ਨਸ਼ੇ ਦੀ ਵਧਦੀ ਪ੍ਰਵਿਰਤੀ ਗੰਭੀਰ ਚਿੰਤਾ ਦਾ ਵਿਸ਼ਾ

08/01/2021 3:38:33 AM

ਦੇਵੇਂਦਰਰਾਜ ਸੁਥਾਰ 
ਸੰਯੁਕਤ ਰਾਸ਼ਟਰ ਦੀ ਹਾਲੀਆ ਰਿਪੋਰਟ ਅਨੁਸਾਰ, ਪਿਛਲੇ 10 ਸਾਲਾਂ ’ਚ ਨਸ਼ੀਲੀਆਂ ਦਵਾਈਆਂ ਦੀ ਖਪਤ ’ਚ ਭਾਰਤ ’ਚ 2009 ਦੇ ਮੁਕਾਬਲੇ 30 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆ ਭਰ ’ਚ ਲਗਭਗ 35 ਮਿਲੀਅਨ ਲੋਕ ਨਸ਼ੀਲੀਆਂ ਦਵਾਈਆਂ ਦੇ ਵਿਕਾਰਾਂ ਨਾਲ ਪੀੜਤ ਹਨ। ਸੰਯੁਕਤ ਰਾਸ਼ਟਰ ਡਰੱਗਜ਼ ਐਂਡ ਕ੍ਰਾਈਮ ਦਫਤਰ ਵੱਲੋਂ ਜਾਰੀ ਇਕ ਬਿਹਤਰ ਅਤੇ ਸਟੀਕ ਖੋਜ ’ਚ ਇਹ ਕਿਹਾ ਗਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਬਣਨ ਵਾਲੇ 10 ਦੇਸ਼ਾਂ ’ਚ ਸ਼ਾਮਲ ਭਾਰਤ ਅਤੇ ਨਾਈਜੀਰੀਆ ’ਚ ਡਰੱਗਜ਼ ਦੀ ਦੁਰਵਰਤੋਂ ਦੇ ਮਾਮਲੇ ਪਿਛਲੇ ਸਾਲਾਂ ਦੇ ਮੁਕਾਬਲੇ ’ਚ ਤੇਜ਼ੀ ਨਾਲ ਵਧੇ ਹਨ।

2018 ’ਚ ਹੋਇਆ ਦਿ ਸਰਵੇ ਆਫ ਇੰਡੀਆ ਪੂਰੇ ਦੇਸ਼ ’ਚ 5,00,000 ਲੋਕਾਂ ਦੀਆਂ ਇੰਟਰਵਿਊਜ਼ ’ਤੇ ਆਧਾਰਿਤ ਹੈ। ਰਿਪੋਰਟ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਕਿਸੇ ਵੀ ਦਵਾਈ ਦੀ ਵਰਤੋਂ ਕਰਨ ਵਾਲੇ 271 ਮਿਲੀਅਨ ਲੋਕਾਂ ’ਚੋਂ 35 ਮਿਲੀਅਨ (ਲਗਭਗ 13 ਫੀਸਦੀ) ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੇ ਵਿਕਾਰ ਤੋਂ ਪੀੜਤ ਹਨ ਜਿਨ੍ਹਾਂ ’ਚ ਲਗਭਗ 45 ਲੱਖ ਲੋਕ ਭਾਰਤ ਅਤੇ ਨਾਈਜੀਰੀਆ ਤੋਂ ਹਨ। 2017 ’ਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਨਾਲ 5,85,000 ਲੋਕਾਂ ਦੀ ਮੌਤ ਹੋਈ। ਇਨ੍ਹਾਂ ਦੀ ਵਰਤੋਂ ਨਾਲ ਨਾਂਪੱਖੀ ਨਤੀਜਿਆਂ ’ਚ ਮਾਨਸਿਕ ਸਿਹਤ ਵਿਕਾਰ, ਐੱਚ. ਆਈ. ਵੀ. ਇਨਫੈਕਸ਼ਨ, ਹੈਪੇਟਾਈਟਿਸ-ਸੀ ਅਤੇ ਓਰਵਡੋਜ਼ ਵਰਗੀਆਂ ਮੁੱਖ ਚਿੰਤਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਈ ਬੇਮੌਤ ਦਾ ਕਾਰਨ ਬਣ ਸਕਦੀਆਂ ਹਨ।

