ਕੁਆਰੇਪਨ ਪ੍ਰੀਖਿਆ ਦੀ ਪ੍ਰੰਪਰਾ ‘ਕੁਕੜੀ’ ਅੱਜ ਵੀ ਪ੍ਰਚੱਲਿਤ

12/09/2023 7:52:39 PM

ਭਾਰਤ ’ਚ ਉਂਝ ਤਾਂ ਭੈੜੀਆਂ ਪ੍ਰਥਾਵਾਂ ਹੌਲੀ-ਹੌਲੀ ਖਤਮ ਹੋ ਰਹੀਆਂ ਹਨ ਪਰ ਕੁਝ ਅੱਜ ਵੀ ਸਮਾਜ ਦੇ ਕਿਸੇ ਵਰਗ ’ਚ ਸਾਹ ਲੈ ਰਹੀਆਂ ਹਨ। ਅਫਸੋਸ ਦੀ ਗੱਲ ਤਾਂ ਇਹ ਹੈ ਕਿ 21ਵੀਂ ਸਦੀ ’ਚ ਵੀ ਇਹ ਪ੍ਰਥਾਵਾਂ ਜਿਊਂਦੀਆਂ ਹਨ ਅਤੇ ਔਰਤਾਂ ਦੀ ਮੌਤ ਦਾ ਸਬੱਬ ਬਣ ਰਹੀਆਂ ਹਨ। ਰਾਜਸਥਾਨ ਦੇ ਸਾਂਸੀ ਭਾਈਚਾਰੇ ’ਚ ਕੁਆਰੇਪਨ ਦੀ ਪ੍ਰੀਖਿਆ ਦੀ ਪ੍ਰੰਪਰਾ ਅੱਜ ਵੀ ਪ੍ਰਚੱਲਿਤ ਹੈ, ਜੋ ਲਾੜੀਆਂ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ।

ਵਿਆਹ ਦੀ ਪਹਿਲੀ ਰਾਤ ਦੁਲਹਨ ਦੇ ਬੜੇ ਅਰਮਾਨ ਹੁੰਦੇ ਹਨ ਪਰ ਜਦੋਂ ਪਹਿਲੀ ਰਾਤ ਹੀ ਕਿਸੇ ਨਵ-ਵਿਆਹੁਤਾ ਨੂੰ ਅਗਨੀ ਪ੍ਰੀਖਿਆ ’ਚੋਂ ਲੰਘਣਾ ਪਵੇ ਤਾਂ ਯਕੀਨੀ ਇਹ ਖਾਸ ਦਿਨ ਉਸ ਲਈ ਖੌਫਨਾਕ ਰਾਤ ’ਚ ਤਬਦੀਲ ਹੋ ਜਾਂਦਾ ਹੈ। ਉਸ ਦੀਆਂ ਸਾਰੀਆਂ ਇੱਛਾਵਾਂ ਅਧੂਰੀਆਂ ਰਹਿ ਜਾਂਦੀਆਂ ਹਨ। ਸਾਰੇ ਸੁਫ਼ਨੇ ਟੁੱਟ ਜਾਂਦੇ ਹਨ। ਸੁਹਾਗ ਦੀ ਸੇਜ ਕੰਡਿਆਂ ਦੀ ਸੇਜ ਵਾਂਗ ਚੁੱਭਦੀ ਹੈ।

