ਔਰਤਾਂ ਦੀ ‘ਪ੍ਰਤਿਭਾ’ ਨੂੰ ਬਣਦਾ ਸਨਮਾਨ ਦੇਵੇ ਸਮਾਜ

Sunday, Oct 27, 2019 - 01:54 AM (IST)

ਔਰਤਾਂ ਦੀ ‘ਪ੍ਰਤਿਭਾ’ ਨੂੰ ਬਣਦਾ ਸਨਮਾਨ ਦੇਵੇ ਸਮਾਜ

ਡਾ. ਨੀਲਮ ਮਹੇਂਦਰ

ਸਮਾਂ ਲਗਾਤਾਰ ਬਦਲਦਾ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਸਮਾਜ ਵੀ ਬਦਲਦਾ ਹੈ ਅਤੇ ਸੱਭਿਅਤਾ ਵੀ ਵਿਕਸਿਤ ਹੁੰਦੀ ਹੈ ਪਰ ਸਮੇਂ ਦੇ ਇਸ ਚੱਕਰ ’ਚ ਜੇ ਸਮਾਜ ਦੀ ਸੋਚ ਨਹੀਂ ਬਦਲਦੀ ਤਾਂ ਸਮਾਂ ਠਹਿਰ ਜਿਹਾ ਜਾਂਦਾ ਹੈ।

1901 ’ਚ ਜਦੋਂ ਨੋਬਲ ਪੁਰਸਕਾਰਾਂ ਦੀ ਸ਼ੁਰੂਆਤ ਹੁੰਦੀ ਹੈ ਅਤੇ 118 ਸਾਲਾਂ ਬਾਅਦ 2019 ’ਚ ਜਦੋਂ ਨੋਬਲ ਪੁਰਸਕਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਹੁੰਦਾ ਹੈ ਤਾਂ ਕਹਿਣ ਨੂੰ ਇਸ ਦੌਰਾਨ 118 ਵਰ੍ਹਿਆਂ ਦਾ ਲੰਮਾ ਸਮਾਂ ਬੀਤ ਚੁੱਕਾ ਹੁੰਦਾ ਹੈ ਪਰ ਕੁਝ ਅਜਿਹਾ ਮਹਿਸੂਸ ਹੁੰਦਾ ਹੈ, ਜਿਵੇਂ ਸਮਾਂ ਠਹਿਰ ਜਿਹਾ ਗਿਆ ਹੋਵੇ ਕਿਉਂਕਿ 2019 ਇੱਕੀਵੀਂ ਸਦੀ ਦਾ ਉਹ ਦੌਰ ਹੈ, ਜਦੋਂ ਦੁਨੀਆ ਭਰ ਦੀਆਂ ਔਰਤਾਂ ਇੰਜੀਨੀਅਰ, ਡਾਕਟਰ, ਪ੍ਰੋਫੈਸਰ, ਪਾਇਲਟ ਅਤੇ ਵਿਗਿਆਨੀ ਤੋਂ ਲੈ ਕੇ ਹਰ ਖੇਤਰ ਵਿਚ ਆਪਣਾ ਯੋਗਦਾਨ ਦੇ ਰਹੀਆਂ ਹਨ।

ਹਾਲ ਹੀ ਦੇ ਭਾਰਤ ਦੇ ਖਾਹਿਸ਼ੀ ‘ਚੰਦਰਯਾਨ-2’ ਮਿਸ਼ਨ ਦੀ ਅਗਵਾਈ ਕਰਨ ਵਾਲੀ ਟੀਮ ਵਿਚ 2 ਮਹਿਲਾ ਵਿਗਿਆਨੀਆਂ ਤੋਂ ਇਲਾਵਾ ਪੂਰੀ ਟੀਮ ਵਿਚ ਲੱਗਭਗ 30 ਫੀਸਦੀ ਔਰਤਾਂ ਸਨ। ਲੱਗਭਗ ਇਹੋ ਸਥਿਤੀ ਦੁਨੀਆ ਦੇ ਹਰੇਕ ਦੇਸ਼ ਦੇ ਉਨ੍ਹਾਂ ਵੱਖ-ਵੱਖ ਚੁਣੌਤੀ ਭਰੇ ਖੇਤਰਾਂ ਵਿਚ ਵੀ ਔਰਤਾਂ ਦੇ ਹੋਣ ਦੀ ਹੈ, ਜਿਹੜੇ ਔਰਤਾਂ ਲਈ ਵਰਜਿਤ ਮੰਨੇ ਜਾਂਦੇ ਸਨ, ਜਿਵੇਂ ਖੇਡ ਜਗਤ, ਫੌਜ, ਪੁਲਸ, ਵਕਾਲਤ, ਰਿਸਰਚ ਆਦਿ।

ਵਰ੍ਹਿਆਂ ਵਿਚ ਹਾਲਾਂਕਿ ਔਰਤਾਂ ਨੇ ਇਕ ਲੰਮਾ ਸਫਰ ਤਹਿ ਕੀਤਾ ਹੈ ਪਰ 2019 ’ਚ ਜਦੋਂ ਨੋਬਲ ਪੁਰਸਕਾਰ ਲੈਣ ਵਾਲਿਆਂ ਦੇ ਨਾਂ ਸਾਹਮਣੇ ਆਉਂਦੇ ਹਨ ਤਾਂ ਉਸ ਸੂਚੀ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਵਰ੍ਹਿਆਂ ਦਾ ਇਹ ਸਫਰ ਸਿਰਫ ਸਮੇਂ ਨੇ ਤਹਿ ਕੀਤਾ ਪਰ ਔਰਤਾਂ ਕਿਤੇ ਪਿੱਛੇ ਹੀ ਛੁੱਟ ਗਈਆਂ। ਸ਼ਾਇਦ ਇਸੇ ਲਈ 2018 ’ਚ ਪਿਛਲੇ 55 ਸਾਲਾਂ ’ਚ ਭੌਤਿਕ ਸ਼ਾਸਤਰ ਲਈ ਨੋਬਲ ਪੁਰਸਕਾਰ ਜਿੱਤਣ ਵਾਲੀ ਮਹਿਲਾ ਵਿਗਿਆਨੀ ਡੋਨਾ ਸਟ੍ਰਿਕਲੈਂਡ ਨੇ ਕਿਹਾ ਸੀ, ‘‘ਮੈਨੂੰ ਹੈਰਾਨੀ ਨਹੀਂ ਹੈ ਕਿ ਆਪਣੇ ਵਿਸ਼ੇ ’ਚ ਨੋਬਲ ਜਿੱਤਣ ਵਾਲੀ 1901 ਤੋਂ ਲੈ ਕੇ ਹੁਣ ਤਕ ਮੈਂ ਤੀਜੀ ਔਰਤ ਹਾਂ। ਆਖਿਰ ਅਸੀਂ ਜਿਸ ਦੁਨੀਆ ਵਿਚ ਰਹਿੰਦੀਆਂ ਹਾਂ, ਉਥੇ ਮਰਦ ਹੀ ਮਰਦ ਨਜ਼ਰ ਆਉਂਦੇ ਹਨ।’’

ਹੈਰਾਨੀ ਨਹੀਂ ਕਿ ਵਿਗਿਆਨ ਦੇ ਨੋਬਲ ਪੁਰਸਕਾਰ ਜੇਤੂ 97 ਫੀਸਦੀ ਮਰਦ ਵਿਗਿਆਨੀ ਹਨ। 1901 ਤੋਂ 2018 ਤਕ ਭੌਤਿਕ ਸ਼ਾਸਤਰ ਲਈ 112 ਵਾਰ ਨੋਬਲ ਪੁਰਸਕਾਰ ਦਿੱਤਾ ਗਿਆ ਅਤੇ ਸਿਰਫ 3 ਵਾਰ ਕਿਸੇ ਔਰਤ ਨੂੰ ਮਿਲਿਆ। ਇਸੇ ਤਰ੍ਹਾਂ ਰਸਾਇਣ ਸ਼ਾਸਤਰ, ਮੈਡੀਸਿਨ ਅਤੇ ਅਰਥ ਸ਼ਾਸਤਰ ਦੇ ਖੇਤਰ ਵਿਚ ਵੀ ਲੱਗਭਗ ਇਹੋ ਅਸੰਤੁਲਨ ਦਿਖਾਈ ਦਿੰਦਾ ਹੈ। ਇਨ੍ਹਾਂ ਵਿਚ 688 ਵਾਰ ਨੋਬਲ ਪੁਰਸਕਾਰ ਦਿੱਤਾ ਗਿਆ, ਜਿਨ੍ਹਾਂ ’ਚੋਂ ਸਿਰਫ 21 ਵਾਰ ਔਰਤਾਂ ਨੂੰ ਮਿਲਿਆ।

