ਰੰਗੀਨ ਮਿਜਾਜ਼ ਸੀ ਮੁਹੰਮਦ ਸ਼ਾਹ ਰੰਗੀਲਾ
Sunday, Sep 01, 2024 - 02:45 PM (IST)
ਮੁਗ਼ਲ ਸਲਤਨਤ ਦੀਆਂ ਅੱਖਾਂ ਦੇ ਨੂਰ ਅਤੇ ਸ਼ਾਹਜਹਾਂ ਦੇ ਜਿਗਰ ਦੇ ਟੁਕੜੇ ਬਹੁਤ ਅਜੀਬੋ-ਗਰੀਬ ਸੁਭਾਅ ਅਤੇ ਹੈਰਾਨੀਜਨਕ ਹਰਕਤਾਂ ਕਰਨ ਵਾਲੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਹੋਏ ਹਨ। ਉਸ ਦਾ ਪੂਰਾ ਨਾਂ ਅਬੂ-ਅਲ-ਫਤਹਿ ਰੋਸ਼ਨ ਅਖਤਰ ਨਸੀਰੂਦੀਨ ਮੁਹੰਮਦ ਸ਼ਾਹ ਸੀ। ਐਸ਼ੋ-ਆਰਾਮ ਅਤੇ ਸ਼ਰਾਬ ਪੀਣ ਕਾਰਨ ਉਸ ਨੂੰ ਰੰਗੀਲਾ ਕਿਹਾ ਜਾਣ ਲੱਗਾ। ਵਾਸਨਾ ਵਿਚ ਉਸ ਦੀ ਕੋਈ ਬਰਾਬਰੀ ਨਹੀਂ ਸੀ। ਉਹ ਸੋਹਣਾ ਨੌਜਵਾਨ ਸੀ। ਸਈਅਦ ਭਰਾਵਾਂ ਨੇ ਉਸ ਨੂੰ 17 ਸਾਲ ਦੀ ਉਮਰ ਵਿਚ ਤਖਤ-ਏ-ਤਾਊਸ ’ਤੇ ਬਿਠਾਇਆ। ਉਹ ਨਾ ਹੀ ਦੀਨੀ ਅਤੇ ਨਾ ਹੀ ਦੁਨੀਆਵੀ ਇਲਮ ਤੋਂ ਵਾਕਿਫ ਸੀ। ਨਾ ਹੀ ਉਸ ਨੂੰ ਕੋਈ ਪ੍ਰਸ਼ਾਸਨ ਦਾ ਤਜਰਬਾ ਸੀ। 1722 ਤਕ ਉਸ ਨੇ ਆਪਣੇ ’ਤੇ ਰੋਕ ਲਾਉਣ ਵਾਲੇ ਸਈਅਦ ਭਰਾਵਾਂ ਤੋਂ ਛੁਟਕਾਰਾ ਪਾ ਲਿਆ ਅਤੇ ਪੂਰੀ ਤਰ੍ਹਾਂ ਤਾਨਾਸ਼ਾਹ ਬਾਦਸ਼ਾਹ ਬਣ ਗਿਆ।
ਗੱਦੀ ’ਤੇ ਬੈਠਦਿਆਂ ਹੀ ਉਸ ਨੇ ਹੁਕਮ ਜਾਰੀ ਕੀਤਾ ਕਿ ਦੇਸ਼ ਦੀਆਂ ਸਾਰੀਆਂ ਖੂਬਸੂਰਤ ਔਰਤਾਂ ’ਤੇ ਸਿਰਫ ਬਾਦਸ਼ਾਹ ਦਾ ਅਧਿਕਾਰ ਹੈ। ਲੋਕਾਂ ਨੇ ਆਪਣੀਆਂ ਨੂੰਹਾਂ-ਬੇਟੀਆਂ ਨੂੰ ਸੁਰੱਖਿਅਤ ਰੱਖਣ ਲਈ ਬੁਰਕੇ ਪੁਆ ਦਿੱਤੇ। ਇੱਥੋਂ ਤੱਕ ਕਿ ਘਰ ’ਚ ਵੀ ਔਰਤਾਂ ਬੁਰਕੇ ’ਚ ਰਹਿਣ ਲੱਗੀਆਂ। ਲੋਕ ਆਪਣੀਆਂ ਖੂਬਸੂਰਤ ਧੀਆਂ ਨੂੰ ਲੁਕੋ-ਲੁਕੋ ਕੇ ਰੱਖਣ ਲੱਗੇ। ਉਹ ਘੱਗਰਾ, ਚੋਲੀ ਅਤੇ ਪੈਰਾਂ ’ਚ ਘੁੰਗਰੂ ਪਾ ਕੇ ਦਰਬਾਰ ’ਚ ਨੱਚਣ ਵਾਲਾ ਅਤੇ ਤਖਤ ’ਤੇ ਬੈਠਣ ਵਾਲਾ ਪਹਿਲਾ ਅਤੇ ਆਖਰੀ ਮੁਗਲ ਬਾਦਸ਼ਾਹ ਸੀ। ਇਕ ਦਿਨ ਉਹ ਅਲਫ ਨੰਗਾ ਹੋ ਕੇ ਦਰਬਾਰ ’ਚ ਆ ਗਿਆ। ਸਾਰੇ ਲੋਕ ਹੈਰਾਨ ਰਹਿ ਗਏ ਪਰ ਬੇਵੱਸ ਵਜ਼ੀਰ ਕੁਝ ਨਾ ਬੋਲ ਸਕੇ। ਕਈ ਵਾਰ ਉਹ ਹੁਕਮ ਦਿੰਦਾ ਕਿ ਜੇਲ ’ਚ ਬੰਦ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇ ਅਤੇ ਫਿਰ ਕੁਝ ਦਿਨਾਂ ਬਾਅਦ ਨਵਾਂ ਹੁਕਮ ਜਾਰੀ ਕਰਦਾ ਕਿ ਜਿੰਨੇ ਕੈਦੀਆਂ ਨੂੰ ਛੱਡਿਆ ਗਿਆ ਹੈ ਓਨੇ ਹੀ ਲੋਕਾਂ ਨੂੰ ਫੜ ਕੇ ਜੇਲ ’ਚ ਸੁੱਟ ਦਿੱਤਾ ਜਾਵੇ। ਉਸ ਨੇ ਆਪਣੇ ਸ਼ਾਹੀ ਘੋੜੇ ਨੂੰ ਦਰਬਾਰੇ ਖਾਸ ’ਚ ਲਿਆ ਕੇ ਮੰਤਰੀ ਦੀ ਉਪਾਧੀ ਨਾਲ ਸਜਾ ਦਿੱਤਾ ਅਤੇ ਹੁਕਮ ਦਿੱਤਾ ਕਿ ਘੋੜੇ ਦੀ ਹੁਕਮ ਅਦੂਲੀ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਮੰਤਰੀਆਂ ਨੂੰ ਗਿਰਗਿਟ ਦੇ ਰੰਗ ਬਦਲਣ ਤੋਂ ਪਹਿਲਾਂ ਹੀ ਬਦਲ ਦਿੰਦਾ ਸੀ।
ਇਕ ਵਾਰ ਉਹ ਆਪਣੇ ਨਾਲ ਨਾਚੀਆਂ, ਗੋਲੀਆਂ, ਲੋਡੀਆ, ਬਾਧੀਆ, ਤਵਾਇਫਾਂ ਨੂੰ ਲੈ ਕੇ ਦਰਬਾਰ ’ਚ ਆ ਗਿਆ ਅਤੇ ਉਨ੍ਹਾਂ ਨਾਲ ਬੈਠ ਕੇ ਹੁਕਮ ਜਾਰੀ ਕਰਨ ਲੱਗਾ। ਉਹ 24 ਘੰਟੇ ਸ਼ਰਾਬ ਦੇ ਨਸ਼ੇ ’ਚ ਧੁੱਤ ਰਹਿੰਦਾ ਸੀ, ਇੱਥੋਂ ਤਕ ਕਿ ਵੁਜੂ ਵੀ ਸ਼ਰਾਬ ਨਾਲ ਹੀ ਕਰਦਾ ਸੀ। ਉਹ ਰੋਜ਼ਮੱਰਾ ਬਟੇਰਿਆਂ ਅਤੇ ਹਾਥੀਆਂ ਦੀ ਲੜਾਈ ਦੇਖਦਾ, ਫਰਿਆਦੀਆਂ ਦੀ ਫਰਿਆਦ ਸੁਣਦਾ, ਬਾਜ਼ੀਗਰਾਂ, ਨਟ, ਨਕਲਚੀਆਂ ਦੇ ਜੁਮਲਿਆਂ ਦਾ ਅਨੰਦ ਉਠਾਉਂਦਾ। ਵਜ਼ੀਰ ਅਤੇ ਉਲੇਮਾ ਉਸ ਦੀਆਂ ਇਨ੍ਹਾਂ ਅਸੱਭਿਅਕ ਹਰਕਤਾਂ ਨੂੰ ਵੇਖਣ ਤੋਂ ਸਿਵਾਏ ਕਰ ਵੀ ਕੀ ਸਕਦੇ ਸਨ ਕਿਉਂਕਿ ਉਹ ਸਾਰੇ ਉਸ ਦੇ ਤਨਖਾਹੀਏ ਸਨ। ਖਾਮੀਆਂ, ਕਮਜ਼ੋਰੀਆਂ ਅਤੇ ਬਦਗੁਮਾਨੀਆਂ ਦੇ ਬਾਵਜੂਦ ਉਸ ਨੇ ਅੌਰੰਗਜ਼ੇਬੀ ਇਸਲਾਮਿਕ ਕੱਟੜਵਾਦ ਨੂੰ ਤਿਲਾਂਜਲੀ ਦੇ ਕੇ ਨਵੇਂ ਯੁੱਗ ਦਾ ਆਗਾਜ਼ ਕੀਤਾ।