ਅਫਸੋਸ ਸਾਂਸੀ ਭਾਈਚਾਰੇ ਦੀਆਂ ਧੀਆਂ ਨੂੰ 21ਵੀਂ ਸਦੀ ’ਚ ਵੀ ਇਹ ਸਭ ਕੁਝ ਸਹਿਣਾ ਪੈ ਰਿਹਾ ਹੈ। ਸਾਂਸੀ ਜਨਜਾਤੀ ਰਾਜਸਥਾਨ ਦੀ ਖਾਨਾਬਦੋਸ਼ ਅਨੁਸੂਚਿਤ ਜਾਤੀ ਦੀ ਸੂਚੀ ’ਚ ਆਉਂਦੀ ਹੈ। ਇਸ ਸਮਾਜ ’ਚ ਔਰਤਾਂ ਨੂੰ ਉਨ੍ਹਾਂ ਦੇ ਪਤੀ ਦੇ ਪਰਿਵਾਰ ’ਚ ਉਦੋਂ ਸਵੀਕਾਰਿਆ ਜਾਂਦਾ ਹੈ ਜਦ ਉਹ ਆਪਣੇ ਕੁਆਰੇਪਨ ਦਾ ਸਬੂਤ ਪੇਸ਼ ਕਰਦੀਆਂ ਹਨ। ਵਿਆਹ ਦੀ ਪਹਿਲੀ ਰਾਤ ਖੂਨ ਦੇ ਧੱਬੇ ਨਾਲ ਸਣਿਆ ਕੱਪੜਾ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਦਾ ਹੈ। ਜਾਂਚ ’ਚ ਫੇਲ ਹੋਣ ਦਾ ਇਕ ਵਿਆਪਕ ਸਮਾਜਿਕ ਪ੍ਰਭਾਵ ਪੈਂਦਾ ਹੈ, ਜਿਸ ’ਚ ਕਲੰਕ, ਸ਼ਰਮ, ਘਰੇਲੂ ਹਿੰਸਾ ਸ਼ਾਮਲ ਹੁੰਦੀ ਹੈ ਜੋ ਉਨ੍ਹਾਂ ਦੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ।

ਇਸ ਭਾਈਚਾਰੇ ’ਚ ਤਲਾਕ ਜਾਂ ਦੂਜੇ ਵਿਆਹ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਹਾਲਾਂਕਿ ਹਾਈਮਨ ਟੁੱਟਣ ਦਾ ਕਾਰਨ ਸਿਰਫ ਸੈਕਸ ਨਹੀਂ ਹੈ ਪਰ ਫਿਰ ਵੀ ਔਰਤਾਂ ਨੂੰ ਗਲਤ ਢੰਗ ਨਾਲ ਗੁਨਾਹਗਾਰ ਠਹਿਰਾਇਆ ਜਾਂਦਾ ਹੈ। ਮਸ਼ਹੂਰ ਲੇਖਕ ਵਿਜੈ ਐਂਡ ਸ਼ੰਕਰ ਦੀ ਕਿਤਾਬ ‘ਸ਼ੈਡੋ ਬਾਕਸਿੰਗ ਵਿਦ ਦਿ ਗੌਡਜ਼’ ’ਚ ਵੀ ਸਾਡੇ ਸਮਾਜ ਦੀਆਂ ਅਜਿਹੀਆਂ ਬਹੁਤ ਸਾਰੀਆਂ ਬੁਰਾਈਆਂ ਦਾ ਜ਼ਿਕਰ ਹੈ।

ਅਸਲ ’ਚ ਇਹ ਪ੍ਰਥਾ 100 ਸਾਲ ਤੋਂ ਵੱਧ ਪੁਰਾਣੀ ਹੈ। ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਵਿਦੇਸ਼ੀ ਭਾਰਤ ਆਏ। ਵਿਦੇਸ਼ੀ ਭਾਰਤੀ ਔਰਤਾਂ ਨਾਲ ਜ਼ਿਆਦਤੀ ਕਰ ਕੇ ਉਨ੍ਹਾਂ ਨੂੰ ਸੁੱਟ ਜਾਂਦੇ ਸਨ। ਕਹਿੰਦੇ ਹਨ ਕਿ ਰਾਜਪੂਤ ਦੁਲਹਨ ਦੇ ਕੁਆਰੇਪਨ ਦੇ ਪ੍ਰੀਖਣ ਲਈ ਧਾਗੇ ਦੀ ਵਰਤੋਂ ਕਰਦੇ ਸਨ। ਉਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਸਨ ਕਿ ਦੁਲਹਨ ਨਾਲ ਕਿਤੇ ਕੋਈ ਜ਼ਿਆਦਤੀ ਤਾਂ ਨਹੀਂ ਹੋਈ। ਹਾਲਾਂਕਿ ਰਾਜਪੂਤਾਂ ਨੇ ਇਹ ਪ੍ਰਥਾ ਉਤਾਰ ਕੇ ਸੁੱਟ ਦਿੱਤੀ ਹੈ ਪਰ ਸਾਂਸੀ ਭਾਈਚਾਰੇ ਨੇ ਇਸ ਨੂੰ ਅਪਣਾ ਲਿਆ ਅਤੇ ਇਸ ਨੂੰ ਆਪਣੀ ਕਮਾਈ ਦਾ ਇਕ ਜ਼ਰੀਆ ਬਣਾ ਲਿਆ।

