ਸੰਸਕਾਰ ਵਿਹੂਣੀ ਨਵੀਂ ਨੌਜਵਾਨ ਪੀੜ੍ਹੀ

06/15/2021 8:42:00 PM

ਸ਼ਾਂਤਾ ਕੁਮਾਰ
ਰੋਜ਼ਾਨਾ ਸਵੇਰੇ ਅਖਬਾਰ ਪੜ੍ਹੇ ਬਿਨਾਂ ਵੀ ਰਿਹਾ ਨਹੀਂ ਜਾ ਸਕਦਾ ਪਰ ਪੜ੍ਹਨ ਤੋਂ ਬਾਅਦ ਮਨ ਬਹੁਤ ਦੁੱਖੀ ਹੋ ਜਾਂਦਾ ਹੈ। ਕੁੱਝ ਖਬਰਾਂ 'ਚ ਤਾਂ ਸ਼ਰਮ ਨਾਲ ਸਿਰ ਹੀ ਝੁਕ ਜਾਂਦਾ ਹੈ। ਸਭ ਤੋਂ ਵਧ ਖਬਰਾਂ ਅਪਰਾਧ ਦੀਆਂ ਅਤੇ ਉਹ ਵੀ ਭਿਆਨਕ ਦਿਲ ਕੰਬਾ ਦੇਣ ਵਾਲੀਆਂ ਪੜ੍ਹਨ ਨੂੰ ਮਿਲਦੀਆਂ ਹਨ। 
ਉਸ ਤੋਂ ਬਾਅਦ ਵਧ ਖਬਰਾਂ ਭ੍ਰਿਸ਼ਟਾਚਾਰ ਦੀਆਂ ਹੁੰਦੀਆਂ ਹਨ ਜਾਂ ਫਿਰ ਨੇਤਾਵਾਂ ਦੇ ਉਹ ਐਲਾਨ ਹੁੰਦੇ ਹਨ ਜੋ ਬਹੁਤ ਘੱਟ ਪੂਰੇ ਹੁੰਦੇ ਹਨ। ਇਹ ਸੋਚ ਕੇ ਦੁਖ ਵੀ ਹੁੰਦਾ ਹੈ ਅਤੇ ਹੈਰਾਨੀ ਵੀ ਹੁੰਦੀ ਹੈ। ਸੱਚਾਈ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਇਸ ਦੇਸ਼ ਦੇ ਨੇਤਾਵਾਂ ਨੇ ਜਿੰਨੇ ਵੀ ਐਲਾਨ ਕੀਤੇ ਹਨ ਜੇਕਰ ਉਨ੍ਹਾਂ 'ਚੋਂ 25 ਫੀਸਦੀ ਵੀ ਪੂਰੇ ਹੋ ਗਏ ਹੁੰਦੇ ਤਾਂ ਅੱਜ ਭਾਰਤ ਸਵਰਗ ਬਣ ਗਿਆ ਹੁੰਦਾ। 
ਦੇਸ਼ 'ਚ ਹਰ ਕਿਸਮ ਦੀਆਂ ਯੋਜਨਾਵਾਂ ਹੋਣ ਤੋਂ ਬਾਅਦ ਵੀ ਅਪਰਾਧ ਰੋਜ਼ਾਨਾ ਵਧ ਰਹੇ ਹਨ। ਸਭ ਤੋਂ ਵਧ ਅਪਰਾਧ ਬੱਚਿਆਂ ਦੇ ਵਿਰੁੱਧ ਅਤੇ ਉਸ ਤੋਂ ਵੀ ਵਧ ਲੜਕੀਆਂ ਦੀ ਜਿਣਸੀ ਸ਼ੋਸ਼ਣ, ਜਬਰ-ਜ਼ਨਾਹ ਅਤੇ ਹੱਤਿਆ। ਜ਼ਿਆਦਾਤਰ ਜਬਰ-ਜ਼ਨਾਹ ਨੇੜੇ ਦੇ ਜਾਣਨ ਵਾਲੇ ਲੋਕ ਕਰਦੇ ਹਨ ਅਤੇ ਹੁਣ ਤਾਂ ਕਦੇ-ਕਦੇ ਨਸ਼ੇ ਦੇ ਪਾਗਲਪਨ 'ਚ ਪਿਤਾ ਵੀ ਭੈੜੇ ਕੰਮ ਕਰਨ ਲੱਗੇ ਹਨ। 
