ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
Wednesday, Jul 22, 2026 - 04:10 PM (IST)
ਸਮੁੰਦਰ ਦੇ ਕੰਢੇ ਖੜ੍ਹੇ ਹੋ ਕੇ ਉਸ ਦੀ ਡੂੰਘਾਈ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਸਮੁੰਦਰ ਦੀ ਡੂੰਘਾਈ ਤਾਂ ਉਸ ’ਚ ਡੁੱਬ ਕੇ ਹੀ ਪਤਾ ਲਗਾਈ ਜਾ ਸਕਦੀ ਹੈ। ਉਸੇ ਤਰ੍ਹਾਂ ਪ੍ਰੇਮ ਦੇ ‘ਢਾਈ ਅੱਖਰਾਂ’ ਨੂੰ ਸਮਝਣ ਲਈ, ਪ੍ਰੇਮ, ਪਿਆਰ ਨੂੰ ਸਮਝਣ ਲਈ ਗੰਭੀਰ ਚਿੰਤਨ ’ਚ ਚੁੱਭੀ ਲਗਾਉਣੀ ਪੈਂਦੀ ਹੈ। ਪ੍ਰੇਮ ’ਚ ਤਿਆਗ ਹੈ, ਨਿਰਸੁਆਰਥ ਦੀ ਭਾਵਨਾ, ਵਿਸ਼ਾਲਤਾ ਅਤੇ ਉਦਾਰਤਾ ਹੈ। ਕਿਸੇ ’ਚ ਗੁਆਚ ਜਾਣਾ, ਉਸ ਦੇ ਪ੍ਰੇਮ ’ਚ ਡੁੱਬ ਜਾਣ ਦਾ ਨਾਂ ‘ਪਿਆਰ’ ਹੈ। ਆਪਣਾ ਕੁਝ ਨਹੀਂ, ਸਭ ‘ਤੇਰਾ’। ‘ਤੇਰਾ ਤੁਝਕੋ ਸੌਂਪਤੇ, ਕਿਆ ਲਾਗੇ ਹੈ ਮੇਰਾ’ ਪ੍ਰੇਮ ਦੀ ਭਾਵਨਾ ’ਚ ਸਮਾਇਆ ਹੋਇਆ ਹੈ, ‘ਮੈਂ ਨਹੀਂ ਤੂੰ’।
‘ਢਾਈ ਅੱਖਰ ਪ੍ਰੇਮ ਕੇ, ਜੋ ਪੜ੍ਹੇ, ਸੋ ਪੰਡਿਤ ਹੋਏ।’ ਪ੍ਰੇਮ ਇਕ ਡੂੰਘਾ ਅਹਿਸਾਸ ਹੈ, ਜੋ ਲਗਾਅ, ਸਨੇਹ, ਸਮਰਪਣ ਅਤੇ ਨਿਰਸੁਆਰਥ ’ਤੇ ਆਧਾਰਿਤ ਹੈ। ਇਹ ਸਿਰਫ ਇਕ ਭਾਵਨਾ ਹੀ ਨਹੀਂ ਸਗੋਂ ਇਕ ਮਾਨਸਿਕ ਅਤੇ ਅਧਿਆਤਮਿਕ ਲਗਾਅ ਹੈ। ਜਿਸ ਨਾਲ ਤੁਸੀਂ ਪ੍ਰੇਮ ਕਰਦੇ ਹੋ, ਉਸ ਨੂੰ ਤੁਸੀਂ ਰੱਬ ਮੰਨ ਲੈਂਦੇ ਹੋ। ਪ੍ਰੇਮ ਇਕ ਭਾਵਨਾਤਮਕ ਲਗਾਅ ਹੈ। ਜਦੋਂ ਵਿਅਕਤੀ ਆਪਣੇ-ਆਪ ਨੂੰ ਗੁਆ ਦਿੰਦਾ ਹੈ, ਫਿਰ ਉਹ ਖ਼ੁਦ ਨੂੰ ਪਾ ਲੈਂਦਾ ਹੈ। ਖ਼ੁਦ ਨੂੰ ਪਾ ਲੈਣਾ ਹੀ ਪ੍ਰੇਮ ਹੈ।
