ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ’ਚ ਹਿੰਸਕ ਅੰਤ

Wednesday, Jun 21, 2023 - 10:06 PM (IST)

ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ’ਚ ਹਿੰਸਕ ਅੰਤ

ਭਗਵਾਨ ਦੀ ਚੱਕੀ ਹੌਲੀ-ਹੌਲੀ ਪਰ ਬਹੁਤ ਬਾਰੀਕ ਪੀਂਹਦੀ ਹੈ। ਭਾਰਤ ’ਚ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ ’ਚੋਂ ਇਕ, ਹਰਦੀਪ ਸਿੰਘ ਨਿੱਜਰ, ਜਿਸ ਨੇ ਭਾਰਤ ਅਤੇ ਕੈਨੇਡਾ ’ਚ ਕਈ ਹਿੰਸਕ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ, ਦਾ ਖੁਦ ਕੈਨੇਡਾ ’ਚ ਇਕ ਹਿੰਸਕ ਅੰਤ ਹੋਇਆ, ਕਥਿਤ ਤੌਰ ’ਤੇ ਆਪਣੇ ਸਾਬਕਾ ਸਾਥੀਆਂ ਹੱਥੋਂ, ਜੋ ਉਸ ਵਿਰੁੱਧ ਬਦਲ ਗਏ ਹਨ। ਉਸ ਦੀ ਹੱਤਿਆ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਵਿਰੁੱਧ ਹਿੰਸਕ ਵਿਰੋਧ ਦੇ ਚਿਹਰੇ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਮੁਸ਼ਕਲ ਨਾਲ ਇਕ ਹਫਤੇ ਬਾਅਦ ਹੋਈ।

ਖ਼ਾਲਿਸਤਾਨੀ ਹਲਕਿਆਂ ’ਚ ਇਹ ਦੋਸ਼ ਲਾਇਆ ਗਿਆ ਹੈ ਕਿ ਖੰਡਾ ਦੀ ਅਚਾਨਕ ਮੌਤ ਨਿੱਜਰ ਵੱਲੋਂ ਰਚੀ ਗਈ ਹੋ ਸਕਦੀ ਹੈ ਜੋ ਖੰਡਾ ਦੇ ਉਸ ’ਤੇ ਭਾਰੀ ਪੈਣ ਤੇ ਅੰਤਰਰਾਸ਼ਟਰੀ ਸੁਰਖੀਆਂ ’ਤੇ ਕਬਜ਼ਾ ਕਰਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ।

ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੇ ਕੈਨੇਡਾ ਸਥਿਤ ਮੁਖੀ ਨਿੱਜਰ ਦੇ ਸਿਰ ’ਤੇ 10 ਲੱਖ ਰੁਪਏ ਦਾ ਨਕਦ ਇਨਾਮ ਸੀ। ਪੱਛਮੀ ਕੈਨੇਡੀਆਈ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ’ਚ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ ਦੀ ਪਾਰਕਿੰਗ ’ਚ 2 ਅਣਪਛਾਤੇ ਹਮਲਾਵਰਾਂ ਨੇ 45 ਸਾਲਾ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੁਰਦੁਆਰੇ ’ਤੇ ਲਗਭਗ 7 ਸਾਲ ਪਹਿਲਾਂ ਨਿੱਜਰ ਨੇ ਕਬਜ਼ਾ ਕਰ ਲਿਆ ਤੇ ਉਦੋਂ ਤੋਂ ਉਹੀ ਉਸ ਦੀ ਪ੍ਰਧਾਨਗੀ ਕਰ ਰਿਹਾ ਸੀ। ਅਕਸਰ ਦੋਸ਼ ਲੱਗਦੇ ਰਹੇ ਹਨ ਕਿ ਪੰਜਾਬ ’ਚ ਅੱਤਵਾਦੀ ਸਰਗਰਮੀਆਂ ਦੇ ਵਿੱਤੀ ਪੋਸ਼ਣ ਲਈ ਧਰਮ ਅਸਥਾਨ ਤੋਂ ਧਨ ਦਾ ਗਬਨ ਕੀਤਾ ਜਾ ਰਿਹਾ ਸੀ।

ਨਿੱਜਰ ਨੂੰ ਜੁਲਾਈ 2020 ’ਚ ਸਖਤ ਗੈਰ-ਕਾਨੂੰਨੀ ਸਰਗਰਮੀ (ਰੋਕਥਾਮ) ਕਾਨੂੰਨ ਦੇ ਤਹਿਤ ਭਾਰਤ ਵੱਲੋਂ ਇਕ ‘ਅੱਤਵਾਦੀ’ ਕਰਾਰ ਦਿੱਤਾ ਗਿਆ ਸੀ ਅਤੇ ਦੇਸ਼ ’ਚ ਉਸ ਦੀ ਜਾਇਦਾਦ ਸਤੰਬਰ 2020 ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਜ਼ਬਤ ਕੀਤੀ ਗਈ ਸੀ। 2016 ’ਚ ਉਸ ਵਿਰੁੱਧ ਇੰਟਰਪੋਲ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਸਰੀ ਦੀ ਸਥਾਨਕ ਪੁਲਸ ਨੇ ਵੀ ਨਿੱਜਰ ਨੂੰ 2018 ’ਚ ਉਸ ਦੀ ਅੱਤਵਾਦੀ ਘਟਨਾਵਾਂ ’ਚ ਸ਼ਮੂਲੀਅਤ ਦੇ ਸ਼ੱਕ ’ਚ ਅਸਥਾਈ ਤੌਰ ’ਤੇ ਨਜ਼ਰਬੰਦ ਕਰ ਦਿੱਤਾ ਸੀ ਪਰ ਬਾਅਦ ’ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਪੰਜਾਬ ਦੇ ਜਲੰਧਰ ’ਚ ਭਾਰ ਸਿੰਘ ਪੁਰਾ ਪਿੰਡ ਦਾ ਰਹਿਣ ਵਾਲਾ ਨਿੱਜਰ 1995 ’ਚ ਕੈਨੇਡਾ ਜਾਣ ਪਿੱਛੋਂ ਲੰਬੇ ਸਮੇਂ ਤੋਂ ਖਾਲਿਸਤਾਨੀ ਅੱਤਵਾਦ ਨਾਲ ਜੁੜਿਆ ਹੋਇਆ ਸੀ। ਸ਼ੁਰੂਆਤ ’ਚ ਉਹ ਬੱਬਰ ਖਾਲਸਾ ਦਾ ਇਕ ਆਪ੍ਰੇਟਿਵ ਸੀ। ਸ਼ਿੰਗਾਰ ਸਿਨੇਮਾ ਬੰਬ ਧਮਾਕਾ (ਲੁਧਿਆਣਾ, 2007) ਅਤੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ (ਪਟਿਆਲਾ, 2009) ਦੀ ਹੱਤਿਆ ਸਮੇਤ ਉਹ ਸਹਿ-ਸ਼ਤਾਬਦੀ ਦੇ ਪਹਿਲੇ ਦਹਾਕੇ ਦੇ ਭਾਰਤ ਦੇ ਕੁਝ ਸਭ ਤੋਂ ਹਾਈ-ਪ੍ਰੋਫਾਈਲ ਅੱਤਵਾਦੀ ਮਾਮਲਿਆਂ ’ਚ ਸ਼ਾਮਲ ਸੀ।

