ਪ੍ਰਮਾਣੂ ਜੰਗ ਹੋਈ ਤਾਂ ਭਾਰੀ ਤਬਾਹੀ ਹੋਵੇਗੀ
Monday, Dec 23, 2024 - 03:36 PM (IST)

ਪ੍ਰਮਾਣੂ ਜੰਗ ਹੋਈ ਤਾਂ ਕੁਝ ਵੱਡੇ-ਵੱਡੇ ਨਗਰਾਂ ਦਾ ਮਿਟ ਜਾਣਾ ਤਾਂ ਆਮ ਗੱਲ ਹੋਵੇਗੀ ਪਰ ਇਸ ਦੇ ਭਿਆਨਕ ਖਤਰੇ ਨੂੰ ਪੂਰੀ ਦੁਨੀਆ ਨੂੰ ਭੋਗਣਾ ਪਵੇਗਾ। ਇਸੇ ਲਈ ਆਇੰਸਟੀਨ ਨੇ ਆਪਣੀ ਮੌਤ ਤੋਂ ਠੀਕ ਇਕ ਹਫਤਾ ਪਹਿਲਾਂ ਪ੍ਰਮਾਣੂ ਜੰਗ ਬਾਰੇ ਦੁਨੀਆ ਨੂੰ ਸੁਚੇਤ ਕੀਤਾ ਸੀ ਕਿ, ‘‘ਆਪਣੀ ਮਨੁੱਖਤਾ ਨੂੰ ਯਾਦ ਰੱਖੋ ਅਤੇ ਬਾਕੀ ਸਭ ਭੁੱਲ ਜਾਓ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਕ ਨਵੇਂ ਸਵਰਗ ਦਾ ਰਾਹ ਖੁੱਲ੍ਹਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਯੂਨੀਵਰਸਲ ਮੌਤ ਦਾ ਜੋਖਮ ਹੈ।’’ ਪਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਹੋ ਰਹੀਆਂ ਝੜਪਾਂ ਅਤੇ ਵਧਦੀ ਧੜੇਬੰਦੀ ਨੇ ਤੀਜੀ ਸੰਸਾਰ ਜੰਗ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ’ਚ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕੀ ਫੌਜ ਯੂਕ੍ਰੇਨ ’ਚ ਦਾਖਲ ਹੋਈ ਤਾਂ ਉਹ ਪ੍ਰਮਾਣੂ ਹਥਿਆਰ ਦੀ ਵਰਤੋਂ ਕਰਨਗੇ। ਇਸ ਤਣਾਅ ਦੇ ਦਰਮਿਆਨ ਇਕ ਨਕਸ਼ੇ ਰਾਹੀਂ ਦੱਸਿਆ ਗਿਆ ਹੈ ਕਿ ਅਮਰੀਕਾ ’ਤੇ ਪ੍ਰਮਾਣੂ ਬੰਬ ਨਾਲ ਹਮਲੇ ਦੇ ਕਿਸ ਤਰ੍ਹਾਂ ਦੇ ਤਬਾਹਕੁੰਨ ਅਸਰ ਹੋ ਸਕਦੇ ਹਨ।
