ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ, ਦੋਸ਼ ਅਤੇ ਸੱਚ

08/09/2020 3:56:25 AM

ਬਲਬੀਰ ਪੁੰਜ

ਸ਼੍ਰੀ ਰਾਮ ਭਾਰਤੀ ਸਨਾਤਨ ਸੱਭਿਆਚਾਰ ਦੀ ਆਤਮਾ ਹਨ ਅਤੇ ਉਨ੍ਹਾਂ ਦਾ ਜੀਵਨ ਇਸ ਧਰਾਤਲ ’ਤੇ ਵਸੇ ਲੋਕਾਂ ਲਈ ਆਦਰਸ਼। ਰਾਮ ਮਰਿਆਦਾ ਪੁਰੋਸ਼ਤਮ ਹਨ। ਭਾਵ ਉਹ ਮਰਿਆਦਾ ਦੇ ਘੇਰੇ ’ਚ ਰਹਿੰਦੇ ਹਨ। ਨਿੱਜੀ ਜਾਂ ਪਰਿਵਾਰਕ ਦੁੱਖ-ਸੁੱਖ ਉਨ੍ਹਾਂ ਲਈ ਫਰਜ਼ ਤੋਂ ਬਾਅਦ ਹਨ। ਜਦੋਂ ਸ਼੍ਰੀ ਰਾਮ ਅਯੁੱਧਿਆ ਦੇ ਰਾਜਾ ਬਣੇ, ਉਦੋਂ ਉਨ੍ਹਾਂ ਲਈ ਸਾਰੇ ਸਬੰਧ ਕਫੂਰ ਹੋ ਗਏ। ਇਕ ਧੋਬੀ ਦੇ ਕਹਿਣ ’ਤੇ ਉਹ ਆਪਣੀ ਪਿਆਰੀ ਸੀਤਾ ਦਾ ਤਿਆਗ ਕਰ ਦਿੰਦੇ ਹਨ। ਅੱਜ ਦੀ ਸੰਵਾਦ ਸ਼ੈਲੀ ’ਚ ਧੋਬੀ ਦਲਿਤ ਹੈ ਪਰ ਰਾਮ ਲਈ, ਪ੍ਰਜਾ ਰੂਪ ’ਚ, ਉਸ ਦੇ ਸ਼ਬਦ ਜਿਵੇਂ ਬ੍ਰਹਮ ਵਾਕ ਹੋਣ। ਜ਼ਰੂਰ ਹੀ ਇਹ ਉਨ੍ਹਾਂ ਦੇ ਆਪਣੇ ਲਈ, ਸੀਤਾ ਅਤੇ ਉਨ੍ਹਾਂ ਦੀਆਂ ਹੋਣ ਵਾਲੀਆਂ ਔਲਾਦਾਂ ’ਤੇ ਘੋਰ ਬੇਇਨਸਾਫੀ ਹੈ ਪਰ ਰਾਜਧਰਮ ਆਪਣੀ ਕੀਮਤ ਮੰਗਦਾ ਹੈ।