ਹੁਣ ਤਾਂ ਇਸ ਭੈੜੀ ਪ੍ਰਥਾ ਕਾਰਨ ਭਾਈਚਾਰੇ ਦੇ ਲੋਕ ਇਹ ਕਾਮਨਾ ਕਰਦੇ ਹਨ ਕਿ ਉਨ੍ਹਾਂ ਦੀ ਹੋਣ ਵਾਲੀ ਨੂੰਹ ਕੁਆਰੀ ਨਾ ਹੋਵੇ ਤਾਂ ਕਿ ਉਹ ਉਸ ਦੇ ਸਹੁਰਿਆਂ ਤੋਂ ਖੂਬ ਜੁਰਮਾਨੇ ਦੇ ਨਾਂ ’ਤੇ ਭਾਰੀ ਰਕਮ ਲੁੱਟ ਸਕਣ। ਰਾਜਸਥਾਨ ਤੋਂ ਇਲਾਵਾ ਕੁਝ ਹੋਰ ਸੂਬਿਆਂ ’ਚ ਵੀ ਇਹ ਭੈੜੀ ਪ੍ਰਥਾ ਅੱਜ ਵੀ ਫਲ-ਫੁੱਲ ਰਹੀ ਹੈ। ਮਹਾਰਾਸ਼ਟਰ ’ਚ ਇਕ ਸਮਾਜ ਹੈ ਕੰਜਰਭਾਟ ਅਤੇ ਗੁਜਰਾਤ ’ਚ ਛਾਰਾ ਸਮਾਜ, ਜਿੱਥੇ ਇਸ ਤਰ੍ਹਾਂ ਦੀ ਪ੍ਰਥਾ ਦਾ ਰਿਵਾਜ ਅੱਜ ਵੀ ਦੇਖਣ ਨੂੰ ਮਿਲਦਾ ਹੈ। ਇਹ ਭਾਈਚਾਰਾ ਪ੍ਰਮੁੱਖਤਾ ਨਾਲ ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ’ਚ ਰਹਿੰਦਾ ਹੈ।

ਇਸ ਘਿਨੌਣੀ ਪ੍ਰਥਾ ’ਚ ਵਿਆਹ ਦੀ ਰਾਤ ਬਿਸਤਰ ’ਤੇ ਚਿੱਟੀ ਚਾਦਰ ਵਿਛਾਈ ਜਾਂਦੀ ਹੈ। ਉਸ ਦੇ ਕੋਲ ਹੀ ਧਾਗੇ ਦਾ ਇਕ ਗੁੱਛਾ ਰੱਖਿਆ ਜਾਂਦਾ ਹੈ ਜਿਸ ਨੂੰ ਕੁਕੜੀ ਕਹਿੰਦੇ ਹਨ। ਕਮਰੇ ਨੂੰ ਤਿਆਰ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਕੋਈ ਤਿੱਖਾ ਸਾਮਾਨ ਅੰਦਰ ਨਾ ਹੋਵੇ। ਦੁਲਹਨ ਦੀ ਤਲਾਸ਼ੀ ਲਈ ਜਾਂਦੀ ਹੈ। ਉਸ ਦੀਆਂ ਚੂੜੀਆਂ ਨੂੰ ਉਤਰਵਾ ਲਿਆ ਜਾਂਦਾ ਹੈ। ਵਾਲਾਂ ’ਚੋਂ ਪਿਨ ਕੱਢ ਲਈ ਜਾਂਦੀ ਹੈ ਤਾਂ ਕਿ ਚਿੱਟੀ ਚਾਦਰ ’ਤੇ ਕਿਸੇ ਹੋਰ ਖੂਨ ਦੇ ਧੱਬੇ ਦੀ ਗੁੰਜਾਇਸ਼ ਨਾ ਹੋਵੇ।

