ਸਾਨੂੰ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੁਣਨੇ ਪੈਣਗੇ

Wednesday, Feb 14, 2024 - 03:32 PM (IST)

ਸਾਨੂੰ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੁਣਨੇ ਪੈਣਗੇ

ਲੋਕ ਸਭਾ ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਕੀਮਤ ’ਤੇ ਸੱਤਾ ਤੋਂ ਵੱਖ ਹੋਣ ਦੇ ਮੂਡ ’ਚ ਨਹੀਂ ਹੈ। ਇਸ ਲਈ ਸਾਮ-ਦਾਮ-ਦੰਡ-ਭੇਦ ਦੀ ਰਣਨੀਤੀ ਅਪਣਾਈ ਜਾ ਰਹੀ ਹੈ। ਸਰਕਾਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ ਜਾਂ ਸੀ. ਬੀ. ਆਈ., ਇਨ੍ਹਾਂ ਦਾ ਕੰਮ ਦਾ ਬੋਝ ਬੇਹੱਦ ਵਧ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਵਿਭਾਗਾਂ ’ਚ ਸ਼ਾਇਦ ਮੁਲਾਜ਼ਮਾਂ ਦੀ ਤੋਟ ਹੈ, ਇਸ ਲਈ ਵਿਰੋਧੀ ਧਿਰ ਪਿੱਛੇ ਤਾਂ ਇਨ੍ਹਾਂ ਨੂੰ ਲਾ ਦਿੱਤਾ ਪਰ ਆਪਣੇ ਭ੍ਰਿਸ਼ਟ ਲੋਕਾਂ ਨੂੰ ਫੜਨ ਲਈ ਇਨ੍ਹਾਂ ਵਿਭਾਗਾਂ ਦੇ ਮੁਲਾਜ਼ਮ ਘੱਟ ਗਏ ਹਨ। ਇਸ ਤੋਂ ਇਲਾਵਾ ਸੱਤਾਧਾਰੀ ਦਲ ਨੇ ਨਿਊਜ਼ ਚੈਨਲਾਂ ਨੂੰ ਆਪਣਾ ਪ੍ਰਚਾਰ ਤੰਤਰ ਬਣਾ ਲਿਆ ਹੈ।

ਪਤਾ ਨਹੀਂ ਕਿਉਂ ਇਨ੍ਹਾਂ ਦੇ ਕਿਸੇ ਲਈ ਹਮੇਸ਼ਾ ਲਈ ਬੰਦ ਦਰਵਾਜ਼ੇ ਬੜੀ ਜਲਦੀ ਖੁੱਲ੍ਹ ਗਏ। ਜੀ ਹਾਂ ਨਿਤੀਸ਼ ਕੁਮਾਰ, ਜਿਨ੍ਹਾਂ ਨੇ ਆਪਣੇ ਲਈ ਰੁਝਾਨ ’ਚ ਚੱਲ ਰਹੇ ਪਲਟੂਰਾਮ, ਪੇਟ ’ਚ ਦੰਦ ਇਨ੍ਹਾਂ ਸ਼ਬਦਾਂ ਨੂੰ ਆਪਣੇ ਕੰਮ ਨਾਲ ਹਲਕਾ ਕਰ ਦਿੱਤਾ ਹੈ। ਉਨ੍ਹਾਂ ਲਈ ਮੈਂ ਸਮਝਦਾ ਹਾਂ ਕਿ ਕੋਈ ਨਵਾਂ ਸ਼ਬਦ ਘੜਨਾ ਪਵੇਗਾ। ਖੈਰ, ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਸੱਤਾਧਾਰੀ ਪਾਰਟੀ ਪੂਰੀ ਤਰ੍ਹਾਂ ਆਸਵੰਦ ਹੁੰਦੇ ਹੋਏ ਵੀ ਹਮਲਾਵਰ ਪ੍ਰਚਾਰ ’ਚ ਜੁਟ ਗਈ ਹੈ। ਸੰਘ ਦੇ ਵਰਕਰ ਲੋਕਾਂ ਦਾ ਮੂਡ ਜਾਣਨ ਲਈ ਗਲੀ-ਮੁਹੱਲਿਆਂ ਅਤੇ ਚਾਹ ਦੀਆਂ ਦੁਕਾਨਾਂ ’ਤੇ ਘੁੰਮ ਰਹੇ ਹਨ। ਮੇਰੀ ਵੀ ਅਜਿਹੇ ਕੁਝ ਵਰਕਰਾਂ ਨਾਲ ਮੁਲਾਕਾਤ ਹੋਈ। ਉਹ ਪਹਿਲਾਂ ਯੂ. ਪੀ. ਨੂੰ ਅਪਰਾਧਮੁਕਤ ਕਰਨ ਦੀ ਮਿਸਾਲ ਦਿੰਦੇ ਹਨ ਅਤੇ ਫਿਰ ਰਾਮ ਮੰਦਰ ਦੇ ਮਾਮਲੇ ’ਚ ਹਮਦਰਦੀ ਲਈ ਉਤਰ ਆਉਂਦੇ ਹਨ।