ਪ੍ਰੇਮ ਤਿੰਨ ਪ੍ਰਕਾਰ ਦਾ ਹੁੰਦਾ ਹੈ—ਪ੍ਰੇਮ ਜੋ ਆਕਰਸ਼ਣ ਤੋਂ ਪੈਦਾ ਹੁੰਦਾ ਹੈ; ਜੋ ਸੁਖ-ਸਹੂਲਤ ਦੇ ਲੋਭ ਤੋਂ ਹੁੰਦਾ ਹੈ ਅਤੇ ਤੀਜਾ ਹੈ ‘ਦਿਵਯ ਪ੍ਰੇਮ’ (ਰੱਬੀ ਪ੍ਰੇਮ)। ਜੋ ਪ੍ਰੇਮ ਆਕਰਸ਼ਣ ਤੋਂ ਪੈਦਾ ਹੁੰਦਾ ਹੈ ਉਹ ਥੋੜ੍ਹੇ ਸਮੇਂ ਲਈ ਹੈ ਕਿਉਂਕਿ ਅਜਿਹਾ ਪ੍ਰੇਮ ਅਗਿਆਨਤਾ ਜਾਂ ‘ਸੰਮੋਹਨ’ ਦੇ ਕਾਰਨ ਪੈਦਾ ਹੁੰਦਾ ਹੈ। ਅਜਿਹੇ ਪ੍ਰੇਮ ਤੋਂ ਵਿਅਕਤੀ ਦਾ ਮੋਹ ਜਲਦੀ ਭੰਗ ਹੋ ਜਾਂਦਾ ਹੈ ਕਿਉਂਕਿ ਆਕਰਸ਼ਣ ਸਥਾਈ ਨਹੀਂ ਹੁੰਦਾ। ਆਕਰਸ਼ਣ ਖ਼ਤਮ ਤਾਂ ਪ੍ਰੇਮ ਵੀ ਖ਼ਤਮ। ਜਿਸ ਪ੍ਰੇਮ ’ਚ ਸੁਖ-ਸਹੂਲਤ ਮਿਲਦੀ ਹੈ, ਉਹ ਮਹਿਜ਼ ਨੇੜਤਾ ਹੈ। ਅਜਿਹੇ ਪ੍ਰੇਮ ’ਚ ਕੋਈ ਜੋਸ਼, ਉਤਸ਼ਾਹ ਜਾਂ ਆਨੰਦ ਨਹੀਂ ਰਹਿੰਦਾ। ਸੁਖ-ਸਹੂਲਤ ਪ੍ਰਾਪਤ ਕਰਨਾ ਵਿਅਕਤੀ ਦੀ ਆਦਤ ਬਣ ਜਾਂਦੀ ਹੈ। ਆਦਤ ’ਚ ਪ੍ਰੇਮ ਨਹੀਂ ਹੁੰਦਾ।
ਹੁਣ ਮੈਂ ਤੁਹਾਨੂੰ ‘ਦਿਵਯ ਪ੍ਰੇਮ’ ਵੱਲ ਲੈ ਕੇ ਚੱਲਦਾ ਹਾਂ। ਇਹ ਪ੍ਰੇਮ ਰਾਂਝੇ ਨੇ ਕੀਤਾ। ਹੀਰ ਅਤੇ ਰਾਂਝਾ ਦੋਵੇਂ ਹੀ ਸਾਤਵਿਕ ਰਹੇ। ਸੱਸੀ ਪੁੰਨੂੰ ਦੇ ਪਿਆਰ ’ਚ ਦੀਵਾਨੀ ਬਣੀ, ਮਾਰੂਥਲਾਂ ’ਚ ਆਹਾਂ ਭਰਦੀ ਰਹੀ, ਸੋਹਣੀ ਮਹੀਵਾਲ ਦੇ ਪ੍ਰੇਮ ’ਚ ਪੱਕੇ ਅਤੇ ਕੱਚੇ ਘੜੇ ’ਚ ਫ਼ਰਕ ਹੀ ਨਾ ਕਰ ਸਕੀ ਅਤੇ ਦਰਿਆ ’ਚ ਡੁੱਬ ਗਈ। ਸਾਹਿਬਾਂ ਨੇ ਮਿਰਜ਼ੇ ਨੂੰ ਆਪਣੇ ਭਰਾਵਾਂ ਤੋਂ ਮਰਵਾ ਦਿੱਤਾ ਪਰ ਪ੍ਰੇਮ ’ਚ ਸਾਤਵਿਕਤਾ ਸਾਰੇ ਪ੍ਰੇਮੀਆਂ ਨੇ ਬਣਾਏ ਰੱਖੀ। ਪ੍ਰੇਮ ’ਚ ਮੀਰਾ ਦੀਵਾਨੀ ਹੋ ਗਈ। ਦ੍ਰੋਪਦੀ ਨੇ ਸੰਕਟ ’ਚ ਆਪਣੇ ਕ੍ਰਿਸ਼ਨ ਨੂੰ ਪੁਕਾਰਿਆ ਤਾਂ ਉਹ ਦੌੜੇ ਚਲੇ ਆਏ। ਪ੍ਰੇਮ ਰਾਧਾ ਨੇ ਕੀਤਾ, ਇਸ ਲਈ ਕ੍ਰਿਸ਼ਨ ਤੋਂ ਪਹਿਲਾਂ ਉਸ ਦਾ ਨਾਂ ਆਇਆ। ਗੋਪੀਆਂ ਕ੍ਰਿਸ਼ਨ ਨਾਲ ਪਹਿਲਾਂ ਰਾਸ-ਰਚਾਉਂਦੀਆਂ ਰਹੀਆਂ, ਫਿਰ ਉਨ੍ਹਾਂ ਦੇ ਵਿਛੋੜੇ ’ਚ ਰੋਂਦੀਆਂ ਰਹੀਆਂ। ਤੁਲਸੀਦਾਸ ਪ੍ਰੇਮ ’ਚ ਸੰਨਿਆਸੀ ਹੋ ਗਏ ਅਤੇ ‘ਰਾਮਚਰਿਤ ਮਾਨਸ’ ਦੀ ਰਚਨਾ ਕਰ ਕੇ ਅਮਰ ਹੋ ਗਏ।
ਪ੍ਰੇਮ ’ਚ ਕੋਈ ਤਾਜਮਹਿਲ ਬਣਾ ਗਿਆ, ਕਈ ਰੇਲ ਦੀਆਂ ਪੱਟੜੀਆਂ ’ਤੇ ਕੱਟ ਮਰੇ। ਪ੍ਰੇਮ ’ਚ ਸੋਨਮ ਨੇ ਆਪਣੇ ਪ੍ਰੇਮੀ ਦੀ ਖ਼ਾਤਰ ਆਪਣੇ ਨਵੇਂ-ਵਿਆਹੇ ਪਤੀ ਨੂੰ ਮਰਵਾ ਦਿੱਤਾ। ਪ੍ਰੇਮ ’ਚ ਸੀਆ ਗੋਇਲ ਨੇ ਆਪਣੇ ਪ੍ਰੇਮੀ ਲਈ ਆਪਣੇ ਕਰੋੜਪਤੀ ਮੰਗੇਤਰ ਨੂੰ ਲੋਹਾਗੜ੍ਹ ਕਿਲੇ ਤੋਂ ਧੱਕਾ ਦੇ ਕੇ 400 ਫੁੱਟ ਡੂੰਘੀ ਖੱਡ ’ਚ ਧੱਕ ਦਿੱਤਾ। ਇਹ ਪ੍ਰੇਮ ਨਹੀਂ ਬਦਲਾ ਹੈ, ਇਸ ’ਚ ਨਫ਼ਰਤ ਹੈ। ਪ੍ਰੇਮ ’ਚ ਨਫ਼ਰਤ ਤਾਂ ਪਾਪ ਹੈ। ਜਿਸ ਪਿਆਰ ’ਚ ਬਦਲਾ ਲੈਣ ਦੀ ਭਾਵਨਾ ਹੋਵੇ, ਅਜਿਹਾ ਪ੍ਰੇਮ ਸਮੇਂ ਦੇ ਨਾਲ ਦੂਸ਼ਿਤ ਹੋ ਜਾਂਦਾ ਹੈ।
ਦਿਵਯ ਪ੍ਰੇਮ ਤਾਂ ਆਕਾਸ਼ ਵਾਂਗ ਵਿਸ਼ਾਲ ਅਤੇ ਫੈਲਿਆ ਹੋਇਆ ਹੈ। ਜਿਵੇਂ ਆਕਾਸ਼ ਦੀ ਕੋਈ ਸੀਮਾ ਨਹੀਂ, ਉਵੇਂ ਹੀ ਦਿਵਯ ਪ੍ਰੇਮ ਦੀ ਕੋਈ ਸੀਮਾ ਨਹੀਂ। ਜੋ ‘ਦਿਵਯ ਪ੍ਰੇਮ’ ’ਚ ਰੰਗਿਆ ਗਿਆ, ਉਸ ਲਈ ਸਭ ਪਾਸੇ ਹਰਿਆਲੀ ਹੀ ਹਰਿਆਲੀ ਹੈ। ਦਿਵਯ ਪ੍ਰੇਮ ’ਚ ਚਾਨਣ ਹੀ ਚਾਨਣ ਹੈ। ਪ੍ਰੇਮ ਕਿਸੇ ਸ਼ਬਦਕੋਸ਼ ’ਚ ਨਹੀਂ ਲੱਭਿਆ ਜਾ ਸਕਦਾ। ਪ੍ਰੇਮ ਨੂੰ ਕਿਸੇ ਪਰਿਭਾਸ਼ਾ ’ਚ ਨਹੀਂ ਬੰਨ੍ਹਿਆ ਜਾ ਸਕਦਾ। ਦਿਵਯ ਪ੍ਰੇਮ ਅਨੁਭਵ ਤੋਂ ਆਉਂਦਾ ਹੈ। ਪ੍ਰੇਮ ਇਕ ਅੱਗ ਹੈ, ਜਿਸ ਤਰ੍ਹਾਂ ਸੋਨਾ ਜਿੰਨਾ ਹੀ ਅੱਗ ’ਚ ਪਾਉਂਦੇ ਜਾਓ, ਉਹ ਲਗਾਤਾਰ ਨਿਖਰਦਾ ਹੀ ਜਾਂਦਾ ਹੈ। ਉਵੇਂ ਹੀ ਪ੍ਰੇਮ ਦੀ ਅੱਗ ’ਚ ਸੜ ਕੇ ਵਿਅਕਤੀ ’ਚ ਸ਼ੁੱਧਤਾ ਆਉਂਦੀ ਹੈ। ਪ੍ਰੇਮ ’ਚ ਵਿਅਕਤੀ ਪਾਪ-ਮੁਕਤ ਹੋ ਜਾਂਦਾ ਹੈ। ਮਨੁੱਖ ’ਚ ਜੋ ਕੁਝ ਵੀ ਵਿਅਰਥ ਹੈ, ਉਹ ਸੜ ਜਾਂਦਾ ਹੈ, ਧੋਤਾ ਜਾਂਦਾ ਹੈ।
ਪ੍ਰੇਮ ਹੀ ਪਰਮਾਤਮਾ ਹੈ। ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।’ ਪਾਪੀ ਮਨੁੱਖ ’ਚ ਪ੍ਰੇਮ ਨਹੀਂ ਹੁੰਦਾ। ਪਿਆਰ ਦੀ ਘਾਟ ਕਾਰਨ ਹੀ ਸਮਾਜ ’ਚ ਅਰਾਜਕਤਾ ਹੈ, ਹਿੰਸਾ ਹੈ। ਜਿੱਥੇ ਪ੍ਰੇਮ ਨਹੀਂ, ਉੱਥੇ ਸ਼ਾਂਤੀ ਨਹੀਂ। ਪ੍ਰੇਮ ਜੋੜਦਾ ਹੈ, ਤੋੜਦਾ ਨਹੀਂ। ਜੈਨ ਧਰਮ ਦੇ ਸੰਸਥਾਪਕ ਸਵਾਮੀ ਮਹਾਵੀਰ ਜੀ ਨੇ ਕਿਹਾ ਹੈ ਕਿ ਅਹਿੰਸਾ ਦਾ ਅਰਥ ਹੈ—ਪ੍ਰੇਮ। ਬੁੱਧ ਧਰਮ ਦੇ ਸੰਸਥਾਪਕ ਮਹਾਤਮਾ ਬੁੱਧ ਕਹਿੰਦੇ ਹਨ—ਕਰੁਣਾ ਦਾ ਅਰਥ ਹੈ ‘ਪ੍ਰੇਮ’। ਸੰਤ ਅਗਸਟਾਈਨ ਤੋਂ ਕਿਸੇ ਨੇ ਪੁੱਛਿਆ ਧਰਮ ਦਾ ਅਰਥ ਕੀ ਹੈ? ਸੰਤ ਨੇ ਉੱਤਰ ਦਿੱਤਾ, ‘ਪ੍ਰੇਮ’ ਭਾਵ ਬਾਕੀ ਚਿੰਤਾਵਾਂ ਤੁਸੀਂ ਛੱਡ ਦਿਓ।