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਵੱਡੇ-ਛੋਟੇ ਅਪਰਾਧਾਂ, ਜਬਰ-ਜ਼ਨਾਹ, ਹੱਤਿਆ, ਲੁੱਟ, ਡਾਕਾ, ਖੋਹ ਆਦਿ ਹਰ ਤਰ੍ਹਾਂ ਦੀਆਂ ਵਾਰਦਾਤਾਂ ’ਚ ਨਸ਼ੇ ਦੀ ਵਰਤੋਂ ਦਾ ਮਾਮਲਾ ਲਗਭਗ 73.5 ਫੀਸਦੀ ਤੱਕ ਹੈ ਅਤੇ ਜਬਰ-ਜ਼ਨਾਹ ਵਰਗੇ ਘਿਨੌਣੇ ਜੁਰਮ ’ਚ ਤਾਂ ਇਹ ਦਰ 87 ਫੀਸਦੀ ਤੱਕ ਪਹੁੰਚੀ ਹੋਈ ਹੈ।

ਆਨਲਾਈਨ ਵਿਕਰੀ ਦੀ ਸਮਰੱਥਾ ਦੇ ਨਾਲ ਦਵਾਈਆਂ ਤੱਕ ਪਹੁੰਚ ਨੂੰ ਵੀ ਪਹਿਲਾਂ ਤੋਂ ਕਿਤੇ ਵੱਧ ਆਸਾਨ ਬਣਾ ਦਿੱਤਾ ਗਿਆ ਹੈ। ਡਾਰਕ ਵੈੱਬ ’ਤੇ ਪ੍ਰਮੁੱਖ ਦਵਾਈ ਬਾਜ਼ਾਰ ਹੁੁਣ ਲਗਭਗ 315 ਮਿਲੀਅਨ ਡਾਲਰ ਦੇ ਹਨ।

ਦੁਨੀਆ ’ਚ ਨਸ਼ੀਲੀਆਂ ਦਵਾਈਆਂ ਦੀ ਸਮੱਗਲਿੰਗ ਦਾ ਕਾਰੋਬਾਰ 650 ਅਰਬ ਡਾਲਰ ਤੱਕ ਦਾ ਹੈ। ਭਾਰਤ ਦੇ ਗੁਆਂਢੀ ਦੇਸ਼ਾਂ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਥਾਈਲੈਂਡ, ਮਿਆਂਮਾਰ, ਭੂਟਾਨ ਦੀਆਂ ਸਰਹੱਦਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਇਨ੍ਹਾਂ ਦੇਸ਼ਾਂ ’ਚ ਨਸ਼ੀਲੀਆਂ ਦਵਾਈਆਂ ਦਾ ਵਪਾਰ ਚੰਗੀ ਤਰ੍ਹਾਂ ਵਧ-ਫੁੱਲ ਰਿਹਾ ਹੈ ਅਤੇ ਭਾਰਤ ਦੇ ਨਾਲ ਉਨ੍ਹਾਂ ਦੀਆਂ ਸਰਹੱਦਾਂ ਸਾਡੇ ਦੇਸ਼ ’ਚ ਵੀ ਨਸ਼ੀਲੀਆਂ ਦਵਾਈਆਂ ਦੇ ਵਪਾਰ ਨੂੰ ਫੈਲਾਉਣ ’ਚ ਮਦਦਗਾਰ ਸਾਬਿਤ ਹੋ ਰਹੀਆਂ ਹਨ। ਈਰਾਨ, ਨੇਪਾਲ, ਅਫਗਾਨਿਸਤਾਨ ਵਰਗੇ ਕਈ ਦੇਸ਼ ਡਰੱਗ ਦੇ ਉਤਪਾਦਕ ਹਨ, ਜਿੱਥੋਂ ਹੈਰੋਇਨ, ਹਸ਼ੀਸ਼ ਵਰਗੀਆਂ ਦਵਾਈਆਂ ਭਾਰਤ ਤੇ ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਸੂਬਿਆਂ ’ਚੋਂ ਦੇਸ਼ ’ਚ ਪਹੁੰਚਦੀਆਂ ਹਨ।

