ਸ਼੍ਰੀ ਰਾਮ ਮੰਦਰ ਦਾ ਸਿਆਸੀ ਅਰਥਸ਼ਾਸਤਰ

01/22/2024 11:56:33 AM

ਕੀ ਅਯੁੱਧਿਆ ’ਚ ਰਾਮ ਮੰਦਰ ਦਾ ਸਿਆਸੀ ਅਰਥਸ਼ਾਸਤਰ ਵੰਡ ਦੀ ਸਿਆਸਤ ਕਰਨ ਵਾਲਿਆਂ ’ਤੇ ਬਹੁਤ ਭਾਰੀ ਪੈਣ ਵਾਲਾ ਹੈ? ਰਾਮ ਮੰਦਰ ਭਾਰਤ ਨੂੰ ਏਕਤਾ ਦੇ ਧਾਗੇ ’ਚ ਪਿਰੋਣ ਵਾਲਾ ਇਕ ਅਜਿਹਾ ਸੂਤਰ ਹੈ, ਜਿਸ ਦੇ ਦੂਰਗਾਮੀ ਨਤੀਜੇ ਅਜੇ ਭਾਜਪਾ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੇਖ ਅਤੇ ਸਮਝ ਨਹੀਂ ਰਹੇ ਹਨ।

ਰਾਮ ਮੰਦਰ ਦਾ ਨਿਰਮਾਣ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰ ਨੂੰ ਆਰਥਿਕ, ਸਮਾਜਿਕ ਤੇ ਸਿਆਸੀ ਤੌਰ ’ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰਤ ਦੇ ਸਮੁੱਚੇ ਵਿਕਾਸ ਲਈ ਧਾਰਮਿਕ ਅਤੇ ਅਧਿਆਤਮਕ ਸੈਰ-ਸਪਾਟੇ ਦੀ ਯੋਜਨਾ ਹੈ। ਇਸ ਨੂੰ ਰਾਮਾਇਣ ਸਰਕਿਟ ਦੇ ਵਿਸਤਾਰ ਦੀ ਯੋਜਨਾ ਨਾਲ ਜੋੜ ਕੇ ਉੱਤਰ-ਪ੍ਰਦੇਸ਼, ਮੱਧ ਪ੍ਰਦੇਸ਼ ਤੋਂ ਲੈ ਕੇ ਤਮਿਲਨਾਡੂ, ਤੇਲੰਗਾਨਾ ਅਤੇ ਕੇਰਲ ਨੂੰ ਵੀ ਪ੍ਰਭਾਵਿਤ ਕਰਨ ਦੀ ਰਣਨੀਤੀ ਦਾ ਅਜੇ ਕੋਈ ਤੋੜ ਨਜ਼ਰ ਨਹੀਂ ਆਉਂਦਾ ਹੈ।

ਭਾਜਪਾ ਨਾਲ ਵਿਸ਼ਵ ਹਿੰਦੂ ਪ੍ਰੀਸ਼ਦ, ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਉਸ ਨਾਲ ਜੁੜੇ ਸੰਗਠਨਾਂ ਨੇ ਅਯੁੱਧਿਆ ’ਚ ਰਾਮ ਦੀ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ ਦੇ ਆਯੋਜਨ ਨੂੰ ਰਾਸ਼ਟਰ ਪੱਧਰੀ ਹੀ ਨਹੀਂ ਸਗੋਂ ਵਿਸ਼ਵ ਭਰ ’ਚ ਇਕ ਪੁਰਬ ਵਜੋਂ ਸਥਾਪਤ ਕਰ ਦਿੱਤਾ ਹੈ। ਪੂਰੇ ਭਾਰਤ ਦੇ ਪਿੰਡ, ਗਲੀ-ਮੁਹੱਲਿਆਂ, ਬਾਜ਼ਾਰਾਂ ਅਤੇ ਕਾਰਜ ਸਥਾਨਾਂ ’ਚ ਅਯੁੱਧਿਆ ’ਚ ਪ੍ਰਾਣ-ਪ੍ਰਤਿਸ਼ਠਾ ਦੇ ਆਯੋਜਨ ਅਤੇ ਇਸ ਨਾਲ ਜੁੜੀਆਂ ਸਰਗਰਮੀਆਂ ਦੀ ਧੁੰਮ ਪਈ ਹੋਈ ਹੈ।

