। ਚੀਨੀ ਮਾਮਲਿਆਂ ਦੇ ਮਾਹਿਰਾਂ ਨੇ ਇਕ ਹੋਰ ਸਿੱਟਾ ਕੱਢਿਆ ਕਿ ਸ਼ੀ ਜਿਨਪਿੰਗ ਦਾ ਸ਼ਾਸਨ ਚੀਨ ’ਚ ਖਤਮ ਹੋਣ ਵਾਲਾ ਹੈ ਅਤੇ ਉਹ ਬਾਈਡੇਨ ਤੋਂ ਖੁਦ ਦੀ ਸੱਤਾ ਬਚਾਉਣ ਲਈ ਬੇਲ ਆਊਟ ਪੈਕੇਜ ਲੈਣ ਅਮਰੀਕਾ ਗਏ ਸਨ।

3. ਸ਼ੀ ਜਿਨਪਿੰਗ ਦੀ ਅਮਰੀਕੀ ਦੌਰੇ ਦੀ ਟਾਈਮਿੰਗ ਬਹੁਤ ਅਹਿਮ ਹੈ ਕਿਉਂਕਿ ਅਪੇਕ ਸਮਿਟ ਦੇ ਸਿਰਫ 2 ਹਫਤੇ ਪਹਿਲਾਂ ਹੀ ਸ਼ੀ ਜਿਨਪਿੰਗ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ। ਸ਼ੀ ਨੂੰ ਇਸ ਗੱਲ ਦਾ ਭਰੋਸਾ ਵੀ ਨਹੀਂ ਸੀ ਕਿ ਇਸ ਸਾਲ ਅਪੇਕ ਸਮਿਟ ਹੋਵੇਗੀ ਵੀ ਜਾਂ ਨਹੀਂ। ਇਸ ਲਈ ਅਮਰੀਕਾ ਨੂੰ ਰਿਝਾਉਣ ਲਈ ਸ਼ੀ ਜਿਨਪਿੰਗ ਨੂੰ ਬਾਈਡੇਨ ਅੱਗੇ ਗੋਡੇ ਟੇਕਣੇ ਪਏ।

ਇਸ ਦੌਰਾਨ ਸ਼ੀ ਜਿਨਪਿੰਗ ਅਮਰੀਕਾ ਪ੍ਰਤੀ ਜਿੰਨਾ ਜ਼ਿਆਦਾ ਪ੍ਰੇਮ ਦਿਖਾ ਰਹੇ ਸਨ, ਇਹ ਉਨ੍ਹਾਂ ਅੰਦਰ ਵਧਦੀ ਨਿਰਾਸ਼ਾ ਦੀ ਡੂੰਘਾਈ ਦਿਖਾਉਣ ਲਈ ਕਾਫੀ ਹੈ ਕਿ ਕਈ ਵਾਰ ਉਹ ਉਤਸੁਕਤਾ ਦੀਆਂ ਹੱਦਾਂ ਪਾਰ ਕਰ ਰਹੇ ਸਨ। ਚੀਨ ਦੀ ਆਰਥਿਕ ਤੰਗੀ ਜਦੋਂ ਤੋਂ ਸ਼ੁਰੂ ਹੋਈ ਸੀ ਉਦੋਂ ਤੋਂ ਸ਼ੀ ਨੇ ਇਸ ਨੂੰ ਦੂਰ ਕਰਨ ਲਈ ਕੋਈ ਠੋਸ ਕਦਮ ਨਹੀਂ ਉਠਾਏ ਸਗੋਂ ਅਮਰੀਕਾ ਪ੍ਰਤੀ ਆਪਣੇ ਵਤੀਰੇ ’ਚ ਹਮਲਾਵਰ ਰੁਖ ਨੂੰ ਬੜ੍ਹਾਵਾ ਜ਼ਰੂਰ ਦਿੰਦੇ ਰਹੇ।

ਚੀਨ ਦੀ ਆਰਥਿਕ ਦੁਰਦਸ਼ਾ ਇਕ ਦਿਨ ’ਚ ਨਹੀਂ ਹੋਈ। ਇਸ ਲਈ ਸ਼ੀ ਜਿਨਪਿੰਗ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ ਹਨ। ਸ਼ੀ ਨੇ ਸੱਤਾ ਸੰਭਾਲਦੇ ਹੀ ਹੌਲੀ-ਹੌਲੀ ਚੀਨ ਦੇ ਨਿੱਜੀ ਸੈਕਟਰ ’ਤੇ ਸਰਕਾਰੀ ਸ਼ਿਕੰਜੇ ਨੂੰ ਕੱਸਣਾ ਸ਼ੁਰੂ ਕਰ ਦਿੱਤਾ। ਸ਼ੀ ਚਾਹੁੰਦੇ ਸਨ ਕਿ ਚੀਨ ’ਚ ਜਿੰਨੀਆਂ ਵੀ ਨਿੱਜੀ ਕੰਪਨੀਆਂ ਹਨ ਉਹ ਸਾਰੀਆਂ ਸੀ. ਪੀ. ਸੀ. ਦੀ ਸਰਕਾਰੀ ਸੰਸਥਾ ਹੇਠਾਂ ਅਤੇ ਉਸ ਦੇ ਘੇਰੇ ’ਚ ਰਹਿ ਕੇ ਕੰਮ ਕਰਨ। ਇਸ ਨਾਲ ਨਿੱਜੀ ਖੇਤਰ ਦੇ ਲੋਕਾਂ ’ਚ ਸਰਕਾਰ ਦੀ ਨੀਅਤ ਅਤੇ ਨੀਤੀ ਦੋਵਾਂ ਪ੍ਰਤੀ ਅਸੁਰੱਖਿਆ ਦੀ ਭਾਵਨਾ ਵਧਣ ਲੱਗੀ।

4. ਗ੍ਰੇਗੋਰੀ ਕੋਪਲੇ ਨੇ ਦੱਸਿਆ ਕਿ ਇਸ ਸਮੇਂ ਚੀਨ ਦੇ ਰੀਅਲ ਅਸਟੇਟ ਦੀ ਹਾਲਤ ਅਜਿਹੀ ਹੈ ਕਿ ਜੇ ਉਸ ’ਚ ਇਕ ਖਰਬ ਡਾਲਰ ਨਾ ਪਾਇਆ ਜਾਵੇ ਤਾਂ ਚੀਨ ਦਾ ਰੀਅਲ ਅਸਟੇਟ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ, ਜੇ ਇਕ ਖਰਬ ਡਾਲਰ ਇਸ ’ਚ ਪਾਇਆ ਜਾਵੇ ਤਾਂ ਵੀ ਚੀਨ ਦੀ ਅਰਥਵਿਵਸਥਾ ਹੇਠਾਂ ਵੱਲ ਜਾਵੇਗੀ। ਉੱਥੇ ਹੀ ਚੀਨ ਦੇ ਨਿੱਜੀ ਸੈਕਟਰ ’ਚ ਬਦਹਾਲੀ ਅਤੇ ਫੈਕਟਰੀਆਂ ’ਚ ਤਾਲਾਬੰਦੀ ਦੀ ਹਾਲਤ ਰਾਤੋ-ਰਾਤ ਠੀਕ ਨਹੀਂ ਹੋ ਸਕਦੀ। ਚੀਨ ਦੀ ਸਰਕਾਰ ’ਤੇ ਇਸ ਸਮੇਂ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵੀ ਰਾਤੋ-ਰਾਤ ਵਧ ਨਹੀਂ ਸਕਦਾ।


Rakesh

Content Editor

Related News