ਜੇ ਹੁਣ ਤਕ ਦੇ ਕੁਲ ਨੋਬਲ ਪੁਰਸਕਾਰ ਜੇਤੂਆਂ ਦੀ ਗੱਲ ਕਰੀਏ ਤਾਂ ਇਹ ਪੁਰਸਕਾਰ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਲਈ 892 ਵਿਅਕਤੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ’ਚੋਂ 844 ਮਰਦ ਹਨ ਅਤੇ 48 ਔਰਤਾਂ। ਵੱਖ-ਵੱਖ ਸੰਸਾਰਕ ਮੰਚਾਂ ’ਤੇ ਜਦੋਂ ਲਿੰਗਿਕ ਬਰਾਬਰੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਤਾਂ ਕੌਮਾਂਤਰੀ ਪੱਧਰ ਦੇ ਕਿਸੇ ਐਵਾਰਡ ਦੇ ਇਹ ਅੰਕੜੇ ਮੌਜੂਦਾ ਕਥਿਤ ਆਧੁਨਿਕ ਸਮਾਜ ਦੀ ਕੌੜੀ ਸੱਚਾਈ ਸਾਹਮਣੇ ਲੈ ਆਉਂਦੇ ਹਨ।

ਇਸ ਵਿਸ਼ੇ ਦਾ ਵਿਸ਼ਲੇਸ਼ਣ ਕਰਦਿਆਂ ਬ੍ਰਿਟਿਸ਼ ਸਾਇੰਸ ਜਰਨਲਿਸਟ ਏਂਜੇਲਾ ਸੈਣੀ ਨੇ ‘ਇਨਫੀਰੀਅਰ’ (ਹੀਣ) ਨਾਂ ਦੀ ਇਕ ਕਿਤਾਬ ਲਿਖੀ, ਜਿਸ ਵਿਚ ਵੱਖ-ਵੱਖ ਵਿਗਿਆਨੀਆਂ ਦੀਆਂ ਇੰਟਰਵਿਊਜ਼ ਹਨ ਅਤੇ ਕਿਹਾ ਗਿਆ ਹੈ ਕਿ ਵਿਗਿਆਨਿਕ ਖੋਜਾਂ ਖ਼ੁਦ ਔਰਤਾਂ ਨੂੰ ਘੱਟ ਕਰ ਕੇ ਜਾਣਦੀਆਂ ਹਨ ਅਤੇ ਇਸ ਦੀ ਇਕ ਵਜ੍ਹਾ ਇਹ ਹੈ ਕਿ ਇਹ ਖੋਜਾਂ ਕਰਨ ਵਾਲੇ ਮਰਦ ਹੀ ਹੁੰਦੇ ਹਨ। ਅਮਰੀਕਾ ਦੀ ਸਾਇੰਸ ਹਿਸਟੋਰੀਅਨ ਮਾਰਗ੍ਰੇਟ ਡਬਲਯੂ. ਰੋਸਿਟਰ ਨੇ 1993 ’ਚ ਅਜਿਹੀ ਸੋਚ ਨੂੰ ‘ਮਾਟਿਲਡਾ ਇਫੈਕਟ’ ਨਾਂ ਦਿੱਤਾ ਸੀ। ਜਦੋਂ ਮਹਿਲਾ ਵਿਗਿਆਨੀਆਂ ਪ੍ਰਤੀ ਇਕ ਤਰ੍ਹਾਂ ਦੀ ਅਗਾਊਂ ਧਾਰਨਾ ਹੁੰਦੀ ਹੈ, ਜਿਸ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੀ ਬਜਾਏ ਉਨ੍ਹਾਂ ਦੇ ਕੰਮ ਦਾ ਸਿਹਰਾ ਉਨ੍ਹਾਂ ਦੇ ਮਰਦ ਸਹਿ-ਮੁਲਾਜ਼ਮਾਂ ਨੂੰ ਦੇ ਦਿੱਤਾ ਜਾਂਦਾ ਹੈ।