ਪੰਜਾਬ ਨੇ ਨਸ਼ੇ ਦੀ ਸਮੱਸਿਆ ਨੂੰ ਭਿਆਨਕ ਹੁੰਦਾ ਦੇਖਿਆ ਹੈ ਅਤੇ ਇਸ ਦੇ ਲਈ ਪਾਕਿਸਤਾਨ ਵਰਗੇ ਗੁਆਂਢੀ ਦੇਸ਼ ਸਭ ਤੋਂ ਵੱਡੇ ਜ਼ਿੰਮੇਵਾਰ ਹਨ, ਜਿੱਥੋਂ ਨਸ਼ੀਲੇ ਪਦਾਰਥਾਂ ਦੀ ਨਾਜਾਇਜ਼ ਸਮੱਗਲਿੰਗ ਹੁੰਦੀ ਹੈ ਅਤੇ ਫਿਰ ਇੱਥੋਂ ਨਸ਼ੀਲੀਆਂ ਦਵਾਈਆਂ ਦਾ ਜਾਲ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਫੈਲ ਜਾਂਦਾ ਹੈ।

ਸੰਯੁਕਤ ਰਾਸ਼ਟਰ ਡਰੱਗਜ਼ ਐਂਡ ਕ੍ਰਾਈਮ ਦਫਤਰ ਦੀ ਰਿਪੋਰਟ ਅਨੁਸਾਰ 2016 ’ਚ ਦੁਨੀਆ ਦੀ ਭੰਗ (ਗਾਂਜਾ) ਬਰਾਮਦਗੀ ’ਚ ਇਕੱਲੇ ਭਾਰਤ ’ਚ 6 ਫੀਸਦੀ (ਲਗਭਗ 300 ਟਨ) ਦਾ ਯੋਗਦਾਨ ਸੀ। 2017 ’ਚ ਹੋਰ ਵੀ ਵੱਧ (353 ਟਨ) ਬਰਾਮਦਗੀ ਹੋਈ। 2018 ’ਚ 1258 ਕਿਲੋ ਅਤੇ 2019 ’ਚ ਕੁਲ 2448 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਇਸੇ ਤਰ੍ਹਾਂ 2019 ’ਚ 7317 ਕਿਲੋ ਅਫੀਮ ਜ਼ਬਤ ਕੀਤੀ ਗਈ ਜਦਕਿ 2018 ’ਚ ਇਹ ਅੰਕੜਾ 4307 ਕਿਲੋ ਸੀ। 2019 ’ਚ ਅਧਿਕਾਰੀਆਂ ਨੇ 58 ਕਿਲੋ ਕੋਕੀਨ ਜ਼ਬਤ ਕੀਤੀ ਜਦਕਿ 2018 ’ਚ ਇਹ 35 ਕਿਲੋ ਸੀ।

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਲਈ ਡਰੱਗ ਟ੍ਰੈਪ ਨਾਲ ਨਜਿੱਠਣਾ ਸਭ ਤੋਂ ਵੱਡੀ ਚੁਣੌਤੀ ਹੈ। ਅਜਿਹੇ ’ਚ ਸਰਕਾਰਾਂ ਨੂੰ ਡਰੱਗ ਦੇ ਕਾਲੇ ਧੰਦੇ ਵਿਰੁੱਧ ਸਖਤ ਕਦਮ ਚੁੱਕਣੇ ਹੋਣਗੇ, ਨਾਲ ਹੀ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੋਵੇਗਾ, ਕਿਉਂਕਿ ਜਾਗਰੂਕਤਾ ਅਤੇ ਸਖਤੀ ਦੀ ਜੁਗਲਬੰਦੀ ਹੀ ਇਨ੍ਹਾਂ ਨਸ਼ਾ ਸਮੱਗਲਰਾਂ ’ਤੇ ਨੱਥ ਕੱਸ ਸਕਦੀ ਹੈ।


Bharat Thapa

Content Editor

Related News