ਪਾਕਿਸਤਾਨ ਸਰਕਾਰ ਦਾ ਮਨਪਸੰਦ ਰਿਮੋਟ ਬਟਨ ‘ਮਿਊਟ’

Friday, Jul 12, 2019 - 06:09 AM (IST)

ਪਾਕਿਸਤਾਨ ਸਰਕਾਰ ਦਾ ਮਨਪਸੰਦ ਰਿਮੋਟ ਬਟਨ ‘ਮਿਊਟ’

ਕ੍ਰਿਸਟੀਨਾ ਲੈਂਬ
ਇਕ ਰੂੜੀਵਾਦੀ ਇਸਲਾਮਿਕ ਦੇਸ਼ ’ਚ ਇਕ ਤਾਕਤਵਰ ਮਹਿਲਾ ਐਂਕਰ ਹੋਣ ਦੇ ਨਾਤੇ ਮੁਨੀਜਾ ਜਹਾਂਗੀਰ ਆਪਣੇ ਰਾਤ ਨੂੰ ਪ੍ਰਸਾਰਿਤ ਹੋਣ ਵਾਲੇ ‘ਸਪੋਟਲਾਈਟ’ ਪ੍ਰੋਗਰਾਮ ’ਚ ਇੰਟਰਿਵਊ ਲਈ ਸੰਘਰਸ਼ ਕਰਨ ਅਤੇ ਮਿੱਠੀਆਂ ਗੱਲਾਂ ਕਰ ਕੇ ਆਪਣੇ ਮਹਿਮਾਨਾਂ ਤੋਂ ਖੁਲਾਸੇ ਕਰਵਾਉਣ ਦੀ ਆਦੀ ਹੋ ਚੁੱਕੀ ਹੈ ਪਰ ਹਾਲ ਹੀ ’ਚ ਉਨ੍ਹਾਂ ਨੂੰ ਇਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ–ਆਪਣੀ ਇੰਟਰਿਵਊ ਦੌਰਾਨ ਆਵਾਜ਼ ਬੰਦ (ਮਿਊਟ) ਕਰਨ ਦਾ। ਉਨ੍ਹਾਂ ਨੇ ਮੱਛੀ ਵਾਂਗ ਬੁੱਲ੍ਹ ਹਿਲਾਉਣੇ, ਜਦਕਿ ਦਰਸ਼ਕਾਂ ਨੂੰ ਉਨ੍ਹਾਂ ਦੇ ਹਿਲਦੇ ਬੁੱਲ੍ਹਾਂ ਨੂੰ ਪੜ੍ਹਨ ਲਈ ਛੱਡ ਦਿੱਤਾ ਜਾਂਦਾ ਹੈ। ਸਾਰੇ ਪਾਕਿਸਤਾਨੀ ਚੈਨਲਾਂ ਵਾਂਗ ਅੱਜ ਟੀ. ਵੀ. ਕੋਲ ਵੀ ਮਿਊਟ ਬਟਨ ਦੇ ਨਾਲ ਇਕ ਵਿਅਕਤੀ ਹੈ, ਜੋ ਕਿਸੇ ਵੀ ਚੀਜ਼ ਨੂੰ ਪ੍ਰਸਾਰਿਤ ਕਰਨ ਤੋਂ 90 ਸੈਕਿੰਡ ਪਹਿਲਾਂ ਦੇਖਦਾ ਹੈ ਅਤੇ ਕਿਸੇ ਵੀ ਅਜਿਹੀ ਚੀਜ਼ ਨੂੰ ਚੁੱਪ ਕਰਵਾਉਣ ਲਈ ਤਿਆਰ ਰਹਿੰਦਾ ਹੈ, ਜੋ ਪਾਕਿਸਤਾਨੀ ਅਧਿਕਾਰੀਆਂ ਲਈ ਸੰਵੇਦਨਸ਼ੀਲ ਸਮਝੀ ਜਾਂਦੀ ਹੋਵੇ। ਜਹਾਂਗੀਰ ਨੇ ਦੱਸਿਆ ਕਿ ‘‘ਲੋਕਾਂ ਦਾ ਲਾਪਤਾ ਹੋਣਾ-ਮਿਊਟ, ਪਸ਼ਤੂਨ ਨੌਜਵਾਨਾਂ ਦਾ ਅੰਦੋਲਨ-ਮਿਊਟ, ਬਲੋਚਿਸਤਾਨ ’ਚ ਗੜਬੜ-ਮਿਊਟ, ਫੌਜ ਦੀ ਆਲੋਚਨਾ-ਮਿਊਟ।’’ ਜਹਾਂਗੀਰ ਨੇ ਦੱਸਿਆ ਕਿ ਮਿਊਟਿੰਗ ਕਿੰਨੀ ਆਮ ਹੋ ਗਈ ਹੈ ਕਿ ‘ਮਿਊਟ ਕਰਨ ਵਾਲਾ ਵਿਅਕਤੀ ਮੇਰੇ ਕੋਲ ਆਇਆ ਅਤੇ ਕਿਹਾ ਕਿ ਤੁਸੀਂ ਇਨ੍ਹਾਂ ਵਿਸ਼ਿਆਂ ਨੂੰ ਪਰ੍ਹਾਂ ਰੱਖੋ ਕਿਉਂਕਿ ਮੈਂ ਇੰਨੇ ਲੰਮੇ ਸਮੇਂ ਤਕ ਆਪਣੀ ਉਂਗਲੀ ਨੂੰ ਹੇਠਾਂ ਨਹੀਂ ਰੱਖ ਸਕਦਾ।

