ਪਾਕਿ ਅਜਿਹਾ ਬਣੇ ਕਿ ਦੁਨੀਆ ਮਾਣ ਕਰੇ
Friday, Sep 17, 2021 - 03:56 AM (IST)

ਡਾ. ਵੇਦਪ੍ਰਤਾਪ ਵੈਦਿਕ
ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਅਤੇ ‘ਇਸਲਾਮੀ ਸਹਿਯੋਗ ਸੰਗਠਨ’ (ਆਈ. ਆਈ. ਸੀ.) ’ਚ ਕਸ਼ਮੀਰ ਦਾ ਮੁੱਦਾ ਮੁੜ ਤੋਂ ਚੁੱਕ ਦਿੱਤਾ ਹੈ। ਪਾਕਿ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਕਸ਼ਮੀਰ ’ਚ ਮਨੁੱਖੀ ਹੱਕਾਂ ਦੀ ਉਲੰਘਣਾ ਕਿੱਥੇ-ਕਿਥੇ ਅਤੇ ਕਿਵੇਂ-ਕਿਵੇਂ ਹੋ ਰਹੀ ਹੈ? ਜੇਕਰ ਉਹ ਆਪਣੀ ਗੱਲ ਸਬੂਤ ਸਮੇਤ ਕਹਿੰਦਾ ਤਾਂ ਨਾ ਸਿਰਫ ਭਾਰਤ ਸਰਕਾਰ ਉਸ ’ਤੇ ਧਿਆਨ ਦੇਣ ਲਈ ਮਜਬੂਰ ਹੁੰਦੀ ਸਗੋਂ ਭਾਰਤ ’ਚ ਅਜਿਹੇ ਕਈ ਸੰਗਠਨ ਅਤੇ ਸੀਨੀਅਰ ਵਿਅਕਤੀ ਹਨ ਜੋ ਮਨੁੱਖੀ ਹੱਕਾਂ ਦੀ ਹਰ ਉਲੰਘਣਾ ਦੇ ਵਿਰੁੱਧ ਨਿਡਰਤਾ ਨਾਲ ਮੋਰਚਾ ਲਾਉਣ ਲਈ ਤਿਆਰ ਹਨ।
ਇਸ ਸਮੇਂ ਕਸ਼ਮੀਰ ਦੇ ਲਗਭਗ ਸਾਰੇ ਨਜ਼ਰਬੰਦ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਠੀਕ ਹੈ ਕਿ ਉਨ੍ਹਾਂ ਨੂੰ ਕਈ ਮਹੀਨਿਆਂ ਤੱਕ ਨਜ਼ਰਬੰਦ ਰਹਿਣਾ ਪਿਆ ਹੈ, ਜੋ ਕਿ ਚੰਗੀ ਗੱਲ ਨਹੀਂ ਹੈ ਪਰ ਕੋਈ ਦੱਸੇ ਕਿ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਵੀ ਜ਼ਰੂਰੀ ਸੀ ਜਾਂ ਨਹੀਂ? ਜੇਕਰ ਧਾਰਾ-370 ਅਤੇ 35-ਏ ਦੇ ਖਾਤਮੇ ਦੇ ਬਾਅਦ ਕਸ਼ਮੀਰ ’ਚ ਚੁੱਕ-ਥਲ ਮਚਦੀ ਤਾਂ ਪਤਾ ਨਹੀਂ ਕਿੰਨੇ ਲੋਕ ਮਰਦੇ ਅਤੇ ਕਿੰਨੇ ਘਰ ਤਬਾਹ ਹੁੰਦੇ। ਇਨ੍ਹਾਂ ਵੱਡੇ ਕਸ਼ਮੀਰੀ ਆਗੂਆਂ ਦੀ ਨਜ਼ਰਬੰਦੀ ਦੇ ਕਾਰਨ ਉਨ੍ਹਾਂ ਦੀ ਜਾਨ ਤਾਂ ਬਚੀ ਹੀ, ਸੈਂਕੜੇ ਲੋਕ ਮਾਰੇ ਜਾਣ ਤੋਂ ਵੀ ਬਚ ਗਏ। ਸਾਨੂੰ ਇਹੀ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਜਾਨ ਵੱਡੀ ਹੈ ਜਾਂ ਉਨ੍ਹਾਂ ਦੀ ਜ਼ੁਬਾਨ ਵੱਡੀ ਹੈ?
