ਪ੍ਰਸ਼ਾਂਤ ਕਿਸ਼ੋਰ ਦਾ ਰਾਹ ਸੌਖਾ ਨਹੀਂ

Monday, Oct 07, 2024 - 04:09 PM (IST)

ਇਕ ਹੋਰ ਨਵਾਂ ਨੇਤਾ, ਇਕ ਹੋਰ ਨਵੀਂ ਪਾਰਟੀ। ਭਾਰਤੀ ਸਿਆਸਤ ’ਚ ਇਹ ਕੋਈ ਨਵੀਂ ਗੱਲ ਨਹੀਂ ਹੈ। ਅਮਰੀਕਾ ਤੇ ਯੂਰਪ ਵਾਂਗ ਭਾਰਤ ’ਚ ਨਵੇਂ ਬਣੇ ਨੇਤਾ ਪੁਰਾਣੀਆਂ ਪਾਰਟੀਆਂ ’ਚ ਆਪਣੇ ਲਈ ਥਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਸਗੋਂ ਸਾਰੀਆਂ ਪੁਰਾਣੀਆਂ ਪਾਰਟੀਆਂ ਨੂੰ ਖਾਰਿਜ ਕਰ ਕੇ ਨਵੀਂ ਪਾਰਟੀ ਬਣਾ ਲੈਂਦੇ ਹਨ। ਇਸ ਦਾ ਨਤੀਜਾ ਇਹ ਹੈ ਕਿ ਚੋਣ ਕਮਿਸ਼ਨ ’ਚ ਰਜਿਸਟਰਡ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੀ ਗਿਣਤੀ ਲਗਭਗ 60 ਤੋਂ ਉੱਪਰ ਹੋ ਗਈ ਹੈ। ਹਰ ਨਵੀਂ ਪਾਰਟੀ ਇਕ ਨਵਾਂ ਸੁਪਨਾ ਦਿਖਾਉਂਦੀ ਹੈ। ਪੁਰਾਣੀਆਂ ਪਾਰਟੀਆਂ ਨੂੰ ਹਰ ਸਮੱਸਿਆ ਲਈ ਜ਼ਿੰਮੇਵਾਰ ਦੱਸਦੀ ਹੈ ਅਤੇ ਅਖੀਰ ਉਨ੍ਹਾਂ ਹੀ ਪੁਰਾਣੀਆਂ ਪਾਰਟੀਆਂ ਨਾਲ ਗਲਵੱਕੜੀਆਂ ਪਾ ਕੇ ਸੱਤਾ ਸੁੱਖ ਦਾ ਆਨੰਦ ਮਾਣਦੀ ਹੈ।