ਮੀਡੀਆ ਵਲੋਂ ਸੈਲਫ ਸੈਂਸਰਸ਼ਿਪ

ਸੈਲਫ ਸੈਂਸਰਸ਼ਿਪ ਮੀਡੀਆ ’ਤੇ ਵਧਦੇ ਜਾ ਰਹੇ ਹਮਲਿਆਂ ਦਾ ਇਕ ਹਿੱਸਾ ਹੈ, ਜਿਸ ਬਾਰੇ ਪੱਤਰਕਾਰਾਂ ਦਾ ਕਹਿਣਾ ਹੈ ਕਿ 1980 ਦੇ ਦਹਾਕੇ ਦੀ ਫੌਜੀ ਤਾਨਾਸ਼ਾਹੀ ਤੋਂ ਬਾਅਦ ਇਹ ਸਭ ਤੋਂ ਵੱਧ ਖਰਾਬ ਹਾਲਤ ਹੈ। ਇਹ (ਪਾਕਿਸਤਾਨ ਵਿਚ) ਪਿਛਲੇ ਸਾਲ ਚੋਣਾਂ ਤੋਂ ਬਾਅਦ ਸ਼ੁਰੂ ਹੋਈ, ਜਦ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਅਜਿਹਾ ਮੰਨਿਆ ਜਾਂਦਾ ਸੀ ਕਿ ਨਤੀਜਿਆਂ ਨੂੰ ਉਨ੍ਹਾਂ ਦੇ ਹੱਕ ਵਿਚ ਕਰਨ ’ਚ ਫੌਜ ਦੀ ਵੱਡੀ ਭੂਮਿਕਾ ਸੀ। ਜਦੋਂ ਤੋਂ ਇਮਰਾਨ ਖਾਨ ਨੇ ਅਹੁਦਾ ਸੰਭਾਲਿਆ ਹੈ, ਮੀਡੀਆ ਸੰਗਠਨਾਂ ਨੂੰ ਵਿੱਤੀ ਪਾਬੰਦੀਆਂ ਦਾ ਨਿਸ਼ਾਨਾ ਬਣਾਇਆ ਅਤੇ ਨੈੱਟਵਰਕ ਦੇ ਕੰਮ ’ਚ ਰੁਕਾਵਟ ਪਾਈ ਅਤੇ ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਅੰਗਰੇਜ਼ੀ ਅਖਬਾਰ ‘ਡਾਨ’, ਜਿਸ ਨੂੰ ਫੌਜ ਦੇ ਪ੍ਰਭਾਵ ਬਾਰੇ ਹਿੰਮਤ ਭਰੇ ਲੇਖਣ ਲਈ ਜਾਣਿਆ ਜਾਂਦਾ ਹੈ, ਦੀ ਕਾਲਮਨਵੀਸ ਸੀਰਿਲ ਅਲਮੇਡਾ ਸਰਕਾਰੀ ਜਾਂਚ ਦੇ ਘੇਰੇ ਵਿਚ ਹੈ ਅਤੇ ਉਨ੍ਹਾਂ ਦੀਆਂ ਵਿਦੇਸ਼ ਯਾਤਰਾਵਾਂ ’ਤੇ ਰੋਕ ਹੈ। ਉਨ੍ਹਾਂ ਦੇ ਕਾਲਮ ਜਨਵਰੀ ’ਚ ਛਪਣੇ ਬੰਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਦਬਾਅ ਦਹਾਕਿਆਂ ਦੌਰਾਨ ਸਭ ਤੋਂ ਵੱਧ ਹੈ ਅਤੇ ਗੈਰ-ਫੌਜੀ ਸਰਕਾਰਾਂ ਦੇ ਕਾਲ ’ਚ ਹੈਰਾਨਕੁੰਨ ਹੈ।