ਉਸ ਨੂੰ ਪਾਕਿਸਤਾਨ ਸਥਿਤ ਭਗੌੜੇ ਕੇ. ਟੀ. ਐੱਫ. ਸੁਪਰੀਮੋ ਜਗਤਾਰ ਸਿੰਘ ਤਾਰਾ ਨਾਲ ਮਿਲਵਾਇਆ ਗਿਆ ਸੀ, ਜੋ ਹੁਣ 2011 ’ਚ ਭਾਰਤ ’ਚ ਕੈਦ ਹੈ। ਉਹ ਪਾਕਿਸਤਾਨ ’ਚ ਸਾਲਾਨਾ ਜਥਿਆਂ ’ਚ ਤਾਰਾ ਨਾਲ ਮਿਲਦਾ ਰਿਹਾ ਜਿਸ ਦੌਰਾਨ ਉਸ ਨੂੰ ਕਥਿਤ ਤੌਰ ’ਤੇ ਆਈ. ਈ. ਡੀ. ਦੇ ਨਿਰਮਾਣ ਅਤੇ ਉੱਚ ਤਕਨੀਕ ਵਾਲੀਆਂ ਬੰਦੂਕਾਂ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਨਿੱਜਰ ਨੇ ਕੈਨੇਡਾ ਤੋਂ ਹੀ ਤਾਰਾ ਨੂੰ ਚੰਗੀ ਤਰ੍ਹਾਂ ਨਾਲ ਧਨ ਮੁਹੱਈਆ ਕਰਵਾਇਆ ਅਤੇ 2014 ’ਚ ਆਪਣੇ ਆਧਾਰ ਨੂੰ ਪਾਕਿਸਤਾਨ ਤੋਂ ਥਾਈਲੈਂਡ ’ਚ ਤਬਦੀਲ ਕਰਨ ਲਈ ਵੀ ਵਿੱਤੀ ਸਹਾਇਤਾ ਕੀਤੀ। ਜਦ 2014 ਦੇ ਅੰਤ ’ਚ ਤਾਰਾ ਨੂੰ ਥਾਈਲੈਂਡ ਤੋਂ ਕੱਢੇ ਜਾਣ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਨਿੱਜਰ ਨੇ ਇਸ ਨੂੰ ਰੋਕਣ ਲਈ ਥਾਈਲੈਂਡ ਅਤੇ ਪਾਕਿਸਤਾਨ ਦੇ ਕਈ ਚੱਕਰ ਲਾਏ।

ਅਗਲੇ ਸਾਲ, ਨਿੱਜਰ ਨੇ ਕੁਝ ਸੀਨੀਅਰ ਪੁਲਸ ਅਧਿਕਾਰੀਆਂ ਅਤੇ ਹਰਮਨਪਿਆਰੇ ਡੇਰਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਭੇਜਣ ਤੋਂ ਪਹਿਲਾਂ ਮਿਸ਼ਨ ਸਿਟੀ, ਬ੍ਰਿਟਿਸ ਕੋਲੰਬੀਆ ਦੇ ਪਹਾੜੀ ਇਲਾਕਿਆਂ ’ਚ ਏ. ਕੇ.-47 ਅਤੇ ਰੂਸੀ ਸਨਾਈਪਰ ਬੰਦੂਕਾਂ ਚਲਾਉਣ ਲਈ 3 ਸਿੱਖ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ।

ਲਗਭਗ ਡੇਢ ਦਹਾਕੇ ਦੇ ਵਕਫੇ ਪਿੱਛੋਂ ਡੇਰਾ ਪੈਰੋਕਾਰ ਮਨੋਹਰ ਲਾਲ ਅਰੋੜਾ (ਨਵੰਬਰ 2020) ਅਤੇ ਪਿੰਡ ਊਧਮਪੁਰ (ਰੋਪੜ) ਦੇ ਸਾਬਕਾ ਸਰਪੰਚ ਅਵਤਾਰ ਸਿੰਘ ਦੀ ਹੱਤਿਆ (ਦਸੰਬਰ 2021) ਅਤੇ ਭਾਰ ਸਿੰਘ ਪੁਰਾ ਪਿੰਡ ਦੇ ਪੁਜਾਰੀ ਪ੍ਰਗਿਆ ਗਿਆਨ ਮੁਨੀ ਦੀ ਹੱਤਿਆ ਦਾ ਯਤਨ (ਜਨਵਰੀ 2021) ਸਮੇਤ ਕਈ ਅੱਤਵਾਦੀ ਮਾਮਲਿਆਂ ’ਚ ਨਿੱਜਰ ਨੇ ਫਿਰ ਤੋਂ ਆਪਣਾ ਨਾਂ ਸਾਹਮਣੇ ਆਉਣ ਨਾਲ ਸੁਰਖੀਆਂ ਬਟੋਰੀਆਂ।

