ਪੰਜਾਬ : ਬਟਵਾਰੇ ਦੇ ਜ਼ਖ਼ਮ ਅੱਜ ਵੀ ਹਰੇ ਹਨ

07/26/2021 3:25:09 AM

ਵਿਨੀਤ ਨਾਰਾਇਣ
ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਨੂੰ 74 ਸਾਲ ਹੋ ਗਏ ਹਨ ਪਰ ਇਸ ਦੇ ਜ਼ਖ਼ਮ ਅੱਜ ਵੀ ਹਰੇ ਹਨ। ਇਸ ਦੀ ਸਭ ਤੋਂ ਵੱਡੀ ਮਾਰ ਸਰਹੱਦ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕਾਂ ਨੇ ਝੱਲੀ। ਦੋਵੇਂ ਪਾਸੇ ਸਿੱਖ, ਹਿੰਦੂ ਤੇ ਮੁਸਲਮਾਨ ਬਟਵਾਰੇ ਦੀ ਅੱਗ ’ਚ ਝੁਲਸੇ। ਦੋਵਾਂ ਦੇ ਪਰਿਵਾਰਕ ਮੈਂਬਰਾਂ ਦੇ ਬੜੀ ਬੇਰਹਿਮੀ ਨਾਲ ਕਤਲ ਹੋਏ। ਉਨ੍ਹਾਂ ਦੀਆਂ ਨੂੰਹਾਂ-ਧੀਆਂ ਦੀ ਇੱਜ਼ਤ ਲੁੱਟੀ ਜਾਂ ਉਨ੍ਹਾਂ ਨੂੰ ਜਬਰੀ ਧਰਮ ਤਬਦੀਲ ਕਰ ਕੇ ਅਣਚਾਹੇ ਵਿਆਹ ਦੇ ਬੰਧਨ ’ਚ ਬੱਝਣਾ ਪਿਆ। ਭਰਾ-ਭੈਣ, ਮਾਂ-ਬਾਪ, ਧੀ-ਪੁੱਤ ਭਾਜੜ ’ਚ ਵਿਛੜ ਗਏ। ਉਨ੍ਹਾਂ ਦੇ ਘਰ-ਬਾਰ, ਖੇਤ ਤੇ ਦੁਕਾਨ-ਕਾਰੋਬਾਰ ਪਿੱਛੇ ਰਹਿ ਗਏ। ਉਨ੍ਹਾਂ ਨੂੰ ਇਕ ਨਵੇਂ ਦੇਸ਼ ’ਚ, ਨਵੇਂ ਪਰਿਵੇਸ਼ ’ਚ, ਨਵੇਂ ਗੁਆਂਢੀਆਂ ਦਰਮਿਆਨ ਪਨਾਹਗੀਰ ਬਣ ਕੇ ਰਹਿਣਾ ਪਿਆ।