ਕਲਾਊਡੀਆ ਰੈਨਕਿਨਸ, ਜੋ ਸੋਸਾਇਟੀ ਆਫ ਸਟੈਮ ਵੂਮੈਨ ਦੀ ਸਹਿ-ਬਾਨੀ ਹੈ, ਦਾ ਇਸ ਵਿਸ਼ੇ ’ਚ ਕਹਿਣਾ ਹੈ ਕਿ ਇਤਿਹਾਸ ਵਿਚ ਨੇਟੀ ਸਟੀਵੈਂਸ, ਮਾਰੀਅਨ ਡਾਇਮੰਡ ਅਤੇ ਲਿਸੇ ਮੀਟਨਰ ਵਰਗੀਆਂ ਕਈ ਮਹਿਲਾ ਵਿਗਿਆਨੀ ਹੋਈਆਂ ਹਨ, ਜਿਨ੍ਹਾਂ ਦੇ ਕੰਮ ਦਾ ਸਿਹਰਾ ਉਨ੍ਹਾਂ ਦੀ ਬਜਾਏ ਉਨ੍ਹਾਂ ਦੇ ਮਰਦ ਸਹਿ-ਮੁਲਾਜ਼ਮਾਂ ਨੂੰ ਦਿੱਤਾ ਗਿਆ। ਲਿਸੇ ਮੀਟਨਰ ਆਸਟਰੇਲੀਆਈ ਮਹਿਲਾ ਵਿਗਿਆਨੀ ਸੀ, ਜਿਸ ਨੇ ਨਿਊਕਲੀਅਰ ਫਿਸ਼ਨ ਦੀ ਖੋਜ ਕੀਤੀ ਸੀ ਪਰ ਲਿਸੇ ਦੀ ਬਜਾਏ ਉਸ ਦੇ ਮਰਦ ਸਹਿ-ਮੁਲਾਜ਼ਮ ਓਟੋ ਹਾਨ ਨੂੰ 1944 ਦਾ ਨੋਬਲ ਪੁਰਸਕਾਰ ਦਿੱਤਾ ਗਿਆ।

ਜੇ ਤੁਸੀਂ ਇਸ ਕਥਨ ਦੇ ਵਿਰੋਧ ’ਚ ਨੋਬਲ ਪੁਰਸਕਾਰ ਦੀ ਸ਼ੁਰੂਆਤ, ਭਾਵ 1903 ਵਿਚ ਹੀ ਮੈਡਮ ਕਿਊਰੀ ਨੂੰ ਨੋਬਲ ਪੁਰਸਕਾਰ ਦਿੱਤੇ ਜਾਣ ਦੀ ਦਲੀਲ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਸ ਘਟਨਾ ਪਿਛਲਾ ਸੱਚ ਜਾਣਨਾ ਦਿਲਚਸਪ ਹੋਵੇਗਾ, ਜੋ ਹੁਣ ਇਤਿਹਾਸ ਵਿਚ ਦਫਨ ਹੋ ਚੁੱਕਾ ਹੈ। ਇਹ ਤਾਂ ਸਭ ਜਾਣਦੇ ਹਨ ਕਿ ਰੇਡੀਏਸ਼ਨ ਦੀ ਖੋਜ ਮੈਡਮ ਕਿਊਰੀ ਅਤੇ ਉਨ੍ਹਾਂ ਦੇ ਪਤੀ ਪੀਅਰੇ ਕਿਊਰੀ ਨੇ ਮਿਲ ਕੇ ਕੀਤੀ ਸੀ ਪਰ ਇਹ ਇਕ ਤੱਥ ਹੈ ਕਿ 1902 ਵਿਚ ਜਦੋਂ ਇਸ ਕੰਮ ਲਈ ਨਾਮਜ਼ਦਗੀ ਦਾਖਲ ਕੀਤੀ ਗਈ ਸੀ ਤਾਂ ਨੋਬਲ ਕਮੇਟੀ ਵਲੋਂ ਮੈਡਮ ਕਿਊਰੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਸੀ ਅਤੇ ਸੂਚੀ ਵਿਚ ਸਿਰਫ ਉਨ੍ਹਾਂ ਦੇ ਪਤੀ ਦਾ ਨਾਂ ਸੀ।

