ਭ੍ਰਿਸ਼ਟਾਚਾਰ ’ਚ ਸ਼ਾਮਲ ਅਧਿਕਾਰੀਆਂ ਦਾ ਫੀਸਦੀ ਲਗਾਤਾਰ ਵਧਦਾ ਜਾ ਰਿਹਾ

Friday, Jul 19, 2024 - 05:53 PM (IST)

ਡਾ. ਪੂਜਾ ਖੇਡਕਰ ਨੇ 2022 ਦੀ ਯੂ. ਪੀ. ਐੱਸ. ਸੀ. ਦੀ ਸਾਲਾਨਾ ਸਿਵਲ ਸੇਵਾ ਪ੍ਰੀਖਿਆ ’ਚ 836ਵਾਂ ਸਥਾਨ ਹਾਸਲ ਕੀਤਾ। ਫਿਰ ਵੀ ਉਨ੍ਹਾਂ ਨੂੰ ਦੇਸ਼ ਦੀ ਪ੍ਰਮੁੱਖ ਸਿਵਲ ਸੇਵਾ ਲਈ ਚੁਣਿਆ ਗਿਆ। ਕੋਈ ਹੈਰਾਨੀ ਨਹੀਂ ਕਿ ਮਾਪਦੰਡ ਡਿੱਗ ਗਏ ਹਨ। ਕੀ ਅਜਿਹਾ ਕੋਈ ਕੱਟ-ਆਫ ਪੁਆਇੰਟ ਨਹੀਂ ਹੋਣਾ ਚਾਹੀਦਾ ਜਿਸ ਦੇ ਹੇਠਾਂ ਘੱਟੋ-ਘੱਟ ਆਈ. ਏ. ਐੱਸ. ’ਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ?

ਡਾ. ਪੂਜਾ ਖੇਡਕਰ ਵੰਜਾਰੀ ਭਾਈਚਾਰੇ ’ਚੋਂ ਹਨ, ਜੋ ਮਰਾਠਵਾੜਾ ਦੇ ਭਿਡ ਜ਼ਿਲੇ ਅਤੇ ਪੱਛਮੀ ਮਹਾਰਾਸ਼ਟਰ ਦੇ ਨੇੜਲੇ ਅਹਿਮਦਗੜ੍ਹ ਜ਼ਿਲੇ ’ਚ ਪ੍ਰਮੁੱਖ ਹੈ। ਇਹ ਭਾਈਚਾਰਾ ਮੂਲ ਤੌਰ ’ਤੇ ਪਸ਼ੂਪਾਲਕ ਹੈ ਅਤੇ ਇਸ ਨੂੰ ਓ. ਬੀ. ਸੀ. (ਹੋਰ ਪੱਛੜਾ ਵਰਗ) ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਗੋਪੀਨਾਥ ਮੁੰਡੇ, ਜੋ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਬਣੇ, ਇਸ ਭਾਈਚਾਰੇ ’ਚੋਂ ਸਨ।

ਇਕ ਹੋਰ ਭਾਈਚਾਰਾ ਹੈ ਜਿਸ ਦਾ ਨਾਂ ਭਰਮਾਊ ਤੌਰ ’ਤੇ ਰਲਦਾ-ਮਿਲਦਾ ਹੈ, ਉਹ ਹੈ ‘ਬੰਜਾਰਾ’, ਜੋ ਮਰਾਠਵਾੜਾ ਦੇ ਨਾਂਦੇੜ ਜ਼ਿਲੇ ਦੇ ਕਿਨਵਟ ਬਲਾਕ ਅਤੇ ਵਿਦਰਭ ਦੇ ਯਵਤਮਾਲ ਜ਼ਿਲੇ ਦੇ ਨੇੜਲੇ ਬਲਾਕ ’ਚ ਪ੍ਰਮੁੱਖਤਾ ਨਾਲ ਵਸਿਆ ਹੈ। ਬੰਜਾਰੇ ਬੜੇ ਹਾਲ ਤੱਕ ਖਾਨਾਬਦੋਸ਼ ਸਨ। ਇਸ ਲਈ, ਉਨ੍ਹਾਂ ਨੂੰ ਆਦਿਵਾਸੀ ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ ਅਤੇ ਉਹ ‘ਅਨੁਸੂਚਿਤ ਜਨਜਾਤੀ’ ਸ਼੍ਰੇਣੀ ਦੇ ਤਹਿਤ ਰਾਖਵੇਂਕਰਨ ਦੇ ਹੱਕਦਾਰ ਹਨ, ਜਿਸ ਨੂੰ ਸੰਵਿਧਾਨ ’ਚ ਅਨੁਸੂਚਿਤ ਜਾਤੀਆਂ ਰਾਹੀਂ ਪ੍ਰਾਪਤ ਸਾਢੇ 12 ਫੀਸਦੀ ਦੇ ਮੁਕਾਬਲੇ ਸਰਕਾਰੀ ਨੌਕਰੀਆਂ ਦਾ ਸਾਢੇ 7 ਫੀਸਦੀ ਅਲਾਟ ਕੀਤਾ ਗਿਆ ਹੈ।

ਮੰਡਲ ਕਮਿਸ਼ਨ ਦੀ ਰਿਪੋਰਟ ਦੇ ਬਾਅਦ ਓ. ਬੀ. ਸੀ. ਨੂੰ ਰਾਖਵਾਂਕਰਨ ਕੋਟੇ ’ਚ ਸ਼ਾਮਲ ਕੀਤਾ ਗਿਆ ਸੀ, ਜਿਸ ਨੂੰ ਵਿਸ਼ਵਨਾਥ ਪ੍ਰਤਾਪ ਸਿੰਘ ਦੇ ਪ੍ਰਧਾਨ ਮੰਤਰੀ ਕਾਲ ’ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਤਤਕਾਲੀਨ ਪ੍ਰਧਾਨ ਮੰਤਰੀ ਨੇ ਸਿਆਸੀ ਲਾਭ ਲਈ ਓ. ਬੀ. ਸੀ. ਲਈ ਰਾਖਵੇਂਕਰਨ ਦਾ ਸਮਰਥਨ ਕੀਤਾ। ਓ. ਬੀ. ਸੀ. ਗਿਣਤੀ ਪੱਖੋਂ ਵੱਧ ਹੋਣ ਦੇ ਕਾਰਨ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ’ਚ 27 ਫੀਸਦੀ ਖਾਲੀ ਅਸਾਮੀਆਂ ਅਲਾਟ ਕੀਤੀਆਂ ਗਈਆਂ ਹਨ।

‘ਕ੍ਰੀਮੀ ਲੇਅਰ’ ਦੀ ਕਸੌਟੀ ਦੀ ਧਾਰਨਾ ਰਾਖਵੀਆਂ ਸ਼੍ਰੇਣੀਆਂ ’ਚ ਉਨ੍ਹਾਂ ਲੋਕਾਂ ਨੂੰ ਬਾਹਰ ਰੱਖਣ ਲਈ ਬਣਾਈ ਗਈ ਸੀ ਜਿਨ੍ਹਾਂ ਨੇ ਰਾਖਵੇਂਕਰਨ ਦੀ ਸਹੂਲਤ ਦਾ ਲਾਭ ਉਠਾਇਆ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ’ਚ ਭੇਜਿਆ ਸੀ ਅਤੇ ਇਸ ਸ਼੍ਰੇਣੀ ਦੇ ਅੰਦਰ ਇਕ ਜਮਾਤ ਸਥਾਪਿਤ ਕੀਤੀ ਹੋਵੇਗੀ।

ਜਦੋਂ ਤੱਕ ‘ਕ੍ਰੀਮੀ ਲੇਅਰ’ ਵਰਗੀ ਧਾਰਨਾ ਨੂੰ ਸ਼੍ਰੇਣੀ ਦੇ ਹੋਰ ਅਣਗੌਲੇ ਮੈਂਬਰਾਂ ਨੂੰ ਮੁਕਾਬਲੇਬਾਜ਼ੀ ਕਰਨ ਤੇ ਲੁੱਟ ’ਚ ਹਿੱਸਾ ਲੈਣ ’ਚ ਸਮਰੱਥ ਬਣਾਉਣ ਲਈ ਪੇਸ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਿਰਫ ਕ੍ਰੀਮੀ ਲੇਅਰ ਨੂੰ ਹੀ ਲਾਭ ਹੋਵੇਗਾ।

ਮੌਜੂਦਾ ਸਮੇਂ ’ਚ ਜਿਨ੍ਹਾਂ ਦੇ ਮਾਤਾ-ਪਿਤਾ 8 ਲੱਖ ਰੁਪਏ ਹਰ ਸਾਲ ਤੋਂ ਘੱਟ ਕਮਾਉਂਦੇ ਹਨ, ਉਨ੍ਹਾਂ ਨੂੰ ‘ਕ੍ਰੀਮੀ ਲੇਅਰ’ ਤੋਂ ਬਾਹਰ ਰੱਖਿਆ ਗਿਆ ਹੈ। ਡਾ. ਪੂਜਾ ਖੇਡਕਰ ਦੇ ਪਿਤਾ ਪ੍ਰਦੂਸ਼ਣ ਕੰਟ੍ਰੋਲ ਬੋਰਡ ’ਚ ਅਧਿਕਾਰੀ ਸਨ।

