ਗੋਆ ’ਚ ਚੋਣ ਜੰਗ ਲਈ ਪਾਰਟੀਆਂ ਨੇ ਲੱਕ ਬੰਨਿਆ

11/09/2021 3:39:14 AM

ਕਲਿਆਣੀ ਸ਼ੰਕਰ
ਛੋਟੇ ਜਿਹੇ ਸੂਬੇ ਗੋਆ ’ਚ ਵਿਧਾਨ ਸਭਾ ਚੋਣਾਂ ਦੇ ਲਈ ਯੁੱਧ ਰੇਖਾਵਾਂ ਖਿੱਚੀਆਂ ਗਈਆਂ ਹਨ। ਇਥੇ ਅਗਲੇ ਸਾਲ ਦੇ ਸ਼ੁਰੂ ’ਚ ਚੋਣਾਂ ਹੋਣੀਆਂ ਹਨ। ਚੋਣ ਦ੍ਰਿਸ਼ ਭੀੜ-ਭੜੱਕੇ ਵਾਲਾ ਹੋਣ ਦੀ ਸੰਭਾਵਨਾ ਹੈ। ਇਥੇ ਘੱਟੋ-ਘੱਟ 8 ਪਾਰਟੀਆਂ ਚੋਣ ਲੜ ਰਹੀਆਂ ਹਨ। ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਰਗੀਆਂ ਕੁਝ ਬਾਹਰੀ ਮੁਕਾਬਲੇਬਾਜ਼ ਪਾਰਟੀਆਂ ਚੋਣ ਮੈਦਾਨ ’ਚ ਹਨ। ਇਸ ਬਹੁਕੋਣੀ ਮੁਕਾਬਲੇ ਦਾ ਨਤੀਜਾ ਟੁੱਟਵਾਂ ਹੋਵੇਗਾ ਕਿਉਂਕਿ ਕੋਈ ਵੀ ਪਾਰਟੀ ਬਹੁਮਤ ਹਾਸਲ ਕਰਨ ਦੀ ਹਾਲਤ ’ਚ ਨਹੀਂ ਹੋਵੇਗੀ।

ਕਿਉਂ ਤ੍ਰਿਣਮੂਲ ਕਾਂਗਰਸ ਅਤੇ ‘ਆਪ’ ਵਰਗੀਆਂ ਖੇਤਰੀ ਪਾਰਟੀਆਂ ਦੀ ਨਜ਼ਰ ਗੋਆ ’ਤੇ ਹੈ? ਪਹਿਲਾਂ ਐੱਨ.ਸੀ.ਪੀ., ‘ਆਪ’ ਅਤੇ ਤ੍ਰਿਣਮੂਲ ਸਮੇਤ ਪਾਰਟੀਆਂ ਦੀਆਂ ਕੌਮੀ ਇੱਛਾਵਾਂ ਹਨ ਪਰ ਸੰਵਿਧਾਨਕ ਤੌਰ ’ਤੇ ਇਕ ਕੌਮੀ ਪਾਰਟੀ ਵਜੋਂ ਪਛਾਣੇ ਜਾਣ ਲਈ ਕਿਸੇ ਪਾਰਟੀ ਦੀ ਚਾਰ ਸੂਬਿਆਂ ਤੋਂ ਲੋਕ ਸਭਾ ’ਚ ਘੱਟੋ-ਘੱਟ 2 ਫੀਸਦੀ ਪ੍ਰਤੀਨਿਧਤਾ ਹੋਵੇ। ਘੱਟੋ-ਘੱਟ ਚਾਰ ਸੂਬਿਆਂ ’ਚ ਵਿਧਾਨ ਸਭਾਵਾਂ ਅਤੇ ਲੋਕ ਸਭਾ ’ਚ 6 ਫੀਸਦੀ ਵੋਟਾਂ ਪਈਆਂ ਹੋਣ, ਨਾਲ ਹੀ ਕਿਸੇ ਵੀ ਸੂਬੇ ’ਚ ਘੱਟੋ-ਘੱਟ 4 ਸੰਸਦ ਮੈਂਬਰ ਹੋਣ।