ਲੋਕਤੰਤਰ ਜਾਂ ਮਾਰਸ਼ਲ ਲਾਅ

ਹਾਲਾਂਕਿ ਫੌਜ ਦਖਲਅੰਦਾਜ਼ੀ ਤੋਂ ਨਾਂਹ ਕਰਦੀ ਹੈ ਪਰ ਜਹਾਂਗੀਰ ਦਾ ਕਹਿਣਾ ਹੈ ਕਿ ਤੁਹਾਡੇ ਸਾਹਮਣੇ ਇਕ ਲੋਕਤੰਤਰ ਲਈ ਜ਼ਰੂਰੀ ਸਾਰੀਆਂ ਚੀਜ਼ਾਂ ਹਨ ਪਰ ਇਹ ਹੈ ਨਹੀਂ। ਉਹ ਮਾਰਸ਼ਲ ਲਾਅ ਦੇ ਤਹਿਤ ਰਹਿ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੇ ਇਮਰਾਨ ਖਾਨ ਨੂੰ ਇਕ ਆੜ ਦੇ ਵਾਂਗ ਇਸਤੇਮਾਲ ਕੀਤਾ ਹੈ। ਉਨ੍ਹਾਂ ਦੇ ਤਰੀਕੇ ਜ਼ਿਆਦਾ ਖਰਾਬ ਬਣ ਗਏ ਹਨ। ਉਹ ਬਹੁਤ ਚਲਾਕ ਹਨ। ਮੀਡੀਆ ਖ਼ੁਦ ਨੂੰ ਸੈਂਸਰ ਕਰ ਰਿਹਾ ਹੈ। ਜੇ ਤੁਸੀਂ ‘ਆਨ ਏਅਰ’ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੀ ਗੱਲ ਮੰਨਣੀ ਪਵੇਗੀ। ਸਾਡੇ ਕੋਲ 3 ਬਦਲ ਹਨ–ਛੱਡ ਦਿਓ, ਉਨ੍ਹਾਂ ਦੇ ਨਾਲ ਚੱਲੋ ਅਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਨਾ ਛੇੜੋ ਜਾਂ ਆਪਣਾ ਕੰਮ ਸਹੀ ਢੰਗ ਨਾਲ ਕਰੋ ਅਤੇ ਉਨ੍ਹਾਂ ਨੂੰ ਇਸ ਨੂੰ ਮਿਊਟ ਕਰਨ ਦਿਓ। ਪਿਛਲੇ ਹਫਤੇ ਇਮਰਾਨ ਖਾਨ ਜਾਂ ਫੌਜ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਅਤੇ ਟੀ. ਵੀ. ਐਂਕਰਜ਼ ਦੇ ਤਹਿਤ ਪਾਕਿਸਤਾਨ ’ਚ ਟਵਿਟਰ ’ਤੇ ਇਕ ਹੈਸ਼ਟੈਗ ‘ਰੈਸਟ ਐਂਟੀ ਪਾਕਿ ਜਰਨਲਿਸਟ’ ਟ੍ਰੈਂਡ ਕਰਨਾ ਸ਼ੁਰੂ ਹੋਇਆ। ਇਕ ਟਵੀਟ ’ਚ ਕਿਹਾ ਗਿਆ ਕਿ ‘ਇਹ ਉਹ ਲੋਕ ਹਨ, ਜੋ ਗੜਬੜੀ, ਅਰਾਜਕਤਾ, ਜੋੜ-ਤੋੜ ਲਈ ਜ਼ਿੰਮੇਵਾਰ ਹਨ। ਉਹ ਦੇਸ਼ ਦੇ ਅਸਲ ਦੁਸ਼ਮਣ ਹਨ। ਇਕ ਹੋਰ ਟਵੀਟ ’ਚ ਸੱਦਾ ਦਿੱਤਾ ਗਿਆ ਕਿ ‘ਉਨ੍ਹਾਂ ਸਾਰਿਆਂ ਨੂੰ ਫਾਂਸੀ ’ਤੇ ਲਟਕਾ ਦਿਓ।’