ਪਿਛਲੇ ਕੁਝ ਸਾਲਾਂ ’ਚ ਉਨ੍ਹਾਂ ਨੇ ਲਗਭਗ 40 ਕਰੋੜ ਰੁਪਏ ਕਮਾਏ ਹਨ ਅਤੇ ਜ਼ਮੀਨ ਅਤੇ ਆਟੋਮੋਬਾਈਲ ਵਰਗੀ ਜਾਇਦਾਦ ਬਣਾਈ ਹੈ ਜਿਸ ਨੂੰ ਉਨ੍ਹਾਂ ਨੇ ਮਹਾਰਾਸ਼ਟਰ ’ਚ 2019 ਦੀਆਂ ਸੂਬਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਦਾਨ ’ਚ ਉਤਰਨ ਦੇ ਕਾਰਨ ਚੋਣ ਕਮਿਸ਼ਨ ਨੂੰ ਐਲਾਨਣ ਲਈ ਮਜਬੂਰ ਹੋਣਾ ਪਿਆ। ਫਿਰ ਵੀ, ਉਨ੍ਹਾਂ ਦੀ ਧੀ ਨੇ ਸਿਵਲ ਸੇੇਵਾ ਪ੍ਰੀਖਿਆਵਾਂ ’ਚ ਬੈਠਣ ਦੌਰਾਨ ਇਕ ਗੈਰ-ਕ੍ਰੀਮੀ ਲੇਅਰ ਉਮੀਦਵਾਰ ਹੋਣ ਦਾ ਦਾਅਵਾ ਕੀਤਾ।

ਉਸ ਨੇ ਨੇਤਰਹੀਣ ਹੋਣ ਦਾ ਵੀ ਦਾਅਵਾ ਕੀਤਾ। ਸਰੀਰਕ ਤੌਰ ’ਤੇ ਦਿਵਿਆਂਗਾਂ ਲਈ 2 ਫੀਸਦੀ ਰਾਖਵੇਂਕਰਨ ਦੀ ਵਿਵਸਥਾ ਹੈ ਜਿਸ ’ਚ ਨੇਤਰਹੀਣ ਵੀ ਆਉਂਦੇ ਹਨ। ਇਸ ਦਾਅਵੇ ਨੂੰ ਦਿੱਲੀ ’ਚ ਏਮਜ਼ ਦੇ ਡਾਕਟਰਾਂ ਦੇ ਬੋਰਡ ਵੱਲੋਂ ਵਿਚਾਰਿਆ ਜਾਣਾ ਸੀ। ਹਾਲਾਂਕਿ ਉਸ ਨੂੰ ਇਕ ਤੋਂ ਵੱਧ ਵਾਰ ਪ੍ਰੀਖਿਆ ਦੀਆਂ ਤਰੀਕਾਂ ਦਿੱਤੀਆਂ ਗਈਆਂ ਪਰ ਉਹ ਬੋਰਡ ਦੇ ਸਾਹਮਣੇ ਹਾਜ਼ਰ ਹੋਣ ’ਚ ਅਸਫਲ ਰਹੀ!

ਮੈਨੂੰ ਨਹੀਂ ਪਤਾ ਕਿ ਉਸ ਨੇ ਓ. ਬੀ. ਸੀ. ਦੀ ਬਜਾਏ ਇਕ ਵੰਜਾਰੀ ਨੂੰ ‘ਵੀ’ ਅਤੇ ਬੰਜਾਰਾ ਨੂੰ ‘ਬੀ’ ਦੇ ਨਾਲ ਭਰਮਾ ਕੇ ਆਦਿਵਾਸੀ ਉਮੀਦਵਾਰ ਵਜੋਂ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਜੋ ਜਾਂਚ ਦਾ ਹੁਕਮ ਦਿੱਤਾ ਗਿਆ ਹੈ, ਉਹ ਉਸ ਦੇ ਝੂਠ ਨੂੰ ਉਜਾਗਰ ਕਰੇਗਾ, ਜੇਕਰ ਕੋਈ ਹੋਵੇ। ਅਤੇ ਜੇਕਰ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ। ਦਰਅਸਲ ਜੇਕਰ ਉਸ ਦਾ ਕੋਈ ਵੀ ਦਾਅਵਾ ਝੂਠਾ ਹੈ ਤਾਂ ਉਸ ’ਤੇ ਧੋਖਾਦੇਹੀ ਲਈ ਮੁਕੱਦਮਾ ਚਲਾਉਣ ਦੀ ਲੋੜ ਹੋਵੇਗੀ।