ਦੂਜੀ ਗੱਲ ਭਾਵੇਂ ਗੋਆ ਸਭ ਤੋਂ ਛੋਟਾ ਸੂਬਾ ਹੈ ਜਿਸ ਦੀਆਂ ਸਿਰਫ 2 ਲੋਕ ਸਭਾ ਸੀਟਾਂ ਅਤੇ 40 ਮੈਂਬਰੀ ਵਿਧਾਨ ਸਭਾ ਹੈ ਪਰ ਇਹ ਸੰਸਦ ’ਚ ਕਿਸੇ ਵੀ ਪਾਰਟੀ ਦੇ ਲਈ ਅਹਿਮ ਗਿਣਤੀ ਨਹੀਂ ਜੋੜ ਸਕਦਾ ਪਰ ਵੋਟਾਂ ਦੀ ਭਾਈਵਾਲੀ ਅਰਥ ਰੱਖਦੀ ਹੈ।

ਤੀਜੀ ਗੱਲ ਗੋਆ ਵਰਗੇ ਛੋਟੇ ਜਿਹੇ ਚੋਣ ਖੇਤਰ ਨੂੰ ਚੋਣਾਂ ਲਈ ਵਧੇਰੇ ਸੋਮਿਆਂ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਵਧੇਰੇ ਗੋਆ ਵਾਸੀਆਂ ਲਈ ਭਾਸ਼ਾ ਕੋਈ ਰੁਕਾਵਟ ਨਹੀਂ ਹੈ। ਉਹ ਅੰਗਰੇਜ਼ੀ ਬੋਲ ਲੈਂਦੇ ਹਨ।

ਚੌਥੀ ਗੱਲ ਜਿਹੜੇ ਵਿਅਕਤੀ ਮਮਤਾ ਬੈਨਰਜੀ ਜਾਂ ਕੇਜਰੀਵਾਲ ਜਾਂ ਇਥੋਂ ਤਕ ਕਿ ਸ਼ਰਦ ਪਵਾਰ ਵਾਂਗ ਵਾਧੇ ਨੂੰ ਮੁੱਖ ਰੱਖਦਿਆਂ ਗੋਆ ਜਾ ਰਹੇ ਹਨ, ਉਨ੍ਹਾਂ ਅੰਦਰ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਹੈ। ਇਸ ਲਈ ਹੋਰ ਪਾਰਟੀਆਂ ਇਕ ਮੌਕਾ ਦੇਖ ਰਹੀਆਂ ਹਨ। ਕਾਂਗਰਸ ਅਤੇ ਭਾਜਪਾ ਦੋ ਪ੍ਰਮੁੱਖ ਪਾਰਟੀਆਂ ਹਨ ਅਤੇ ਤੀਜੀ ਪਾਰਟੀ ਕੋਲ ਇਕ ਬਦਲ ਵਜੋਂ ਉੱਭਰਨ ਦਾ ਮੌਕਾ ਹੈ।

ਚੋਣਾਂ ਕਾਫੀ ਗੁੰਝਲਦਾਰ ਹੋਣਗੀਆਂ। ਇਸ ’ਚ ਚੌਗਿਰਦੇ ਤੋਂ ਲੈ ਕੇ ਖਨਨ ਅਤੇ ਕੋਵਿਡ ਨਾਲ ਨਜਿੱਠਣ ਵਰਗੇ ਮਾਮਲੇ ਸ਼ਾਮਲ ਹੋਣਗੇ। ਅਜੇ ਤਕ ਕਿਸੇ ਵੀ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ।

ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਨੇਤਾ ਪਹਿਲਾਂ ਹੀ ਹਾਈ-ਪ੍ਰੋਫਾਈਲ ਪ੍ਰਚਾਰ ਮੁਹਿੰਮ ਸ਼ੁਰੂ ਕਰ ਚੁੱਕੇ ਹਨ। ਗੋਆ ਫਾਰਵਰਡ ਪਾਰਟੀ (ਜੀ.ਐੱਫ.ਪੀ.) ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ.ਜੀ.ਪੀ.) ਨੇ ਵੀ ਯਤਨ ਸ਼ੁਰੂ ਕਰ ਦਿੱਤੇ ਹਨ।

ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਮੰਗੇਗੀ। ਜਿਥੋਂ ਤਕ ਕਾਂਗਰਸ ਦੀ ਗੱਲ ਹੈ ਸਾਬਕਾ ਮੁੱਖ ਮੰਤਰੀ ਲੁਈਜਿਨਹੋ ਫਲੇਰੋ ਦੇ ਤ੍ਰਿਣਮੂਲ ਕਾਂਗਰਸ ਜਾਣ ਨਾਲ ਉਸ ਨੂੰ ਝਟਕਾ ਲੱਗਾ ਹੈ। ਪਾਰਟੀ ਹੁਣ 17 ਵਿਧਾਇਕਾਂ ’ਚੋਂ 4 ਵਿਧਾਇਕਾਂ ਤਕ ਹੇਠਾਂ ਚਲੀ ਗਈ ਹੈ। ਜਿਨ੍ਹਾਂ ’ਚੋਂ 3 ਗੋਆ ਦੇ ਸਾਬਕਾ ਉਪ ਮੁੱਖ ਮੰਤਰੀ ਹਨ। ਇਹ ਸਭ ਚੱਲੇ ਹੋਏ ਕਾਰਤੂਸ ਹਨ।

ਤ੍ਰਿਣਮੂਲ ਕਾਂਗਰਸ ਦੀ ਗੋਆ ’ਚ ਪਸਾਰ ਦੀ ਵੱਡੀ ਇੱਛਾ ਹੈ। ਇਸ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੂਬੇ ਦਾ ਦੌਰਾ ਕਰ ਕੇ ਪਹਿਲਾਂ ਹੀ ਆਪਣਾ ਪ੍ਰਚਾਰ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਜ਼ਮੀਨੀ ਕੰਮ ਕਰ ਰਹੇ ਹਨ।

ਤ੍ਰਿਣਮੂਲ ਕਾਂਗਰਸ ਸਮੇਤ ਪਿਛਲੇ ਕੁਝ ਹਫਤਿਆਂ ’ਚ ਕਈ ਆਗੂਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ’ਚ ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਐਲਵਿਸ ਗੋਮਸ, ਗੋਆ ’ਚ ‘ਆਪ’ ਦੇ ਸਾਬਕਾ ਕਨਵੀਨਰ ਅਤੇ ਪੱਛਮੀ ਬੰਗਾਲ ਦੇ ਸਾਬਕਾ ਫੁਟਬਾਲਰ ਏਲਵੀਟੋ ਡੀ-ਚੁਨਹਾ, ਲਿਏਂਡਰ ਪੇਸ ਵਰਗੇ ਟੈਨਿਸ ਸਟਾਰ ਅਤੇ ਸਾਬਕਾ ਕਾਂਗਰਸੀ ਨੇਤਾ ਨਫੀਸਾ ਅਲੀ ਸ਼ਾਮਲ ਹਨ। ਤ੍ਰਿਣਮੂਲ ਕਾਂਗਰਸ ਅਤੇ ‘ਆਪ’ ਸਿਰਫ ਕਾਂਗਰਸ ਦੀਆਂ ਧਰਮ ਨਿਰਪੱਖ ਵੋਟਾਂ ’ਚ ਸੰਨ੍ਹ ਲਾਉਣਗੇ।

‘ਆਪ’ ਦੀਆਂ ਵੀ ਵਰਣਨਯੋਗ ਸਿਆਸੀ ਇੱਛਾਵਾਂ ਹਨ। ਪਾਰਟੀ ਇਥੇ ਕਈ ਤਰ੍ਹਾਂ ਦੇ ਲਾਲਚ ਪੇਸ਼ ਕਰ ਰਹੀ ਹੈ ਜਿਵੇਂ ਕਿ ਇਕ ਮਹੀਨੇ ’ਚ 300 ਯੂਨਿਟ ਤਕ ਮੁਫਤ ਬਿਜਲੀ, ਪ੍ਰਾਈਵੇਟ ਨੌਕਰੀਆਂ ’ਚ ਸਥਾਨਕ ਲੋਕਾਂ ਨੂੰ 80 ਫੀਸਦੀ ਰਿਜ਼ਰਵੇਸ਼ਨ ਅਤੇ ਸੈਰ-ਸਪਾਟਾ ਅਤੇ ਖਨਨ ਖੇਤਰਾਂ ਦੇ ਲਈ ਰੁਜ਼ਗਾਰ ਭੱਤਾ ਸ਼ਾਮਲ ਹਨ।