ਬਿਹਾਰ ਦਾ ਸੁਪਨਾ : ਚੋਣਾਂ ਸੰਬੰਧੀ ਵਿਸ਼ਲੇਸ਼ਕ ਤੋਂ ਨੇਤਾ ਬਣੇ ਪ੍ਰਸ਼ਾਂਤ ਕਿਸ਼ੋਰ ਬਿਹਾਰ ’ਚ ਆਪਣੀ ਨਵੀਂ-ਨਵੇਲੀ ਪਾਰਟੀ ਨਾਲ ਸਿਆਸਤ ਦੇ ਮੈਦਾਨ ’ਚ ਉਤਰ ਆਏ ਹਨ। ‘ਜਨ ਸੁਰਾਜ ਪਾਰਟੀ’ ਦੇ ਨਾਂ ਨਾਲ ਬਣੇ ਇਸ ਸੰਗਠਨ ਨੇ ਨਵੰਬਰ ’ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਨਾਲ ਵਿਧੀਵਤ ਚੋਣ ਸਿਆਸਤ ’ਚ ਉਤਰਨ ਦਾ ਐਲਾਨ ਵੀ ਕਰ ਦਿੱਤਾ ਹੈ। ਪ੍ਰਸ਼ਾਂਤ 2 ਅਕਤੂਬਰ 2022 ਤੋਂ ਬਿਹਾਰ ’ਚ ਜਨ ਸੁਰਾਜ ਯਾਤਰਾ ਰਾਹੀਂ ਨਵੀਂ ਪਾਰਟੀ ਲਈ ਆਧਾਰ ਤਿਆਰ ਕਰਨ ’ਚ ਲੱਗੇ ਸਨ ਅਤੇ 2 ਅਕਤੂਬਰ 2024 ਨੂੰ ਨਵੀਂ ਪਾਰਟੀ ਦੀ ਨੀਂਹ ਰੱਖ ਦਿੱਤੀ। ਜਨਤਾ ਨਾਲ ਸਿੱਧੀ ਅਤੇ ਸੌਖੀ ਗੱਲਬਾਤ ਲਈ ਪ੍ਰਸ਼ਾਂਤ ਕਿਸ਼ੋਰ ਨੇ ਸਿਰਫ 3 ਮੁੱਦਿਆਂ ’ਤੇ ਆਪਣਾ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। ਸਭ ਤੋਂ ਪਹਿਲਾ ਹੈ ਸਿੱਖਿਆ ਵਿਵਸਥਾ ਨੂੰ ਸਹੀ ਕਰਨਾ। ਦੂਜਾ, ਸਾਰਿਆਂ ਲਈ ਰੋਜ਼ਗਾਰ ਦਾ ਪ੍ਰਬੰਧ ਅਤੇ ਤੀਜਾ, ਬਜ਼ੁਰਗਾਂ ਨੂੰ 2000 ਰੁਪਏ ਹਰ ਮਹੀਨੇ ਪੈਨਸ਼ਨ। ਤਿੰਨ ਹੀ ਮੁੱਦਿਆਂ ਦੇ ਅੰਦਰ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੂੰ ਸਮੇਟ ਲਿਆ ਗਿਆ। ਇਨ੍ਹਾਂ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਅਰਬਾਂ ਰੁਪਏ ਦੀ ਲੋੜ ਹੋਵੇਗੀ।

ਅਰਵਿੰਦ ਕੇਜਰੀਵਾਲ ਵਾਂਗ ਪ੍ਰਸ਼ਾਂਤ ਕਿਸ਼ੋਰ ਭ੍ਰਿਸ਼ਟਾਚਾਰ ’ਤੇ ਕੋਈ ਖਤਰਨਾਕ ਮਿਜ਼ਾਈਲ ਛੱਡਣ ਦੀ ਗੱਲ ਨਹੀਂ ਕਰਦੇ। ਸ਼ਾਇਦ ਇਸੇ ਲਈ ਕਿ ਜਨਤਾ ਦਰਮਿਆਨ ਭ੍ਰਿਸ਼ਟਾਚਾਰ ਹੁਣ ਅਜਿਹਾ ਮੁੱਦਾ ਨਹੀਂ ਹੈ ਜਿਸ ਦੇ ਹੱਲ ਲਈ ਆਸ ਮੌਜੂਦਾ ਸਿਆਸੀ ਪ੍ਰਬੰਧ ’ਚ ਕੀਤੀ ਜਾ ਸਕਦੀ ਹੋਵੇ। ਇਹ ਅਟੱਲ ਸੱਚਾਈ ਹੈ ਕਿ ਬਿਹਾਰ ’ਚ ਭ੍ਰਿਸ਼ਟਾਚਾਰ ਜਿਸ ਬੁਲੰਦੀ ’ਤੇ ਪਹੁੰਚ ਗਿਆ ਹੈ, ਉਸ ਦੀ ਤੁਲਨਾ ਕਿਸੇ ਹੋਰ ਸੂਬੇ ਨਾਲ ਨਹੀਂ ਕੀਤੀ ਜਾ ਸਕਦੀ। ਇਕੱਲੇ 2024 ’ਚ ਬਰਸਾਤ ਦੌਰਾਨ ਬਿਹਾਰ ’ਚ 12 ਤੋਂ ਵੱਧ ਛੋਟੇ ਪੁਲ ਡਿੱਗ ਗਏ। ਇਹ ਸਭ 10/15 ਸਾਲਾਂ ’ਚ ਬਣੇ ਸਨ। ਕੀ ਪੁਲਾਂ ਦੀ ਉਸਾਰੀ ’ਚ ਭ੍ਰਿਸ਼ਟਾਚਾਰ ਇਸ ਦੇ ਲਈ ਜ਼ਿੰਮੇਵਾਰ ਨਹੀਂ ਹੈ?

