ਸਿੱਖਾਂ ਨੂੰ ਨੇੜੇ ਲਿਆਉਣ ’ਚ ਲੱਗੀ ਕੇਂਦਰ ਦੀ ਮੋਦੀ ਸਰਕਾਰ
Friday, Nov 12, 2021 - 03:45 AM (IST)

ਸੁਨੀਲ ਪਾਂਡੇ
ਕਿਸਾਨ ਅੰਦੋਲਨ ਕਾਰਨ ਭਾਜਪਾ ਤੋਂ ਦੂਰ ਜਾ ਰਹੇ ਸਿੱਖਾਂ ਨੂੰ ਨੇੜੇ ਲਿਆਉਣ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ 2 ਮਹੀਨਿਆਂ ’ਚ ਕਈ ਅਜਿਹੇ ਘਟਨਾਕ੍ਰਮ ਹੋਏ, ਜਿਨ੍ਹਾਂ ’ਚ ਸਿੱਖਾਂ ਪ੍ਰਤੀ ਪ੍ਰੇਮ ਝਲਕਦਾ ਹੋਇਆ ਦਿਸ ਰਿਹਾ ਹੈ। ਇਸ ਵਾਰ ਪਦਮ ਪੁਰਸਕਾਰਾਂ ’ਚ ਵੀ ਪੰਜਾਬ ਦੇ ਕਈ ਅਣਜਾਣ ਚਿਹਰਿਆਂ ਨੂੰ ਸਨਮਾਨਿਤ ਕੀਤਾ ਗਿਆ। ਉਧਰ ਮਹੱਤਵਪੂਰਨ ਅਹੁਦਿਆਂ ’ਤੇ ਵੀ ਸਿੱਖ ਚਿਹਰਿਆਂ ਨੂੰ ਸਰਕਾਰ ਵੱਲੋਂ ਤਵੱਜੋਂ ਦਿੱਤੀ ਜਾ ਰਹੀ ਹੈ। ਸਾਬਕਾ ਆਈ. ਪੀ. ਐੱਸ. ਅਧਿਕਾਰੀ ਅਤੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੂੰ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ।
ਇਸ ਤੋਂ ਪਹਿਲਾਂ ਤਤਕਾਲੀਨ ਵਾਜਪਾਈ ਸਰਕਾਰ ਦੇ ਸਮੇਂ ’ਚ ਤਰਲੋਚਨ ਸਿੰਘ ਨੂੰ ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ ਲਗਾਇਆ ਗਿਆ ਸੀ ਜਿਨ੍ਹਾਂ ਨੂੰ ਇਸ ਵਾਰ ਪਦਮਭੂਸ਼ਣ ਨਾਲ ਨਿਵਾਜਿਆ ਗਿਆ ਹੈ। ਓਧਰ ਕੋਵਿਡ ਦੇ ਸਮੇਂ ਅਣਜਾਣ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਦਿੱਲੀ ਪ੍ਰਦੇਸ਼ ਭਾਜਪਾ ਦੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੂੰ ਪਦਮਸ਼੍ਰੀ ਪੁਰਸਕਾਰ ਮਿਲਿਆ ਹੈ। ਇਸ ਦੇ ਇਲਾਵਾ ਜਲੰਧਰ ’ਚ ਅਨਾਥ ਲੜਕੀਆਂ ਲਈ ਅਨਾਥ ਆਸ਼ਰਮ ਚਲਾਉਣ ਵਾਲੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ ਮਿਲਿਆ ਹੈ।
ਉੱਤਰਾਖੰਡ ’ਚ ਨਵੇਂ ਲਾਏ ਗਏ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਦੀਵਾਲੀ ਦੇ ਅਗਲੇ ਦਿਨ ਪ੍ਰਧਾਨ ਮੰਤਰੀ ਦੀ ਕੇਦਾਰਨਾਥ ਯਾਤਰਾ ਦੌਰਾਨ ਉਹ ਉਨ੍ਹਾਂ ਦੇ ਨਾਲ ਨਜ਼ਰ ਆਏ। ਪ੍ਰਧਾਨ ਮੰਤਰੀ ਵੱਲੋਂ ਇਸ ਵਾਰ ਜਵਾਨਾਂ ਦੇ ਨਾਲ ਦੀਵਾਲੀ ਮਨਾਉਣ ਲਈ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸਥਿਤ ਸਿੱਖ ਰੈਜੀਮੈਂਟ ਦੇ ਕੈਂਪ ਨੂੰ ਚੁਣਿਆ ਗਿਆ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੀ ਇਨ੍ਹੀਂ ਦਿਨੀਂ ਕੇਂਦਰ ਸਰਕਾਰ ਦੇ ਬੇਹੱਦ ਨੇੜੇ ਹੋ ਗਏ ਹਨ। ਉਹ ਦਾਅਵਾ ਵੀ ਕਰ ਰਹੇ ਹਨ ਕਿ ਕਿਸਾਨੀ ਮਾਮਲੇ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਉਸ ਦੇ ਬਾਅਦ ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਅਤੇ ਪੰਜਾਬ ਭਾਜਪਾ ਨਾਲ ਸੀਟਾਂ ਸਬੰਧੀ ਸਮਝੌਤਾ ਕਰਨ ਦਾ ਐਲਾਨ ਵੀ ਕੀਤਾ।
ਢਾਈ ਮਹੀਨੇ ਬਾਅਦ ਵੀ ਡੀ. ਐੱਸ. ਜੀ. ਐੱਮ. ਸੀ. ’ਚ ਨਵੀਂ ਕਮੇਟੀ ਦਾ ਗਠਨ ਨਹੀਂ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਦੇ ਢਾਈ ਮਹੀਨੇ ਬਾਅਦ ਵੀ ਨਵੀਂ ਕਮੇਟੀ ਦੇ ਗਠਨ ’ਤੇ ਸ਼ਸ਼ੋਪੰਜ ਦੇ ਬੱਦਲ ਛਾਏ ਹੋਏ ਹਨ। ਕਮੇਟੀ ’ਚ ਕਿਹੜੀ ਪਾਰਟੀ ਦੀ ਸੱਤਾ ਹੋਵੇਗੀ, ਕੌਣ ਪ੍ਰਧਾਨ ਬਣੇਗਾ, ਇਸ ਨੂੰ ਲੈ ਕੇ ਸੱਤਾ ਦੇ ਗਲਿਆਰਿਆਂ ਚ ਹੁਣ ਚਰਚਾ ਵੀ ਬੰਦ ਹੋ ਗਈ ਹੈ ਕਿਉਂਕਿ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਯੋਗਤਾ ਨੂੰ ਲੈ ਕੇੇ ਦਿੱਲੀ ਹਾਈਕੋਰਟ ਦੇ ਹੁਕਮ ਦੀ ਅਜੇ ਉਡੀਕ ਹੋ ਰਹੀ ਹੈ ਪਰ ਇਸ ਦੇ ਦਰਮਿਆਨ ਸਿੰਘ ਸਭਾ ਕੋਟੇ ’ਚੋਂ ਇਕ ਮੈਂਬਰ ਨੂੰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਨਾਮਜ਼ਦ ਕਰ ਦਿੱਤਾ ਹੈ।
ਦੂਸਰਾ ਮੈਂਬਰ ਕੌਣ ਹੋਵੇਗਾ, ਇਸ ਦੀ ਸਥਿਤੀ ਸਪੱਸ਼ਟ ਨਹੀਂ ਹੈ। ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ 17 ਨਵੰਬਰ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦਿਨ ਹਾਈਕੋਰਟ ਸਿਰਸਾ ਦੇ ਅਯੋਗਤਾ ਮਾਮਲੇ ਦਾ ਨਿਪਟਾਰਾ ਕਰ ਸਕਦੀ ਹੈ ਪਰ 22 ਨਵੰਬਰ ਤੋਂ ਹਾਈਕੋਰਟ ਦਾ ਰੋਸਟਰ ਬਦਲਣ ਵਾਲਾ ਹੈ, ਉਸ ’ਚ ਹੋ ਸਕਦਾ ਹੈ ਕਿ ਮੌਜੂਦਾ ਮਾਮਲਾ ਕਿਸੇ ਹੋਰ ਜੱਜ ਨੂੰ ਟਰਾਂਸਫਰ ਹੋ ਜਾਵੇ ਅਤੇ ਫੈਸਲੇ ’ਚ ਦੇਰੀ ਹੋਵੇ।
ਗੁਰਦੁਆਰਾ ਕਮੇਟੀ ’ਚ ਵੰਡੀਆਂ ਜਾ ਰਹੀਆਂ ਚੇਅਰਮੈਨੀਆਂ : ਦਿੱਲੀ ਸਿੱਖ ਗੁਰਦੁਆਰਾ ਕਮੇਟੀ ’ਚ ਨਵੀਂ ਸਰਕਾਰ ਅਜੇ ਗਠਿਤ ਵੀ ਨਹੀਂ ਹੋਈ ਹੈ ਪਰ ਕਾਰਜਕਾਰੀ ਪ੍ਰਬੰਧਕ ਮਨਮਰਜ਼ੀ ਕਰਦੇ ਹੋਏ ਕਈ ਵੱਡੇ ਫੈਸਲੇ ਲੈ ਰਹੇ ਹਨ। ਇਸ ’ਚ ਦੋ ਨਵੀਆਂ ਵੱਡੀਆਂ ਗੱਡੀਆਂ ਖਰੀਦੀਆਂ ਗਈਆਂ ਹਨ। ਕੁਝ ਸਕੂਲਾਂ ਤੇ ਸੰਸਥਾਨਾਂ ’ਚ ਨਵੇਂ ਚੇਅਰਮੈਨ ਵੀ ਲਾਏ ਗਏ ਹਨ। ਹਾਲ ਹੀ ’ਚ ਕਮੇਟੀ ਮੈਂਬਰ ਬਲਵੀਰ ਸਿੰਘ ਵਿਵੇਕ ਵਿਹਾਰ ਨੂੰ ਹਰਗੋਬਿੰਦ ਇਨਕਲੇਵ ਸਕੂਲ ਦਾ ਚੇਅਰਮੈਨ ਬਣਾਇਆ ਹੈ। ਇਸ ਦੇ ਇਲਾਵਾ ਟਰਾਂਸਪੋਰਟ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਗਿਆ ਹੈ। ਕਹਿੰਦੇ ਹਨ ਕਿ ਅਧਿਕਾਰਕ ਪੱਤਰ ਨਾ ਦੇ ਕੇ ਸਿੱਧੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।
ਭਾਜਪਾ ਨੇ ਸਿੱਖ ਸੈੱਲ ਨੂੰ ਕੀਤਾ ਸਰਗਰਮ : ਭਾਰਤੀ ਜਨਤਾ ਪਾਰਟੀ ਦਾ ਸਿੱਖ ਸੈੱਲ ਵੀ ਸਰਗਰਮ ਹੋ ਗਿਆ ਹੈ। ਭਾਜਪਾ ਸਿੱਖ ਸੈੱਲ ਦੇ ਕਨਵੀਨਰ ਕੁਲਵਿੰਦਰ ਸਿੰਘ ਬੰਟੀ ਦੀ ਅਗਵਾਈ ’ਚ ਸਿੱਖ ਮਸਲਿਆਂ ’ਤੇ ਦਖਲ ਦਿੱਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਵਾਈ ਗਈ। ਇਸ ਦੇ ਬਾਅਦ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਬਰਸੀ ’ਤੇ ਆਯੋਜਨ ਵੀ ਕੀਤਾ ਗਿਆ।
ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਨੇ ਸਰਕਾਰੀ ਰਿਹਾਇਸ਼ ’ਤੇ ਬਕਾਇਦਾ ਵਿਚਾਰ ਗੋਸ਼ਟੀ ਕਰ ਕੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਵੀ ਸਜ਼ਾ ਦਿਵਾਉਣ ਦਾ ਐਲਾਨ ਕੀਤਾ। ਇਸ ਦੇ ਇਲਾਵਾ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਬਣੀ ‘ਸੱਚ ਦੀ ਦੀਵਾਰ’ ’ਤੇ ਸਿੱਖ ਸੈੱਲ ਦੇ ਵਰਕਰ ਮੋਮਬੱਤੀਆਂ ਵੀ ਜਗਾਉਣ ਲਈ ਪਹੁੰਚੇ।
ਨਗਰ ਕੀਰਤਨ ’ਤੇ ਸ਼ਸ਼ੋਪੰਜ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਦਿੱਲੀ ’ਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਤੱਕ ਸਜਣ ਵਾਲਾ ਨਗਰ ਕੀਰਤਨ ਇਸ ਵਾਰ ਨਹੀਂ ਹੋਵੇਗਾ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਵਿਡ ਪ੍ਰੋਟੋਕਾਲ ਦੇ ਕਾਰਨ ਦਿੱਲੀ ਪ੍ਰਸ਼ਾਸਨ ਨੇ ਨਗਰ ਕੀਰਤਨ ਸਜਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਪਿਛਲੀ ਵਾਰ ਕੋਰੋਨਾ ਦੇ ਕਾਰਨ ਨਗਰ ਕੀਰਤਨ ਨਹੀਂ ਸਜਾਇਆ ਜਾ ਸਕਿਆ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ’ਤੇ 24 ਨਵੰਬਰ ਨੂੰ ਵੀ ਨਗਰ ਕੀਰਤਨ ਨਹੀਂ ਸਜਾਇਆ ਜਾਵੇਗਾ।