ਘਟ-ਘਟ ਮੇਂ ਬਸੇ ਹੈਂ ਰਾਮ

Monday, Nov 27, 2023 - 03:14 PM (IST)

9 ਨਵੰਬਰ 2019 ਨੂੰ ਸੁਪਰੀਮ ਕੋਰਟ ਦੇ ਜੱਜਾਂ ਦੇ ਬੈਂਚ ਨੇ ਰਾਮ ਮੰਦਰ ਦੇ ਹੱਕ ’ਚ ਫੈਸਲਾ ਸੁਣਾਇਆ। ਕਾਨੂੰਨੀ ਪੱਖੋਂ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਹੋਣ ਦੇ ਨਾਲ ਹੀ ਸੁਪਰੀਮ ਕੋਰਟ ਦੇ ਫੈਸਲੇ ਦੇ ਉਨ੍ਹਾਂ ਅਹਿਮ ਪੱਖਾਂ ’ਤੇ ਵੀ ਧਿਆਨ ਦੇਣਾ ਜ਼ਰੂਰੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਚੀਜ਼ਾਂ ਇਤਿਹਾਸਕ ਸਬੂਤਾਂ ਨਾਲ ਜਨਤਕ ਪੱਖੋਂ ਉਪਲੱਬਧ ਹੋਣ ਦੇ ਬਾਵਜੂਦ ਮਾਮਲੇ ਨੂੰ ਲਟਕਾਉਣ, ਅਟਕਾਉਣ ਅਤੇ ਭਟਕਾਉਣ ਦੇ ਮਾੜੇ ਯਤਨ ਕੀਤੇ ਜਾ ਰਹੇ ਸਨ।

ਇਸ ਨੂੰ ਸੰਜੋਗ ਮੰਨਿਆ ਜਾਵੇ ਕਿ ਸ਼੍ਰੀ ਰਾਮ ਜਨਮਭੂਮੀ ’ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਠੀਕ ਇਕ ਸਾਲ ਪਹਿਲਾਂ 2018 ਨੂੰ ਦੀਵਾਲੀ ਦੇ ਮੌਕੇ ’ਤੇ, ਇਨ੍ਹਾਂ ਸਤਰਾਂ ਦੇ ਲੇਖਕ ਆਪਣੇ 4 ਸਿੱਖ ਜਾਣੂਆਂ ਨਾਲ, ਜੋ ਦੇਸ਼ ਦੇ 5 ਵੱਡੇ ਸ਼ਹਿਰਾਂ-ਹੈਦਰਾਬਾਦ, ਸੂਰਤ, ਕਾਨਪੁਰ, ਅੰਮ੍ਰਿਤਸਰ ਅਤੇ ਦਿੱਲੀ ਨਾਲ ਜੁੜੇ ਹੋਏ ਸਨ, ਗੁਰਦੁਆਰਾ ਸ੍ਰੀ ਬ੍ਰਹਮਕੁੰਡ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਅਤੇ ਅਰਦਾਸ ਕਰਨ ਲਈ ਅਯੁੱਧਿਆ ਪਹੁੰਚੇ ਸਨ। ਅਰਦਾਸ ਇਹ ਸੀ ਕਿ ਸ਼੍ਰੀ ਰਾਮ ਜਨਮਭੂਮੀ ਦਾ ਮਸਲਾ ਹੱਲ ਹੋਵੇ ਅਤੇ ਜਲਦੀ ਤੋਂ ਜਲਦੀ ਉੱਥੇ ਪ੍ਰਭੂ ਸ਼੍ਰੀ ਰਾਮ ਦਾ ਵਿਸ਼ਾਲ ਮੰਦਰ ਬਣੇ। ਸਾਡੀ ਅਰਦਾਸ ਵਾਹਿਗੁਰੂ ਜੀ ਨੇ ਸੁਣ ਲਈ ਅਤੇ ਠੀਕ ਇਕ ਸਾਲ ਅੰਦਰ 9 ਨਵੰਬਰ 2019 ਨੂੰ ਸ਼੍ਰੀ ਰਾਮ ਜਨਮਭੂਮੀ ਦੇ ਹੱਕ ’ਚ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਇਹ ਸੱਚੇ ਮਨ ਨਾਲ ਕੀਤੀ ਗਈ ਅਰਦਾਸ ਦੀ ਸ਼ਕਤੀ ਸੀ।