ਹਰ ਘਰ ’ਚ ਸੱਦਾ ਭੇਜ ਕੇ ਬਹੁਤ ਹੀ ਚੰਗੇ ਤਰੀਕੇ ਨਾਲ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਘਰ-ਘਰ ਤੱਕ ਪ੍ਰਵੇਸ਼ ਕਰ ਗਈ ਹੈ। ਪੂਜਾ ’ਚ ਰੱਖੇ ਅਕਸ਼ਿਤ ਅਤੇ ਪ੍ਰਾਣ-ਪ੍ਰਤਿਸ਼ਠਾ ਦੇ ਦਿਨ 22 ਜਨਵਰੀ ਨੂੰ ਘੱਟੋ-ਘੱਟ ਪੰਜ ਦੀਵੇ ਬਾਲਣ ਦੀ ਯੋਜਨਾ ਨੇ ਭਾਵਨਾਤਮਕ ਤੌਰ ’ਤੇ ਬਹੁਗਿਣਤੀ ਲੋਕਾਂ ਨੂੰ ਜੋੜ ਲਿਆ ਹੈ। ਘਰਾਂ ਦੀਆਂ ਛੱਤਾਂ, ਬਾਜ਼ਾਰ, ਜਨਤਕ ਵਾਹਨ ਸਮੇਤ ਜ਼ਿਆਦਾਤਰ ਸਥਾਨਾਂ ’ਤੇ ਰਾਮ ਪਤਾਕਾ ਅਤੇ ਝੰਡੇ ਲਹਿਰਾਅ ਰਹੇ ਹਨ।

ਸ਼੍ਰੀ ਰਾਮ ਨਾਲ ਸਬੰਧਤ ਕਿਤਾਬਾਂ, ਰਾਮ ਚਰਿਤ ਮਾਨਸ, ਰਾਮ ਦੇ ਚਿੱਤਰਾਂ ਦੀ ਮੰਗ ਅਤੇ ਵਿਕਰੀ ਨੇ ਨਵੇਂ ਰਿਕਾਰਡ ਸਥਾਪਤ ਕਰ ਦਿੱਤੇ ਹਨ। ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ, ਕਾਂਗਰਸ ਸਮੇਤ ਸਾਰੇ ਐੱਨ. ਡੀ. ਏ. ਵਿਰੋਧੀ ਹੈਰਾਨ-ਪ੍ਰੇਸ਼ਾਨ ਹਨ। ਪ੍ਰਾਣ-ਪ੍ਰਤਿਸ਼ਠਾ ਆਯੋਜਨ ਦਾ ਵਿਰੋਧ ਕਰਨ ਤਾਂ ਹਿੰਦੂ ਨਵਚੇਤਨਾ ਤੋਂ ਪ੍ਰੇਰਿਤ ਬਹੁਗਿਣਤੀ ਵੋਟ ਬੈਂਕ ਨੂੰ ਗੁਆ ਦੇਣ ਦਾ ਖਤਰਾ ਹੈ।

ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਕਾਂਗਰਸ ਨੂੰ ਗਲਤੀ ਕਰਨ ’ਤੇ ਮਜਬੂਰ ਕਰ ਰਹੀ ਹੈ। ਜਿਵੇਂ ਹੀ ਰਾਹੁਲ ਗਾਂਧੀ ਨੇ ਰਾਮ ਮੰਦਰ ਅਤੇ ਪ੍ਰਾਣ-ਪ੍ਰਤਿਸ਼ਠਾ ਨੂੰ ਸਿਆਸਤ ਕਿਹਾ, ਭਾਜਪਾ ਨੇ ਪ੍ਰਚਾਰਿਤ ਕਰ ਦਿੱਤਾ ਕਿ ਕਾਂਗਰਸ ਰਾਮ ਅਤੇ ਹਿੰਦੂ ਵਿਰੋਧੀ ਸੀ ਅਤੇ ਹੈ। ਨਾਲ ਹੀ ਭਾਜਪਾ ਲੀਡਰਸ਼ਿਪ ਸਾਫ ਕਹਿ ਰਹੀ ਕਿ ਰਾਮ ਮੰਦਰ ਦਾ ਨਿਰਮਾਣ ਉਨ੍ਹਾਂ ਦਾ ਚੋਣ ’ਚ ਕੀਤਾ ਗਿਆ ਵਾਅਦਾ ਹੈ, ਜਿਸ ਨੂੰ ਪੂਰਨ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗਰੀਬਾਂ, ਦੂਰ-ਦੁਰਾਡੇ ਦੇ ਬਣਵਾਸੀਆਂ ਅਤੇ ਵਾਂਝਿਆਂ ਦੀ ਭਲਾਈ ਲਈ ਕੇਂਦਰ ਸਰਕਾਰ ਦੀਆਂ ਭਲਾਈ ਅਤੇ ਆਰਥਿਕ ਮਜ਼ਬੂਤੀ ਯੋਜਨਾਵਾਂ ਤੋਂ ਮਿਲਣ ਵਾਲੀ ਖੁਸ਼ੀ ਨੂੰ ਅਯੁੱਧਿਆ ’ਚ ਪ੍ਰਾਣ-ਪ੍ਰਤਿਸ਼ਠਾ ਸਮਾਨ ਖੁਸ਼ੀ ਦੇਣ ਵਾਲਾ ਦੱਸਿਆ ਹੈ।