ਪੱਤਰਕਾਰਾਂ ਲਈ ਖਤਰਾ

ਖਤਰਾ ਬੇਮਤਲਬ ਨਹੀਂ ਹੈ। ਜਨਵਰੀ ’ਚ ਐਵਾਰਡ ਜੇਤੂ ਰਿਪੋਰਟਰ ਤਾਹਾ ਸਿੱਦੀਕੀ ਲੰਡਨ ਜਾਣ ਲਈ ਇਸਲਾਮਾਬਾਦ ਹਵਾਈ ਅੱਡੇ ਜਾ ਰਹੇ ਸਨ ਕਿ ਇਕ ਕਾਰ ਨੇ ਜ਼ਬਰਦਸਤੀ ਉਨ੍ਹਾਂ ਦੀ ਟੈਕਸੀ ਨੂੰ ਰੋਕ ਲਿਆ। ਹਥਿਆਰਬੰਦ ਲੋਕਾਂ ਨੇ ਉਨ੍ਹਾਂ ਨੂੰ ਕੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜੂਨ ’ਚ 23 ਸਾਲਾ ਬਲਾਗਰ ਮੁਹੰਮਦ ਬਿਲਾਲ ਖਾਨ ਨੂੰ ਸ਼ਕਤੀਸ਼ਾਲੀ ਫੌਜੀ ਗੁਪਤਚਰ ਸੇਵਾ ਆਈ. ਐੱਸ. ਆਈ. ਦੀ ਆਲੋਚਨਾ ਲਈ ਇਸਲਾਮਾਬਾਦ ਤੋਂ ਅਗਵਾ ਕਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਪਿਛਲੇ ਸੋਮਵਾਰ ਪ੍ਰਸਾਰਕਾਂ ’ਤੇ ਦਬਾਅ ਹੋਰ ਵਧਾ ਦਿੱਤਾ ਗਿਆ, ਜਦੋਂ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਇਕ ਇੰਟਰਵਿਊ ਵਿਚਾਲੇ ਹੀ ਰੋਕ ਦਿੱਤੀ ਗਈ। ਹੱਤਿਆ ਕਰ ਦਿੱਤੀ ਗਈ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਜ਼ਰਦਾਰੀ, ਜੋ ਕਿ ਮਨੀਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਤੋਂ ਉਹ ਇਨਕਾਰ ਕਰਦੇ ਹਨ। ਪਾਕਿਸਤਾਨ ਦੇ ਸਭ ਤੋਂ ਵੱਧ ਮਸ਼ਹੂਰ ਪੱਤਰਕਾਰ ਹਾਮਿਦ ਮੀਰ ਨੇ ਦੱਸਿਆ ਕਿ ਉਨ੍ਹਾਂ ਨੇ ਜਿਓ ਨਿਊਜ਼ ਦੇ ਰਾਤ ਵਾਲੇ ਪ੍ਰੋਗਰਾਮ ’ਚ ਜ਼ਰਦਾਰੀ ਦੀ ਪਹਿਲਾਂ ਤੋਂ ਹੀ ਰਿਕਾਰਡ ਇੰਟਰਵਿਊ ਨੂੰ ਪ੍ਰਸਾਰਿਤ ਕਰਨਾ ਸ਼ੁਰੂ ਹੀ ਕੀਤਾ ਸੀ, ਜਦ ਸਟੇਸ਼ਨ ਦੀ ਮੈਨੇਜਮੈਂਟ ਨੇ ਉਨ੍ਹਾਂ ਨੂੰ ਬੁਲਾ ਲਿਆ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ’ਤੇ ਇਸ ਨੂੰ ਰੋਕਣ ਦਾ ਦਬਾਅ ਹੈ। ਮੀਰ ਨੇ ਕਿਹਾ ਕਿ ਪ੍ਰਸਾਰਣ ਸ਼ੁਰੂ ਹੋ ਚੁੱਕਾ ਹੈ, ਉਹ ਕਿਵੇਂ ਇਸ ਨੂੰ ਰੋਕ ਸਕਦੇ ਹਨ? ਇੰਟਰਵਿਊ ਸ਼ੁਰੂ ਹੋਣ ਦੇ 5 ਮਿੰਟ ਬਾਅਦ ਹੀ ਸਕ੍ਰੀਨ ਬਲੈਂਕ ਹੋ ਗਈ ਅਤੇ ਬਿਸਕੁਟਾਂ ਅਤੇ ਮੋਬਾਇਲ ਫੋਨਜ਼ ਦੇ ਵਿਗਿਆਪਨ ਦਿਖਾਏ ਜਾਣ ਲੱਗੇ। ਸਕ੍ਰੀਨ ਦੇ ਹੇਠਾਂ ਪੱਟੀ ’ਤੇ ਲਿਖਿਆ ਆ ਰਿਹਾ ਸੀ, ‘‘ਇਹ ਇੰਟਰਵਿਊ ਅੱਜ ਪ੍ਰਸਾਰਿਤ ਨਹੀਂ ਹੋਵੇਗੀ।’’ ਮੀਰ ਨੇ ਜ਼ੋਰ ਨਾਲ ਹੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਦੀ ਇੰਟਰਿਵਊ ਕੀਤੀ ਹੈ ਪਰ ਉਹ ਆਪਣੇ ਸਾਬਕਾ ਰਾਸ਼ਟਰਪਤੀ ਦੀ ਇੰਟਰਵਿਊ ਨਹੀਂ ਲੈ ਸਕਦੇ। ਮੀਰ ਨੇ ਕਿਹਾ ਕਿ ਉਹ ਦਿਨ-ਬ-ਦਿਨ ਆਪਣੀ ਆਜ਼ਾਦੀ ਗੁਆ ਰਹੇ ਹਨ। ਜੇ ਅਜਿਹਾ ਉਨ੍ਹਾਂ ਨਾਲ ਅਤੇ ਪਾਕਿਸਤਾਨ ਦੇ ਸਭ ਤੋਂ ਵੱਡੇ ਨਿੱਜੀ ਚੈਨਲ ਨਾਲ ਹੋ ਰਿਹਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਕੇ ਸਕਦੇ ਹੋ ਕਿ ਆਮ ਪੱਤਰਕਾਰਾਂ ਨਾਲ ਕੀ ਹੋ ਰਿਹਾ ਹੈ? ਈਸ਼ਨਿੰਦਾ ਦੇ ਦੋਸ਼ ’ਚ 9 ਵਰ੍ਹਿਆਂ ਤਕ ਮੌਤ ਦੀ ਸਜ਼ਾ ਦੇ ਖੌਫ਼ ਵਿਚ ਰਹਿਣ ਵਾਲੀ ਇਸਾਈ ਔਰਤ ਆਸੀਆ ਬੀਬੀ ਦਾ ਮਾਮਲਾ ਉਠਾਉਣ ਵਾਲੇ ਲਾਰਡ ਐਲਟਨ ਨੇ ਦੱਸਿਆ ਕਿ ਪਾਕਿਸਤਾਨ ਬ੍ਰਿਟੇਨ ਦੀ ਸਭ ਤੋਂ ਵੱਧ ਵਿਦੇਸ਼ੀ ਸਹਾਇਤਾ ਪਾਉਣ ਵਾਲਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀ ਖੁਸ਼ਹਾਲੀ, ਇਸ ਦੀ ਅਰਥ ਵਿਵਸਥਾ ਦੀ ਮਜ਼ਬੂਤੀ, ਇਸ ਦੇ ਲੋਕਾਂ ਦੀ ਸਿਹਤ ਅਤੇ ਬੋਲਣ ਤੇ ਧਰਮ ਦੀ ਆਜ਼ਾਦੀ ਵਰਗੀਆਂ ਮੁੱਢਲੀਆਂ ਆਜ਼ਾਦੀਆਂ ਵਿਚਾਲੇ ਸਿੱਧਾ ਸਬੰਧ ਹੁੰਦਾ ਹੈ। ਪਾਕਿਸਤਾਨ ’ਚ ਇਨ੍ਹਾਂ ਅਧਿਕਾਰਾਂ ਨੂੰ ਰੋਜ਼ ਕੁਚਲਿਆ ਜਾਂਦਾ ਹੈ ਅਤੇ ਉਹ ਆਪਣੀਆਂ ਚਿੰਤਾਵਾਂ ਨੂੰ ਉਠਾ ਰਹੇ ਹਨ। ਇਸ ਦੀ ਬਜਾਏ ਬ੍ਰਿਟੇਨ ਨੇ ਪਿਛਲੇ ਇਕ ਦਹਾਕੇ ਦੌਰਾਨ ਪਾਕਿਸਤਾਨ ਨੂੰ 2.6 ਅਰਬ ਪੌਂਡ ਦਿੱਤੇ ਹਨ। ਇਕ ਸੰਸਦੀ ਕਮੇਟੀ ਪਾਕਿਸਤਾਨ ਨੂੰ ਬ੍ਰਿਟਿਸ਼ ਸਹਾਇਤਾ ਦੀ ਜਾਂਚ ਕਰੇਗੀ, ਜਿਸ ਨੂੰ ਐਲਟਨ ਨੇ ‘ਸਵਾਗਤਯੋਗ ਅਤੇ ਲੰਮੇ ਸਮੇਂ ਤੋਂ ਲਟਕਿਆ’ ਦੱਸਿਆ ਹੈ। (ਸਟਾ.)
 


author

Bharat Thapa

Content Editor

Related News