ਭਾਰਤੀ ਇਤਿਹਾਸ 'ਚ ਨਾ ਤਾਂ ਜਬਰ-ਜ਼ਨਾਹ ਸ਼ਬਦ ਮਿਲਦਾ ਹੈ ਅਤੇ ਨਾ ਹੀ ਜਬਰ-ਜ਼ਨਾਹ ਦੀਆਂ ਘਟਨਾਵਾਂ ਦਾ ਵਰਣਨ ਮਿਲਦਾ ਹੈ। ਦ੍ਰੋਪਦੀ ਦਾ ਸਿਰਫ ਚੀਰਹਰਣ ਹੋਇਆ ਸੀ। ਕਿਸੇ ਨੇ ਉਸ ਦਾ ਕਿਸੇ ਵੀ ਤਰ੍ਹਾਂ ਸ਼ੋਸ਼ਣ ਨਹੀਂ ਕੀਤਾ ਪਰ ਉਸੇ ਦੇ ਕਾਰਨ ਭਾਰਤ ਦੇ ਇਤਿਹਾਸ ਦੀ ਇਕ ਬਹੁਤ ਵੱਡੀ ਜੰਗ ਮਹਾਭਾਰਤ ਹੋਈ ਸੀ। 
ਅੱਜ ਚੀਰਹਰਣ ਹੀ ਨਹੀਂ ਧੀਆਂ ਦਾ ਸਭ ਕੁਝ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਦਿੱਲੀ 'ਚ ਨਿਰਭਯਾ ਕਾਂਡ ਹੋਇਆ ਸੀ। ਦੇਸ਼ ਦੀ ਪੂਰੀ ਜਵਾਨੀ ਸੜਕਾਂ 'ਤੇ ਆ ਗਈ ਸੀ। ਸ਼ਾਇਦ ਇਸ ਤਰ੍ਹਾਂ ਦੀ ਨੌਜਵਾਨ ਸ਼ਕਤੀ ਦਾ ਪ੍ਰਦਰਸ਼ਨ ਪਹਿਲੀ ਵਾਰ ਹੋਇਆ ਸੀ। ਸਰਕਾਰ ਵੀ ਹਿੱਲ ਗਈ, ਵਰਮਾ ਕਮੇਟੀ ਬਣੀ। ਕਾਨੂੰਨ ਬਦਲਿਆ ਗਿਆ ਅਤੇ ਜਬਰ-ਜ਼ਨਾਹ 'ਤੇ ਫਾਂਸੀ ਦੇਣ ਦੀ ਵਿਵਸਥਾ ਕੀਤੀ। ਇਹ ਹੈਰਾਨੀ ਅਤੇ ਸ਼ਰਮ ਦੀ ਗੱਲ ਹੈ ਕਿ ਇਸ ਸਭ ਤੋਂ ਬਾਅਦ ਵੀ ਜਬਰ-ਜ਼ਨਾਹ ਵੱਧਦੇ ਜਾ ਰਹੇ ਹਨ। 
ਬੱਚਿਆਂ ਦੇ ਵਿਰੁੱਧ ਅਪਰਾਧਾਂ ਦੀ ਗਿਣਤੀ ਭਾਰਤ ਦੇ ਕ੍ਰਾਈਮ ਬਿਊਰੋ ਦੇ ਅਨੁਸਾਰ 2014 'ਚ 89,423 ਸੀ। ਇਕ ਸਾਲ ਬਾਅਦ 94 ਹਜ਼ਾਰ ਹੋ ਗਈ ਅਤੇ 2016 'ਚ 1 ਲੱਖ 70 ਹਜ਼ਾਰ ਹੋ ਗਈ। ਉਸੇ ਸਾਲ 1700 ਬੱਚਿਆਂ ਦੀ ਹੱਤਿਆ ਕੀਤੀ ਗਈ। 800 ਬੱਚੇ ਗੁੰਮ ਹੋ ਗਏ। ਪ੍ਰਯਾਸ ਸੰਸਥਾ ਦੇ ਸ਼੍ਰੀ ਅਮੋਘ ਕਾਵਥ ਦੇ ਅਨੁਸਾਰ 52 ਫੀਸਦੀ ਬੱਚੇ ਜਿਣਸੀ ਸ਼ੋਸ਼ਣ ਦੇ ਸ਼ਿਕਾਰ ਹੁੰਦੇ ਹਨ। 2016 'ਚ 56300 ਬੱਚਿਆਂ ਨੂੰ ਅਗਵਾ ਕੀਤਾ ਗਿਆ। 