ਇਹ ਵੀ ਇਕ ਸੰਜੋਗ ਮੰਨਿਆ ਜਾਵੇ ਜਾਂ ਫਿਰ ਪ੍ਰਭੂ ਰਾਮ ਦੀ ਕਿਰਪਾ ਕਿ ਜਿਸ ਦਿਨ ਰਾਮ ਮੰਦਰ ਦਾ ਫੈਸਲਾ ਆਇਆ, ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰ ਕਮਲਾਂ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦਾ ਉਦਘਾਟਨ ਵੀ ਹੋਇਆ।

ਬੀਤੇ ਸਮੇਂ ’ਚ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਦੇ ਰਾਹ ’ਚ ਉਨ੍ਹਾਂ ਸ਼ਕਤੀਆਂ ਵੱਲੋਂ ਹੀ ਅਦ੍ਰਿਸ਼ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਸਨ ਜੋ ਓਪਰੇ ਅਡੰਬਰ ਲਈ ਇਸ ਗਲਿਆਰੇ ਦੇ ਹੱਕ ਦੀਆਂ ਗੱਲਾਂ ਕਰਦੀਆਂ ਰਹੀਆਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਖਿਚਾਅ ਅਤੇ ਕਈ ਹੋਰ ਗੈਰ-ਸੁਖਾਵੇਂ ਪੱਖਾਂ ਨੂੰ ਦਲੇਰੀ ਨਾਲ ਭੁਲਾ ਕੇ ਸਿੱਖ ਕੌਮ ਦੇ ਆਜ਼ਾਦੀ ਦੇ ਸਮੇਂ ਉਨ੍ਹਾਂ ਦੇ ਮਨ ਅੰਦਰ ਆਪਣੇ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਇੱਛਾ ਪੂਰੀ ਕਰਨ ਨੂੰ ਪਹਿਲ ਦਿੱਤੀ।

ਸਿੱਖ 70 ਸਾਲਾਂ ਤੋਂ ਇਹ ਅਰਦਾਸ ਕਰਦੀ ਰਹੀ ਕਿ ਜੋ ਗੁਰਦੁਆਰੇ ਅਤੇ ਧਾਰਮਿਕ ਅਸਥਾਨ ਭਾਰਤ ਦੀ ਵੰਡ ਪਿੱਛੋਂ ਪਾਕਿਸਤਾਨ ’ਚ ਰਹਿ ਗਏ, ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਸਿੱਖਾਂ ਨੂੰ ਮਿਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ ਭਾਰਤ ਵਿਰੋਧੀ ਰਵੱਈਏ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਲਈ ਕਾਰੀਡੋਰ ਬਣਵਾਇਆ।

ਭਾਰਤ ਨੇ ਜ਼ੀਰੋ ਪੁਆਇੰਟ, ਕੌਮਾਂਤਰੀ ਸਰਹੱਦ ’ਤੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਸੰਚਾਲਨ ਦੇ ਢੰਗ ਤਰੀਕੇ ਬਾਰੇ ਪਾਕਿਸਤਾਨ ਨਾਲ 24 ਅਕਤੂਬਰ 2019 ਨੂੰ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ। 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਖੁਦ ਪਾਕਿਸਤਾਨ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਗਲਿਆਰੇ ਦਾ ਉਦਘਾਟਨ ਕੀਤਾ ਸੀ।

ਹੁਣ ਗੱਲ ਕਰੀਏ ਸ਼੍ਰੀ ਰਾਮ ਜਨਮਭੂਮੀ ’ਤੇ ਆਏ ਸੁਪਰੀਮ ਕੋਰਟ ਦੇ ਫੈਸਲੇ ਦੀ। ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਕਈ ਵਾਰ ਜ਼ਿਕਰ ਹੈ। ਅਦਾਲਤ ਦੇ 1045 ਪੰਨਿਆਂ ਦੇ ਫੈਸਲੇ ’ਚ ਇਕ ਗਵਾਹ ਦੇ ਹਵਾਲੇ ਨਾਲ ਇਹ ਕਿਹਾ ਗਿਆ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਯੁੱਧਿਆ ਆਏ ਸਨ ਅਤੇ ਉਨ੍ਹਾਂ ਭਗਵਾਨ ਰਾਮ ਦੇ ਦਰਸ਼ਨ ਵੀ ਕੀਤੇ ਸਨ। ਅਯੁੱਧਿਆ ਦੇ ਫੈਸਲੇ ਦੀ ਜੋ ਕਾਪੀ ਹੈ, ਦੇ ਪੰਨਾ ਨੰਬਰ 991-995 ’ਚ ਸਿੱਖਾਂ ਦੇ ਪਹਿਲੇ ਗੁਰੂ ਦਾ ਜ਼ਿਕਰ ਕੀਤਾ ਗਿਆ ਹੈ। ਇਕ ਤਰ੍ਹਾਂ ਨਾਲ ਇਹ ਪ੍ਰਮੁੱਖ ਆਧਾਰ ਰਿਹਾ ਜਿਸ ਦਾ ਨੋਟਿਸ ਲੈਂਦੇ ਹੋਏ ਅਦਾਲਤ ਨੇ ਇਹ ਮੰਨਿਆ ਕਿ ਬਾਬਰ ਦੇ ਹਮਲੇ ਤੋਂ ਕਈ ਸਾਲ ਪਹਿਲਾਂ ਵੀ ਅਯੁੱਧਿਆ ਇਕ ਤੀਰਥ ਅਸਥਾਨ ਸੀ ਅਤੇ ਇੱਥੇ ਪੂਜਾ ਪਾਠ ਲਗਾਤਾਰ ਹੁੰਦੀ ਰਹਿੰਦੀ ਸੀ।