ਉਸ ਨੇ ਸ਼ਾਹੀ ਦਰਬਾਰ ’ਚ ਫਾਰਸੀ ਦੀ ਥਾਂ ਉਰਦੂ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੌਲੀ-ਹੌਲੀ ਉਰਦੂ ਲਸ਼ਕਰੀ ਭਾਸ਼ਾ ਤੋਂ ਆਮ ਲੋਕਾਂ ਦੀ ਭਾਸ਼ਾ ਬਣ ਗਈ ਅਤੇ ਇਸ ਭਾਸ਼ਾ ਦੇ ਵੱਡੇ-ਵੱਡੇ ਪ੍ਰਸਿੱਧ ਸ਼ਾਇਰ ਵੀ ਹੋਏ। ਉਸ ਨੇ ਨ੍ਰਿਤ, ਸੰਗੀਤ, ਚਿੱਤਰਕਲਾ ਅਤੇ ਸਾਹਿਤ ਨੂੰ ਵੀ ਪ੍ਰਫੁੱਲਿਤ ਕੀਤਾ। ਉਸ ਦੇ ਦਰਬਾਰ ’ਚ ਅਦਾਰੰਗ ਅਤੇ ਸਦਾਰੰਗ ਬਹੁਤ ਵੱਡੇ ਨਾਮਵਰ ਸੰਗੀਤਕਾਰ ਸਨ। ਨਿਦਾਮਨ ਅਤੇ ਚਿੱਤਰਮਨ ਨਾਮਵਰ ਚਿੱਤਰਕਾਰ ਵੀ ਸਨ। ਤੁਰਕਿਸ਼ ਲਿਬਾਸ ਨੂੰ ਤਿਆਗ ਕੇ ਸ਼ੇਰਵਾਨੀ, ਚੂੜੀਦਾਰ ਪਜਾਮਾ ਅਤੇ ਸਿਰ ’ਤੇ ਟੋਪੀ ਪਾਉਣ ਦੇ ਇਕ ਨਵੇਂ ਸੱਭਿਆਚਾਰ ਦੀ ਸ਼ੁਰੂਆਤ ਹੋਈ ਜੋ ਅੱਜ ਵੀ ਭਾਰਤ ਦੇ ਕਈ ਆਗੂ ਇਸ ਲਿਬਾਸ ’ਚ ਨਜ਼ਰ ਆਉਂਦੇ ਹਨ। ਉਸ ਦੀਆਂ ਬੇਵਕੂਫੀਆਂ ਕਾਰਨ ਬੰਗਾਲ, ਅਵਧ, ਦੱਖਣ, ਪੰਜਾਬ ਅਤੇ ਕਾਬੁਲ ਮੁਗਲਾਂ ਦੇ ਹੱਥੋਂ ਨਿਕਲ ਗਏ।
ਇਨ੍ਹਾਂ ਹਾਲਾਤ ਦਾ ਫਾਇਦਾ ਉਠਾਉਂਦੇ ਹੋਏ ਨਾਦਰਸ਼ਾਹ ਨੇ 1739 ’ਚ ਭਾਰਤ ’ਤੇ ਚੜ੍ਹਾਈ ਕਰ ਦਿੱਤੀ। ਉਸ ਦਾ ਮੁਕਾਬਲਾ ਕਰਨ ਲਈ ਮੁਹੰਮਦ ਸ਼ਾਹ ਰੰਗੀਲਾ ਆਪਣੇ ਨਾਲ ਫੌਜ ਦੇ ਨਾਲ-ਨਾਲ ਬਾਵਰਚੀਆਂ, ਸੰਗੀਤਕਾਰਾਂ, ਕੁਲੀਆਂ ਸੇਵਕਾਂ, ਮੁਲਾਜ਼ਮਾਂ, ਨਾਚੀਆਂ, ਨਕਲਚੀਆਂ ਅਤੇ ਹੋਰ ਲੋਕਾਂ ਨੂੰ ਨਾਲ ਲੈ ਗਿਆ ਅਤੇ ਕਰਨਾਲ ਨੇੜੇ ਜਾ ਕੇ ਪਤਾ ਲੱਗਾ ਕਿ ਵੱਡੀਆਂ ਤੋਪਾਂ ਲਾਲ ਕਿਲ੍ਹੇ ’ਚ ਹੀ ਰਹਿ ਗਈਆਂ। ਕਰਨਾਲ ਦੀ ਲੜਾਈ ’ਚ ਨਾਦਰਸ਼ਾਹ ਜਿੱਤ ਗਿਆ ਅਤੇ ਉਸ ਨੇ ਦਿੱਲੀ ’ਤੇ ਕਬਜ਼ਾ ਕਰ ਲਿਆ। ਨਾਦਰਸ਼ਾਹ ਨੇ ਦਿੱਲੀ ’ਚ ਇੰਨਾ ਕਤਲੇਆਮ ਕੀਤਾ ਕਿ ਕਈ ਥਾਵਾਂ ’ਤੇ ਲਾਸ਼ਾਂ ਦੇ ਢੇਰ ਲੱਗ ਗਏ। ਨਾਦਰਸ਼ਾਹ ਤਖਤ-ਏ-ਤਾਊਸ, ਕੋਹਿਨੂਰ, ਦਰਿਆ ਨੂਰ ਹੀਰੇ-ਮੋਤੀ ਅਤੇ ਮੁਗਲ ਬਾਦਸ਼ਾਹਾਂ ਵਲੋਂ ਤਕਰੀਬਨ 200 ਸਾਲਾਂ ’ਚ ਇਕੱਠਾ ਕੀਤਾ ਗਿਆ ਧਨ ਅਤੇ 55 ਹਜ਼ਾਰ ਹਾਥੀ, ਘੋੜੇ, ਗਧੇ, ਪਸ਼ੂ ਮਾਲ ਨਾਲ ਲੱਦੀਆਂ ਹੋਈਆਂ ਬੈਲ-ਗੱਡੀਆਂ ਅਤੇ ਹਜ਼ਾਰਾਂ ਭਾਰਤੀ ਔਰਤਾਂ ਨੂੰ ਆਪਣੇ ਨਾਲ ਲੈ ਗਿਆ।
ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਬਘੇਲ ਸਿੰਘ ਨੇ ਹਰਿਆਣਾ ’ਚ ਥਾਨੇਸਰ ਨੇੜੇ ਇਸ ਨੂੰ ਲੁੱਟ ਲਿਆ ਅਤੇ ਕਈ ਔਰਤਾਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਇੱਜ਼ਤ ਨਾਲ ਵਾਪਸ ਆਪਣੇ ਘਰਾਂ ਨੂੰ ਭੇਜ ਦਿੱਤਾ। ਇਹ ਸਾਰੀ ਲੁੱਟ 72 ਕਰੋੜ ਰੁਪਏ ਦੀ ਸੀ ਪਰ ਇਸ ਨੇ ਦਿੱਲੀ ਨੂੰ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਅੱਜ ਭਾਰਤ ’ਚ ਕਈ ਭ੍ਰਿਸ਼ਟ ਆਗੂ ਨਾਦਰਸ਼ਾਹ ਦੇ ਵੀ ਬਾਪ ਹਨ ਜਿਨ੍ਹਾਂ ਨੇ ਸਰਕਾਰ ਅਤੇ ਲੋਕਾਂ ਨੂੰ ਲੁੱਟ ਕੇ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਹੈ। ਭਾਰਤੀ ਪਹਿਲਾਂ ਇਨ੍ਹਾਂ ਬੇਅਸੂਲ ਬਾਦਸ਼ਾਹਾਂ ਨੂੰ ਬਰਦਾਸ਼ਤ ਕਰ ਰਹੇ ਸਨ ਅਤੇ ਹੁਣ ਇਹ ਭ੍ਰਿਸ਼ਟਾਚਾਰੀਆਂ, ਜਬਰ-ਜ਼ਨਾਹ ਕਰਨ ਵਾਲਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਰਦਾਸ਼ਤ ਕਰ ਰਹੇ ਹਨ। ਰਾਸ਼ਟਰ ਦੇ ਰੋਸ਼ਨ ਭਵਿੱਖ ਦੀ ਉਸਾਰੀ ਲਈ ਇਨ੍ਹਾਂ ਤੱਤਾਂ ਤੋਂ ਖਹਿੜਾ ਛੁਡਾਉਣਾ ਬਹੁਤ ਜ਼ਰੂਰੀ ਹੈ।