ਮੈਡਮ ਕਿਊਰੀ ਦੇ ਪਤੀ ਦੇ ਇਤਰਾਜ਼ ਅਤੇ ਵਿਰੋਧ ਕਾਰਣ ਮੈਡਮ ਕਿਊਰੀ ਨੂੰ ਵੀ ਨੋਬਲ ਪੁਰਸਕਾਰ ਦਿੱਤਾ ਗਿਆ ਅਤੇ ਇਸ ਤਰ੍ਹਾਂ 1903 ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ ਉਹ ਪਹਿਲੀ ਮਹਿਲਾ ਵਿਗਿਆਨੀ ਅਤੇ ਫਿਰ 1911 ’ਚ ਰੇਡੀਅਮ ਦੀ ਖੋਜ ਕਰ ਕੇ ਦੂਜੀ ਵਾਰ ਨੋਬਲ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ ਬਣੀ।

ਸਪੱਸ਼ਟ ਹੈ ਕਿ ਪ੍ਰਤਿਭਾ ਦੇ ਬਾਵਜੂਦ ਔਰਤਾਂ ਨੂੰ ਲੱਗਭਗ ਹਰ ਖੇਤਰ ’ਚ ਘੱਟ ਕਰ ਕੇ ਹੀ ਜਾਣਿਆ ਜਾਂਦਾ ਹੈ ਤੇ ਕਾਬਲੀਅਤ ਦੇ ਬਾਵਜੂਦ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਂਦਾ। 2018 ਦੀ ਨੋਬਲ ਪੁਰਸਕਾਰ ਜੇਤੂ ਡੋਨਾ ਸਟ੍ਰਿਕਲੈਂਡ ਦੁਨੀਆ ਸਾਹਮਣੇ ਇਸ ਗੱਲ ਦੀ ਜਿਊਂਦੀ-ਜਾਗਦੀ ਮਿਸਾਲ ਹੈ, ਜੋ ਆਪਣੀ ਕਾਬਲੀਅਤ ਦੇ ਬਾਵਜੂਦ ਵਰ੍ਹਿਆਂ ਤਕ ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ’ਚ ਸਹਾਇਕ ਪ੍ਰੋਫੈਸਰ ਵਜੋਂ ਹੀ ਕੰਮ ਕਰਦੀ ਰਹੀ, ਮਤਲਬ ਨੋਬਲ ਪੁਰਸਕਾਰ ਮਿਲਣ ਤੋਂ ਬਾਅਦ ਹੀ ਉਸ ਨੂੰ ਪ੍ਰੋਫੈਸਰ ਦੇ ਅਹੁਦੇ ਉੱਤੇ ਤਰੱਕੀ ਦਿੱਤੀ ਗਈ।