ਪ੍ਰੇਮ ਦੀ ਗ਼ੈਰ-ਮੌਜੂਦਗੀ ’ਚ ਪੈਦਾ ਹੋਣ ਵਾਲੇ ਹਿੰਸਕ ਹੁੰਦੇ ਹਨ। ਉਨ੍ਹਾਂ ਦੇ ਮਨ ’ਚ ਸਦਾ ਹਨੇਰਾ ਹੀ ਹਨੇਰਾ ਹੁੰਦਾ ਹੈ। ਹਨੇਰੇ ਘਰ ’ਚ ਚੋਰ-ਡਾਕੂ ਸਦਾ ਝਾਕਦੇ ਰਹਿੰਦੇ ਹਨ। ਸੱਪ, ਬਿੱਛੂ, ਮੱਕੜੀਆਂ ਜਾਲੇ ਬਣਾਉਣ ਲੱਗ ਜਾਂਦੀਆਂ ਹਨ ਪਰ ਜੇਕਰ ਉਸ ਘਰ ’ਚ ਚਾਨਣ ਹੋਵੇ ਤਾਂ ਇਹ ਸਾਰੇ ਜੀਵ-ਜੰਤੂ ਉਸ ਘਰ ਨੂੰ ਹੌਲੀ-ਹੌਲੀ ਛੱਡਣ ਲੱਗਦੇ ਹਨ।
ਇਸ ਲਈ ਜਿਸ ਵਿਅਕਤੀ ਦੇ ਮਨ ’ਚ ਪਿਆਰ ਹੈ, ਉਸ ’ਚ ਚਾਨਣ ਹੈ, ਉੱਥੋਂ ਸਾਰੇ ਪਾਪ ਭੱਜਣ ਲੱਗਣਗੇ। ਪ੍ਰੇਮ ਹੈ ‘ਸਿਰਜਣਾ’, ਜੇਕਰ ਵਿਅਕਤੀ ’ਚ ਸਿਰਜਣਾ ਨਹੀਂ ਤਾਂ ਉਹ ਕਰੇਗਾ ਕੀ? ਜ਼ਿੰਦਗੀ ਬਰਬਾਦ ਹੋ ਜਾਵੇਗੀ। ਸੰਤ ਅਤੇ ਸ਼ੈਤਾਨ ’ਚ ਕੀ ਫ਼ਰਕ ਹੈ? ਸ਼ੈਤਾਨ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਅਤੇ ਸੰਤ ਪ੍ਰੇਮ ’ਚ ਡੁੱਬ ਕੇ ‘ਜੀਵਨ ਸ਼ਕਤੀ’ ਦਾ ਨਿਰਮਾਣ ਕਰਦੇ ਹਨ।
ਜੇਕਰ ਤੁਸੀਂ ਸਮਾਜ ਨੂੰ ਰਹਿਣ ਯੋਗ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੇਮ ਕਰਨਾ ਸਿੱਖੋ। ‘ਦਿਵਯ ਪ੍ਰੇਮ’ ’ਚ ਡੁੱਬ ਜਾਓ। ਪਰਮਾਤਮਾ ਨਾਲ ਪ੍ਰੇਮ ਕਰੋਗੇ ਤਾਂ ਤੁਹਾਡੀ ਜ਼ਿੰਦਗੀ ‘ਰੰਗਹੀਣ ਤੋਂ ਰੰਗੀਨ’ ਹੋ ਜਾਵੇਗੀ। ਪ੍ਰੇਮ ਨਹੀਂ ਹੋਵੇਗਾ ਤਾਂ ਬੰਦੂਕਾਂ ਤਣੀਆਂ ਰਹਿਣਗੀਆਂ। ਇਸ ਲਈ ਪ੍ਰੇਮ ਸਾਗਰ ’ਚ ਚੁੱਭੀਆਂ ਲਗਾਉਂਦੇ ਰਹੋ, ਤੁਸੀਂ ਸਾਗਰ ਦੀ ਡੂੰਘਾਈ ਪਾ ਲਵੋਗੇ। ਪ੍ਰੇਮ ਤੋਂ ਬਿਨਾਂ ਇਹ ਜਗਤ ਨਰਕ ਬਣ ਜਾਵੇਗਾ। ‘ਦਿਵਯ ਪ੍ਰੇਮ’ ਨਾਲ ਜੁੜ ਜਾਓ, ਲੋਕ-ਪਰਲੋਕ ਸੁਧਰ ਜਾਵੇਗਾ।
—ਮਾਸਟਰ ਮੋਹਨ ਲਾਲ
