ਖਰਾਬ ਹੁੰਦੀ ਆਰਥਿਕ ਹਾਲਤ ਵਿਚਾਲੇ ਸ਼ੀ ਵੱਲੋਂ ਪ੍ਰਭਾਵਸ਼ਾਲੀ ਲੋਕਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਮੁਹਿੰਮ ਤੇਜ਼

Monday, Nov 27, 2023 - 05:04 PM (IST)

ਸ਼ੀ ਜਿਨਪਿੰਗ ਦੀ ਤਾਨਾਸ਼ਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ। ਉਹ ਨਿੱਤ ਨਵੇਂ ਅਜਿਹੇ ਕਾਨੂੰਨ ਬਣਾ ਰਹੇ ਹਨ ਜਿਨ੍ਹਾਂ ਤੋਂ ਅਜੇ ਤੱਕ ਚੀਨ ਦੇ ਸਿਰਫ ਆਮ ਲੋਕ ਪ੍ਰੇਸ਼ਾਨ ਰਹਿੰਦੇ ਸਨ ਪਰ ਹੁਣ ਤਾਂ ਉਨ੍ਹਾਂ ਚੀਨੀ ਕਮਿਊਨਿਸਟ ਪਾਰਟੀ ਦੇ ਸੇਵਾਮੁਕਤ ਸ਼ਕਤੀਸ਼ਾਲੀ ਬਜ਼ੁਰਗਾਂ ਤਕ ਨੂੰ ਨਹੀਂ ਬਖਸ਼ਿਆ। ਉਨ੍ਹਾਂ ਕੋਲ ਨਾ ਤਾਂ ਨਿੱਜੀ ਪੱਧਰ ’ਤੇ ਮੇਲ-ਜੇਲ ਕਰਨ ਲਈ ਬੈਠਕਾਂ ਕਰਨ ਅਤੇ ਇਕ ਥਾਂ ਇਕੱਠੇ ਹੋਣ ਦੀ ਆਜ਼ਾਦੀ ਹੈ ਅਤੇ ਨਾ ਹੀ ਕਿਤੇ ਆਉਣ-ਜਾਣ ਦੀ ਛੋਟ ਹੈ।

ਅਜਿਹੀ ਹਾਲਤ ’ਚ ਇਹ ਵਿਅਕਤੀ ਖੁਦ ਨੂੰ ਆਪਣੇ ਹੀ ਘਰ ’ਚ ਨਜ਼ਰਬੰਦ ਮਹਿਸੂਸ ਕਰ ਰਹੇ ਹਨ। ਇਨ੍ਹਾਂ ਸਾਬਕਾ ਸੀ. ਪੀ. ਸੀ. ਦੇ ਅਹਿਮ ਅਤੇ ਇਕ ਸਮੇਂ ਬੇਹੱਦ ਸ਼ਕਤੀਸ਼ਾਲੀ ਰਹੇ ਆਗੂਆਂ ਦੇ ਸੂਚਨਾ ਅਧਿਕਾਰੀ, ਸੁਰੱਖਿਆ ਮੁਲਾਜ਼ਮ, ਰਸੋਈਏ, ਮਾਲੀ, ਡਰਾਈਵਰ, ਘਰ ਦੇ ਨੌਕਰ, ਡਾਕਟਰ ਸਾਰੇ ਲੋਕ ਖੁਫੀਆ ਵਿਭਾਗ ਦੇ ਏਜੰਟ ਹਨ ਜੋ ਹਰ ਛੋਟੀਆਂ-ਵੱਡੀਆਂ ਗੱਲਾਂ ਦੀ ਜਾਣਕਾਰੀ ਕੋਰ ਕਮੇਟੀ ਨੂੰ ਦਿੰਦੇ ਹਨ। ਇਸ ਕਾਰਨ ਇਹ ਬਜ਼ੁਰਗ ਲੋਕ ਹੋਰ ਵੀ ਬੱਝੇ ਅਤੇ ਘੁਟਣ ਭਰੇ ਮਾਹੌਲ ’ਚ ਰਹਿਣ ਨੂੰ ਮਜਬੂਰ ਹਨ।