ਸ਼੍ਰੀ ਰਾਮ ਨੇ ਸੀਤਾ ਦੀ ਅਗਨੀ ਪ੍ਰੀਖਿਆ ਕਿਉਂ ਲਈ?- ਕਿਉਂਕਿ ਇਕ ਸ਼ਾਸਕ ਦੇ ਰੂਪ ’ਚ ਉਹ ਆਪਣੇ ਆਪ ਨੂੰ ਅਤੇ ਪਰਿਵਾਰ ਨੂੰ ਜਨਤਾ ਦੇ ਰੂਪ ’ਚ ਜਵਾਬਦੇਹੀ ਮੰਨਦੇ ਹਨ। ਮਹਾਰਿਸ਼ੀ ਵਾਲਮੀਕਿ ਵਾਲੀ ਰਾਮਾਇਣ ’ਚ ਸ਼੍ਰੀ ਰਾਮ ਕਹਿੰਦੇ ਹਨ ਕਿ ਤਿੰਨਾਂ ਲੋਕਾਂ ਦੇ ਪ੍ਰਾਣੀਆਂ ਦੇ ਮਨ ’ਚ ਯਕੀਨ ਦਿਵਾਉਣ ਲਈ ਇਕੋ-ਇਕ ਸੱਚ ਦਾ ਸਹਾਰਾ ਲੈ ਕੇ ਮੈਂ ਅੱਗ ’ਚ ਪ੍ਰਵੇਸ਼ ਕਰਦੀ ਕੁਮਾਰੀ ਸੀਤਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਜੰਗ ’ਚ ਜੇਤੂ ਹੋਣ ਉਪਰੰਤ ਸ਼੍ਰੀ ਰਾਮ ਦਾ ਕਿਹੜਾ ਰੂਪ ਸਾਹਮਣੇ ਆਇਆ? ਵਿਅਕਤੀ ਦੀ ਅਸਲੀ ਪਛਾਣ ਉਸਦੀ ਘੋਰ ਹਾਰ ਜਾਂ ਜਿੱਤ ’ਚ ਹੁੰਦੀ ਹੈ। ਨਾ ਤਾਂ ਰਾਮ ਨੇ ਬਾਲੀ ਵਧ ਤੋਂ ਬਾਅਦ ਕਿਸ਼ਕਿੰਧਾ ’ਤੇ ਕਬਜ਼ਾ ਕੀਤਾ ਅਤੇ ਨਾ ਹੀ ਲੰਕਾ ’ਤੇ। ਕਿਸ਼ਨਿੰਧਾ ’ਚ ਸੁਗ੍ਰੀਵ ਨੂੰ ਰਾਮ ਰਾਜਾ ਐਲਾਨਦੇ ਹਨ। ਰਾਵਣ ਨੂੰ ਮਾਰਨ ਉਪਰੰਤ ਉਹ ਲਛਮਣ ਨੂੰ ਆਗਿਆ ਦਿੰਦੇ ਹਨ ਕਿ ਉਹ ਲੰਕਾ ਜਾਣ ਅਤੇ ਵਿਧੀਗਤ ਢੰਗ ਨਾਲ ਵਿਭੀਸ਼ਣ ਦਾ ਰਾਜਤਿਲਕ ਕਰਨ। ਸ਼੍ਰੀ ਰਾਮ ਵਲੋਂ ਕੀਤਾ ਗਿਆ ਯੁੱਧ, ਲਾਲਚ ਅਤੇ ਰਾਜ ਦੀ ਇੱਛਾ ਤੋਂ ਪ੍ਰੇਰਿਤ ਨਹੀਂ ਸਗੋਂ ਧਰਮ ਦੀ ਰੱਖਿਆ ਲਈ ਹੈ। ਇਸ ਲਈ ਉਹ ਕਿਸ਼ਕਿੰਧਾ ਨੂੰ ਜਾਂ ਲੰਕਾ ਨੂੰ ਆਪਣਾ ਬਸਤੀਵਾਦ ਨਹੀਂ ਬਣਾਉਂਦੇ।

ਮਰਿਆਦਾ ਅਤੇ ਮਨੁੱਖਤਾ ਅਕਸਰ ਜੰਗ ਦੀ ਤਬਾਹੀ ’ਚ ਦਰੜੀ ਜਾਂਦੀ ਹੈ। ਇਸ ਸਬੰਧ ’ਚ ਸੰਨ 1899 ਅਤੇ 1907 ਦੀ ਹੇਗ ਕਨਵੈਨਸ਼ਨ ’ਚ ਵੱਖ-ਵੱਖ ਦੇਸ਼ਾਂ ਨੇ ਜੰਗ ਸਬੰਧੀ ਨਿਯਮਾਵਲੀ ਅਤੇ ਜੰਗੀ ਅਪਰਾਧ ਦੇ ਸਬੰਧ ’ਚ ਬਹੁਪੱਖੀ ਸੰਧੀ ’ਤੇ ਦਸਤਖਤ ਕੀਤੇ। ਭਾਵ ਬਾਕੀ ਵਿਸ਼ਵ ਨੇ ਜੰਗ ਦੇ ਸਮੇਂ ਮਨੁੱਖੀ ਕਦਰਾਂ-ਕੀਮਤਾਂ ਅਤੇ ਮਰਿਆਦਾ ਦੀ ਰੱਖਿਆ ਲਗਭਗ 150 ਸਾਲ ਪਹਿਲਾਂ ਕੀਤੀ ਸੀ ਪਰ ਸਨਾਤਨ ਭਾਰਤ ’ਚ ਇਹ ਜੀਵਨ ਦੀਆਂ ਕਦਰਾਂ-ਕੀਮਤਾਂ ਸ਼੍ਰੀ ਰਾਮ ਦੇ ਜੀਵਨ ਕਾਲ ਤੋਂ ਵੀ ਪਹਿਲਾਂ ਦੀਆਂ ਚੱਲੀਆਂ ਆ ਰਹੀਆਂ ਹਨ।