ਕੇਜਰੀਵਾਲ ਐੱਮ.ਜੀ.ਪੀ. ਦੇ ਵਿਧਾਇਕ ਰਾਮ ਕ੍ਰਿਸ਼ਣਨ ਉਰਫ ਸੁੰਦਿਨ ਧਾਵਾਲਿਕਰ ਨੂੰ ਆਪਣੇ ਕੈਂਪ ’ਚ ਲਿਆਉਣ ਦਾ ਯਤਨ ਕਰ ਰਹੇ ਹਨ। ਐੱਮ.ਜੀ.ਪੀ. ਕਿਸੇ ਸਮੇਂ ਗੋਆ ਦੀ ਸੱਤਾਧਾਰੀ ਪਾਰਟੀ ਸੀ। ਭਾਜਪਾ ਉਸ ਰਾਹੀਂ ਗੋਆ ਦੀ ਸਿਆਸਤ ’ਚ ਆਈ ਸੀ ਪਰ ਹੁਣ ਭਾਜਪਾ ਵਲੋਂ ਐੱਮ.ਜੀ.ਪੀ. ’ਚ ਸੰਨ੍ਹ ਲਾਏ ਜਾਣ ਪਿਛੋਂ ਪਾਰਟੀ ਨੇ ਭਾਜਪਾ ਨਾਲੋਂ ਗਠਜੋੜ ਤੋੜ ਲਿਆ ਹੈ।

ਆਉਣ ਵਾਲੀਆਂ ਅਸੈਂਬਲੀ ਚੋਣਾਂ ਸੱਤਾ ਵਿਰੋਧੀ ਲਹਿਰ ਕਾਰਨ ਭਾਜਪਾ ਲਈ ਸੌਖੀਆਂ ਨਹੀਂ ਹੋਣਗੀਆਂ। ਵਿਰੋਧੀ ਧਿਰ ’ਚ ਫੁਟ ਸ਼ਾਇਦ ਭਾਜਪਾ ਲਈ ਹਾਲਾਤ ਨੂੰ ਸੌਖਾ ਕਰ ਦੇਵੇਗੀ। ਭ੍ਰਿਸ਼ਟਾਚਾਰ ਅਤੇ ਸੱਤਾ ਵਿਰੋਧੀ ਲਹਿਰ 2 ਪ੍ਰਮੁੱਖ ਕਾਰਕ ਹਨ।