ਵਾਂਗ ਹੁੰਗ ਤਾਓ ਚੀਨ ਦੇ ਸਿਆਸੀ ਵਿਸ਼ਲੇਸ਼ਕ ਹਨ ਅਤੇ ਸੀ. ਪੀ. ਸੀ. ਦੀਆਂ ਬਹੁਤ ਸਾਰੀਆਂ ਅੰਦਰੂਨੀ ਗੱਲਾਂ ਜਾਣਦੇ ਹਨ, ਉਨ੍ਹਾਂ ਨੇ ਦੱਸਿਆ ਕਿ ਸੀ. ਪੀ. ਸੀ. ਦੇ ਬਜ਼ੁਰਗ ਆਗੂਆਂ ਦੀ ਜਾਇਦਾਦ ਨੂੰ ਵੀ ਸ਼ੀ ਜਿਨਪਿੰਗ ਨੇ ਆਪਣੇ ਕਬਜ਼ੇ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਉਸ ਨੂੰ ਰਾਸ਼ਟਰੀ ਸਰਕਾਰੀ ਖਜ਼ਾਨੇ ’ਚ ਪਾ ਦਿੱਤਾ ਹੈ। ਇਨ੍ਹਾਂ ਬਜ਼ੁਰਗਾਂ ਅਤੇ ਕਿਸੇ ਸਮੇਂ ਸ਼ਕਤੀਸ਼ਾਲੀ ਰਹੇ ਆਗੂਆਂ ਦੇ ਰਿਸ਼ਤੇਦਾਰਾਂ ਅਤੇ ਬੱਚਿਆਂ ਨੇ ਵੀ ਇਨ੍ਹਾਂ ਦੀ ਜਾਨ ਬਖਸ਼ਣ ਦੇ ਬਦਲੇ ’ਚ ਇਨ੍ਹਾਂ ਬਜ਼ੁਰਗਾਂ ਦੀ ਸਾਰੀ ਜਾਇਦਾਦ ਨੂੰ ਸ਼ੀ ਜਿਨਪਿੰਗ ਨੂੰ ਹੜੱਪਣ ਦਿੱਤਾ।

ਹੁੰਗ ਨੇ ਦੱਸਿਆ ਕਿ ਜੇ ਇਹ ਵਿਅਕਤੀ ਅਜਿਹਾ ਨਾ ਕਰਦੇ ਤਾਂ ਸੀ. ਪੀ. ਸੀ. ਨੇ ਉਨ੍ਹਾਂ ਉਪਰ ਕਿਸੇ ਨਾ ਕਿਸੇ ਬਹਾਨੇ ਅਦਾਲਤਾਂ ’ਚ ਮੁਕੱਦਮੇ ਚਲਾ ਦੇਣੇ ਸਨ ਅਤੇ ਉਨ੍ਹਾਂ ਦੀ ਬਚੀ ਹੋਈ ਜ਼ਿੰਦਗੀ ਵੀ ਅਦਾਲਤਾਂ ਦੇ ਚੱਕਰ ਕੱਟਦਿਆਂ ਬੀਤ ਜਾਣੀ ਸੀ। ਅਜੇ ਤੱਕ ਦੀ ਜਾਣਕਾਰੀ ਮੁਤਾਬਕ ਸਿਰਫ 2 ਸਾਬਕਾ ਸ਼ਕਤੀਸ਼ਾਲੀ ਅਤੇ ਸੀ. ਪੀ. ਸੀ. ਦੇ ਚੋਟੀ ਦੇ ਆਗੂਆਂ ਦੇ ਪਰਿਵਾਰਾਂ ਨੇ ਆਪਣੀ ਜਾਇਦਾਦ ਨੂੰ ਸਰਕਾਰੀ ਖਜ਼ਾਨੇ ’ਚ ਪਾਉਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ’ਚੋਂ ਇਕ ਪਰਿਵਾਰ ਹੂ ਚਿਨਥਾਓ ਅਤੇ ਦੂਜਾ ਪਰਿਵਾਰ ਜਿਆਂਗ ਜੇਮਿਨ ਦਾ ਹੈ। ਇਨ੍ਹਾਂ ਤੋਂ ਇਲਾਵਾ ਸਭ ਲੋਕਾਂ ਨੇ ਆਪਣੀ ਜਾਇਦਾਦ ਦੇ ਇਕ ਵੱਡੇ ਹਿੱਸੇ ਨੂੰ ਸ਼ੀ ਜਿਨਪਿੰਗ ਦੇ ਹਵਾਲੇ ਕਰ ਦਿੱਤਾ। ਇੱਥੋਂ ਤੱਕ ਕਿ ਇਕ ਸਮੇਂ ਚੀਨ ਦੇ ਚੋਟੀ ਦੇ ਨੇਤਾ ਵਨ ਚਿਆਪਾਓ ਨੇ ਵੀ ਅਜਿਹਾ ਹੀ ਕੀਤਾ, ਨਹੀਂ ਤਾਂ ਸ਼ੀ ਜਿਨਪਿੰਗ ਨੇ ਉਨ੍ਹਾਂ ਦਾ ਜਿਊਣਾ ਔਖਾ ਕਰ ਦੇਣਾ ਸੀ।

ਚੀਨ ਦੇ ਇਸ ਤਾਜ਼ਾ ਮੁੱਦੇ ’ਤੇ ਆਪਣੀ ਰਾਏ ਰੱਖਦੇ ਹੋਏ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ, ਆਸਟ੍ਰੇਲੀਆ ਦੇ ਐਸੋਸੀਏਟ ਪ੍ਰੋਫੈਸਰ ਫੋਂਗ ਚੋਂਗ ਯੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਚੀਨ ’ਚ ਸੀ. ਪੀ. ਸੀ. ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦੇਸ਼ ’ਚ ਹੋਣ ਵਾਲੇ ਸਿਆਸੀ ਤਖਤਪਲਟ ਤੋਂ ਬਚਣ ਲਈ ਸ਼ੀ ਜਿਨਪਿੰਗ ਨੇ ਕਈ ਸਖਤ ਕਦਮ ਚੁੱਕੇ ਹਨ। ਆਪਣੇ ਸਿਆਸੀ ਵਿਰੋਧੀਆਂ ਨੂੰ ਰਾਹ ’ਚੋਂ ਹਟਾਉਣ ਲਈ ਸਖਤ ਫੈਸਲੇ ਲਏ ਹਨ।

ਚੀਨ ’ਚ ਇਸ ਦਾ ਬੁਰਾ ਅਸਰ ਇਹ ਹੋਇਆ ਕਿ ਕਈ ਖੁਸ਼ਹਾਲ ਪਰਿਵਾਰਾਂ ਦੀ ਜਾਇਦਾਦ ਨੂੰ ਸ਼ੀ ਜਿਨਪਿੰਗ ਨੇ ਜ਼ਬਤ ਕਰ ਲਿਆ। ਜਿਨ੍ਹਾਂ ਲੋਕਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ, ਉਨ੍ਹਾਂ ਪਰਿਵਾਰਾਂ ਨੇ ਆਪਣੇ ਮਨ ਨੂੰ ਇੰਝ ਸਮਝਾਇਆ ਜਿਵੇਂ ਉਨ੍ਹਾਂ ਆਪਣੀ ਜਾਇਦਾਦ ਦਾ ਇਕ ਵੱਡਾ ਹਿੱਸਾ ਸ਼ੀ ਜਿਨਪਿੰਗ ਨੂੰ ਦੇ ਦਿੱਤਾ ਹੈ। ਉਦਾਹਰਣ ਵਜੋਂ ਚਿਨ ਸ਼ਿਆਓ ਲੂ ਜੋ ਸੀ. ਪੀ. ਸੀ. ਦੇ ਇਕ ਸਮੇਂ ਦੇ ਚੋਟੀ ਦੇ ਨੇਤਾ ਮਾਰਸ਼ਲ ਛਨ ਯੀ ਦੇ ਬੇਟੇ ਹਨ ਅਤੇ ਆਨਬਾਂਗ ਵਿੱਤੀ ਕੰਪਨੀ ਨਾਲ ਜੁੜੇ ਹੋਏ ਹਨ, ਦੀ ਸਾਰੀ ਜਾਇਦਾਦ ਸ਼ੀ ਜਿਨਪਿੰਗ ਨੇ ਉਦੋਂ ਜ਼ਬਤ ਕਰ ਲਈ ਸੀ ਜਦੋਂ ਸ਼ੀ ਨੇ ਲੂ ਸਿਆਓ ਹੁਈ ਨੂੰ ਸਿੱਧੇ ਤੌਰ ’ਤੇ ਗ੍ਰਿਫਤਾਰ ਕਰ ਲਿਆ।