ਲੜਕੀ ਪ੍ਰੋਬੇਸ਼ਨਰ ਰਾਹੀਂ ਦਾਅਵਾ ਕੀਤੇ ਗਏ ਅਧਿਕਾਰ ਬੇਹੱਦ ਨਿਰਾਦਰਯੋਗ ਹਨ। ਮੈਂ ਹਾਲ ਦੇ ਦਹਾਕਿਆਂ ’ਚ ਆਈ. ਏ. ਐੱਸ. ਅਤੇ ਆਈ. ਪੀ. ਐੱਸ. ’ਚ ਕਈ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਅਨਿਯਮਿਤ ਅਤੇ ਨਾਜਾਇਜ਼ ਢੰਗਾਂ ਨਾਲ ਖੁਦ ਨੂੰ ਖੁਸ਼ਹਾਲ ਕਰਨ ਦੇ ਮਕਸਦ ਨਾਲ ਸੇਵਾਵਾਂ ’ਚ ਸ਼ਾਮਲ ਹੋਏ ਪਰ ਮੈਂ ਕਿਸੇ ਪ੍ਰੋਬੇਸ਼ਨਰ ਨੂੰ ਬੀ. ਐੱਮ. ਡਬਲਿਊ. ਜਾਂ ਆਡੀ ਕਾਰ ਦਿਖਾਉਂਦੇ ਹੋਏ ਨਹੀਂ ਸੁਣਿਆ ਹੈ, ਜਿਵੇਂ ਕਿ ਪੂਜਾ ਨੇ ਕੀਤਾ ਹੈ ਅਤੇ ਆਪਣੀ ਅਹਿਮੀਅਤ ਸਾਬਿਤ ਕਰਨ ਲਈ ਉਸ ਕਾਰ ’ਤੇ ਲਾਲ ਬੱਤੀ ਦੀ ਵਰਤੋਂ ਕਰਨ ਦੀ ਕਿਰਪਾ ਕੀਤੀ ਹੈ।

ਇਹ ਅਜਿਹੇ ਗੁਣ ਹਨ ਜਿਨ੍ਹਾਂ ਨੂੰ ਮਸੂਰੀ ’ਚ ਅਕਾਦਮੀ ’ਚ ਪਹਿਲਾਂ ਹੀ ਦੇਖਿਆ ਜਾਣਾ ਚਾਹੀਦਾ ਸੀ। ਇਹ ਗੁਣ ਅਕਾਦਮੀ ਦੇ ਮੁਲਾਜ਼ਮਾਂ ਅਤੇ ਉਸ ਦੇ ਨਿਰਦੇਸ਼ਕ ਦੀ ਨਜ਼ਰ ਤੋਂ ਕਿਵੇਂ ਬਚ ਗਏ? ਨਿਰਦੇਸ਼ਕ ਦਾ ਇਹ ਫਰਜ਼ ਹੈ ਕਿ ਉਹ ਸਰਕਾਰ ਨੂੰ ਸਲਾਹ ਦੇਵੇ ਕਿ ਸਿਖਲਾਈ ਦੇ ਪੜਾਅ ’ਚ ਹੀ ਅਜਿਹੇ ਅਯੋਗ ਲੋਕਾਂ ਤੋਂ ਛੁਟਕਾਰਾ ਪਾਇਆ ਜਾਵੇ। ਘਟੋ-ਘੱਟ ਹੁਣ ਤਾਂ ਸਰਕਾਰ ਨੂੰ ਇਕ ਪ੍ਰੋਬੇਸ਼ਨਰ ਤੋਂ ਛੁਟਕਾਰਾ ਪਾਉਣ ਲਈ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ ਜੋ ਲੋਕਾਂ ਦੀ ਸੇਵਾ ਕਰਨ ਲਈ ਨਹੀਂ ਸਗੋਂ ਸੇਵਾ ’ਚ ਸੇਵਾ ਕਰਨ ਲਈ ਹੈ। ਮਸੂਰੀ ਸਥਿਤ ਅਕਾਦਮੀ ਨੇ ਉਸ ਨੂੰ ਵਾਪਸ ਸੱਦ ਲਿਆ ਹੈ।