16695 ਲੜਕੀਆਂ ਨੂੰ ਵਿਵਾਹ ਕਰਨ ਦੇ ਲਈ ਮਜਬੂਰ ਕਰਕੇ ਅਗਵਾ ਕੀਤਾ ਗਿਆ। ਕ੍ਰਾਈਮ ਬਿਊਰੋ ਦੇ ਅਨੁਸਾਰ 2014 ਤੋਂ 2016 ਤਕ ਦੇਸ਼ 'ਚ ਜਬਰ-ਜ਼ਨਾਹਾਂ ਦੀ ਗਿਣਤੀ 13667 ਤੋਂ ਵਧ ਕੇ 36522 ਹੋ ਗਈ। ਇਕ ਦੁੱਖ ਦਾ ਵਿਸ਼ਾ ਇਹ ਹੈ ਕਿ ਇਨ੍ਹਾਂ ਅਪਰਾਧਾਂ 'ਚ ਫੜੇ ਗਏ ਅਪਰਾਧੀਆਂ 'ਚੋਂ ਸਿਰਫ 30 ਫੀਸਦੀ ਨੂੰ ਸਜ਼ਾ ਹੁੰਦੀ ਹੈ ਅਤੇ 70 ਫੀਸਦੀ ਛੁੱਟ ਜਾਂਦੇ ਹਨ। ਕਾਨੂੰਨ ਨੂੰ ਸਖਤ ਕਰਕੇ ਫਾਂਸੀ ਦੀ ਵਿਵਸਥਾ ਕਰਨ ਤੋਂ ਬਾਅਦ ਇਹੀ ਫਰਕ ਪਿਆ ਹੈ ਕਿ ਹੁਣ ਜਬਰ-ਜ਼ਨਾਹ ਤੋਂ ਬਾਅਦ ਪੀੜਤਾ ਦੀ ਹੱਤਿਆ ਵੀ ਕਰ ਦਿੱਤੀ ਜਾਂਦੀ ਹੈ। 
ਭੌਤਿਕਵਾਦੀ ਸੋਚ ਦੇ ਪ੍ਰ੍ਭਾਵ ਦੇ ਕਾਰਨ ਪੈਸੇ ਅਤੇ ਜਾਇਦਾਦ ਦਾ ਪਾਗਲਪਨ ਇੰਨਾ ਵਧ ਗਿਆ ਹੈ ਕਿ ਕਈ ਥਾਂ ਪਿਓ-ਪੁੱਤ ਦੀ ਹੱਤਿਆ ਕਰ ਰਿਹਾ ਹੈ। ਬੇਰੋਜ਼ਗਾਰੀ ਅਤੇ ਗਰੀਬੀ ਦੇ ਕਾਰਨ ਨੌਬਤ ਇਥੋਂ ਤਕ ਆ ਗਈ ਹੈ ਕਿ 26 ਮਈ ਦੇ 'ਟਾਈਮਜ਼ ਆਫ ਇੰਡੀਆ' ਦੀਆਂ ਖਬਰਾਂ 'ਚ ਇਕ ਖਬਰ ਨੇ ਮੇਰੀ ਆਤਮਾ ਤਕ ਨੂੰ ਵੀ ਕੰਬਣੀ ਛੇੜ ਦਿੱਤੀ। ਤੇਲੰਗਾਨਾ 'ਚ ਨੋਕਰੀ ਲਈ ਇਕ ਪੁੱਤ ਨੇ ਇਕ ਸਰਕਾਰੀ ਕੰਪਨੀ ਦੇ ਸੇਵਾਮੁਕਤ ਆਪਣੇ ਪਿਤਾ ਨੂੰ ਮਾਰ ਦਿੱਤਾ। ਉਸ ਕੰਪਨੀ 'ਚ ਇਹ ਨਿਯਮ ਹੈ ਕਿ ਸੇਵਾਮੁਕਤ ਪਿਤਾ ਦੇ ਮਰਨ ਤੋਂ ਬਾਅਦ ਪੁੱਤ ਨੂੰ ਤੁਰੰਤ ਨੋਕਰੀ ਦਿੱਤੀ ਜਾਂਦੀ ਹੈ। ਖਬਰ 'ਚ ਇਹ ਵੀ ਲਿਖਿਆ ਸੀ ਕਿ ਇਸ ਕੰਮ 'ਚ ਉਸ ਦੀ ਮਾਂ ਅਤੇ ਦੋ ਭਰਾ ਵੀ ਸ਼ਾਮਲ ਸਨ। ਉਸ ਦੀ ਪਤਨੀ ਅਤੇ ਦੋ ਪੁੱਤਰਾਂ ਨੇ ਮਿਲ ਕੇ ਇਕ ਤੌਲੀਏ ਨਾਲ ਉਸ ਦਾ ਗਲਾ ਦਬਾਇਆ ਅਤੇ ਮਾਰ ਦਿੱਤਾ। ਅਜਿਹੀਆਂ ਖਬਰਾਂ ਪੜ੍ਹ ਕੇ ਅੱਖਾਂ ਦੇ ਅੱਗੇ ਹਨੇਰਾ ਛਾ ਜਾਂਦਾ ਹੈ। 