ਇਸ ਤੋਂ ਅੱਗੇ ਤਸਿੰਗਛਿੰਗ ਹੋਂਗ ਦੀ ਦੋਹਤਰੀ ਜੋ ਪਹਿਲਾਂ ਬਹੁਤ ਪੈਸੇ ਵਾਲੀ ਸੀ ਪਰ ਉਸ ਸਮੇਂ ਆਰਥਿਕ ਸੰਕਟ ’ਚੋਂ ਲੰਘ ਰਹੀ ਸੀ, ਨੂੰ ਸ਼ੀ ਜਿਨਪਿੰਗ ਦੀ ਸਰਕਾਰ ਨੇ ਉਸ ਨੂੰ ਕਰਜ਼ਾ ਨਹੀਂ ਦਿੱਤਾ ਜਿਸ ਕਾਰਨ ਉਸ ਦੀ ਰੀਅਲ ਅਸਟੇਟ ਕੰਪਨੀ ਦਿਵਾਲੀਆ ਹੋ ਗਈ ਅਤੇ ਉਸ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਗਈਆਂ। ਤਸਿੰਗਛਿੰਗ ਹੋਂਗ ਚੀਨ ਦੇ ਉਪ-ਰਾਸ਼ਟਰਪਤੀ ਸਨ।

ਚੀਨ ਦਾ ਆਨਬਾਂਗ ਇੰਸ਼ੋਰੈਂਸ ਗਰੁੱਪ ਇਕ ਚੀਨੀ ਹੋਲਡਿੰਗ ਕੰਪਨੀ ਹੈ ਜਿਸ ਦੀਆਂ ਸਹਿਯੋਗੀ ਕੰਪਨੀਆਂ ਇੰਸ਼ੋਰੈਂਸ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦਿੰਦੀਆਂ ਹਨ। ਤਸਿੰਗਛਿੰਗ ਹੋਂਗ ਦਾ ਬੇਟਾ ਤਸਿੰਗ ਹੂਏ ਆਸਟ੍ਰੇਲੀਆ ’ਚ ਬਹੁਤ ਪ੍ਰਭਾਵਸ਼ਾਲੀ ਆਦਮੀ ਸੀ, ਜਿਸ ਨੇ ਚੀਨ ਦੀ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਆਪਣੇ ਆਪ ਨੂੰ ਬਹੁਤ ਹੇਠਲੀ ਪ੍ਰੋਫਾਈਲ ’ਚ ਰੱਖਿਆ ਕਿਉਂਕਿ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਤਸਿੰਗ ਪਰਿਵਾਰ ਦੇ ਵਿੱਤੀ ਸੋਮਿਆਂ ਨੂੰ ਸਰਕਾਰ ਕੱਟ ਚੁੱਕੀ ਹੈ।