ਮਹਾਰਾਸ਼ਟਰ ਆਈ. ਪੀ. ਐੱਸ. ਕੈਡਰ ਦੀ ਇਕ ਸਾਬਕਾ ਸਨਮਾਨਿਤ ਅਧਿਕਾਰੀ ਮੀਰਾਨ ਚੱਢਾ ਬੋਰਵਣਕਰ ਨੇ ਆਪਣੀਆਂ ਯਾਦਾਂ ’ਚ ਆਈ. ਪੀ. ਐੱਸ. ਦੇ ਆਪਣੇ ਬੈਚ ’ਚ ਇਕ ਦੁਸ਼ਟ ਮਾਨਸਿਕਤਾ ਵਾਲੇ ਪ੍ਰੇਬੋਸ਼ਨਰ ਦੇ ਬਾਰੇ ਲਿਖਿਆ ਹੈ। ਮੀਰਾਨ ਆਪਣੇ ਬੈਚ ’ਚ ਇਕੋ-ਇਕ ਮਹਿਲਾ ਅਧਿਕਾਰੀ ਸਨ। ਸਬੰਧਤ ਸਹਿ-ਮੁਲਾਜ਼ਮ ਨੇ ਇਕ ਸ਼ਾਮ ਉਨ੍ਹਾਂ ਦੇ ਦਰਵਾਜ਼ੇ ’ਤੇ ਦਸਤਕ ਦਿੱਤੀ ਅਤੇ ਉਨ੍ਹਾਂ ਨਾਲ ਵਿਆਹ ਦੀ ਤਜਵੀਜ਼ ਰੱਖੀ। ਉਨ੍ਹਾਂ ਨੇ ਮਾਮਲੇ ਦੀ ਸੂਚਨਾ ਇੰਚਾਰਜ ਅਧਿਕਾਰੀ ਨੂੰ ਦਿੱਤੀ ਪਰ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ, ਜਿਵੇਂ ਕਿ ਕੀਤੀ ਜਾਣੀ ਚਾਹੀਦੀ ਸੀ।

ਨਿਯਮਾਂ ’ਚ ਇਕ ਵਿਵਸਥਾ ਹੈ ਜੋ ਸਰਕਾਰ ਨੂੰ 50 ਸਾਲ ਦੀ ਉਮਰ ’ਚ ਅਤੇ ਫਿਰ 55 ਸਾਲ ਦੀ ਉਮਰ ’ਚ ਅੜੀਅਲ ਅਧਿਕਾਰੀਆਂ, ਜੇਕਰ ਉਹ ਭ੍ਰਿਸ਼ਟ ਜਾਂ ਅਸਮਰੱਥ ਸਾਬਤ ਹੁੰਦੇ ਹਨ, ਨੂੰ ਪੈਨਸ਼ਨ ਦੇਣ ਦਾ ਅਧਿਕਾਰ ਦਿੰਦੀ ਹੈ।

ਇਸ ਵਿਵਸਥਾ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਆਈ. ਏ. ਐੱਸ. ਅਤੇ ਆਈ. ਪੀ. ਐੱਸ. ’ਚ ਭ੍ਰਿਸ਼ਟਾਚਾਰ ’ਚ ਸ਼ਾਮਲ ਅਧਿਕਾਰੀਆਂ ਦਾ ਫੀਸਦੀ ਪਿਛਲੇ ਕੁਝ ਸਾਲਾਂ ’ਚ ਲਗਾਤਾਰ ਵਧਦਾ ਗਿਆ ਹੈ। ਕੁਝ ਲੋਕ ਪਿਰਾਮਿਡ ਦੇ ਸਭ ਤੋਂ ਉਪਰ ਤੱਕ ਪਹੁੰਚ ਗਏ ਹਨ? ਜਦੋਂ ਉਹ ਆਪਣੇ ਬੂਟ ਲਟਕਾਉਂਦੇ ਹਨ ਤਾਂ ਉਨ੍ਹਾਂ ਕੋਲ ਬੜਾ ਪੈਸਾ ਹੁੰਦਾ ਹੈ ਪਰ ਕੋਈ ਵੀ ਉਨ੍ਹਾਂ ਦਾ ਸਨਮਾਨ ਨਹੀਂ ਕਰਦਾ।

ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਪੰਜਾਬ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)


Rakesh

Content Editor

Related News