ਅਦਾਲਤ ਦੇ ਸਾਹਮਣੇ ਪੇਸ਼ ‘ਆਦਿ ਸਾਖੀ’, ‘ਪੁਰਾਤਨ ਜਨਮ ਸਾਖੀ’, ‘ਪੋੜੀ ਜਨਮ ਸਾਖੀ’ ਅਤੇ ‘ਗੁਰੂ ਨਾਨਕ ਵੰਸ਼ ਪ੍ਰਕਾਸ਼’ ਵਰਗੀਆਂ ਪਵਿੱਤਰ ਪੁਸਤਕਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ 1507 (ਬਿਕ੍ਰਮੀ ਸੰਮਤ 1564) ’ਚ ਭਾਦਰਪਦ ਪੂਰਨਮਾਸ਼ੀ ਵਾਲੇ ਦਿਨ ਤੀਰਥ ਅਸਥਾਨ ਦੇ ਦੌਰੇ ਲਈ ਨਿਕਲੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਨੂੰ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਹੋ ਚੁੱਕੇ ਸਨ। ਉਸ ਤੋਂ ਬਾਅਦ ਉਹ ਦਿੱਲੀ ਤੋਂ ਹਰਿਦੁਆਰ ਅਤੇ ਸੁਲਤਾਨਪੁਰ ਹੁੰਦੇ ਹੋਏ ਅਯੁੱਧਿਆ ਪੁੱਜੇ। ਉਨ੍ਹਾਂ ਦਾ ਇਹ ਦੌਰਾ 3-4 ਸਾਲਾਂ ਤੱਕ ਚੱਲਿਆ। ਉਹ 1501-11 (ਬਿਕ੍ਰਮੀ ਸੰਮਤ 1567-68) ’ਚ ਅਯੁੱਧਿਆ ਪੁੱਜੇ। ਸੁਪਰੀਮ ਕੋਰਟ ਨੇ ਇਸ ਵੱਲ ਧਿਆਨ ਦਿਵਾਇਆ ਹੈ ਕਿ ਜਦੋਂ ਉਨ੍ਹਾਂ ਦਾ ਇਹ ਦੌਰਾ ਹੋਇਆ, ਉਦੋਂ ਤੱਕ ਬਾਬਰ ਨੇ ਭਾਰਤ ’ਤੇ ਹਮਲਾ ਨਹੀਂ ਕੀਤਾ ਸੀ।

ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਇਹ ਵੀ ਪਤਾ ਲੱਗਾ ਹੈ ਕਿ ਬਾਅਦ ਦੇ ਦਿਨਾਂ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨ ਲਈ ਅਯੁੱਧਿਆ ਪਹੁੰਚੇ ਸਨ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ’ਚ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉੱਥੇ ਜਾ ਕੇ ਦਰਸ਼ਨ ਕਰਨਾ ਹਿੰਦੂਆਂ ਦੀ ਆਸਥਾ ਅਤੇ ਭਰੋਸੇ ’ਤੇ ਮੋਹਰ ਲਾਉਂਦਾ ਹੈ। ਅਦਾਲਤ ਨੇ ਇਹ ਵੀ ਮੰਨਿਆ ਕਿ ਬਾਬਰ ਦੇ ਹਮਲੇ ਤੋਂ ਪਹਿਲਾਂ ਦੇ ਕਈ ਧਾਰਮਿਕ ਦਸਤਾਵੇਜ਼ ਮੌਜੂਦ ਹਨ ਜੋ ਜਨਮਭੂਮੀ ਦੀ ਗੱਲ ਦੀ ਹਮਾਇਤ ਕਰਦੇ ਹਨ।