ਜਿਨ੍ਹਾਂ ਦੇ ਘਰ ’ਚ ਦੁੱਧ-ਦਹੀਂ ਦੀਆਂ ਨਦੀਆਂ ਵਗਦੀਆਂ ਸਨ, ਉਨ੍ਹਾਂ ਨੂੰ ਮਿਹਨਤ ਕਰ ਕੇ, ਰੇਹੜੀ ਲਗਾ ਕੇ ਜਾਂ ਜ਼ਿਮੀਂਦਾਰਾਂ ਦੇ ਖੇਤਾਂ ’ਚ ਮਜ਼ਦੂਰੀ ਕਰ ਕੇ ਢਿੱਡ ਪਾਲਣਾ ਪਿਆ। ਇਨ੍ਹਾਂ ਲੋਕਾਂ ਦੇ ਖੌਫਨਾਕ ਅਨੁਭਵ ’ਤੇ ਦੋਵਾਂ ਮੁਲਕਾਂ ’ਚ ਬਹੁਤ ਫਿਲਮਾਂ ਬਣ ਚੁੱਕੀਆਂ ਹਨ। ਲੇਖ ਅਤੇ ਨਾਵਲ ਲਿਖੇ ਜਾ ਚੁੱਕੇ ਹਨ ਅਤੇ ਸਦਭਾਵਨਾ ਵਫਦ ਵੀ ਇਕ-ਦੂਸਰੇ ਦੇ ਦੇਸ਼ਾਂ ’ਚ ਆਉਂਦੇ-ਜਾਂਦੇ ਰਹੇ ਪਰ ਉਨ੍ਹਾਂ ਨੇ ਜੋ ਝੱਲਿਆ ਉਹ ਇੰਨਾ ਭਿਆਨਕ ਸੀ ਕਿ ਉਸ ਪੀੜ੍ਹੀ ਦੇ ਜੋ ਲੋਕ ਅਜੇ ਵੀ ਜ਼ਿੰਦਾ ਬਚੇ ਹਨ ਉਹ ਅੱਜ ਤੱਕ ਉਸ ਮੰਜ਼ਰ ਨੂੰ ਯਾਦ ਕਰ ਕੇ ਸੁੱਤੇ ਹੋਏ ਘਬਰਾ ਕੇ ਜਾਗ ਜਾਂਦੇ ਹਨ ਅਤੇ ਭੁੱਬਾਂ ਮਾਰ ਕੇ ਰੋਣ ਲੱਗਦੇ ਹਨ।

ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਮਾਜਿਕ ਸਰੋਕਾਰ ਰੱਖਣ ਵਾਲੇ ਲੋਕ ਵੀ ਇਨ੍ਹਾਂ ਦਾ ਦੁੱਖ ਦੂਰ ਨਹੀਂ ਕਰ ਸਕੇ। ਇਹ ਕੰਮ ਕੀਤਾ ਹੈ ਦੋਵਾਂ ਦੇਸ਼ਾਂ ਦੇ ਟੀ. ਵੀ. ਮੀਡੀਆ ’ਚ ਕੰਮ ਕਰਨ ਵਾਲੇ ਕੁਝ ਉਤਸ਼ਾਹੀ ਨੌਜਵਾਨਾਂ ਨੇ। ਇਨ੍ਹਾਂ ’ਚ ਖਾਸ ਤੌਰ ’ਤੇ ਹਿੰਦੁਸਤਾਨ ਤੋਂ 47ਨਾਮਾ, ਕੇਸ਼ੂ ਮੁਲਤਾਨੀ ਦੀ ਕੇਸ਼ੂ ਫਿਲਮਜ਼, ਧਰਤੀ ਦੇਸ਼ ਪੰਜਾਬ ਦੀ ਅਤੇ ਪਾਕਿਸਤਾਨ ਤੋਂ ਸੰਤਾਲੀ ਦੀ ਲਹਿਰ, ਪੰਜਾਬੀ ਲਹਿਰ, ਇਕ ਪਿੰਡ ਪੰਜਾਬ ਦਾ, ਮੁਹੰਮਦ ਸਰਫਰਾਜ਼ ਅਤੇ ਮੁਹੰਮਦ ਆਲਮਗੀਰ ਦੇ ਨਾਂ ਵਰਨਣਯੋਗ ਹਨ। ਇਸ ਦੇ ਲਈ ਉਨ੍ਹਾਂ ਨੂੰ ਕਿਸੇ ਟੀ. ਵੀ. ਚੈਨਲ ਜਾਂ ਸਰਕਾਰ ਕੋਲੋਂ ਕੋਈ ਮਦਦ ਨਹੀਂ ਮਿਲੀ। ਇਹ ਯਤਨ ਉਨ੍ਹਾਂ ਨੇ ਆਪਣੀ ਪਹਿਲ, ਥੋੜ੍ਹੇ-ਬਹੁਤੇ ਵਸੀਲੇ ਹਾਸਲ ਕਰ ਕੇ ਕੀਤਾ।