ਓਧਰ ਅਯੁੱਧਿਆ ’ਚ ਪ੍ਰਾਣ-ਪ੍ਰਤਿਸ਼ਠਾ ਦੀਆਂ ਤਿਆਰੀਆਂ ਦੌਰਾਨ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਨਰਿੰਦਰ ਮੋਦੀ ਦੀ ਅਗਵਾਈ ’ਚ ‘ਅਬ ਕੀ ਵਾਰ 400 ਪਾਰ’ ਦਾ ਨਾਅਰਾ ਦੇ ਕੇ ਭਾਜਪਾ ਦੇ ਇਰਾਦੇ ਨੂੰ ਸਪੱਸ਼ਟ ਕਰ ਦਿੱਤਾ ਹੈ। ਯੋਗੀ ਆਦਿਤਿਆਨਾਥ ਉਸ ਗੋਰਖਪੀਠ ਦੇ ਮੁਖੀ ਵੀ ਹਨ, ਜਿਸ ਦੀ ਰਾਮ ਜਨਮ ਭੂਮੀ ਮੁਕਤੀ ’ਚ ਵੱਡੀ ਭੂਮਿਕਾ ਰਹੀ ਹੈ।

ਯੋਗੀ ਕਹਿੰਦੇ ਹਨ ਕਿ ਲੰਮੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਸਪਤ ਪੁਰੀਆਂ ’ਚ ਇਕ ਅਯੁੱਧਿਆ ਪ੍ਰਥਮਪੁਰੀ ਦੇ ਰੂਪ ’ਚ ਆਪਣੇ ਆਭਾ ਮੰਡਲ ਦੇ ਨਾਲ ਦੇਸ਼-ਪ੍ਰਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰ ਰਹੀ ਹੈ। ਰਾਮ ਕਦੀ ਫੁੱਲਾਂ ਦੇ ਜਹਾਜ਼ ’ਚੋਂ ਇਥੇ ਉਤਰੇ ਸਨ, ਹੁਣ ਅਯੁੱਧਿਆ ਨੂੰ ਹਵਾਈ ਜਹਾਜ਼, ਸੜਕ ਅਤੇ ਰੇਲ ਮਾਰਗ ਨਾਲ ਜੋੜ ਦਿੱਤਾ ਗਿਆ ਹੈ, ਆਉਣ ਵਾਲੇ ਸਮੇਂ ’ਚ ਜਲ ਮਾਰਗ ਰਾਹੀਂ ਵੀ ਜੋੜ ਦਿੱਤਾ ਜਾਵੇਗਾ।