ਨਿੱਜਰ ਨੇ ਆਪਣੇ ਸਾਥੀ ਸਰੀ-ਆਧਾਰਿਤ ਪੰਜਾਬੀ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡਾਲਾ ਨਾਲ ਵੀ ਗੱਠਜੋੜ ਕੀਤਾ ਅਤੇ ਆਪਣੀਆਂ ਅੱਤਵਾਦੀ ਯੋਜਨਾਵਾਂ ਨੂੰ ਪੂਰਾ ਕਰਨ ਲਈ ਪੰਜਾਬ ਅਤੇ ਕੈਨੇਡਾ ਦੋਵਾਂ ’ਚ ਸੰਗਠਿਤ ਵਿੱਤੀ ਅਪਰਾਧਾਂ ’ਚ ਫੰਡਿੰਗ ਕੀਤੀ। ਇਸ ਨਵੀਨਤਮ ਉੱਦਮ ਨੇ ਕਥਿਤ ਤੌਰ ’ਤੇ ਨਿੱਜਰ ਨੂੰ ਸਰੀ-ਡੈਲਟਾ ਖੇਤਰ ’ਚ ਸਰਗਰਮ ਜੰਗ ’ਚ ਲੜਦੇ ਅਪਰਾਧੀ ਗਿਰੋਹਾਂ ਦਾ ਨਿਸ਼ਾਨਾ ਬਣਾਇਆ ਸੀ।

2019 ਦੀ ਸ਼ੁਰੂਆਤ ’ਚ ਕੈਨੇਡਾ ’ਚ ਆਪਣੀ ਅਖੌਤੀ ‘ਰੈਫਰੈਂਡਮ 2020’ ਮੁਹਿੰਮ ਨੂੰ ਚਲਾਉਣ ਲਈ ਨਿੱਜਰ ਨੂੰ ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੀ ਲੀਡਰਸ਼ਿਪ ਨੇ ਸ਼ਾਮਲ ਕੀਤਾ ਸੀ। ਤਦ ਤੋਂ ਨਿੱਜਰ ਸਰੀ- ਵੈਨਕੂਵਰ ਖੇਤਰ ’ਚ ਐੱਸ. ਐੱਫ. ਜੇ. ਵੱਲੋਂ ਆਯੋਜਿਤ ਮੁਜ਼ਾਹਰਿਆਂ ਤੇ ਕਾਰ ਰੈਲੀਆਂ ’ਚ ਲਗਾਤਾਰ ਦਿਸਣ ਵਾਲਾ ਚਿਹਰਾ ਬਣਿਆ ਰਿਹਾ। ਉਸ ਨੂੰ ਅਕਸਰ ਭਾਰਤ ਦੇ ਰਾਸ਼ਟਰੀ ਮਹੱਤਵ ਦੇ ਦਿਨਾਂ ’ਚ ਵੈਨਕੂਵਰ ’ਚ ਭਾਰਤੀ ਵਣਜ ਦੂਤਘਰ ਬਾਹਰ ਭਾਰਤੀ ਰਾਸ਼ਟਰੀ ਝੰਡੇ ਦਾ ਨਿਰਾਦਰ ਕਰਦੇ ਦੇਖਿਆ ਗਿਆ ਸੀ। ਨਿੱਜਰ ਨੇ ਪਿਛਲੇ ਸਾਲ ਬ੍ਰੈਂਪਟਨ ਅਤੇ ਮਿਸੀਸਾਗਾ (ਓਂਟਾਰੀਓ) ’ਚ ‘ਰੈਫਰੈਂਡਮ ਵੋਟਿੰਗ’ ’ਚ ਵੀ ਪ੍ਰਮੁੱਖ ਭੂਮਿਕਾ ਨਿਭਾਈ ਸੀ।