ਟੁੱਟੀ ਹੋਈ ਹਾਈਮਨ ’ਚੋਂ ਨਿਕਲਣ ਵਾਲਾ ਖੂਨ ਉਸ ਦੀ ਸ਼ੁੱਧਤਾ ਦੀ ਕਸੌਟੀ ਹੈ। ਇਸੇ ਤੋਂ ਤੈਅ ਹੁੰਦਾ ਹੈ ਕਿ ਲਾੜੀ ਕੁਆਰੀ ਹੈ ਜਾਂ ਨਹੀਂ। ਜੇ ਲਾੜੀ ਕਸੌਟੀ ’ਤੇ ਖਰੀ ਉਤਰਦੀ ਹੈ ਤਾਂ ਲਾੜਾ ਕਮਰੇ ’ਚੋਂ ਬਾਹਰ ਮੇਰਾ ਮਾਲ ਖਰਾ-ਖਰਾ-ਖਰਾ ਕਹਿ ਕੇ ਚੀਕਦਾ ਹੋਇਆ ਬਾਹਰ ਆਉਂਦਾ ਹੈ। ਧੱਬੇ ਨਹੀਂ ਹਨ ਤਾਂ ਮੇਰਾ ਮਾਲ ਖੋਟਾ-ਖੋਟਾ-ਖੋਟਾ ਕਹਿੰਦਾ ਚੀਕਦਾ ਹੋਇਆ ਬਾਹਰ ਆਉਂਦਾ ਹੈ।

ਚਾਦਰ ’ਤੇ ਖੂਨ ਦੇ ਧੱਬੇ ਮਿਲਣ ਨਾਲ ਹੀ ਵਿਆਹ ਦੀ ਪ੍ਰਕਿਰਿਆ ਨੂੰ ਸੰਪੰਨ ਮੰਨ ਲਿਆ ਜਾਂਦਾ ਹੈ। ਜੇ ਚਾਦਰ ’ਤੇ ਖੂਨ ਦੇ ਧੱਬੇ ਨਜ਼ਰ ਨਾ ਆਉਣ ਤਾਂ ਨਵ-ਵਿਆਹੁਤਾ ਨੂੰ ਬੁਰੀ ਤਰ੍ਹਾਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਸਹੁਰੇ-ਜੇਠ ਸਭ ਦੇ ਸਾਹਮਣੇ ਔਰਤ ਦੇ ਕੱਪੜੇ ਉਤਾਰ ਕੇ ਉਸ ਨੂੰ ਕੁੱਟਿਆ ਜਾਂਦਾ ਹੈ, ਘਰ ਦੇ ਮਰਦ ਉਸ ਨਾਲ ਜ਼ਿਆਦਤੀ ਕਰਦੇ ਹਨ। ਉਸ ਦੇ ਪ੍ਰਾਈਵੇਟ ਪਾਰਟਸ ’ਚ ਮਿਰਚਾਂ ਪਾਈਆਂ ਜਾਂਦੀਆਂ ਹਨ। ਵਿਰੋਧ ਕਰਨ ’ਤੇ ਉਸ ਨੂੰ ਡਰਾਇਆ, ਧਮਕਾਇਆ ਜਾਂਦਾ ਹੈ।