ਨਕਸ਼ਾ ਦਿਖਾਉਂਦਾ ਹੈ ਕਿ ਅਮਰੀਕੀ ਸ਼ਹਿਰਾਂ ’ਤੇ ਪ੍ਰਮਾਣੂ ਹਮਲੇ ਦਾ ਕਿਸ ਤਰ੍ਹਾਂ ਅਸਰ ਹੋਵੇਗਾ ਅਤੇ ਕਿਵੇਂ ਲੱਖਾਂ ਲੋਕਾਂ ਦੀ ਜਾਨ ਜੋਖਮ ’ਚ ਪੈ ਜਾਵੇਗੀ। ਇਸ ਧਮਕੀ ਦੇ ਦਰਮਿਆਨ ਹੀ ਪ੍ਰਮਾਣੂ ਹਮਲੇ ਦੇ ਬਾਅਦ ਅਮਰੀਕੀ ਸ਼ਹਿਰਾਂ ਦੀ ਸਥਿਤੀ ਦਿਖਾਉਣ ਵਾਲਾ ਨਕਸ਼ਾ ਨਿਊਕ ਮੈਪ ਨੇ ਜਾਰੀ ਕੀਤਾ ਹੈ। ਨਿਊਕ ਮੈਪ ਦੇ ਕਰਤਾ-ਧਰਤਾ ਅਲੈਕਸ ਵੇਲਰਸਟੀਨ ਦਾ ਕਹਿਣਾ ਹੈ ਕਿ ਪ੍ਰਮਾਣੂ ਹਮਲੇ ’ਚ ਅਮਰੀਕਾ ਦੇ ਨਿਊਯਾਰਕ ਵਰਗੇ ਪ੍ਰਮੁੱਖ ਸ਼ਹਿਰਾਂ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਲੱਖਾਂ ਲੋਕ ਮਾਰੇ ਜਾ ਸਕਦੇ ਹਨ। ਅਲੈਕਸ ਵੇਲਰਸਟੀਨ ਨੇ ਇਹ ਨਕਸ਼ਾ ਬਣਾਇਆ ਹੈ, ਜੋ ਪ੍ਰਮਾਣੂ ਤਕਨੀਕ ਦੇ ਜਾਣਕਾਰ ਅਤੇ ਨਿਊਕ ਮੈਪ ਦੇ ਨਿਰਮਾਤਾ ਹਨ। ਨਕਸ਼ਾ ਪ੍ਰਮਾਣੂ ਧਮਾਕੇ ਦੀ ਸਥਿਤੀ ’ਚ ਰੇਡੀਓਐਕਟਿਵਿਟੀ ਦੇ ਫਲਾਅ, ਅੱਗ ਦੇ ਗੋਲੇ ਦੇ ਘੇਰੇ ਅਤੇ ਸੰਭਾਵਿਤ ਪੀੜਤਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਂਦਾ ਹੈ।
ਜੇਕਰ ਅਮਰੀਕਾ ਦੇ ਪੂਰਬੀ ਸਮੁੰਦਰੀ ਕੰਢੇ ’ਤੇ 800 ਕਿਲੋ ਟਨ ਦਾ ਟੋਪੋਲ (25) ਬੰਬ ਡਿੱਗਿਆ ਤਾਂ ਨਿਊਯਾਰਕ ’ਚ 16 ਲੱਖ ਤੱਕ ਮੌਤਾਂ ਹੋ ਸਕਦੀਆਂ ਹਨ ਅਤੇ 30 ਲੱਖ ਵਿਅਕਤੀ ਜ਼ਖਮੀ ਹੋ ਸਕਦੇ ਹਨ। ਅੱਗ ਦਾ ਗੋਲਾ ਮੈਨਹੱਟਨ, ਨੇਵਾਰਕ, ਐਲਿਜ਼ਾਬੇਥ, ਬਰੁਕਲਿਨ ਅਤੇ ਦੂਜੇ ਸ਼ਹਿਰਾਂ ਨੂੰ ਤਬਾਹ ਕਰ ਸਕਦਾ ਹੈ। ਇਸ ਧਮਾਕੇ ਤੋਂ ਨਿਕਲਣ ਵਾਲਾ ਤਾਪੀ ਵਿਕਿਰਨ 11.1 ਕਿਲੋਮੀਟਰ ਤੱਕ ਫੈਲੇਗਾ। ਜ਼ਾਹਿਰ ਹੈ ਕਿ ਇਹ ਕਈ ਅਮਰੀਕੀ ਸ਼ਹਿਰਾਂ ਨੂੰ ਆਪਣੀ ਲਪੇਟ ’ਚ ਲੈ ਲਵੇਗਾ ਅਤੇ ਇਸ ਨਾਲ ਵੱਡੀ ਤਬਾਹੀ ਮਚੇਗੀ। ਜੇਕਰ ਅਜਿਹਾ ਹੀ ਪ੍ਰਮਾਣੂ ਹਮਲਾ ਵਾਸ਼ਿੰਗਟਨ ਡੀ. ਸੀ. ’ਚ ਵਾਈਟ੍ਹ ਹਾਊਸ ’ਤੇ ਹੋਇਆ ਤਾਂ ਮਰਨ ਵਾਲਿਆਂ ਦੀ ਗਿਣਤੀ 40 ਲੱਖ ਤੱਕ ਪਹੁੰਚ ਸਕਦੀ ਹੈ। ਕੈਪੀਟਲ ਹਿੱਲ ਅਤੇ ਕੋਲੰਬੀਆ ਹਾਈਟਸ ਵਰਗੀਆਂ ਵੱਕਾਰੀ ਥਾਵਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਹਮਲੇ ਨਾਲ ਅਲੈਕਜੈਂਡਰੀਆ ਤੋਂ ਲੈ ਕੇ ਸਿਲਵਰ ਸਪ੍ਰਿੰਗ ਤੱਕ ਦੇ ਨਿਵਾਸੀਆਂ ਨੂੰ ਤਾਪੀ ਵਿਕਿਰਨ ਨਾਲ ਥਰਡ ਡਿਗਰੀ ਬਰਨ ਹੋ ਸਕਦੇ ਹਨ।
ਆਇਰਿਸ਼ ਸਟਾਰ ਦੀ ਰਿਪੋਰਟ ਕਹਿੰਦੀ ਹੈ ਕਿ ਪ੍ਰਮਾਣੂ ਹਮਲਿਆਂ ਦੇ ਬਾਅਦ ਦੀ ਭਿਆਨਕ ਸਥਿਤੀ ਦਿਖਾਉਣ ਵਾਲੇ ਨਕਸ਼ੇ ਦੱਸਦੇ ਹਨ ਕਿ ਅਮਰੀਕਾ ਦੇ ਕਈ ਵੱਡੇ ਸ਼ਹਿਰ ਪਲ ਭਰ ’ਚ ਤਬਾਹ ਹੋ ਸਕਦੇ ਹਨ। ਅੰਦਾਜ਼ੇ ਦੇ ਅਨੁਸਾਰ, ‘ਲਿਟਲ ਬਾਏ ਬੰਬ ਵਰਗੇ ਧਮਾਕੇ ਦੇ ਬਾਅਦ ਹਿਊਸਟਨ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇਸ ’ਚ 90 ਹਜ਼ਾਰ ਤੋਂ ਵੱਧ ਲੋਕ ਮਾਰੇ ਜਾਣਗੇ। ਪਿਛਲੇ ਦਿਨੀਂ ਰਾਸ਼ਟਰਪਤੀ ਪੁਤਿਨ ਨੇ ਰੂਸ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਨੀਤੀ ’ਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੂਸ ਦੀ ਨਵੀਂ ਪ੍ਰਮਾਣੂ ਨੀਤੀ ’ਚ ਕਿਹਾ ਗਿਆ ਹੈ ਕਿ ਕੋਈ ਅਜਿਹਾ ਦੇਸ਼ ਜਿਸ ਦੇ ਕੋਲ ਖੁਦ ਪ੍ਰਮਾਣੂ ਹਥਿਆਰ ਨਾ ਹੋਣ ਪਰ ਇਹ ਦੇਸ਼ ਕਿਸੇ ਪ੍ਰਮਾਣੂ ਹਥਿਆਰ ਸੰਪੰਨ ਦੇਸ਼ ਨਾਲ ਮਿਲ ਕੇ ਹਮਲਾ ਕਰਦਾ ਹੈ, ਤਾਂ ਇਸ ਨੂੰ ਰੂਸ ਸਾਂਝਾ ਹਮਲਾ ਮੰਨੇਗਾ। ਯੂਕ੍ਰੇਨ ਕੋਲ ਪ੍ਰਮਾਣੂ ਹਥਿਆਰ ਨਹੀਂ ਹਨ ਪਰ ਅਮਰੀਕਾ ਕੋਲ ਹਨ ਅਤੇ ਇਸ ਜੰਗ ’ਚ ਅਮਰੀਕਾ ਅਤੇ ਬ੍ਰਿਟੇਨ ਦੋਵੇਂ ਯੂਕ੍ਰੇਨ ਦੇ ਨਾਲ ਹਨ। ਨਾਲ ਹੀ 32 ਦੇਸ਼ਾਂ ਦਾ ਫੌਜੀ ਗੱਠਜੋੜ ਨਾਟੋ ਵੀ ਯੂਕ੍ਰੇਨ ਨੂੰ ਸਮਰਥਨ ਦੇ ਰਿਹਾ ਹੈ।
ਰੂਸ ਦੀ ਪ੍ਰਮਾਣੂ ਨੀਤੀ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਰੂਸ ਨੂੰ ਪਤਾ ਲੱਗਾ ਕਿ ਦੂਜੇ ਪਾਸਿਓਂ ਰੂਸ ’ਤੇ ਮਿਜ਼ਾਈਲਾਂ, ਡਰੋਨ ਅਤੇ ਹਵਾਈ ਹਮਲੇ ਹੋ ਰਹੇ ਹਨ ਤਾਂ ਉਹ ਪ੍ਰਮਾਣੂ ਹਥਿਆਰਾਂ ਨਾਲ ਜਵਾਬ ਦੇ ਸਕਦਾ ਹੈ, ਯੂਕ੍ਰੇਨ ਹੁਣ ਤੱਕ ਰੂਸ ’ਤੇ ਕਈ ਵਾਰ ਹਮਲੇ ਕਰਦਾ ਆਇਆ ਹੈ, ਜਿਸ ’ਚ ਡਰੋਨ ਵੀ ਸ਼ਾਮਲ ਹੈ ਪਰ ਹੁਣ ੳੁਸ ਨੇ ਹਮਲਿਆਂ ਲਈ ਅਮਰੀਕੀ ਮਿਜ਼ਾਈਲਾਂ ਦੀ ਵੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸਦੇ ਇਲਾਵਾ ਕੁਝ ਹੋਰ ਸਥਿਤੀਆਂ ਦੀ ਗੱਲ ਰੂਸ ਦੀ ਪ੍ਰਮਾਣੂ ਨੀਤੀ ’ਚ ਕੀਤੀ ਗਈ ਹੈ। ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੋ ਵਾਰ ਕੀਤੀ ਗਈ ਹੈ, ਹੀਰੋਸ਼ਿਮਾ ਅਤੇ ਇਕ ਹੋਰ ਜਾਪਾਨੀ ਸ਼ਹਿਰ ਨਾਗਾਸਾਕੀ ’ਤੇ। ਇਨ੍ਹਾਂ ਮੌਕਿਆਂ ਤੋਂ ਪ੍ਰਾਪਤ ਸਬੂਤ, ਨਾਲ ਹੀ ਵਾਯੂਮੰਡਲੀ ਪ੍ਰਮਾਣੂ ਪ੍ਰੀਖਣ ਅਤੇ ਪ੍ਰਮਾਣੂ ਊਰਜਾ ਦੁਰਘਟਨਾਵਾਂ ਨੇ ਪ੍ਰਮਾਣੂ ਹਥਿਆਰਾਂ ਦੇ ਪ੍ਰਭਾਵਾਂ ਬਾਰੇ ਸਾਡੇ ਗਿਆਨ ਦਾ ਆਧਾਰ ਬਣਾਇਆ ਹੈ। ਆਧੁਨਿਕ ਪ੍ਰਮਾਣੂ ਹਥਿਆਰਾਂ ’ਚ ਆਮ ਤੌਰ ’ਤੇ ਉਨ੍ਹਾਂ ਪਹਿਲੇ ਦੋ ਬੰਬਾਂ ਦੀ ਤੁਲਨਾ ’ਚ ਬੜੀ ਵੱਧ ਧਮਾਕਾਖੇਜ਼ ਸ਼ਕਤੀ ਹੁੰਦੀ ਹੈ ਅਤੇ ਇਸ ਨਾਲ ਤਬਾਹੀ ਦਾ ਪੈਮਾਨਾ ਬੜਾ ਵੱਧ ਜਾਵੇਗਾ। ਸੰਖੇਪ ’ਚ, ਨਾਟੋ ਅਤੇ ਰੂਸ ਦੇ ਦਰਮਿਆਨ ਪ੍ਰਮਾਣੂ ਆਦਾਨ-ਪ੍ਰਦਾਨ ਪੂਰੀ ਧਰਤੀ ਲਈ ਤਬਾਹਕੁੰਨ ਹੋਵੇਗਾ।
ਜੇਕਰ ਪ੍ਰਮਾਣੂ ਬੰਬ ਧਮਾਕਾ ਕੀਤਾ ਜਾਂਦਾ ਹੈ ਤਾਂ ਪ੍ਰਮਾਣੂ ਧਮਾਕੇ ਦਾ ਕੇਂਦਰ ਕਈ ਮਿਲੀਅਨ ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ ਤੱਕ ਪਹੁੰਚ ਜਾਵੇਗਾ। ਨਤੀਜੇ ਵਜੋਂ ਹੋਣ ਵਾਲੀ ਗਰਮੀ ਦੀ ਚਮਕ ਇਕ ਵਿਸਥਾਰਤ ਖੇਤਰ ’ਚ ਸਾਰੇ ਮਨੁੱਖੀ ਸਰੋਤਾਂ ਨੂੰ ਵਾਸ਼ਪੀਕ੍ਰਿਤ ਕਰ ਦੇਵੇਗੀ। ਹੀਰੋਸ਼ਿਮਾ ਅੱਧੇ ਮੀਲ ਦੇ ਘੇਰੇ ’ਚ, ਖੁੱਲ੍ਹੇ ’ਚ ਫਸੇ ਵਧੇਰੇ ਲੋਕਾਂ ਦੇ ਅਵਸ਼ੇਸ਼ ਸਿਰਫ ਉਨ੍ਹਾਂ ਦੀਆਂ ਤਸਵੀਰਾਂ ਸਨ ਜੋ ਪੱਥਰ ’ਚ ਸੜ ਗਈਆਂ ਸਨ। ਇਮਾਰਤਾਂ ਦੇ ਅੰਦਰ ਜਾਂ ਕਿਸੇ ਹੋਰ ਤਰ੍ਹਾਂ ਸੁਰੱਖਿਅਤ ਲੋਕਾਂ ਦੀ ਧਮਾਕੇ ਅਤੇ ਗਰਮੀ ਦੇ ਪ੍ਰਭਾਵ ਨਾਲ ਮੌਤ ਹੋ ਜਾਵੇਗੀ ਕਿਉਂਕਿ ਇਮਾਰਤਾਂ ਢਹਿ ਜਾਣਗੀਆਂ ਅਤੇ ਸਾਰੇ ਬਲਣਸ਼ੀਲ ਪਦਾਰਥ ਅੱਗ ਦੀਆਂ ਲਾਟਾਂ ’ਚ ਘਿਰ ਜਾਣਗੇ। ਤਤਕਾਲ ਮੌਤ ਦਰ 90 ਫੀਸਦੀ ਤੋਂ ਵੱਧ ਹੋਵੇਗੀ। ਜਿਉਂ-ਜਿਉਂ ਗਰਮੀ ਵਧੇਗੀ, ਹਵਾ ਜ਼ਮੀਨ ਦੇ ਪੱਧਰ ’ਤੇ ਜਾਂ ਉਸ ਦੇ ਨਜ਼ਦੀਕ ਘੇਰੇ ਤੋਂ ਅੰਦਰ ਖਿੱਚੀ ਜਾਵੇਗੀ।