ਯੂਟਿਊਬ ’ਤੇ ਇਨ੍ਹਾਂ ਦੀਆਂ ਰਿਪੋਰਟਾਂ ਦੇ ਲੱਖਾਂ ਦਰਸ਼ਕ ਹਨ ਜਦਕਿ ਇਹ ਰਿਪੋਰਟਾਂ ਉੱਚੀ ਲਾਗਤ, ਤਕਨੀਕੀ ਕਾਰੀਗਰੀ ਅਤੇ ਮਹਿੰਗੇ ਯੰਤਰਾਂ ਦੇ ਬਿਨਾਂ ਆਮ ਸਾਧਾਰਨ ਕੈਮਰਿਆਂ ਜਾਂ ਸਮਾਰਟਫੋਨ ਦੀ ਮਦਦ ਨਾਲ ਬਣਾਈਆਂ ਗਈਆਂ ਹਨ। ਬਾਵਜੂਦ ਇਸ ਦੇ ਇਨ੍ਹਾਂ ਦਾ ਵਿਸ਼ਾ-ਵਸਤੂ ਇੰਨਾ ਡੂੰਘਾ ਹੈ ਕਿ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ ਹੈ। 20-25 ਮਿੰਟ ਦੀ ਰਿਪੋਰਟ ਜਦੋਂ ਆਪਣੇ ਕਲਾਈਮੈਕਸ ਤੱਕ ਪਹੁੰਚਦੀ ਹੈ, ਦੇਖਣ ਵਾਲਾ ਇਕਦਮ ਅੱਥਰੂ ਵਹਾਉਣ ਲੱਗ ਜਾਂਦਾ ਹੈ। ਇਨ੍ਹਾਂ ਦੀ ਭਾਸ਼ਾ ਪੰਜਾਬੀ, ਹਿੰਦੀ, ਝਾਂਗੀ, ਹਰਿਆਣਵੀ ਅਤੇ ਮੁਲਤਾਨੀ ਹੈ।

ਇਨ੍ਹਾਂ ਨੌਜਵਾਨਾਂ ਨੇ ਪਿਛਲੇ ਕੁਝ ਸਾਲਾਂ ’ਚ ਭਾਰਤ-ਪਾਕਿਸਤਾਨ ਸਮੇਤ ਉਨ੍ਹਾਂ ਸਾਰੇ ਦੇਸ਼ਾਂ ’ਚ ਗੈਰ-ਰਸਮੀ ਤੌਰ ’ਤੇ ਆਪਣਾ ਜਾਲ ਵਿਛਾ ਲਿਆ ਹੈ, ਜਿਹੜੇ ਦੇਸ਼ਾਂ ’ਚ ਬਟਵਾਰੇ ’ਚ ਉਜੜੇ ਹੋਏ ਲੋਕ ਰਹਿੰਦੇ ਹਨ। ਇਹ ਲੜਕੇ ਸਿੱਖ, ਹਿੰਦੂ, ਮੁਸਲਮਾਨ ਹਨ ਪਰ ਇਨ੍ਹਾਂ ਦੇ ਦਿਲ ’ਚ ਇਨਸਾਨ ਵੱਸਦਾ ਹੈ। ਫਿਰਕੂਪੁਣਾ ਜਾਂ ਫਿਰਕਾਪ੍ਰਸਤੀ ਦੀਆਂ ਘਿਨੌਣੀਆਂ ਕੰਧਾਂ ਨੂੰ ਟੱਪ ਕੇ ਇਹ ਨੌਜਵਾਨ ਉਨ੍ਹਾਂ ਲੋਕਾਂ ਤੱਕ ਪਹੁੰਚੇ ਹਨ ਜਿਨ੍ਹਾਂ ਨੇ ਬਟਵਾਰੇ ਦਾ ਸੰਤਾਪ ਝੱਲਿਆ ਹੈ, ਉਹ ਅੱਜ ਵੀ ਜ਼ਿੰਦਾ ਹਨ। ਜ਼ਾਹਿਰ ਹੈ ਕਿ 74 ਸਾਲ ਪਹਿਲਾਂ ਦੀ ਉਸ ਤ੍ਰਾਸਦੀ ਦੇ ਚਸ਼ਮਦੀਦਾਂ ’ਚ ਉਹੀ ਆਪਣੀਆਂ ਯਾਦਾਂ ਸਾਂਝੀਆਂ ਕਰ ਸਕਦੇ ਹਨ ਜਿਨ੍ਹਾਂ ਦੀ ਉਮਰ 1947 ’ਚ ਘੱਟੋ-ਘੱਟ 10 ਸਾਲ ਦੀ ਰਹੀ ਹੋਵੇਗੀ ਭਾਵ ਅੱਜ ਉਨ੍ਹਾਂ ਦੀ ਉਮਰ 84 ਤੋਂ ਟੱਪ ਚੁੱਕੀ ਹੈ। ਅਜਿਹੇ ਲੋਕ ਉਂਗਲੀਆਂ ’ਤੇ ਗਿਣੇ ਜਾ ਸਕਦੇ ਹਨ ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਬਹੁਤ ਹੈ। ਇਕੱਲੇ ਕੇਸ਼ੂ ਨੇ 600 ਅਜਿਹੇ ਲੋਕਾਂ ਦੇ ਇੰਟਰਵਿਊ ਰਿਕਾਰਡ ਕੀਤੇ ਜੋ ਅੱਜ ਆਪਣੇ ਨਾਤੀਆਂ-ਪੋਤਿਆਂ ਨਾਲ ਸੁੱਖ ਨਾਲ ਰਹਿ ਰਹੇ ਹਨ।