ਲੜਕੀ ਦੇ ਕਈ ਵਾਰ ਕੁਆਰੀ ਹੋਣ ਪਿੱਛੋਂ ਵੀ ਉਸ ਨੂੰ ਚਰਿੱਤਰਹੀਣ ਠਹਿਰਾ ਦਿੱਤਾ ਜਾਂਦਾ ਹੈ। ਸਹੁਰੇ ਵਾਲੇ ਲੜਕੀ ਕੋਲੋਂ ਉਸ ਮੁੰਡੇ ਦਾ ਨਾਂ ਉਗਲਵਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਉਸ ਨੇ ਸਬੰਧ ਬਣਾਏ ਸਨ। ਸਰੀਰਕ ਸਬੰਧ ਨਾ ਹੋਣ ਪਿੱਛੋਂ ਵੀ ਮਾਰ ਨਾਲ ਬੇਹਾਲ ਉਸ ਲੜਕੀ ਨੂੰ ਉਸ ਲੜਕੇ ਦਾ ਝੂਠਾ ਨਾਂ ਦੱਸਣਾ ਪੈਂਦਾ ਹੈ। ਕਈ ਕੁੜੀਆਂ ਤਾਂ ਇਹ ਤਸ਼ੱਦਦ ਸਹਿ ਨਹੀਂ ਸਕਦੀਆਂ। ਹੋਰ ਕੋਈ ਬਦਲ ਨਾ ਹੋਣ ’ਤੇ ਖੁਦਕੁਸ਼ੀ ਤੱਕ ਕਰ ਲੈਂਦੀਆਂ ਹਨ। ਇਸ ਘੋਰ ਬੇਇੱਜ਼ਤੀ ਪਿੱਛੋਂ ਜਾਤੀ ਪੰਚਾਇਤ ਬੈਠਦੀ ਹੈ। ਉੱਥੇ ਰਸਮ ਦੇ ਨਾਂ ’ਤੇ ਸਹੁਰੇ ਵਾਲੇ ਲੜਕੀ ਦੇ ਪਿਤਾ ਅਤੇ ਲੜਕੇ ਕੋਲੋਂ ਖੂਬ ਵਸੂਲੀ ਕਰਦੇ ਹਨ। ਪੁਲਸ ਵੀ ਇਨ੍ਹਾਂ ਮਾਮਲਿਆਂ ’ਚ ਇਹ ਕਹਿ ਕੇ ਪੱਲਾ ਝਾੜ ਲੈਂਦੀ ਹੈ ਕਿ ਇਹ ਨਿੱਜੀ ਭਾਈਚਾਰੇ ਦੀ ਪ੍ਰੰਪਰਾ ਹੈ, ਅਸੀਂ ਕੁਝ ਨਹੀਂ ਕਰ ਸਕਦੇ। ਜਾਤੀ ਪੰਚਾਇਤ ਜਿਸ ਤਰ੍ਹਾਂ ਦੇ ਫੈਸਲੇ ਸੁਣਾਉਂਦੀ ਹੈ, ਉਹ ਬਹੁਤ ਹੀ ਮੰਦਭਾਗਾ ਹੈ।