ਸਿਤਾਰੇ ਜ਼ਮੀਨ ’ਤੇ : ਜਨ ਸੁਰਾਜ ਪਾਰਟੀ ਦੇ ਐਲਾਨ ਲਈ ਆਯੋਜਿਤ ਸਮਾਗਮ ’ਚ 22 ਦੇਸ਼ਾਂ ਤੋਂ ਬਿਹਾਰੀ ਐੱਨ. ਆਰ. ਆਈ. ਪਟਨਾ ਪਹੁੰਚੇ। ਇਹ ਸਿਰਫ ਅਮਰੀਕਾ ਅਤੇ ਯੂਰਪ ਤੋਂ ਨਹੀਂ, ਸਗੋਂ ਸਿੰਗਾਪੁਰ, ਇੰਡੋਨੇਸ਼ੀਆ, ਓਮਾਨ ਵਰਗੇ ਦੇਸ਼ਾਂ ਤੋਂ ਵੀ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ’ਚੋਂ ਵਧੇਰੇ ਆਪਣੀਆਂ ਕੰਪਨੀਆਂ ਚਲਾਉਂਦੇ ਹਨ। ਐੱਨ. ਆਰ. ਆਈ. ਰੱਜੇ-ਪੁੱਜੇ ਹਨ, ਇਸ ਲਈ ਪਾਰਟੀ ਨੂੰ ਆਰਥਿਕ ਸਮਰਥਨ ਦੀ ਕਾਫੀ ਗੁੰਜਾਇਸ਼ ਦਿਖਾਈ ਦਿੰਦੀ ਹੈ। ਆਮ ਆਦਮੀ ਪਾਰਟੀ ਦੀ ਮਦਦ ਲਈ ਕਈ ਐੱਨ. ਆਰ. ਆਈ. ਆਪਣਾ ਕੰਮ-ਧੰਦਾ ਛੱਡ ਕੇ ਦਿੱਲੀ ’ਚ ਡੇਰਾ ਲਾ ਚੁੱਕੇ ਸਨ। ਜਨ ਸੁਰਾਜ ਪਾਰਟੀ ਦੀ ਮਦਦ ਲਈ ਵੀ ਕਈ ਨੌਜਵਾਨ ਆਪਣੀਆਂ ਸ਼ਾਨਦਾਰ ਨੌਕਰੀਆਂ ਛੱਡਣ ਲਈ ਕਾਹਲੇ ਦਿਖਾਈ ਦੇ ਰਹੇ ਹਨ। ਪਾਰਟੀ ਦਾ ਕਾਰਜਕਾਰੀ ਪ੍ਰਧਾਨ ਇਕ ਰਿਟਾਇਰਡ ਬਿਊਰੋਕ੍ਰੇਟ ਮਨੋਜ ਭਾਰਤੀ ਨੂੰ ਬਣਾਇਆ ਗਿਆ ਹੈ ਜੋ ਦਲਿਤ ਵੀ ਹਨ। ਭਾਰਤੀ ਵਿਦੇਸ਼ ਸੇਵਾ ’ਚ ਰਹਿੰਦੇ ਹੋਏ ਉਹ 4 ਦੇਸ਼ਾਂ ’ਚ ਰਾਜਦੂਤ ਵੀ ਰਹੇ ਹਨ। 2025 ਦੇ ਮਾਰਚ ’ਚ ਪਾਰਟੀ ਦੀਆਂ ਸੰਗਠਨਾਤਮਕ ਚੋਣਾਂ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਹੈ।