‘ਆਪ’ ਦਾ ਮੁਕਾਬਲਾ ਕਰਦੇ ਹੋਏ ਭਾਜਪਾ ਨੇ ਵੀ ਹਰ ਘਰ ਨੂੰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ ਹੈ। ਇਸ ਨੇ 10,000 ਨਵੀਆਂ ਸਰਕਾਰੀ ਨੌਕਰੀਆਂ ਦਾ ਵੀ ਵਾਅਦਾ ਕੀਤਾ ਹੈ। ‘ਸਰਕਾਰ ਤੁਮਚਯਾ ਦਾਰੀ’ ਭਾਵ ਸਰਕਾਰ ਤੁਹਾਡੇ ਦੁਆਰ ’ਤੇ ਨਾਂ ਦਾ ਇਕ ਨਵਾਂ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਚਰਚ ਵੀ ਇਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਜਿਸ ’ਚ ਸਥਾਨਕ ਪੱਲੀਆਂ ਕਾਫੀ ਪ੍ਰਭਾਵ ਰੱਖਦੀਆਂ ਹਨ। ਭਾਜਪਾ ਦੇ ਲਗਭਗ ਅੱਧੇ ਵਿਧਾਇਕ ਈਸਾਈ ਹਨ। ਭਾਜਪਾ ਇਹ ਦਿਖਾਉਣ ਲਈ ਆਪਣਾ ਗੋਆ ਦਾ ਤਜਰਬਾ ਜਾਰੀ ਰੱਖਣ ਲਈ ਉਤਾਵਲੀ ਹੈ ਕਿ ਉਹ ਘੱਟਗਿਣਤੀ ਵਿਰੋਧੀ ਪਾਰਟੀ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਕੁਝ ਦਿਨ ਪਹਿਲਾਂ ਰੋਮ ਗਏ ਸਨ ਤਾਂ ਉਨ੍ਹਾਂ ਪੋਪ ਨੂੰ ਗਲੇ ਲਾਇਆ ਸੀ। ਨਾਲ ਹੀ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਸੀ। ਭਾਜਪਾ ਦੀ ਗੋਆ ਨੂੰ ਜਿੱਤਣ ਦੀ ਯੋਜਨਾ ਦਾ ਹੀ ਇਕ ਹਿੱਸਾ ਹੈ।

ਭਾਜਪਾ ਸ਼ਿਵ ਸੈਨਾ ਅਤੇ ਰੈਵੋਲਿਊਸ਼ਨਰੀ ਗੋਵੰਸ, ਇਕ ਨਵੀਂ ਪਾਰਟੀ ਜੋ ਨੌਜਵਾਨਾਂ ਨੂੰ ਖਿੱਚਣ ਦਾ ਕੰਮ ਕਰ ਰਹੀ ਹੈ, ਕਾਰਨ ਚਿੰਤਤ ਹੈ। ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਸ਼ਿਵ ਸੈਨਾਂ ਦੀਆਂ 22 ਹਿੰਦੂ ਬਹੁਗਿਣਤੀ ਵਾਲੀਆਂ ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਹੈ। ਚੋਣਾਂ ਲਈ ਗਠਜੋੜ ਕਰਨ ਦਾ ਕੰਮ ਜਾਰੀ ਹੈ। ਆਖਰੀ ਤਸਵੀਰ ਚੋਣਾਂ ਦੇ ਨੇੜੇ ਸਪੱਸ਼ਟ ਹੋਵੇਗੀ। ਜੇ ਕਿਸੇ ਇਕ ਪਾਰਟੀ ਨੂੰ ਸੂਬੇ ਦੇ ਲੋਕਾਂ ਨੇ ਬਹੁਮਤ ਨਾਲ ਵੋਟ ਨਾ ਦਿੱਤੀ ਤਾਂ ਗੋਆ ਲਈ ਗਠਜੋੜ ਸਰਕਾਰ ਹੀ ਇਕੋ-ਇਕ ਬਦਲ ਹੋਵੇਗਾ। ਚੋਣਾਂ ਤੋਂ ਬਾਅਦ ਦਾ ਦ੍ਰਿਸ਼ ਕਾਫੀ ਅਹਿਮ ਹੋਵੇਗਾ। ਉਦੋਂ ਸਭ ਖਿਡਾਰੀਆਂ ਲਈ ਹਰ ਤਰ੍ਹਾਂ ਦੇ ਬਦਲ ਖੁੱਲ੍ਹੇ ਹੋਣਗੇ। ਫਿਰ ‘ਆਇਆ ਰਾਮ,       ਗਿਆ ਰਾਮ’ ਦੀ ਸਿਆਸਤ ਸ਼ੁਰੂ ਹੋਵੇਗੀ। ਛੋਟੇ ਸੂਬਿਆਂ ਨੂੰ ਉਨ੍ਹਾਂ ਦੀ ਸਿਆਸੀ ਅਸਥਿਰਤਾ ਅਤੇ ਦਲ ਬਦਲ ਦੀ ਸਿਆਸਤ ਲਈ ਜਾਣਿਆ ਜਾਂਦਾ ਹੈ।


Bharat Thapa

Content Editor

Related News