ਰਾਜਾ ਵੜਿੰਗ ਕਾਂਗਰਸ ਨੂੰ ਜ਼ਬਰਦਸਤ ਊਰਜਾ ਦੇਣ ਵਾਲੇ ਪ੍ਰਧਾਨ ਸਾਬਿਤ ਹੋਏ

Friday, Jun 21, 2024 - 05:41 PM (IST)

ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਿਸ ਨਵੀਂ ਕਾਂਗਰਸ ਦਾ ਸੁਪਨਾ ਕਈ ਸਾਲ ਪਹਿਲਾਂ ਦੇਖਿਆ ਸੀ ਉਹ ਹੁਣ ਸਾਕਾਰ ਹੋ ਰਿਹਾ ਹੈ। ਰਾਹੁਲ ਗਾਂਧੀ ਦੀ ਇਸ ਨਵੀਂ ਕਾਂਗਰਸ ਵਿਚ ਉਨ੍ਹਾਂ ਦੇ ਪੈਰ ’ਚ ਪੈਰ ਰੱਖ ਕੇ ਚੱਲ ਰਹੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੂਰੀ ਤਰ੍ਹਾਂ ਫਿੱਟ ਬੈਠ ਦੇ ਹਨ।

ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਨਾਲ ਰਾਹੁਲ ਗਾਂਧੀ ਦੀ ਸੋਚ ਅਤੇ ਰਣਨੀਤੀ ਉਤੇ ਮੋਹਰ ਤਾਂ ਲੱਗੀ ਹੀ, ਇਸ ਨਾਲ ਰਾਜਾ ਵੜਿੰਗ ਦਾ ਕੱਦ ਵੀ ਵੱਡਾ ਹੋਇਆ ਹੈ। ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਵਿਰੁੱਧ ਚੋਣ ਲੜਨ ਦੀ ਦਿੱਤੀ ਜ਼ਿੰਮੇਵਾਰੀ ਨੂੰ ਰਾਜਾ ਵੜਿੰਗ ਨੇ ਚੈਲੇਂਜ ਵਜੋਂ ਲਿਆ।

ਲੁਧਿਆਣਾ ਲੋਕ ਸਭਾ ਸੀਟ ਜਿੱਤ ਕੇ ਰਾਜਾ ਵੜਿੰਗ ਦੀ ਮਕਬੂਲੀਅਤ ’ਚ ਭਾਰੀ ਵਾਧਾ ਹੋਇਆ ਹੈ। ਉਹ ਪਾਰਟੀ ਨੂੰ ਅਥਾਹ ਊਰਜਾ ਦੇਣ ਵਾਲੇ ਪ੍ਰਧਾਨ ਸਾਬਿਤ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਆਰਾਮਪ੍ਰਸਤੀ ਜੀਵਨ ਤੇ ਜੀਵਨਸ਼ੈਲੀ ਨਾਲ ਹੁਲਾਰੇ ਖਾਂਦੀ ਸਰਕਾਰ ਅਤੇ ਪਾਰਟੀ ਦਾ ਸਾਹਮਣਾ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਵਿਰੋਧੀਆਂ ਨਾਲ ਹੋਇਆ ਤਾਂ ਅਣਕਿਆਸੇ ਨਤੀਜੇ ਸਾਹਮਣੇ ਆਏ।

ਕਾਂਗਰਸ ਪਾਰਟੀ ਨੂੰ ਇਸ ਘਟਨਾ ਤੋਂ ਉਭਾਰਨ ਲਈ ਪਾਰਟੀ ਹਾਈਕਮਾਨ ਨੇ ਵਿਸ਼ੇਸ਼ ਤੌਰ ’ਤੇ ਬੜੇ ਵੱਡੇ ਭਰੋਸੇ ਨਾਲ ਉਮਰ ’ਚ ਛੋਟੇ ਰਾਜਾ ਵੜਿੰਗ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਅਤੇ ਨਾਲ ਹੀ ਆਪਣੇ ਏਜੰਡੇ ਨੂੰ ਸਮਝਾਇਆ। ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਸੁੱਖ ਸਰਕਾਰੀਆ, ਵਿਜੈਇੰਦਰ ਸਿੰਗਲਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਰਗੇ ਸੀਨੀਅਰ ਲੀਡਰਾਂ ਨੂੰ ਮਾਣ-ਸਤਿਕਾਰ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਮਾਰਗਦਰਸ਼ਕ ਮੰਨ ਕੇ ਉਨ੍ਹਾਂ ਦੇ ਸੁਝਾਵਾਂ ਅਤੇ ਆਪਣੀ ਸਮਰਪਿਤ ਟੀਮ ਨਾਲ ਮਾਨ ਸਰਕਾਰ ਦੀਆਂ ਖੋਖਲੀਆਂ ਅਤੇ ਡਰਾਮੇਬਾਜ਼ੀ ਵਾਲੀਆਂ ਸਕੀਮਾਂ ਵਿਰੁੱਧ ਡੰਕੇ ਦੀ ਚੋਟ ਨਾਲ ਬਿਗੁਲ ਵਜਾਇਆ।