ਕੇਂਦਰ ਸਰਕਾਰ ਦੀ ਅਭਿਲਾਸ਼ੀ ਰਾਮਾਇਣ ਸਰਕਿਟ ਯੋਜਨਾ ’ਚ ਵੀ ਅਯੁੱਧਿਆ ਕੇਂਦਰ ’ਚ ਹੈ। ਰਾਮਾਇਣ ਸਰਕਿਟ ਯੋਜਨਾ ਲਈ ਕੇਂਦਰੀ ਸੈਲਾਨੀ ਮੰਤਰਾਲਾ ਨੇ 9 ਸੂਬਿਆਂ ਦੇ 15 ਸਥਾਨਾਂ ਦੀ ਪਛਾਣ ਕੀਤੀ ਹੈ। ਇਸ ਯੋਜਨਾ ਅਧੀਨ ਇਨ੍ਹਾਂ ਸਾਰੇ ਸ਼ਹਿਰਾਂ ਨੂੰ ਰੇਲ, ਸੜਕ ਅਤੇ ਹਵਾਈ ਯਾਤਰਾ ਰਾਹਂੀਂ ਆਪਸ ’ਚ ਜੋੜਿਆ ਜਾਵੇਗਾ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਓਡਿਸ਼ਾ, ਤੇਲੰਗਾਨਾ, ਤਮਿਲਨਾਡੂ, ਕਰਨਾਟਕ ਰਾਮਾਇਣ ਸਰਕਟ ’ਚ ਆਉਣ ਵਾਲੇ ਸੂਬੇ ਹਨ। ਯੂ. ਪੀ. ਦੇ ਅਯੁੱਧਿਆ, ਸ਼੍ਰਿੰਗਵੇਰਪੁਰ, ਨੰਦੀਗ੍ਰਾਮ ਅਤੇ ਚਿੱਤਰਕੂਟ, ਬਿਹਾਰ ਦੇ ਸੀਤਾਮੜ੍ਹੀ, ਬਕਸਰ ਅਤੇ ਦਰਭੰਗਾ ਇਸ ਪ੍ਰਾਜੈਕਟ ਦਾ ਹਿੱਸਾ ਹਨ।

ਮੱਧ ਪ੍ਰਦੇਸ਼ ਦੇ ਚਿਤਰਕੂਟ, ਛੱਤੀਸਗੜ੍ਹ ਦੇ ਜਗਦਲਪੁਰ ਨੂੰ ਵੀ ਇਸ ’ਚ ਸ਼ਾਮਲ ਕੀਤਾ ਗਿਆ ਹੈ। ਓਡਿਸ਼ਾ ਦੇ ਮਹੇਂਦਰਗਿਰੀ ਅਤੇ ਦੱਖਣੀ ਸੂਬਿਆਂ ’ਚ ਤੇਲੰਗਾਨਾ ਦੇ ਭਦਰਾਚਲਨ, ਤਮਿਲਨਾਡੂ ਦੇ ਰਾਮੇਸ਼ਵਰਮ ਅਤੇ ਕਰਨਾਟਕ ਦੇ ਹੰਪੀ ਨੂੰ ਰਾਮਾਇਣ ਸਰਕਿਟ ਪ੍ਰਾਜੈਕਟ ਦਾ ਹਿੱਸਾ ਬਣਾਇਆ ਗਿਆ ਹੈ।

ਮਹਾਰਾਸ਼ਟਰ ਦੇ ਨਾਗਪੁਰ ਅਤੇ ਨਾਸਿਕ ਸ਼ਹਿਰ ਵੀ ਇਸ ’ਚ ਸ਼ਾਮਲ ਹਨ। ਕੁਲ ਮਿਲਾ ਕੇ ਪੂਰਬ ਤੋਂ ਲੈ ਕੇ ਦੱਖਣ ਤੱਕ ਸਾਰੇ ਸੂਬਿਆਂ ਨੂੰ ਇਸ ਪ੍ਰਾਜੈਕਟ ਦਾ ਹਿੱਸਾ ਬਣਾਇਆ ਗਿਆ ਹੈ। ਇਸ ਨਾਲ ਅਯੁੱਧਿਆ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਪੂਰੇ ਭਾਰਤ ਦੀ ਆਰਥਿਕ ਅਤੇ ਭਾਜਪਾ ਦੀ ਸਿਆਸੀ ਮਜ਼ਬੂਤੀ ਹੋਵੇਗੀ, ਜਿਸ ਦਾ ਕੋਈ ਤੋੜ ਭਾਜਪਾ ਦੇ ਵਿਰੋਧੀਆਂ ਕੋਲ ਫਿਲ਼ਹਾਲ਼ ਲਈ ਤਾਂ ਨਜ਼ਰ ਨਹੀਂ ਆ ਰਿਹਾ ਹੈ।

ਨਿਸ਼ੀਥ ਜੋਸ਼ੀ


Rakesh

Content Editor

Related News