ਕੋਵਿਡ ਦੌਰਾਨ ਉਸ ਨੇ ਕਥਿਤ ਤੌਰ ’ਤੇ ਸਿੱਖਾਂ ਨੂੰ ਭਾਰਤ ਲਿਆਉਣ-ਲਿਜਾਣ ਲਈ ਇਕ ਜਹਾਜ਼ ਕਿਰਾਏ ’ਤੇ ਲਿਆ ਸੀ। ਉਹ ਕੰਮ ਨਹੀਂ ਕੀਤਾ। ਉਸ ਨੇ ਕਥਿਤ ਤੌਰ ’ਤੇ ਵੱਡੀ ਰਕਮ ਦੀ ਹੇਰਾਫੇਰੀ ਕੀਤੀ।

ਜਦੋਂ ਕਨਿਸ਼ਕ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਦੋਸ਼ੀ ਰਿਪੂਦਮਨ ਮਲਿਕ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛਾਪਣ ਲਈ ਅਧਿਕਾਰਤ ਕੀਤਾ ਗਿਆ ਤਾਂ ਨਿੱਜਰ ਅਤੇ ਉਸ ਦੇ ਸਾਥੀਆਂ ਨੇ ਮਲਿਕ ਵਿਰੁੱਧ ਇਕ ਤਿੱਖਾ ਹਮਲਾ ਕੀਤਾ, ਜਿਸ ’ਚ ਦਾਅਵਾ ਕੀਤਾ ਗਿਆ ਕਿ ਮਲਿਕ ਵਲੋਂ ਛਾਪੀਆਂ ਕਾਪੀਆਂ ’ਚ ਤਰੁੱਟੀਆਂ ਸਨ ਅਤੇ ਮਲਿਕ ਤੋਂ ਇਜਾਜ਼ਤ ਵਾਪਸ ਲਈ ਜਾਣੀ ਚਾਹੀਦੀ ਹੈ। ਬਾਅਦ ’ਚ ਮਲਿਕ ਦੀ ਪ੍ਰਿੰਟਿੰਗ ਪ੍ਰੈੱਸ ’ਚੋਂ ਨਾ ਸਿਰਫ ਛਾਪੀਆਂ ਕਾਪੀਆਂ ਜਬਰੀ ਲੈ ਲਈਆਂ ਗਈਆਂ ਸਗੋਂ ਪ੍ਰਿੰਟਿੰਗ ਮਸ਼ੀਨਾਂ ਵੀ ਉਖਾੜ ਲਈਆਂ ਗਈਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਅੱਜ ਤੱਕ ਵਾਪਸ ਨਹੀਂ ਕੀਤਾ।

ਨਿੱਜਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਇਕ ਡਰਾਉਣ- ਧਮਕਾਉਣ ਵਾਲੀ ਮੁਹਿੰਮ ਦੀ ਅਗਵਾਈ ਕੀਤੀ ਜੋ ਪਿਛਲੇ ਸਾਲ ਮਲਿਕ ਦੇ ਸੱਦੇ ’ਤੇ ਕੈਨੇਡਾ ਜਾਣ ਵਾਲੇ ਸਨ, ਜਿਸ ਕਾਰਨ ਜਥੇਦਾਰ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ। ਨਿੱਜਰ ਦਾ ਨਾਂ ਰਿਪੂਦਮਨ ਮਲਿਕ ਦੀ ਹੱਤਿਆ ’ਚ ਵੀ ਇਕ ਸ਼ੱਕੀ ਦੇ ਤੌਰ ’ਤੇ ਆਇਆ ਸੀ।

- ਰਾਈਜ਼ਿੰਗ ਪੰਜਾਬ ਬਿਊਰੋ


author

Anmol Tagra

Content Editor

Related News