ਨਵੀਆਂ ਬਣਨ ਵਾਲੀਆਂ ਵਧੇਰੇ ਪਾਰਟੀਆਂ ਵਿਅਕਤੀ ਕੇਂਦਰਿਤ ਰਹੀਆਂ ਹਨ ਪਰ ਪ੍ਰਸ਼ਾਂਤ ਇਸ ਰਵਾਇਤ ਨੂੰ ਤੋੜਦੇ ਦਿਖਾਈ ਦੇ ਰਹੇ ਹਨ। ਪਾਰਟੀ ’ਚ ਰਿਟਾਇਰਡ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਦੀ ਵੀ ਸ਼ਮੂਲੀਅਤ ਹੋ ਰਹੀ ਹੈ। ਪਾਰਟੀ ਦੇ ਸੰਵਿਧਾਨ ਨੂੰ ਤਿਆਰ ਕਰਨ ਵਾਲੀ ਕਮੇਟੀ ਦਾ ਮੁਖੀ ਸਾਬਕਾ ਪੁਲਸ ਅਧਿਕਾਰੀ (ਆਈ. ਪੀ. ਐੱਸ.) ਆਰ. ਕੇ. ਮਿਸ਼ਰਾ ਨੂੰ ਬਣਾਇਆ ਗਿਆ ਹੈ। ਇਹ ਵੀ ਤੈਅ ਕੀਤਾ ਗਿਆ ਹੈ ਕਿ ਜੇਕਰ ਕੋਈ ਚੁਣਿਆ ਹੋਇਆ ਪਾਰਟੀ ਅਹੁਦੇਦਾਰ ਕਸੌਟੀ ’ਤੇ ਖਰਾ ਨਹੀ ਉਤਰਦਾ ਤਾਂ ਵਰਕਰਾਂ ਨੂੰ ਉਸ ਨੂੰ ਵਾਪਸ ਸੱਦਣ ਦਾ ਅਧਿਕਾਰ (ਰਾਈਟ ਟੂ ਰੀਕਾਲ) ਵੀ ਹੋਵੇਗਾ। ਸਾਬਕਾ ਆਈ. ਪੀ. ਐੱਸ. ਅਰਵਿੰਦ ਸਿੰਘ, ਸਾਬਕਾ ਆਈ. ਏ. ਐੱਸ. ਅਤੇ ਸਾਬਕਾ ਰਾਜ ਸਭਾ ਮੈਂਬਰ ਪਵਨ ਵਰਮਾ, ਸਾਬਕਾ ਸੰਸਦ ਮੈਂਬਰ ਸੀਤਾਰਾਮ ਯਾਦਵ ਅਤੇ ਕਈ ਹੋਰ ਸ਼ਖਸੀਅਤਾਂ ਵੀ ਸੰਮੇਲਨ ’ਚ ਸ਼ਾਮਲ ਸਨ। ਦਿੱਲੀ ’ਚ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੇ ਰੰਗ ਪਹਿਲਾਂ ਹੀ ਦਿਖਾ ਚੁੱਕੀ ਹੈ ਪਰ ਬਿਹਾਰ ’ਚ ਸਭ ਨਵਾਂ ਹੈ।

ਨਫਾ-ਨੁਕਸਾਨ : ਪ੍ਰਸ਼ਾਂਤ ਕਿਸ਼ੋਰ ’ਤੇ ਹੁਣ ਇਕ ਵੱਡਾ ਦੋਸ਼ ਇਹ ਲੱਗ ਰਿਹਾ ਹੈ ਕਿ ਉਹ ਭਾਜਪਾ, ਆਰ. ਐੱਸ. ਐੱਸ. ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਰਮੀ ਵਰਤ ਰਹੇ ਹਨ ਜਦਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੇ ਵਿਰੁੱਧ ਸਖਤ ਰੁਖ ਅਪਣਾ ਰਹੇ ਹਨ। ਪਾਰਟੀ ਸੰਮੇਲਨ ’ਚ ਪ੍ਰਸ਼ਾਂਤ ਨੇ ਨਿਤੀਸ਼ ਅਤੇ ਤੇਜਸਵੀ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਪਰ ਮੋਦੀ ’ਤੇ ਕੋਈ ਵੱਡਾ ਦੋਸ਼ ਨਹੀਂ ਲਾਇਆ।