ਅਜਿਹੇ ਲੋਕਾਂ ਨੂੰ ਉਹ ਪਹਿਲਾਂ ਸੋਸ਼ਲ ਮੀਡੀਆ ਦੀ ਮਦਦ ਨਾਲ ਲੱਭਦੇ ਸਨ ਪਰ ਅੱਜ ਇਨ੍ਹਾਂ ਦੇ ਕੋਲ ਵੱਖ-ਵੱਖ ਦੇਸ਼ਾਂ ਤੋਂ ਫੋਨ ਜਾਂ ਈਮੇਲ ਆਉਂਦੇ ਹਨ ਕਿ ਸਾਡੇ ਬਜ਼ੁਰਗ ਦਾ ਇੰਟਰਵਿਊ ਵੀ ਕਰ ਲਓ। ਫਿਰ ਆਪਣੇ ਖਰਚੇ ’ਤੇ, ਤਕਲੀਫ ਉਠਾ ਕੇ ਉਨ੍ਹਾਂ ਤੱਕ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਇੰਟਰਵਿਊ ਰਿਕਾਰਡ ਕਰਦੇ ਹਨ। ਇਸ ਕਵਾਇਦ ਦਾ ਸਭ ਤੋਂ ਸੁਖਦਾਈ ਪਲ ਉਹ ਹੁੰਦਾ ਹੈ ਜਦੋਂ ਯੂਟਿਊਬ ’ਤੇ ਇਨ੍ਹਾਂ ਇੰਟਰਵਿਊਜ਼ ਨੂੰ ਦੇਖ ਕੇ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਮੂਲ ਪਰਿਵਾਰਾਂ ਦਾ ਵੇਰਵਾ ਸੁਣ ਕੇ ਉਨ੍ਹਾਂ ਦੇ ਵਿਛੜੇ ਪਰਿਵਾਰਕ ਮੈਂਬਰ, ਕਿਸੇ ਦੂਸਰੇ ਦੇਸ਼ ’ਚ ਬੈਠੇ ਉਨ੍ਹਾਂ ਨੂੰ ਪਛਾਣ ਲੈਂਦੇ ਹਨ। ਫਿਰ ‘ਯਾਦਾਂ ਦੀ ਬਰਾਤ’ ਅੱਗੇ ਵਧਦੀ ਹੈ ਅਤੇ ਦੋਵੇਂ ਪਾਸੇ ਦੇ ਪਰਿਵਾਰ ਇਕ-ਦੂਸਰੇ ਨਾਲ ਮਿਲਣ ਨੂੰ ਬੇਚੈਨ ਹੋ ਜਾਂਦੇ ਹਨ। ਫਿਰ ਉਨ੍ਹਾਂ ਦੀਆਂ ਰੋਜ਼ਾਨਾ ਘੰਟਿਆਂ ਤੱਕ ਚੱਲਣ ਵਾਲੀਆਂ ਵੀਡੀਓ ਕਾਲਜ਼ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਕਹਾਣੀ ਦਾ ਕਲਾਈਮੈਕਸ ਤਾਂ ਉਦੋਂ ਹੁੰਦਾ ਹੈ ਜਦੋਂ ਇਹ ਦੋ ਪਰਿਵਾਰ ਆਪਸ ’ਚ ਮਿਲਦੇ ਹਨ। ਉਸ ਪਲ ਦੀ ਕਲਪਨਾ ਕਰੋ ਜਦੋਂ ਦੋ ਭੈਣਾਂ 1947 ’ਚ ਵੱਖ ਹੋਈਆਂ 72 ਸਾਲ ਬਾਅਦ ਮਿਲੀਆਂ। ਉਨ੍ਹਾਂ ’ਚੋਂ ਕੈਨੇਡਾ ਵਾਲੀ ਭੈਣ ਸਿੱਖ ਹੈ ਅਤੇ ਪਾਕਿਸਤਾਨ ਵਾਲੀ ਭੈਣ ਮੁਸਲਮਾਨ। ਹੁਣ ਦੋਵਾਂ ਦੇ ਬੱਚੇ ਆਪਣੇ ਮਸੇਰੇ ਭਰਾ-ਭੈਣਾਂ ਨੂੰ ਮਿਲਣ ਲਈ ਬੇਤਾਬ ਹਨ।