ਉਨ੍ਹਾਂ ਉਪਰ ਸੀ. ਪੀ. ਸੀ. ਵੱਲੋਂ ਕੋਈ ਮੁਸੀਬਤ ਨਾ ਆਵੇ, ਇਸ ਲਈ ਪੂਰੇ ਤਸਿੰਗ ਪਰਿਵਾਰ ਨੇ ਖੁਦ ਨੂੰ ਨੀਵੀਂ ਪ੍ਰੋਫਾਈਲ ਦਾ ਬਣਾ ਲਿਆ ਹੈ। ਇਸ ਸਾਲ 28 ਸਤੰਬਰ ਨੂੰ ਐਵਰਗ੍ਰਾਂਡੇ ਗਰੁੱਪ ਦੇ ਸੰਸਥਾਪਕ ਸੂ ਚਯਾਯਿਨ ਨੂੰ ਸੀ. ਪੀ. ਸੀ. ਨੇ ਗ੍ਰਿਫਤਾਰ ਕਰ ਲਿਆ। ਸੂ ਦੀ ਜੇਨ ਤਸਿੰਗਛਿੰਗ ਹੋਂਗ ਪਰਿਵਾਰ ਨਾਲ ਨੇੜਤਾ ਰਹੀ ਹੈ। ਫੰਗ ਛੋਂਗਯੀ ਜੋ ਇਕ ਸਿਆਸੀ ਵਿਸ਼ਲੇਸ਼ਕ ਹਨ, ਨੇ ਦੱਸਿਆ ਕਿ ਤਸਿੰਗਛਿੰਗ ਹੋਂਗ ਦਾ ਪਰਿਵਾਰ ਤੇਲ ਦੇ ਵਪਾਰ ਵਾਲੇ ਗਰੁੱਪ ਦਾ ਮੈਂਬਰ ਸੀ ਅਤੇ ਇਸ ਪਰਿਵਾਰ ਨੇ ਕਈ ਵੱਡੇ ਅਤੇ ਛੋਟੇ ਪੱਧਰ ਦੇ ਅਧਿਕਾਰੀਆਂ ਦੀ ਗ੍ਰਿਫਤਾਰੀ ਨੂੰ ਦੇਖਿਆ ਹੈ। ਇਨ੍ਹਾਂ ਦੀ ਜਾਇਦਾਦ ਨੂੰ ਦੇਸ਼ ਦੇ ਸਰਕਾਰੀ ਖਜ਼ਾਨੇ ’ਚ ਜਾਂਦਿਆਂ ਵੇਖਿਆ ਹੈ।

ਚੀਨ ਦੇ ਸਾਬਕਾ ਪ੍ਰੀਮੀਅਰ ਲੀ ਫੰਗ ਦੀ ਧੀ ਲੀ ਸਿਆਯੋ ਯੇਨ ਹੁਣੇ ਜਿਹੇ ਹੀ ਰਿਟਾਇਰ ਹੋਣ ਪਿੱਛੋਂ ਚੀਨ ਦੇ ਸ਼ਕਤੀਸ਼ਾਲੀ ਪਰਿਵਾਰਕ ਗਰੁੱਪ ਨੂੰ ਛੱਡ ਚੁੱਕੀ ਹੈ ਕਿਉਂਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਡਰ ਸੀ ਕਿ ਕਦੀ ਵੀ ਸ਼ੀ ਜਿਨਪਿੰਗ ਉਨ੍ਹਾਂ ਦੇ ਪਰਿਵਾਰ ਵਿਰੁੱਧ ਕੋਈ ਵੀ ਕਾਰਵਾਈ ਕਰ ਸਕਦੇ ਹਨ।