ਖੈਰ, ਭਾਰਤੀ ਜਨਤਾ ਪਾਰਟੀ ਆਪਣੀ ਸੱਤਾ ਬਣਾਈ ਰੱਖਣ ਲਈ ਲੋਕਾਂ ਵਿਚਾਲੇ ਅੱਜ ਵੀ ਵਿਰੋਧੀ ਧਿਰ ’ਤੇ ਹੀ ਹਮਲਾਵਰ ਨਜ਼ਰ ਆਉਂਦੀ ਹੈ। ਖਾਸ ਤੌਰ ’ਤੇ ਭਾਜਪਾ ਦੇ ਆਗੂ ਆਪਣੀਅਾਂ ਕਮੀਆਂ ਨੂੰ ਢਕਣ ਲਈ ਕਾਂਗਰਸ ਦੀ ਸੱਤਾ ਦੇ ਸਮੇਂ ਦਾ ਰੋਣਾ ਰੋਂਦੇ ਹਨ। ਹੁਣ ਵਿਰੋਧੀ ਧਿਰ ਦੀ ਤਿਆਰੀ ਨੂੰ ਜੇਕਰ ਦੇਖਿਆ ਜਾਵੇ ਤਾਂ ਕਿਤੇ ਵੀ ਕੁਝ ਨਜ਼ਰ ਨਹੀਂ ਆਉਂਦਾ। ਪਹਿਲਾਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰ ਚੁੱਕੇ ਹਨ ਤੇ ਹੁਣ ਨਿਆਂ ਯਾਤਰਾ ’ਤੇ ਨਿਕਲੇ ਹਨ। ਪਹਿਲੀ ਯਾਤਰਾ ਤੋਂ ਕਾਂਗਰਸ ਨੂੰ ਕੁਝ ਹਾਸਲ ਨਹੀਂ ਹੋਇਆ ਤਾਂ ਹੁਣ ਜਦੋਂ ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ‘ਇੰਡੀਆ’ ਗੱਠਜੋੜ ਹੇਠ ਇਕੱਠੀਆਂ ਹੋਈਆਂ ਹਨ ਤਾਂ ਉਨ੍ਹਾਂ ਨੂੰ ਜੋੜੀ ਰੱਖਣ, ਸੀਟ ਸ਼ੇਅਰਿੰਗ ਆਦਿ ’ਤੇ ਜਲਦੀ ਫੈਸਲਾ ਕਰਨ ਦੀ ਬਜਾਏ ਕਾਂਗਰਸ ਨਿਆਂ ਯਾਤਰਾ ’ਤੇ ਫੋਕਸ ਕਰ ਰਹੀ ਹੈ।

‘ਇੰਡੀਆ’ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਦੀ ਜ਼ਿੰਮੇਵਾਰੀ ਸੀ ਗੱਠਜੋੜ ਨੂੰ ਜੋੜੀ ਰੱਖਣ ਤੇ ਜਨਤਾ ਸਾਹਮਣੇ ਇਕ ਮਜ਼ਬੂਤ ਬਦਲ ਰੱਖਣ ਦੀ। ਇਸ ’ਚ ਕਾਂਗਰਸ ਅਜੇ ਤੱਕ ਸਫਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਹੋ ਸਕਦਾ ਹੈ ਕਿ ਨਿਤੀਸ਼ ਕੁਮਾਰ ਨੂੰ ਵੀ ਇਹ ਬੇਰੁਖੀ ਚੰਗੀ ਨਾ ਲੱਗੀ ਹੋਵੇ, ਆਖਿਰ ਇਸ ਗੱਠਜੋੜ ਦੇ ਸੂਤਰਧਾਰ ਤਾਂ ਉਹੀ ਰਹੇ ਹਨ। ਆਮ ਆਦਮੀ ਪਾਰਟੀ ਦਿੱਲੀ, ਪੰਜਾਬ ’ਚ ਕਾਂਗਰਸ ਨੂੰ ਅੱਖਾਂ ਦਿਖਾ ਰਹੀ ਹੈ। ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਕਾਂਗਰਸ ਨੂੰ ਭਾਅ ਨਹੀਂ ਦੇ ਰਹੀ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਕਾਂਗਰਸ ਸੱਤਾਹੀਣ ਹੈ।

ਸਮਝ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਕਾਂਗਰਸ ਮੋਦੀ ਦੀ ਭਾਜਪਾ ਦਾ ਮੁਕਾਬਲਾ ਕਰੇਗੀ। ਸ਼ਾਇਦ ਉਸ ਦੇ ਆਗੂਆਂ ਨੂੰ ਅਜੇ ਵੀ ਇਹੀ ਲੱਗਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਨੂੰ ਜਨਤਾ ਸੱਤਾ ਵਿਰੋਧੀ ਰੁਝਾਨ ਹੇਠ ਬੇਦਖਲ ਕਰ ਦੇਵੇਗੀ। ਮੋਦੀ ਸੱਤਾ ’ਚ ਰਹਿੰਦੇ ਹੋਏ 10 ਸਾਲ ਬਾਅਦ ਅੱਜ ਵੀ ਜਨਤਾ ਦੇ ਸਾਹਮਣੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਯਾਦ ਕਰਦੇ ਹਨ, ਜਿਵੇਂ ਉਹ ਗੁਲਾਮੀ ਦੇ ਸ਼ਾਸਨ ਤੋਂ ਵੀ ਬਦਤਰ ਹੋਵੇ ਅਤੇ ਆਪਣੀ ਗੱਲ ਬਾਤ ਦੀ ਕਲਾ ਨਾਲ ਉਹ ਲੋਕਾਂ ਦੇ ਦਿਲਾਂ ’ਚ ਇਹ ਗੱਲ ਉਤਾਰ ਦਿੰਦੇ ਹਨ।

ਸ਼ਾਇਦ ਕਾਂਗਰਸ ਪਾਰਟੀ ਨੂੰ ਵੀ ਇਸੇ ਤਰ੍ਹਾਂ ਹਮਲਾਵਰ ਸਿਆਸਤ ਅਤੇ ਹੁਨਰਮੰਦ ਗੱਲਬਾਤ ਦੀ ਕਲਾ ਨਾਲ ਹੀ ਜਨਤਾ ਵਿਚਾਲੇ ਉਤਰਨਾ ਹੋਵੇਗਾ। ਕਿਸੇ ਚਮਤਕਾਰ ਦੇ ਭਰੋਸੇ ਕੰਮ ਚੱਲਣ ਵਾਲਾ ਨਹੀਂ ਹੈ ਕਿਉਂਕਿ ਹੁਣ ਤੱਕ ਕਾਂਗਰਸ ਨੇ ਮੋਦੀ ਵਿਰੁੱਧ ਨਾਅਰਾ ਦਿੱਤਾ ‘ਚੌਕੀਦਾਰ ਚੋਰ ਹੈ’ ਤਾਂ ਮੋਦੀ ਨੇ ਜਨਤਾ ਵਿਚਾਲੇ ਜਾ ਕੇ ਕਿਹਾ ‘ਮੈਂ ਵੀ ਚੌਕੀਦਾਰ ਹਾਂ।’ ਕਾਂਗਰਸ ਨੇ ਸੂਬਿਆਂ ਦੀਆਂ ਚੋਣਾਂ ’ਚ ਤਰ੍ਹਾਂ-ਤਰ੍ਹਾਂ ਦੀ ਗਾਰੰਟੀ ਦਿੱਤੀ। ਮੋਦੀ ਫਿਲਮੀ ਅੰਦਾਜ਼ ’ਚ ਜਨਤਾ ਦਰਮਿਆਨ ਬੋਲੇ ਇਹ ‘ਮੋਦੀ ਦੀ ਗਾਰੰਟੀ’ ਹੈ ਅਤੇ ਕਾਂਗਰਸ ਦੀ ਗਾਰੰਟੀ ਖਤਮ ਕਰ ਦਿੱਤੀ।