ਤੁਸੀਂ ਕਹਿ ਸਕਦੇ ਹੋ ਕਿ ਮਰਦ ਪ੍ਰਧਾਨ ਸਮਾਜ ’ਚ ਇਹ ਆਮ ਗੱਲ ਹੈ। ਤੁਸੀਂ ਸਹੀ ਵੀ ਹੋ ਸਕਦੇ ਹੋ ਪਰ ਮੁੱਦਾ ਕੁਝ ਹੋਰ ਹੈ। ਅਸਲ ਵਿਚ ਇਹ ਗੱਲ ਆਮ ਹੋ ਸਕਦੀ ਹੈ ਪਰ ‘ਸਾਧਾਰਨ’ ਨਹੀਂ ਕਿਉਂਕਿ ਅਸੀਂ ਇਥੇ ਕਿਸੇ ਸਾਧਾਰਨ ਖੇਤਰ ਦੇ ਆਮ ਮਰਦਾਂ ਦੀ ਗੱਲ ਨਹੀਂ ਕਰ ਰਹੇ, ਸਗੋਂ ਵੱਖ-ਵੱਖ ਖੇਤਰਾਂ ਦੇ ਅਸਾਧਾਰਨ ਵਿਗਿਆਨੀ, ਅਰਥ ਸ਼ਾਸਤਰੀ, ਗਣਿਤ ਮਾਹਿਰ ਅਤੇ ਸਾਹਿਤਕਾਰ ਮਰਦਾਂ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੀ ਅਸਾਧਾਰਨ ਬੌਧਿਕ ਸਮਰੱਥਾ ਅਤੇ ਜਿਨ੍ਹਾਂ ਦਾ ਮਾਨਸਿਕ ਪੱਧਰ ਉਨ੍ਹਾਂ ਨੂੰ ਆਮ ਮਰਦਾਂ ਨਾਲੋਂ ਵੱਖ ਕਰਦਾ ਹੈ।

ਪਰ ਅਫਸੋਸ ਦੀ ਗੱਲ ਹੈ ਕਿ ਔਰਤਾਂ ਪ੍ਰਤੀ ਇਨ੍ਹਾਂ ਦੀ ਮਾਨਸਿਕਤਾ ਉਸ ਭੇਦ ਨੂੰ ਮਿਟਾ ਕੇ ਇਨ੍ਹਾਂ ਕਥਿਤ ਬੁੱਧੀਜੀਵੀ ਮਰਦਾਂ ਨੂੰ ਆਮ ਮਰਦਾਂ ਦੀ ਸ਼੍ਰੇਣੀ ਵਿਚ ਖੜ੍ਹਾ ਕਰ ਦਿੰਦੀ ਹੈ। ਮਰਦ ਵਰਗ ਦੀ ਮਾਨਸਿਕਤਾ ਦਾ ਅੰਦਾਜ਼ਾ ‘ਈ-ਲਾਈਫ’ ਵਰਗੇ ਸਾਇੰਸ ਰਸਾਲੇ ਦੀ ਇਸ ਰਿਪੋਰਟ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ 20 ਫੀਸਦੀ ਔਰਤਾਂ ਹੀ ਸਾਇੰਸ ਰਸਾਲੇ ਦੀਆਂ ਸੰਪਾਦਕ, ਸੀਨੀਅਰ ਸਕਾਲਰ ਅਤੇ ਮੁੱਖ ਲੇਖਕ ਵਰਗੇ ਅਹੁਦਿਆਂ ’ਤੇ ਪਹੁੰਚਦੀਆਂ ਹਨ। ਤੁਸੀਂ ਕਹਿ ਸਕਦੇ ਹੋ ਕਿ ਇਨ੍ਹਾਂ ਖੇਤਰਾਂ ਵਿਚ ਔਰਤਾਂ ਦੀ ਗਿਣਤੀ ਅਤੇ ਮੌਜੂਦਗੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਇਸ ਵਿਸ਼ੇ ’ਤੇ ਵੀ ਕੋਪਨਹੇਗਨ ਯੂਨੀਵਰਸਿਟੀ ਦੀ ਲਿਸੋਲੇਟ ਜੋਫ੍ਰੈੱਡ ਨੇ ਇਕ ਖੋਜ ਕੀਤੀ ਸੀ, ਜਿਸ ਵਿਚ ਉਸ ਨੇ ਯੂ. ਐੱਸ. ਨੈਸ਼ਨਲ ਸਾਇੰਸ ਫਾਊਂਡੇਸ਼ਨ ਤੋਂ ਇਸ ਖੇਤਰ ਦੇ 1901 ਤੋਂ 2010 ਤਕ ਦੇ ਲਿੰਗ ਆਧਾਰਿਤ ਅੰਕੜੇ ਲਏ ਅਤੇ ਇਸ ਅਨੁਪਾਤ ਦੀ ਤੁਲਨਾ ਨੋਬਲ ਪੁਰਸਕਾਰ ਜਿੱਤਣ ਵਾਲਿਆਂ ਦੇ ਲਿੰਗ ਅਨੁਪਾਤ ਨਾਲ ਕੀਤੀ। ਨਤੀਜੇ ਬੇਹੱਦ ਨਾਬਰਾਬਰੀ ਜ਼ਾਹਿਰ ਕਰ ਰਹੇ ਸਨ ਕਿਉਂਕਿ ਜਿਸ ਅਨੁਪਾਤ ’ਚ ਮਹਿਲਾ ਵਿਗਿਆਨੀ ਹਨ, ਉਸ ਅਨੁਪਾਤ ’ਚ ਉਨ੍ਹਾਂ ਨੂੰ ਜੋ ਨੋਬਲ ਪੁਰਸਕਾਰ ਮਿਲਣੇ ਚਾਹੀਦੇ ਹਨ, ਉਹ ਨਹੀਂ ਮਿਲਦੇ।