ਹਾਲਾਂਕਿ ਸ਼ੀ ਜਿਨਪਿੰਗ ਦਾ ਸੱਤਾ ’ਚ ਇੰਨੀ ਉੱਚੀ ਥਾਂ ਹਾਸਲ ਕਰਨਾ ਸੀ. ਪੀ. ਸੀ. ਦੇ ਚੋਟੀ ਦੇ ਆਗੂਆਂ ਵੱਲੋਂ ਕੀਤੀ ਗਈ ਮਦਦ ਤੋਂ ਬਿਨਾਂ ਸੰਭਵ ਨਹੀਂ ਹੋਣਾ ਸੀ, ਉਸ ਸਮੇਂ ਸੀ. ਪੀ. ਸੀ. ਦੇ ਚੋਟੀ ਦੇ ਆਗੂਆਂ ਨੇ ਸ਼ੀ ਜਿਨਪਿੰਗ ਨੂੰ ਇਸ ਉਚਾਈ ’ਤੇ ਆਪਣੀ ਹਮਾਇਤ ਨਾਲ ਇਸ ਲਈ ਬਿਠਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਸੀ. ਪੀ. ਸੀ. ਦੀਆਂ ਨੀਤੀਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਉਨ੍ਹਾਂ ਦੇ ਆਪਣੇ ਹਿੱਤ ਵੀ ਸੁਰੱਖਿਅਤ ਰਹਿਣ।

ਸ਼ੀ ਜਿਨਪਿੰਗ ਨੇ ਸੀ. ਪੀ. ਸੀ. ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਉਨ੍ਹਾਂ ਦੀ ਸੰਭਾਲ ਕੀਤੀ। ਇਸ ਦਾ ਸਿੱਧਾ ਮਤਲਬ ਪਾਰਟੀ ਦੇ ਸ਼ਕਤੀਸ਼ਾਲੀ ਨੇਤਾਵਾਂ ਦੇ ਹਿੱਤਾਂ ਅਤੇ ਉਨ੍ਹਾਂ ਦੀ ਜਾਇਦਾਦ ਦੀ ਰਾਖੀ ਕਰਨਾ ਸੀ ਪਰ ਹੌਲੀ-ਹੌਲੀ ਸ਼ੀ ਜਿਨਪਿੰਗ ਨੇ ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ’ਚ ਸੰਭਾਲ ਲਈਆਂ ਅਤੇ ਸੀ. ਪੀ. ਸੀ. ਦੇ ਉਨ੍ਹਾਂ ਮਠਾਧੀਸ਼ਾਂ ਨੂੰ ਲਾਂਭੇ ਕਰ ਦਿੱਤਾ ਜੋ ਸਾਲਾਂ ਤੋਂ ਰਾਜ ਕਰ ਰਹੇ ਸਨ। ਉਸ ਪਿੱਛੋਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਖੋਹਣ ਦੀ ਵਾਰੀ ਆਈ, ਜਿਸ ’ਚ ਸ਼ੀ ਨੇ ਕੋਈ ਤਰਸ ਨਹੀਂ ਵਿਖਾਇਆ। ਇਸ ਲਈ ਹੁਣ ਸ਼ੀ ਜਿਨਪਿੰਗ ਨਾਲ ਸੀ. ਪੀ. ਸੀ. ਦੇ ਪੁਰਾਣੇ ਪ੍ਰਭਾਵਸ਼ਾਲੀ ਪਰਿਵਾਰ ਨਾਰਾਜ਼ ਹਨ।

ਇਸ ਸਮੇਂ ਸ਼ੀ ਜਿਨਪਿੰਗ ਦੇ ਨੇੜਲੇ ਲੋਕ ਉਹ ਹਨ ਜੋ ਉਨ੍ਹਾਂ ਦੇ ਮੁੱਢਲੇ ਜੀਵਨ ’ਚ ਫਿਊਚੇਨ ਅਤੇ ਚਚਯਾਂਗ ਸੂਬੇ ’ਚ ਇਕੱਠੇ ਸਨ। ਉਦੋਂ ਸ਼ੀ ਜਿਨਪਿੰਗ ਇਨ੍ਹਾਂ ਸੂਬਿਆਂ ’ਚ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ, ਭਾਵ ਸ਼ੀ ਜਿਨਪਿੰਗ ਆਪਣੀ ਫੌਜ ਨੂੰ ਪਾਰਟੀ ’ਤੇ ਭਾਰੂ ਕਰ ਚੁੱਕੇ ਹਨ ਤਾਂ ਜੋ ਉਹ ਖੁਦ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਸਕਣ।


Rakesh

Content Editor

Related News