ਕਈ ਕਹਾਣੀਆਂ ਅਜਿਹੀਆਂ ਹਨ ਜਿਨ੍ਹਾਂ ’ਚ 85 ਜਾਂ 90 ਸਾਲ ਦੇ ਬਜ਼ੁਰਗ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਜੱਦੀ ਪਿੰਡ, ਸ਼ਹਿਰ ਜਾਂ ਘਰ ਦੇਖਣ ਪਾਕਿਸਤਾਨ ਜਾਂਦੇ ਜਾਂ ਭਾਰਤ ਆਉਂਦੇ ਹਨ। ਉੱਥੇ ਪਹੁੰਚਦੇ ਹੀ ਇਨ੍ਹਾਂ ਦਾ ਫੁੱਲਾਂ, ਹਾਰਾਂ ਅਤੇ ਢੋਲ-ਨਗਾਰਿਆਂ ਨਾਲ ਸਵਾਗਤ ਹੁੰਦਾ ਹੈ। ਉੱਥੇ ਕਦੀ-ਕਦੀ ਉਨ੍ਹਾਂ ਨੂੰ ਹਮਉਮਰ ਸਾਥੀ ਮਿਲ ਜਾਂਦੇ ਹਨ ਤਦ ਬਚਪਨ ਦੇ ਵਿਛੜੇ ਇਹ ਦੋ ਯਾਰ ਇਕ-ਦੂਸਰੇ ਦੇ ਗਲੇ ਲੱਗ ਕੇ ਭੁੱਬੀਂ ਰੋਂਦੇ ਹਨ। ਫਿਰ ਇਨ੍ਹਾਂ ਨੂੰ ਇਨ੍ਹਾਂ ਦੇ ਬਚਪਨ ਦਾ ਸਕੂਲ, ਗੁਆਂਢ ਅਤੇ ਇਨ੍ਹਾਂ ਦਾ ਘਰ ਦਿਖਾਇਆ ਜਾਂਦਾ ਹੈ, ਜਿੱਥੇ ਪਹੁੰਚ ਕੇ ਇਹ ਅਤੀਤ ਦੀਆਂ ਯਾਦਾਂ ’ਚ ਗੁਆਚ ਜਾਂਦੇ ਹਨ। ਉੱਥੇ ਰਹਿਣ ਵਾਲੇ ਪਰਿਵਾਰ ਕੋਲੋਂ ਪੁੱਛਦੇ ਹਨ ਕਿ ਕੀ ਕੋਈ ਉਨ੍ਹਾਂ ਦੇ ਮਾਤਾ-ਪਿਤਾ ਦੀ ਕੋਈ ਨਿਸ਼ਾਨੀ ਅੱਜ ਉਨ੍ਹਾਂ ਕੋਲ ਹੈ?