ਅਖਬਾਰਾਂ ਭ੍ਰਿਸ਼ਟਾਚਾਰ ਦੀਆਂ ਖਬਰਾਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ। ਦੇਵਭੂਮੀ ਕਹੇ ਜਾਣ ਵਾਲੇ ਹਿਮਾਚਲ ਪ੍ਰਦੇਸ਼ 'ਚ ਹੁਣ ਤਾਂ ਕਫਨ ਤਕ ਚੋਰੀ ਕਰਨ ਵਰਗੇ ਅਪਰਾਧ ਹੋ ਰਹੇ ਹਨ। ਕੋਰੋਨਾ ਸੰਕਟ 'ਚ ਪੀੜਤ ਲੋਕਾਂ ਨੂੰ ਬਚਾਉਣ ਲਈ ਪੀ.ਪੀ. ਕਿੱਟ ਖਰੀਦਣ 'ਚ ਸਿਹਤ ਵਿਭਾਗ 'ਚ ਘਪਲੇ ਹੋਏ ਹਨ। ਇਕ ਖਬਰ ਅਨੁਸਾਰ ਪੀ.ਪੀ. ਕਿੱਟ ਦੀ ਥਾਂ ਰੇਨਕੋਟ ਖਰੀਦੇ ਗਏ। ਹਿਮਾਚਲ ਪੂਰੀ ਤਰ੍ਹਾਂ ਕਲੰਕਤ ਹੋ ਗਿਆ। ਜਿਸ ਸੂਬੇ 'ਚ ਸਾਲਾਂ ਤੋਂ ਫਰਜ਼ੀ ਡਿਗਰੀਆਂ ਵੇਚੀਆਂ ਜਾਂਦੀਆਂ ਰਹੀਆਂ। 
ਸਿਰਫ ਹਿਮਾਚਲ 'ਚ ਹੀ ਨਹੀਂ ਇਹ ਡਿਗਰੀਆਂ ਦੂਸਰੇ ਸੂਬਿਆਂ 'ਚ ਵੀ ਗਈਆਂ। ਸਰਕਾਰ ਇਹੀ ਸੀ, ਪੁਲਸ ਇਹੀ ਸੀ, ਸੀ.ਆਈ.ਡੀ. ਵਿਭਾਗ ਇਹੀ ਸੀ ਪਰ ਭ੍ਰਿਸਟਾਚਾਰ ਇੰਨਾ ਸ਼ਕਤੀਸ਼ਾਲੀ ਹੋ ਗਿਆ ਹੈ ਕਿ ਸਭ ਖਾਮੋਸ਼ ਹੋ ਕੇ ਤਮਾਸ਼ਾ ਦੇਖਦੇ ਰਹੇ। ਜ਼ਰਾ ਸੋਚੋ, ਕਿਸੇ ਨੌਜਵਾਨ ਨੂੰ ਕੁਝ ਲੱਖ ਰੁਪਏ ਲੈ ਕੇ ਫਰਜ਼ੀ ਡਿਗਰੀ ਦੇ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ। ਉਸ ਡਿਗਰੀ ਨਾਲ ਜਾਂ ਤਾਂ ਨੌਕਰੀ ਮਿਲੇਗੀ ਨਹੀਂ ਜੇਕਰ ਮਿਲੇਗੀ ਤਾਂ ਕਦੇ ਫੜਿਆ ਜਾ ਸਕਦਾ ਹੈ। ਮੱਧ ਪ੍ਰਦੇਸ਼ ਦੇ ਬਦਨਾਮ ਵਿਆਪਮ ਘਪਲੇ ਦੇ ਅਜਿਹੇ ਸੈਂਕੜੇ ਲੋਕ ਜੇਲਾਂ 'ਚ ਸੜ ਰਹੇ ਹਨ। ਟ੍ਰਾਂਸਪਰੇਸੀ ਇੰਟਰਨੈਸ਼ਨਲ ਦੀ ਰਿਪੋਰਟ ਦੇ ਅਨੁਸਾਰ ਦੁਨੀਆ ਦੇ ਸਭ ਤੋਂ ਵਧ ਭ੍ਰਿਸ਼ਟ ਦੇਸ਼ਾਂ 'ਚ ਭਾਰਤ ਦਾ ਨਾਂ ਹੈ। ਸ਼ਾਇਦ ਅਜਿਹੀ ਹਾਲਤ ਦੇਖ ਕੇ ਇਕ ਉਰਦੂ ਦੇ ਕਵੀ ਨੇ ਇਹ ਸਤਰਾਂ ਕਹੀਆਂ ਹਨ :