ਇਸ ਦੇ ਇਲਾਵਾ ਮਹੱਤਵਪੂਰਨ ਸਵਾਲ ਇਹ ਹੈ ਕਿ ਪਾਕਿਸਤਾਨ ਅਜੇ ਵੀ ਇਸ ਮਰੇ ਚੂਹੇ ਨੂੰ ਕਿਉਂ ਘਸੀਟੀ ਚਲਾ ਜਾ ਰਿਹਾ ਹੈ? ਉਸ ਨੂੰ ਪਤਾ ਹੈ ਕਿ ਉਹ ਹਜ਼ਾਰ ਸਾਲ ਵੀ ਰੌਲਾ ਪਾਉਂਦਾ ਰਹੇ ਤਾਂ ਵੀ ਕਸ਼ਮੀਰ ਉਸ ਦਾ ਹਿੱਸਾ ਨਹੀਂ ਬਣ ਸਕਦਾ। ਕਸ਼ਮੀਰ-ਕਸ਼ਮੀਰ ਚੀਕਣ ਨਾਲ ਉਸ ਨੇ ਆਪਣਾ ਕਿੰਨਾ ਨੁਕਸਾਨ ਕਰ ਲਿਆ ਹੈ। ਭਾਰਤ ਦੇ ਨਾਲ ਉਸ ਨੇ ਤਿੰਨ ਵੱਡੀਆਂ ਜੰਗਾਂ ਲੜੀਆਂ। ਉਨ੍ਹਾਂ ’ਚ ਉਹ ਹਾਰਿਆ। ਉਸ ਨੇ ਲਗਾਤਾਰ ਅੱਤਵਾਦੀ ਭੇਜੇ। ਸਾਰੀ ਦੁਨੀਆ ਦੀ ਬਦਨਾਮੀ ਝੱਲੀ। ਆਪਣੇ ਆਮ ਆਦਮੀ ਦੀ ਜ਼ਿੰਦਗੀ ’ਚ ਸੁਧਾਰ ਕਰ ਕੇ ਉਹ ਭਾਰਤ ਤੋਂ ਅੱਗੇ ਨਿਕਲ ਜਾਂਦਾ ਤਾਂ ਜਿੱਨਾਹ ਵੀ ਸਵਰਗ ’ਚ ਖੁਸ਼ ਹੋ ਜਾਂਦੇ ਪਰ ਉਸ ਨੂੰ ਪਹਿਲਾਂ ਅਮਰੀਕਾ ਦੀ ਗੁਲਾਮੀ ਕਰਨੀ ਪਈ ਅਤੇ ਹੁਣ ਚੀਨ ਦੀ ਕਰਨੀ ਪੈ ਰਹੀ ਹੈ। ਕੀ ਜਿੱਨਾਹ ਨੇ ਪਾਕਿਸਤਾਨ ਇਸੇ ਲਈ ਬਣਾਇਆ ਸੀ?
ਜ਼ਰੂਰੀ ਇਹ ਹੈ ਕਿ ਕਸ਼ਮੀਰ ਨੂੰ ਆਜ਼ਾਦੀ ਦਿਵਾਉਣ ਤੋਂ ਪਹਿਲਾਂ ਖੁਦ ਆਜ਼ਾਦ ਹੋ ਕੇ ਦਿਖਾਵੇ। ਜੇਕਰ ਉਹ ਆਪਣੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਰੱਖਿਆ ਕਰ ਰਿਹਾ ਹੁੰਦਾ ਤਾਂ ਉਹ ਇਸਲਾਮੀ ਜਗਤ ਹੀ ਨਹੀਂ, ਸਾਰੀ ਦੁਨੀਆ ਦਾ ਸਿਤਾਰਾ ਬਣ ਜਾਂਦਾ ਪਰ ਉਸ ਦੇ ਹਜ਼ਾਰਾ, ਪਠਾਨਾਂ, ਸਿੰਧੂਆਂ, ਬਲੂਚਾਂ, ਹਿੰਦੂਆਂ, ਸਿੱਖਾਂ ਅਤੇ ਸ਼ੀਆਂ ਦੀ ਹਾਲਤ ਕੀ ਹੈ? ਖੁਦ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਉਸ ’ਤੇ ਕਈ ਵਾਰ ਅਫਸੋਸ ਜ਼ਾਹਿਰ ਕਰ ਚੁੱਕੇ ਹਨ। ਪਾਕਿਸਤਾਨ ਦੀ ਜਨਤਾ ਅਤੇ ਸਰਕਾਰ ਪਹਿਲਾਂ ਖੁਦ ਆਪਣੇ ਮਨੁੱਖਾਂ ਦੇ ਹੱਕਾਂ ਦੀ ਰੱਖਿਆ ਕਰ ਕੇ ਦਿਖਾਵੇ, ਤਦ ਉਨ੍ਹਾਂ ਨੂੰ ਭਾਰਤ ਜਾਂ ਕਿਸੇ ਹੋਰਨਾਂ ਦੇਸ਼ਾਂ ਦੇ ਬਾਰੇ ’ਚ ਬੋਲਣ ਦਾ ਅਧਿਕਾਰ ਆਪਣੇ ਆਪ ਮਿਲੇਗਾ।
ਜਿੱਥੋਂ ਤੱਕ ਇਸਲਾਮੀ ਸਹਿਯੋਗ ਸੰਗਠਨ ਦਾ ਸਵਾਲ ਹੈ, ਉਸ ਨੂੰ ਤਾਂ ਮੈਂ ਇੰਨਾ ਹੀ ਕਹਾਂਗਾ ਕਿ ਉਹ ਪਾਕਿਸਤਾਨ ਦਾ ਸਹਿਯੋਗ ਸਭ ਤੋਂ ਵੱਧ ਕਰੇ। ਉਸ ਨੂੰ ਅਮਰੀਕਾ ਅਤੇ ਚੀਨ ਵਰਗੇ ਦੇਸ਼ਾਂ ਦੇ ਅੱਗੇ ਝੋਲੀ ਅੱਡਣ ਲਈ ਮਜਬੂਰ ਨਾ ਹੋਣ ਦੇਵੇ। ਉਸ ਨੂੰ ਜੰਗ ਅਤੇ ਅੱਤਵਾਦ ’ਚ ਫਸਣ ਤੋਂ ਬਚਾਵੇ। ਇਸਲਾਮ ਦੇ ਨਾਂ ’ਤੇ ਬਣਿਆ ਉਹ ਦੁਨੀਆ ਦਾ ਇਕੋ-ਇਕ ਦੇਸ਼ ਹੈ। ਉਸ ਨੂੰ ਉਹ ਅਜਿਹਾ ਦੇਸ਼ ਕਿਉਂ ਨਾ ਬਣਾਵੇ ਕਿ ਸਾਰੀ ਦੁਨੀਆ ਉਸ ’ਤੇ ਅਤੇ ਇਸਲਾਮ ’ਤੇ ਮਾਣ ਕਰੇ?