ਇੱਥੇ ਇਕ ਹੋਰ ਅਹਿਮ ਤੱਥ ਨਿਹੰਗ ਸਿੰਘਾਂ ਨੂੰ ਲੈ ਕੇ ਹੈ। 30 ਨਵੰਬਰ 1858 ਨੂੰ ਅਵਧ ਦੇ ਇਕ ਥਾਣੇਦਾਰ ਨੇ ਇਕ ਐੱਫ. ਆਈ. ਆਰ. ਦਰਜ ਕੀਤੀ ਸੀ, ਉਸ ’ਚ ਉਸ ਨੇ ਕਿਹਾ ਸੀ ਕਿ 25 ਨਿਹੰਗ ਸਿੰਘ ਰਾਮ ਜਨਮਭੂਮੀ ’ਚ ਦਾਖਲ ਹੋਏ ਅਤੇ ਉਨ੍ਹਾਂ ਉੱਥੇ ਹਵਨ ਕੀਤਾ। ਇਨ੍ਹਾਂ ਨਿਹੰਗ ਸਿੰਘਾਂ ਨੇ ਉੱਥੋਂ ਦੀਆਂ ਕੰਧਾਂ ’ਤੇ ‘ਰਾਮ-ਰਾਮ’ ਲਿਖਿਆ ਅਤੇ ਕਈ ਧਾਰਮਿਕ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹੋਏ ਪੂਜਾ-ਪਾਠ ਵੀ ਕੀਤਾ। ਇਨ੍ਹਾਂ ਸਬੂਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਮ ਜਨਮਭੂਮੀ ਅੰਦੋਲਨ ਨਾਲ ਪੂਰਾ ਭਾਰਤ ਜੁੜਿਆ ਹੋਇਆ ਸੀ। ਨਿਹੰਗ ਸਿੰਘਾਂ ਦੀ ਗਾਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੱਕ ਜਾਂਦੀ ਹੈ।

ਅਯੁੱਧਿਆ ਕਈ ਧਰਮਾਂ ਦੀ ਪਵਿੱਤਰ ਧਰਤੀ ਬਣ ਚੁੱਕੀ ਹੈ। ਹਿੰਦੂਆਂ ਦੇ ਨਾਲ ਹੀ ਜੈਨ, ਬੋਧ ਅਤੇ ਸਿੱਖਾਂ ਦੀ ਵੀ ਇਹ ਪਵਿੱਤਰ ਭੂਮੀ ਹੈ। ਅਯੁੱਧਿਆ ’ਚ ਮੌਜੂਦ ਗੁਰਦੁਆਰਾ ਸ੍ਰੀ ਬ੍ਰਹਮਕੁੰਡ ਸਾਹਿਬ ਦੇ ਦਰਸ਼ਨ ਕਰਨ ਲਈ ਦੇਸ਼-ਵਿਦੇਸ਼ ਤੋਂ ਸਿੱਖ ਸ਼ਰਧਾਲੂ ਆਉਂਦੇ ਹਨ। ਅਜਿਹੀ ਮਾਨਤਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਗੁਰਦੁਆਰਾ ਸ੍ਰੀ ਬ੍ਰਹਮਕੁੰਡ ਸਾਹਿਬ ’ਚ ਧਿਆਨ ਕੀਤਾ ਸੀ।

ਸਿੱਖ ਗੁਰੂਆਂ ਦੀ ਪ੍ਰਭੂ ਰਾਮ ਅਤੇ ਸ਼੍ਰੀ ਕ੍ਰਿਸ਼ਨ ’ਤੇ ਗੂੜ੍ਹੀ ਆਸਥਾ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਸਿੱਖਾਂ ਦੇ ਪਵਿੱਤਰ ਧਰਮਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਰਾਮ ਸ਼ਬਦ ਦੀ ਵਰਤੋਂ 2533 ਵਾਰ ਕੀਤੀ ਗਈ ਹੈ। ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸ਼ਬਦ ‘ਹਰਿ’ ਹੈ, ਜਿਸ ਦਾ ਜ਼ਿਕਰ 8344 ਵਾਰ ਕੀਤਾ ਗਿਆ ਹੈ। ‘ਗੋਵਿੰਦ’ ਸ਼ਬਦ ਦੀ ਵਰਤੋਂ 475 ਵਾਰ ਅਤੇ ‘ਮੁਰਾਰੀ’ ਸ਼ਬਦ ਦੀ ਵਰਤੋਂ 97 ਵਾਰ ਕੀਤੀ ਗਈ ਹੈ।

ਆਰ. ਪੀ. ਸਿੰਘ (ਕੌਮੀ ਬੁਲਾਰਾ, ਭਾਜਪਾ)


Rakesh

Content Editor

Related News