ਇਸ ਸਿਰੇ ਸੇ ਉਸ ਸਿਰੇ ਤਕ ਸਭੀ ਸ਼ਰੀਕੇ ਜੁਰਮ ਹੈਂ।
ਆਦਮੀ ਯਾ ਤੋਂ ਜ਼ਮਾਨਤ ਪਰ ਰਿਹਾ ਹੈ ਯਾ ਹੈ ਫਰਾਰ।।
ਇਸ ਗੱਲ 'ਤੇ ਮੈਨੂੰ ਹੋਰ ਵੀ ਵਧ ਚਿੰਤਾ ਹੈ ਕਿ ਦੇਸ਼ ਦੇ ਹਾਕਮ ਅਤੇ ਵਿਦਵਾਨ ਇਸ ਹਾਲਤ ਦੇ ਮੂਲ ਕਾਰਨ ਨੂੰ ਨਹੀਂ ਦੇਖ ਰਹੇ ਹਨ, ਨਾ ਉਸ ਦਾ ਕੋਈ ਹੱਲ ਕਰ ਰਹੇ ਹਨ। ਨਵੀਂ ਤਕਨੀਕ ਨੇ ਦੇਸ਼ ਦਾ ਪੂਰਾ ਸਮਾਜਿਕ ਪਰਿਵਾਰਕ ਵਾਤਾਵਰਣ ਬਦਲ ਦਿੱਤਾ ਹੈ। 
ਬੱਚਿਆਂ ਦੇ ਹੱਥ 'ਚ ਮੋਬਾਇਲ ਅਤੇ ਲੈਪਟਾਪ ਆ ਗਏ ਹਨ। ਉਸਨੇ ਨੌਜਵਾਨ ਪੀੜ੍ਹੀ ਦਾ ਧਿਆਨ ਇੰਨਾ ਆਕਰਸ਼ਿਤ ਕਰ ਦਿੱਤਾ ਕਿ ਹੁਣ ਬੱਚਿਆਂ ਨੂੰ ਮਾਤਾ-ਪਿਤਾ ਦੇ ਕੋਲ ਬੈਠਣ ਦੇ ਲਈ ਜਾਂ ਦਾਦਾ-ਦਾਦੀ, ਨਾਨਾ-ਨਾਨੀ ਦੇ ਕੋਲ ਬੈਠ ਕੇ ਰਾਮਾਇਣ-ਮਹਾਭਾਰਤ ਦੀਆਂ ਕਹਾਣੀਆਂ ਸੁਣਨ ਦਾ ਸਮਾਂ ਹੀ ਨਹੀਂ ਰਿਹਾ। 
ਹੱਥ 'ਚ ਮੋਬਾਇਲ ਅਤੇ ਇੰਟਰਨੈੱਟ ਹੋਣ ਤੋਂ ਬਾਅਦ ਨਵੀਂ ਪੀੜ੍ਹੀ 'ਚ ਇਕ ਨਵਾਂ ਹੰਕਾਰ ਪੈਦਾ ਹੋ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ 'ਮੈਂ ਸਭ ਕੁਝ ਜਾਣਦਾ ਹਾਂ'। ਬੀਤੇ ਸਮੇਂ ਦੀ ਤਰ੍ਹਾਂ ਵੱਡਿਆਂ ਦੀਆਂ ਗੱਲਾਂ ਨੂੰ ਸੁਣਨਾ ਅਤੇ ਮੰਨਣਾ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਸੰਸਕਾਰ ਦੇਣ ਦੀ ਪੁਰਾਣੀ ਪ੍ਰੰਪਰਾ ਖਤਮ ਹੋ ਗਈ ਹੈ ਅਤੇ ਨਵੀਂ ਪ੍ਰੰਪਰਾ ਬਣੀ ਨਹੀਂ।   


Bharat Thapa

Content Editor

Related News