ਚੀਨੀ ਐਪਸ ’ਤੇ ਪਾਬੰਦੀ ਦਾ ਮਤਲਬ

Wednesday, Jul 01, 2020 - 02:08 AM (IST)

ਡਾ. ਵੇਦਪ੍ਰਤਾਪ ਵੈਦਿਕ

ਦੇਸ਼ ਦੇ ਹੋਰ ਕਰੋੜਾਂ ਨਾਗਰਿਕਾਂ ਵਾਂਗ ਮੈਂ ਵੀ ਅੱਜ ਲਿਖਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸੰਦੇਸ਼ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਸੋਚਦਾ ਰਿਹਾ ਕਿ ਉਹ ਅੱਜ ਕੋਈ ਬਹੁਤ ਮਹੱਵਤਪੂਰਨ ਸੰਦੇਸ਼ ਦੇਣਗੇ ਪਰ ਸਰਕਾਰ ਨੇ ਕੱਲ ਜੋ ਐਲਾਨ ਕੀਤਾ ਸੀ ਉਹ ਵਿਸ਼ਾ ਇਸ ਲਾਇਕ ਹੈ ਕਿ ਉਸ ’ਤੇ ਬਹਿਸ ਕੀਤੀ ਜਾਵੇ। ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਨੇ ਚੀਨ ਦੇ 59 ਮੋਬਾਇਲ ਐਪਲੀਕੇਸ਼ਨਜ਼ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੀਨੀ ਮੋਬਾਇਲ ਐਪਸ ਦੀ ਵਰਤੋਂ ਚੀਨ ਸਰਕਾਰ ਅਤੇ ਚੀਨੀ ਕੰਪਨੀਅਾਂ ਜਾਸੂਸੀ ਲਈ ਕਰਦੀਅਾਂ ਹੋਣਗੀਅਾਂ। ਇਨ੍ਹਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀਅਾਂ ਸਾਰੀਅਾਂ ਖੁਫੀਅਾ ਜਾਣਕਾਰੀਅਾਂ ਚੀਨੀ ਸਰਕਾਰ ਕੋਲ ਜਾਂਦੀਅਾਂ ਹੋਣਗੀਅਾਂ। ਇੰਨਾ ਹੀ ਨਹੀਂ ਇਨ੍ਹਾਂ ਐਪਸ ਤੋਂ ਚੀਨੀ ਕੰਪਨੀਅਾਂ ਹਰ ਸਾਲ ਅਰਬਾਂ ਰੁਪਇਆ ਕਮਾ ਕੇ ਵੀ ਚੀਨ ਲੈ ਜਾਂਦੀਅਾਂ ਹਨ। ਸਰਕਾਰ ਨੇ ਇਨ੍ਹਾਂ ’ਤੇ ਪਾਬੰਦੀ ਲਾ ਦਿੱਤੀ, ਇਹ ਚੰਗਾ ਕੀਤਾ। ਟਿੱਕਟਾਕ ਵਰਗੀਅਾਂ ਐਪਸ ਤੋਂ ਅਸ਼ਲੀਲ ਅਤੇ ਭੈੜੀ ਸਮੱਗਰੀ ਇੰਨੀ ਬੇਸ਼ਰਮੀ ਨਾਲ ਪ੍ਰਸਾਰਿਤ ਕੀਤੀ ਜਾ ਰਹੀ ਸੀ ਕਿ ਸਰਕਾਰ ਨੂੰ ਇਸ ’ਤੇ ਪਹਿਲਾਂ ਹੀ ਪਾਬੰਦੀ ਲਾ ਦੇਣੀ ਚਾਹੀਦੀ ਸੀ। ਮੈਨੂੰ ਹੈਰਾਨੀ ਹੈ ਕਿ ਭਾਰਤੀ ਸੰਸਕ੍ਰਿਤੀ ਦੀ ਸਮਰਥਕ ਇਹ ਭਾਜਪਾ ਸਰਕਾਰ ਇਨ੍ਹਾਂ ਚੀਨੀ ਪ੍ਰਚਾਰ ਐਪਸ ਨੂੰ ਹੁਣ ਤਕ ਸਹਿਣ ਕਿਉਂ ਕਰਦੀ ਰਹੀ? ਜੋ ਲੋਕ ਇਸ ਚੀਨੀ ਐਪਸ ਨੂੰ ਦੇਖਦੇ ਹਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨ ’ਚ ਇਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ। ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਵਰਗੇ ਕਈ ਦੇਸ਼ਾਂ ਨੇ ਇਨ੍ਹਾਂ ਚੀਨੀ ਮੋਬਾਇਲ ਐਪਸ ’ਤੇ ਕਾਫੀ ਪਹਿਲਾਂ ਤੋਂ ਪਾਬੰਦੀ ਲਾ ਰੱਖੀ ਹੈ।