ਉਨ੍ਹਾਂ ਦੀਆਂ ਭਾਵਨਾਵਾਂ ਦਾ ਹੜ੍ਹ ਉਦੋਂ ਉਮੜ ਪੈਂਦਾ ਹੈ ਜਦੋਂ ਇਨ੍ਹਾਂ ਨੂੰ ਉਹ ਚੱਕੀ ਦਿਖਾਈ ਜਾਂਦੀ ਹੈ, ਜਿਸ ’ਤੇ ਮਾਂ ਕਣਕ ਪੀਂਹਦੀ ਹੁੰਦੀ ਸੀ ਜਾਂ ਇਨ੍ਹਾਂ ਦੇ ਪਿਤਾ ਦੇ ਕਮਰੇ ’ਚ ਰੱਖੀ ਲੋਹੇ ਦੀ ਉਹ ਤਿਜੌਰੀ ਦਿਖਾਈ ਜਾਂਦੀ ਹੈ, ਜੋ ਅੱਜ ਵੀ ਕੰਮ ਆ ਰਹੀ ਹੈ।

ਇਹ ਉਸ ਘਰ ਦੀ ਅਜਿਹੀ ਨਿਸ਼ਾਨੀ ਅਤੇ ਵਿਹੜੇ ਦੀ ਮਿੱਟੀ ਉਨ੍ਹਾਂ ਕੋਲੋਂ ਮੰਗ ਲੈਂਦੇ ਹਨ ਤਾਂ ਕਿ ਆਪਣੇ ਦੇਸ਼ ਪਰਤ ਕੇ ਆਪਣੇ ਪਰਿਵਾਰ ਨੂੰ ਦਿਖਾ ਸਕਣ। ਮੌਕਾ ਮਿਲੇ ਤਾਂ ਤੁਸੀਂ ਵੀ ਇਨ੍ਹਾਂ ਕਹਾਣੀਆਂ ਨੂੰ ਦੇਖੋ ਅਤੇ ਸੋਚੇਗੇ ਕਿ ਫਿਰਕੂਪੁਣਾ ਜਾਂ ਮਜ਼੍ਹਬੀ ਜਨੂੰਨ ’ਚ ਮਾਰੇ ਤਾਂ ਆਮ ਲੋਕ ਜਾਂਦੇ ਹਨ ਪਰ ਸੱਤਾ ਦਾ ਮਜ਼ਾ ਉਹ ਉਡਾਉਂਦੇ ਹਨ ਜੋ ਇਸ ਅੱਗ ਨੂੰ ਭੜਕਾਉਂਦੇ ਹੀ ਇਸ ਲਈ ਹਨ ਕਿ ਉਨ੍ਹਾਂ ਨੇ ਸੱਤਾ ਹਾਸਲ ਕਰਨੀ ਹੈ। ਧਰਮ ਅਤੇ ਮਜ਼੍ਹਬ ਤਾਂ ਉਨ੍ਹਾਂ ਦੇ ਇਸ ਟੀਚੇ ਤੱਕ ਪਹੁੰਚਣ ਦੀ ਪੌੜੀ ਮਾਤਰ ਹੈ। ਅਸੀਂ ਕਿਸੇ ਵੀ ਧਰਮ ਜਾਂ ਮਜ਼੍ਹਬ ਦੇ ਮੰਨਣ ਵਾਲੇ ਕਿਉਂ ਨਾ ਹੋਈਏ, ਇਨ੍ਹਾਂ ਫਿਰਕਾਪ੍ਰਸਤੀ ਤਾਕਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਇਸੇ ’ਚ ਸਾਡੀ ਭਲਾਈ ਹੈ। 1947 ਦੀ ਵੰਡ ਇਹੀ ਦੱਸਦੀ ਹੈ।


Bharat Thapa

Content Editor

Related News