ਔਰਤਾਂ ਦੀ ਸ਼ੁੱਧਤਾ ਦੀ ਪੁਸ਼ਟੀ ਲਈ ਜਾਤੀ ਪੰਚਾਇਤ ਉਸ ਨੂੰ 2 ਵਾਰ ਅਗਨੀ ਪ੍ਰੀਖਿਆ ’ਚੋਂ ਲੰਘਣ ਦਾ ਮੌਕਾ ਦਿੰਦੀ ਹੈ। ਔਰਤਾਂ ਨੂੰ ਤਲਾਬ ਜਾਂ ਨਦੀ ਦੇ ਪਾਣੀ ਅੰਦਰ ਓਨੀ ਦੇਰ ਤੱਕ ਆਪਣੇ ਸਾਹ ਰੋਕ ਕੇ ਰੱਖਣੇ ਪੈਂਦੇ ਹਨ ਜਿੰਨੀ ਦੇਰ ਤੱਕ ਇਕ ਵਿਅਕਤੀ ਨੂੰ 100 ਕਦਮ ਚੱਲਣ ’ਚ ਸਮਾਂ ਲੱਗਦਾ ਹੈ। ਇਹ ਪ੍ਰੀਖਿਆ ਬੇਹੱਦ ਗੈਰ-ਮਨੁੱਖੀ ਹੈ। ਤੈਅ ਸਮੇਂ ਤੋਂ ਪਹਿਲਾਂ ਜੇ ਲੜਕੀ ਪਾਣੀ ’ਚੋਂ ਬਾਹਰ ਆ ਜਾਂਦੀ ਹੈ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਉਹ ਪਵਿੱਤਰ ਨਹੀਂ ਹੈ। ਉਸ ਨੂੰ ਜੁਰਮਾਨਾ ਦੇਣਾ ਪੈਂਦਾ ਹੈ।

ਦੂਜੇ ਪ੍ਰੀਖਣ ’ਚ ਉਸ ਨੂੰ ਆਪਣੀ ਪਵਿੱਤਰਤਾ ਸਾਬਤ ਕਰਨ ਲਈ ਹੱਥ ’ਤੇ ਪਿੱਪਲ ਦੇ ਪੱਤੇ ਤੇ ਉਸ ’ਤੇ ਗਰਮ ਤਵਾ ਰੱਖਣਾ ਪੈਂਦਾ ਹੈ। ਹੱਥ ਸੜ ਗਿਆ ਭਾਵ ਲਾੜੀ ਦਾ ਚਰਿੱਤਰ ਖਰਾਬ ਹੈ। ਇਸ ਦੀ ਪੂਰਤੀ ਉਸ ਦੇ ਪਰਿਵਾਰ ਨੂੰ ਜੁਰਮਾਨਾ ਭਰ ਕੇ ਕਰਨੀ ਪੈਂਦੀ ਹੈ। ਦੋਵਾਂ ਹੀ ਮਾਮਲਿਆਂ ’ਚ ਪਵਿੱਤਰਤਾ ਸਾਬਤ ਵੀ ਹੋ ਗਈ, ਤਾਂ ਵੀ ਅੱਧਾ ਜੁਰਮਾਨਾ ਤਾਂ ਦੇਣਾ ਹੀ ਪੈਂਦਾ ਹੈ।

ਕੁਆਰੇਪਨ ਦੇ ਪ੍ਰੀਖਣ ਦੀ ਪ੍ਰਥਾ ਸੰਵਿਧਾਨ ਦੀ ਧਾਰਾ-21 ਨਿੱਜਤਾ ਦੇ ਅਧਿਕਾਰ ਦੀ ਵੀ ਉਲੰਘਣਾ ਹੈ ਅਤੇ ਮੈਡੀਕਲ ਤੌਰ ’ਤੇ ਵੀ ਅਣਉਚਿਤ ਹੈ। ਇਹ ਪ੍ਰੀਖਣ ਪਿਤਾ-ਪੁਰਖੀ ਮਾਪਦੰਡਾਂ ਦੇ ਨਾਲ ਲਿੰਗ ਆਧਾਰਿਤ ਭੇਦਭਾਵ ਨੂੰ ਵੀ ਸਪੱਸ਼ਟ ਕਰਦਾ ਹੈ। ਸਰਕਾਰ ਨੂੰ ਪ੍ਰੀਖਣ ਦੀ ਗਲਤ ਕਿਸਮ ਬਾਰੇ ਜਨਤਾ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ ਅਤੇ ਲਿੰਗਕ ਬਰਾਬਰੀ ਨੂੰ ਹੁਲਾਰਾ ਦੇਣਾ ਚਾਹੀਦਾ ਹੈ।

ਗੀਤਾ ਯਾਦਵ


Rakesh

Content Editor

Related News