ਇਸਦੇ ਨਤੀਜੇ ਵਜੋਂ ਖਤਰਨਾਕ, ਤੂਫਾਨ-ਬਲ ਵਾਲੀਆਂ ਹਵਾਵਾਂ ਚੱਲਣਗੀਆਂ ਅਤੇ ਤਾਜ਼ੀ ਆਕਸੀਜਨ ਸੜਨ ਦੇ ਕਾਰਨ ਅੱਗ ਵਧਦੀ ਜਾਵੇਗੀ। ਬੇਸਮੈਂਟ ’ਚ ਰਹਿਣ ਵਾਲੇ ਲੋਕ, ਜੋ ਮੁੱਢਲੇ ਤਾਪ-ਭਿਆਨਕਤਾ ਤੋਂ ਬਚ ਜਾਂਦੇ ਹਨ, ਉਹ ਵੀ ਮਰ ਜਾਣਗੇ ਕਿਉਂਕਿ ਵਾਯੂਮੰਡਲ ’ਚੋਂ ਸਾਰੀ ਆਕਸੀਜਨ ਸੋਖ ਲਈ ਜਾਂਦੀ ਹੈ। ਕੁਲ ਤਬਾਹੀ ਦੇ ਖੇਤਰ ਦੇ ਬਾਹਰ ਤਤਕਾਲ ਜਿਊਂਦੇ ਬਚੇ ਲੋਕਾਂ ਦਾ ਫੀਸਦੀ ਹੌਲੀ-ਹੌਲੀ ਵਧਦਾ ਜਾਵੇਗਾ। ਇਨ੍ਹਾਂ ’ਚੋਂ ਵਧੇਰੇ ਭਿਆਨਕ ਤੌਰ ’ਤੇ ਸੜ ਜਾਣਗੇ, ਅੰਨ੍ਹੇ ਹੋ ਜਾਣਗੇ, ਕੱਚ ਦੇ ਟੁਕੜਿਆਂ ਨਾਲ ਖੂਨ ਵਗੇਗਾ ਅਤੇ ਉਨ੍ਹਾਂ ਨੂੰ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ ਹੋਣਗੀਆਂ। ਕਈ ਵਿਅਕਤੀ ਢੱਠੀਆਂ ਹੋਈਆਂ ਅਤੇ ਸੜਦੀਆਂ ਹੋਈਆਂ ਇਮਾਰਤਾਂ ’ਚ ਫਸ ਜਾਣਗੇ। ਮੌਤ ਦਰ ਆਮ ਆਫਤ ਦੀ ਤੁਲਨਾ ’ਚ ਵੱਧ ਹੋਵੇਗੀ ਕਿਉਂਕਿ ਵਧੇਰੀਆਂ ਐਮਰਜੈਂਸੀ ਸੇਵਾਵਾਂ ਆਪਣੇ ਯੰਤਰਾਂ ਦੇ ਨਸ਼ਟ ਹੋ ਜਾਣ ਅਤੇ ਮੁਲਾਜ਼ਮਾਂ ਦੇ ਮਾਰੇ ਜਾਣ ਕਾਰਨ ਪ੍ਰਤੀਕਿਰਿਆ ਦੇਣ ’ਚ ਅਸਮਰੱਥ ਹੋਣਗੀਆਂ। ਮ੍ਰਿਤਕਾਂ ਦੀ ਗਿਣਤੀ ਇੰਨੀ ਵਧ ਹੋਵੇਗੀ ਕਿ ਕਿਸੇ ਵੀ ਦੇਸ਼ ਦੇ ਮੈਡੀਕਲ ਸੋਮੇ ਡੁੱਬ ਜਾਣਗੇ। ਕੌਮਾਂਤਰੀ ਰੈੱਡ ਕਰਾਸ ਨੇ ਸਿੱਟਾ ਕੱਢਿਆ ਹੈ ਕਿ ਆਬਾਦੀ ਵਾਲੇ ਇਲਾਕੇ ’ਚ ਜਾਂ ਉਸਦੇ ਨੇੜੇ-ਤੇੜੇ ਇਕ ਵੀ ਪ੍ਰਮਾਣੂ ਹਥਿਆਰ ਦੀ ਵਰਤੋਂ ਮਨੁੱਖੀ ਆਫਤ ਦਾ ਕਾਰਨ ਬਣ ਸਕਦੀ ਹੈ ਜਿਸ ਦਾ ‘ਹੱਲ ਕਰਨਾ ਔਖਾ’ ਹੋਵੇਗਾ।
ਨਿਰੰਕਾਰ ਸਿੰਘ