ਇਸ ਸਮੇਂ ਦੌਰਾਨ ਜਿਥੇ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਆਪਣੇ ਆਗੂਆਂ ਦੀਆਂ ਨਾਲਾਇਕੀਆਂ ਕਾਰਨ ਗਿਰਾਵਟ ਵੱਲ ਗਈਆਂ, ਉਥੇ ਰਾਜਾ ਵੜਿੰਗ ਨੇ ਆਪਣੇ ਸਿਆਸੀ ਹੁਨਰ ਦਾ ਲੋਹਾ ਮੰਨਵਾਇਆ। ਇਕੋ ਸਮੇਂ ਜਿਥੇ ਪਾਰਟੀ ਨੂੰ ਗਰਦਿਸ਼ ਵਿਚੋਂ ਕੱਢਣ ਦੀ ਲਾਈ ਡਿਊਟੀ ਨੂੰ ਰਾਜਾ ਵੜਿੰਗ ਬਾਖੂਬੀ ਨਿਭਾਅ ਰਹੇ ਸਨ, ਉਥੇ ਹੀ ਮੁੱਢ ਕਦੀਮ ਤੋਂ ਆਪਣੀ ਹੀ ਪਾਰਟੀ ’ਚੋਂ ਆਪਣੇ ਵਿਰੋਧੀਆਂ ਵੱਲੋਂ ਲੱਤਾਂ ਖਿੱਚਣ ਦੀ ਖੇਡ ਨੂੰ ਬੁਰੀ ਤਰ੍ਹਾਂ ਲਤਾੜ ਕੇ ਉਹ ਆਪਣੇ ਪਹਿਲੇ ਇਮਤਿਹਾਨ, ਪੰਜਾਬ ਵਿਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਦੇਸ਼ ਵਿਚ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਸਫਲ ਬਣਾ ਕੇ ਅਤੇ ਹੁਣ ਲੋਕ ਸਭਾ ਚੋਣਾਂ ਦੀਆਂ 13 ਵਿਚੋਂ 7 ਸੀਟਾਂ ਜਿੱਤੀਆਂ।

ਇਨ੍ਹਾਂ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ। 7 ਸੀਟਾਂ ਜਿੱਤ ਕੇ ਕਾਂਗਰਸ ਨੇ 2022 ’ਚ ਹੋਈ ਆਪਣੀ ਭਿਆਨਕ ਹਾਰ ਨੂੰ ਪਲਟ ਦਿੱਤਾ ਹੈ, ਜਦਕਿ ਇਸ ਹਾਰ ਤੋਂ ਬਾਅਦ ਪਾਰਟੀ ਨਿਰਾਸ਼ਾ ਦੇ ਆਲਮ ਵਿਚ ਸੀ।

ਜਿਥੇ ਇਕ ਪਾਸੇ ਮੈਂਬਰ ਤੇ ਵਰਕਰ ਨਿਰਾਸ਼ ਸਨ, ਉਥੇ ਹੀ ਇਸ ਦੇ ਨੇਤਾਵਾਂ ਨੇ ਪਾਰਟੀ ਛੱਡਣ ਬਾਰੇ ਸੋਚਿਆ ਤੇ ਬਹੁਤ ਛੱਡ ਵੀ ਗਏ ਅਤੇ ਲੋਕਾਂ ਦਾ ਵਿਸ਼ਵਾਸ ਘਟ ਰਿਹਾ ਸੀ। ਇਕ ਰਣਨੀਤਕ ਕਦਮ ਵਜੋਂ ਕਾਂਗਰਸ ਹਾਈਕਮਾਨ ਨੇ ਅਪ੍ਰੈਲ 2022 ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ। ਪੰਜਾਬ ਕਾਂਗਰਸ ਨਿਰਾਸ਼ ਵਰਕਰਾਂ ਅਤੇ ਨਿਰਾਸ਼ ਨੇਤਾਵਾਂ ਕਾਰਨ ਬੇਚੈਨ ਸੀ। ਇਥੇ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ 2015 ਹੇਠ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹੋਏ ਪ੍ਰਾਪਤ ਕੀਤੇ ਤਜਰਬੇ ਨੂੰ ਨਵੇਂ ਜੋਸ਼ ਅਤੇ ਜਜ਼ਬੇ ਵਜੋਂ ਵਰਤਿਆ।

ਜਦੋਂ ਤੋਂ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਉਦੋਂ ਤੋਂ ਹੀ ਉਨ੍ਹਾਂ ਅਣਥੱਕ ਜਨੂੰਨ ਨਾਲ ਪਾਰਟੀ ਨੂੰ ਮੁੜ-ਸੁਰਜੀਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਉਹ ਕਾਂਗਰਸ ਭਵਨ ਚੰਡੀਗੜ੍ਹ, ਰੈਲੀਆਂ ਵਿਚ ਆਪਣੇ ਹੱਕਾਂ ਦੀ ਵਕਾਲਤ ਕਰਦੇ ਹੋਏ ਅਤੇ ਰਣਨੀਤੀ ਘੜਨ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ। ਪਿਛਲੇ ਦੋ ਸਾਲਾਂ ਵਿਚ ਉਨ੍ਹਾਂ ਪਾਰਟੀ ਨੂੰ ਮੁੜ-ਸੁਰਜੀਤ ਕੀਤਾ, ਪੰਜਾਬੀਆਂ ਦੇ ਹੱਕਾਂ ਲਈ ਸੂਬਾ ਪੱਧਰੀ ਰੋਸ ਵਿਖਾਵਿਆਂ ਦਾ ਆਯੋਜਨ ਕੀਤਾ ਅਤੇ ਕਾਂਗਰਸ ਪਰਿਵਾਰ ਨੂੰ ਹੇਠਲੇ ਪੱਧਰ ਤੱਕ ਇਕਜੁੱਟ ਕੀਤਾ। ਇਨ੍ਹਾਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਕਾਂਗਰਸ ਦੀ ਜਿੱਤ ਵਜੋਂ ਸਾਹਮਣੇ ਆਇਆ।

ਪਿਛਲੇ 2 ਸਾਲਾਂ ਦੌਰਾਨ ਪਾਰਟੀ ਵਿਚ ਮਹੱਤਵਪੂਰਨ ਢਾਂਚਾਗਤ ਤਬਦੀਲੀਆਂ ਕੀਤੀਆਂ, ਜਿਨ੍ਹਾਂ ਨਾਲ ਕਈ ਨਵੇਂ ਆਗੂ ਉੱਭਰ ਰਹੇ ਹਨ। ਜਿਹੜੇ ਰਹਿ ਗਏ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵਿਚ ਉਮੀਦ ਬਹਾਲ ਕਰਨ ਲਈ ਅਣਥੱਕ ਮਿਹਨਤ ਕੀਤੀ। ਇਹ ਮੁੜ-ਸੁਰਜੀਤੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਪਿਛਲੇ 2 ਦਹਾਕਿਆਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਅਗਵਾਈ ਹੇਠ ਸੂਬਾ ਕਾਂਗਰਸ ਨੇ ਜ਼ਮੀਨੀ ਪੱਧਰ ’ਤੇ ਗਿਰਾਵਟ ਦਾ ਅਨੁਭਵ ਕੀਤਾ ਸੀ।

ਰਾਜਾ ਵੜਿੰਗ ਦੀ ਅਗਵਾਈ ਹੇਠ 234 ਬਲਾਕ ਕਾਂਗਰਸ ਕਮੇਟੀਆਂ, 2145 ਮੰਡਲ ਪ੍ਰਧਾਨਾਂ, 24,570 ਮੰਡਲ ਕਮੇਟੀ ਮੈਂਬਰਾਂ ਅਤੇ 117 ਹਲਕਾ ਕੋਆਰਡੀਨੇਟਰਾਂ ਨਾਲ ਜ਼ਮੀਨੀ ਪੱਧਰ ’ਤੇ ਸ਼ਮੂਲੀਅਤ ਨੂੰ ਮੁੜ-ਸੁਰਜੀਤ ਕੀਤਾ ਗਿਆ। ਉਨ੍ਹਾਂ ਦੇ ਸਾਂਝੇ ਯਤਨਾਂ ਕਾਰਨ ਕਾਂਗਰਸ ਨੇ ਸੂਬੇ ਜਾਂ ਕੇਂਦਰੀ ਪੱਧਰ ’ਤੇ ਸੱਤਾ ਨਾ ਹੋਣ ਦੇ ਬਾਵਜੂਦ ਲੋਕ ਸਭਾ ਚੋਣਾਂ ਵਿਚ 7 ਸੀਟਾਂ ਹਾਸਲ ਕੀਤੀਆਂ, ਜੋ ਵੱਡੀ ਪ੍ਰਾਪਤੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਜਿਥੇ ਕਾਂਗਰਸ ਪਾਰਟੀ ਅਤੇ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਨੱਕ ਦੀ ਸੇਧ ਤੁਰ ਰਹੇ ਹਨ ਉਥੇ ਆਮ ਲੀਡਰਾਂ ਵੱਲੋਂ ਬਿਨਾਂ ਵਜ੍ਹਾ ਉਲਝਾਊ ਮਸਲਿਆਂ ਵਿਚ ਵੀ ਨਹੀਂ ਫਸਦੇ। ਜਦੋਂ ਰਵਨੀਤ ਬਿੱਟੂ ਨੂੰ ਹਰਾਉਣ ਲਈ ਲੁਧਿਆਣੇ ਤੋਂ ਚੋਣ ਲੜਨ ਲਈ ਹੁਕਮ ਹੋਇਆ ਤਾਂ ਪਹਿਲੇ ਹੀ ਦਿਨ ਤੋਂ ਖਿੜੇ ਮੱਥੇ ਹੁਕਮ ਮੰਨ ਕੇ ਪਾਰਟੀ ਹਾਈਕਮਾਨ ਦੀ ਝੋਲੀ ’ਚ ਜਿੱਤ ਪਾਈ।


Rakesh

Content Editor

Related News