ਖੈਰ, ਇਹ ਤਾਂ ਸੱਚ ਹੈ ਕਿ ਇਸ ਸਮੇਂ ਜਨਤਾ ਨੂੰ ਗੱਲਬਾਤ ਦੀ ਕਲਾ ਤੇ ਚਲਾਕੀ ਨਾਲ ਮੂਰਖ ਬਣਾਇਆ ਜਾ ਰਿਹਾ ਹੈ। ਵਿਰੋਧੀ ਧਿਰ ਨੂੰ ਦਬਾਉਣ ’ਚ ਸਭ ਤਰ੍ਹਾਂ ਦੇ ਚੰਗੇ-ਬੁਰੇ ਕੰਮ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਹਾਲਾਤ ’ਚ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਕ ਚੌਕਸ ਅਤੇ ਜਾਗਰੂਕ ਨਾਗਰਿਕ ਵਾਂਗ ਸਾਨੂੰ ਬਹੁਤ ਸਾਰੇ ਮਾਮਲਿਆਂ ’ਤੇ ਸੋਚ-ਸਮਝ ਨਾਲ ਆਪਣੀ ਵੋਟ ਦੇਣੀ ਹੋਵੇਗੀ। ਉਹ ਲੋਕ ਹੁਣ ਤੋਂ ਬਿਸਾਤ ਵਿਛਾ ਰਹੇ ਹਨ, ਤਾਂ ਸਾਨੂੰ ਵੀ ਆਪਣੇ ਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਿਨਾਂ ਕਿਸੇ ਹਮਦਰਦੀ ਦੇ ਬਹੁਤ ਹੀ ਸੋਚ ਸਮਝ ਕੇ ਉਨ੍ਹਾਂ ਲੋਕਾਂ ਨੂੰ ਚੁਣਨਾ ਹੋਵੇਗਾ, ਜੋ ਧਰਮ-ਜਾਤੀਆਂ ਨੂੰ ਇਕਜੁੱਟ ਰੱਖ ਕੇ ਸਾਰਿਆਂ ਨੂੰ ਸੰਤੁਸ਼ਟੀ ਦੇਣ। ਕਿਸਾਨਾਂ, ਕਾਮਿਆਂ, ਵਪਾਰੀਆਂ ਦੇ ਚਿਹਰੇ ’ਤੇ ਤਣਾਅ ਨਾ ਦੇ ਕੇ ਖੁਸ਼ੀ ਦੇਣ। ਸਿਰਫ ਪੂੰਜੀਪਤੀਆਂ ਦੇ ਹਿੱਤ ’ਚ ਨਹੀਂ, ਸਗੋਂ 140 ਕਰੋੜ ਲੋਕਾਂ ਦੀ ਜ਼ਿੰਦਗੀ ਨੂੰ ਸਾਰਥਕ ਬਣਾਉਣ।

2047 ’ਚ ਵਿਕਸਿਤ ਦੇਸ਼ ਬਣਨ ਦੀ ਕਲਪਨਾ ਬੜੀ ਚੰਗੀ ਹੈ ਪਰ ਉਨ੍ਹਾਂ ਦਾ ਕੀ ਜੋ 2024 ’ਚ ਬੇਰੋਜ਼ਗਾਰ ਹਨ, ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਕੀ ਉਨ੍ਹਾਂ ਨੇ ਅਗਲੇ 23 ਸਾਲ, ਜਦੋਂ ਉਹ ਬੁੱਢੇ ਹੋ ਚੁੱਕੇ ਹੋਣਗੇ, ਇਸੇ ਤਰ੍ਹਾਂ ਸੰਕਟ ’ਚ ਕੱਟਣੇ ਹਨ? ਮੇਰੇ ਦੇਸ਼ ਦੇ ਸੂਤਰਧਾਰੋ ਜ਼ਰਾ ਅੱਜ ਦਾ ਸੋਚੋ, ਅੱਜ ਠੀਕ ਹੋਵੇਗਾ ਤਾਂ 2047 ਤੱਕ ਕੀ 2037 ਤੱਕ ਵੀ ਅਸੀਂ ਵਿਕਸਿਤ ਦੇਸ਼ ਬਣਾ ਸਕਦੇ ਹਾਂ ਆਪਣੇ ਭਾਰਤ ਨੂੰ।

ਵਕੀਲ ਅਹਿਮਦ


author

Rakesh

Content Editor

Related News