ਅਸਲੀ ਗੱਲ ਤਾਂ ਇਹ ਹੈ ਕਿ ਚੀਨ ਦੀ ਕਥਿਤ ਸਾਮਵਾਦੀ ਸਰਕਾਰ ਕੋਲ ਅੱਜ ਨਾ ਤਾਂ ਕੋਈ ਵਿਚਾਰਧਾਰਾ ਬਚੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਪੁਰਾਤਨ ਸੰਸਕ੍ਰਿਤੀ ’ਤੇ ਮਾਣ ਹੈ। ਚੀਨ ਹੁਣ ਅਮਰੀਕਾ ਦੀ ਨਕਲ ’ਤੇ ਸ਼ੁੱਧ ਉਪਭੋਗਤਾਵਾਦੀ ਦੇਸ਼ ਬਣ ਗਿਆ ਹੈ। ਪੈਸਾ ਹੀ ਉਸ ਦਾ ਭਗਵਾਨ ਹੈ, ਡਾਲਰਾਨੰਦ ਹੀ ਬ੍ਰਹਮਾਨੰਦ ਹੈ। ਬਾਕੀ ਵਿਚਾਰਧਾਰਾ, ਸਿਧਾਂਤ, ਆਦਰਸ਼, ਪ੍ਰੰਪਰਾ ਅਤੇ ਨੈਤਿਕਤਾ ਵਰਗੀਅਾਂ ਚੀਜ਼ਾਂ ਚੀਨ ਲਈ ਸਭ ਮਿਥ ਹਨ। ਚੀਨੀ ਚੀਜ਼ਾਂ ਨਾਲ ਭਾਰਤ ’ਚ ਵੀ ਚੀਨ ਦੀਅਾਂ ਇਨ੍ਹਾਂ ਰਵਾਇਤਾਂ ਨੂੰ ਉਤਸ਼ਾਹ ਮਿਲ ਰਿਹਾ ਹੈ। ਜ਼ਰੂਰੀ ਇਹ ਹੈ ਕਿ ਇਨ੍ਹਾਂ ’ਤੇ ਰੋਕ ਲੱਗੇਗੀ, ਚੀਨ ਦੀਅਾਂ ਅਜਿਹੀਅਾਂ ਚੀਜ਼ਾਂ ’ਤੇ ਵੀ ਇਕਦਮ ਜਾਂ ਹੌਲੀ-ਹੌਲੀ ਪਾਬੰਦੀ ਲੱਗਣੀ ਚਾਹੀਦੀ ਹੈ, ਜੋ ਗੈਰ-ਜ਼ਰੂਰੀ ਹਨ ਜਿਵੇਂ ਖਿਡੌਣੇ, ਕੱਪੜੇ, ਜੁੱਤੀਅਾਂ, ਸਜਾਵਟ ਦਾ ਸਾਮਾਨ ਅਤੇ ਰੋਜ਼ਾਨਾ ਦੀ ਵਰਤੋਂ ਦੀਅਾਂ ਛੋਟੀਅਾਂ-ਮੋਟੀਅਾਂ ਚੀਜ਼ਾਂ।

ਇਸ ਨਾਲ ਭਾਰਤ ’ਚ ਆਤਮਨਿਰਭਰਤਾ ਵਧੇਗੀ ਅਤੇ ਵਿਦੇਸ਼ੀ ਮੁਦਰਾ ਵੀ ਬਚੇਗੀ ਪਰ ਜਿਵੇਂ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਅੱਖਾਂ ਬੰਦ ਕਰਕੇ ਸਾਰੀਅਾਂ ਚੀਜ਼ਾਂ ਦਾ ਅਸੀਂ ਬਾਈਕਾਟ ਕਰਾਂਗੇ ਤਾਂ ਸਾਡੇ ਸੈਂਕੜੇ ਕਾਰਖਾਨੇ ਠੱਪ ਹੋ ਜਾਣਗੇ ਅਤੇ ਲੱਖਾਂ ਲੋਕਾਂ ਨੂੰ ਬੇਰੋਜ਼ਗਾਰ ਹੋਣਾ ਪਵੇਗਾ। ਇਨ੍ਹਾਂ ਮੋਬਾਇਲ ਐਪਲੀਕੇਸ਼ਨ ਦੇ ਬੰਦ ਹੋਣ ਦਾ ਵੱਡਾ ਸਿਆਸੀ ਫਾਇਦਾ ਭਾਰਤ ਸਰਕਾਰ ਨੂੰ ਇਸ ਸਮੇਂ ਇਹ ਵੀ ਹੋ ਸਕਦਾ ਹੈ ਕਿ ਚੀਨ ’ਤੇ ਜ਼ਬਰਦਸਤ ਦਬਾਅ ਪੈ ਜਾਵੇ। ਚੀਨੀ ਸਰਕਾਰ ਨੂੰ ਇਹ ਸੰਦੇਸ਼ ਪਹੁੰਚ ਸਕਦਾ ਹੈ ਕਿ ਉਸ ਨੇ ਗਲਵਾਨ ਘਾਟੀ ਬਾਰੇ ਭਾਰਤ ਨਾਲ ਵਿਵਾਦ ਵਧਾਇਆ ਤਾਂ ਫਿਰ ਇਹ ਤਾਂ ਅਜੇ ਸ਼ੁਰੂਆਤ ਹੈ। ਬਾਅਦ ’ਚ 5 ਲੱਖ ਕਰੋੜ ਰੁਪਏ ਦਾ ਭਾਰਤ-ਚੀਨ ਵਪਾਰ ਵੀ ਖਤਰੇ ’ਚ ਪੈ ਸਕਦਾ ਹੈ।


Bharat Thapa

Content Editor

Related News