ਬਿਹਾਰ ਦੀ ਬਦਹਾਲੀ ਲਈ ਉਨ੍ਹਾਂ ਨੇ ਨਿਤੀਸ਼ ਅਤੇ ਤੇਜਸਵੀ ਨੂੰ ਜ਼ਿੰਮੇਵਾਰ ਠਹਿਰਾਇਆ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦੀ ਪਾਰਟੀ ’ਚ ਆਰ. ਐੱਸ. ਐੱਸ. ਅਤੇ ਘੱਟਗਿਣੀ ਦੋਵੇਂ ਹਨ। ਦੋਸ਼ ਲਾਇਆ ਜਾ ਰਿਹਾ ਹੈ ਕਿ ਪ੍ਰਸ਼ਾਂਤ ਅਸਲ ’ਚ ਭਾਜਪਾ ਦਾ ਮੁਖੌਟਾ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਤੀ ਨਰਮੀ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਉਹ ਮੋਦੀ ਦੇ ਸਮਰਥਕ ਵੋਟਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਪ੍ਰਧਾਨ ਮੰਤਰੀ ਮੋਦੀ ’ਤੇ ਉਨ੍ਹਾਂ ਨੇ ਇਕ ਅਪ੍ਰਤੱਖ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਹਾਰ ’ਚ 100 ਰੁਪਏ ਜਮ੍ਹਾ ਹੁੰਦੇ ਹਨ ਤਾਂ ਉਸ ’ਚੋਂ 60 ਰੁਪਏ ਗੁਜਰਾਤ ਚਲੇ ਜਾਂਦੇ ਹਨ ਅਤੇ ਬਿਹਾਰ ’ਚ ਸਿਰਫ 40 ਰੁਪਏ ਬਚਦੇ ਹਨ ਪਰ ਗੁਜਰਾਤ ’ਚ 100 ਰੁਪਏ ਜਮ੍ਹਾ ਹੁੰਦੇ ਹਨ ਤਾਂ 90 ਰੁਪਏ ਉਥੇ ਹੀ ਖਰਚ ਹੁੰਦੇ ਹਨ ਅਤੇ ਸਿਰਫ 10 ਰੁਪਏ ਬਾਹਰ ਜਾਂਦੇ ਹਨ। ਇਸ ਲਈ ਗੁਜਰਾਤ ਦਾ ਵਿਕਾਸ ਹੁੰਦਾ ਹੈ ਅਤੇ ਬਿਹਾਰ ਪੱਛੜਿਆ ਹੀ ਰਹਿ ਜਾਂਦਾ ਹੈ।

ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਜੇਕਰ ਵੋਟਰਾਂ ਦੇ ਰੁਝਾਨ ਨੂੰ ਰਾਜਦ ਵੱਲ ਜਾਣ ਤੋਂ ਰੋਕਦੀ ਹੈ ਤਾਂ ਉਸ ਦਾ ਫਾਇਦਾ ਨਿਤੀਸ਼ ਅਤੇ ਭਾਜਪਾ ਨੂੰ ਮਿਲ ਸਕਦਾ ਹੈ। ਪ੍ਰਸ਼ਾਂਤ ਕਿਸ਼ੋਰ ਦਾ ਰਸਤਾ ਆਸਾਨ ਨਹੀਂ ਹੈ। ਜਾਤੀ ’ਚ ਵੰਡੇ ਬਿਹਾਰ ਨੂੰ ਵਿਕਾਸ ਲਈ ਗੋਲਬੰਦ ਕਰਨਾ ਔਖਾ ਕੰਮ ਹੈ।

-ਸ਼ੈਲੇਸ਼ ਕੁਮਾਰ


Tanu

Content Editor

Related News