ਜ਼ਾਹਿਰ ਹੈ ਕਿ ਅਜਿਹਾ ਵਿਤਕਰਾ ਆਧੁਨਿਕ ਅਤੇ ਕਥਿਤ ਸੱਭਿਅਕ ਸਮਾਜ ਦੀ ਪੋਲ ਖੋਲ੍ਹ ਦਿੰਦਾ ਹੈ ਪਰ ਹੁਣ ਔਰਤਾਂ ਜਾਗਰੂਕ ਹੋ ਰਹੀਆਂ ਹਨ। ਉਹ ਵਿਗਿਆਨੀ ਬਣ ਕੇ ਸਿਰਫ ਵਿਗਿਆਨ ਨੂੰ ਹੀ ਨਹੀਂ ਸਮਝ ਰਹੀਆਂ, ਸਗੋਂ ਇਸ ਮਰਦ ਪ੍ਰਧਾਨ ਸਮਾਜ ਦੇ ਮਨੋਵਿਗਿਆਨ ਨੂੰ ਵੀ ਸਮਝ ਰਹੀਆਂ ਹਨ। ਇਹ ਸੱਚ ਹੈ ਕਿ ਹੁਣ ਤਕ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਦੀਆਂ ਦਾ ਸਫਰ ਤਹਿ ਕਰ ਕੇ ਇਥੋਂ ਤਕ ਪਹੁੰਚੀਆਂ ਹਨ ਅਤੇ ਇਸ ਸੱਚਾਈ ਨੂੰ ਵੀ ਮੰਨਦੀਆਂ ਹਨ ਤੇ ਨਾਲ ਹੀ ਮਰਦਾਂ ਦੀ ਸ਼ਲਾਘਾ ਵੀ ਕਰਦੀਆਂ ਹਨ ਪਰ ਹੁਣ ਮਰਦਾਂ ਦੀ ਵਾਰੀ ਹੈ ਕਿ ਉਹ ਔਰਤਾਂ ਦੀ ਕਾਬਲੀਅਤ ਨੂੰ ਉਨ੍ਹਾਂ ਦੀ ‘ਪ੍ਰਤਿਭਾ’ ਮੰਨਣ ਅਤੇ ਉਨ੍ਹਾਂ ਨੂੰ ਬਣਦਾ ਸਨਮਾਨ ਦੇਣ, ਜਿਸ ਦੀਆਂ ਉਹ ਹੱਕਦਾਰ ਹਨ।


author

Bharat Thapa

Content Editor

Related News