ਇਹ ਗੱਲ ਵੱਖਰੀ ਹ ੈ ਕਿ ਹੇਗ ਕਨਵੈਨਸ਼ਨ ਤੋਂ ਬਾਅਦ ਵੀ ਪਹਿਲੀ-ਦੂਜੀ ਸੰਸਾਰ ਜੰਗ, ਹਿਟਲਰ ਵਲੋਂ ਯਹੂਦੀਅਾਂ ’ਤੇ ਤਸ਼ੱਦਦ, ਸਟਾਲਿਨ-ਲੈਨਿਨ ਵਲੋਂ ਵਿਚਾਰਕ ਵਿਰੋਧੀਆਂ (ਕੈਦੀਆਂ) ਦੇ ਘਾਣ ਅਤੇ ਚੀਨ-ਜਾਪਾਨ ਦਰਮਿਆਨ ਹੋਈਆਂ ਜੰਗਾਂ ਆਦਿ ’ਚ ਮਨੁੱਖਤਾ ਅਤੇ ਮਰਿਆਦਾ ਦੀ ਹੱਦ ਲੰਘੀ ਗਈ। ਮਨੁੱਖ ਦਾ ਮਨੁੱਖ ਪ੍ਰਤੀ ਵਹਿਸ਼ੀਪਣ ਪੂਰੀ ਭਿਆਨਤਾ ਨਾਲ ਸਾਹਮਣੇ ਆਇਆ। ਭਾਰਤ ਨੇ ਵੀ ਇਸਦਾ ਡੰਗ ਝੱਲਿਆ ਹੈ। ਇਸਲਾਮੀ ਹਮਲਾਵਰਾਂ ਨੇ ਪਿਛਲੇ 800 ਸਾਲਾਂ ’ਚ ਜਦੋਂ-ਜਦੋਂ ਇਥੋਂ ਦੇ ਹਿੰਦੂ ਸ਼ਾਸਕਾਂ ’ਤੇ ਜਿੱਤ ਹਾਸਲ ਕੀਤੀ, ਤਦ ਉਨ੍ਹਾਂ ਨੇ ਨਾ ਸਿਰਫ ਹਾਰਿਆਂ ਦਾ ਕਤਲੇਆਮ ਕੀਤਾ, ਨਾਲ ਹੀ ਹਾਰੀਆਂ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ, ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ, ਸਥਾਨਕ ਹਿੰਦੂਆਂ ਨੂੰ ਇਸਲਾਮ ਅਪਣਾਉਣ ਜਾਂ ਮੌਤ ਚੁਣਨ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਦੇ ਪੂਜਾ ਅਸਥਾਨਾਂ ਤੇ ਮਾਣਬਿੰਦੂਆਂ ਨੂੰ ਢਹਿ-ਢੇਰੀ ਕਰ ਦਿੱਤਾ।

ਇਸਦੇ ਉਲਟ, ਸ਼੍ਰੀ ਰਾਮ ਦਾ ਆਚਰਣ ਕਿਹੋ ਜਿਹਾ ਹੈ? ਜਦੋਂ ਰਾਮ ਲੰਕਾ ’ਤੇ ਜਿੱਤ ਹਾਸਲ ਕਰਦੇ ਹਨ, ਤਦ ਉਹ ਵਿਭੀਸ਼ਣ ਨੂੰ ਰਾਵਣ ਦੀ ਲਾਸ਼ ਦਾ ਵਿਧੀਗਤ ਢੰਗ ਨਾਲ ਸਸਕਾਰ ਕਰਨ ਲਈ ਕਹਿੰਦੇ ਹਨ। ਭਗਵਾਨ ਵਾਲਮੀਕਿ ਜੀ ਦੇ ਅਨੁਸਾਰ ਵਿਭੀਸ਼ਣ ਆਪਣੇ ਭਰਾ ਦੇ ਕੀਤੇ ’ਤੇ ਸ਼ਰਮਿੰਦਾ ਹੈ। ਉਹ ਆਪਣੇ ਮਰੇ ਭਰਾ ਦੇ ਨਾਲ ਕੋਈ ਵੀ ਸਬੰਧ ਨਹੀਂ ਰੱਖਣਾ ਚਾਹੁੰਦੇ। ਉਹ ਰਾਵਣ ਦੇ ਅੰਤਿਮ ਸੰਸਕਾਰ ਕਰਨ ਤੋਂ ਸੰਕੋਚ ਕਰਦੇ ਹਨ। ਤਦ ਸ਼੍ਰੀ ਰਾਮ ਕਹਿੰਦੇ ਹਨ ਕਿ ਵਿਭੀਸ਼ਣ ਵੈਰ ਜ਼ਿੰਦਗੀ ਕਾਲ ਤੱਕ ਹੀ ਰਹਿੰਦਾ ਹੈ। ਮਰਨ ਤੋਂ ਬਾਅਦ ਉਸ ਵੈਰ ਦਾ ਅੰਤ ਹੋ ਜਾਂਦਾ ਹੈ। ਹੁਣ ਸਾਡਾ ਪ੍ਰਯੋਗ ਸਿੱਧ ਹੋ ਚੁੱਕਾ ਹੈ, ਇਸ ਲਈ ਹੁਣ ਤੁਸੀਂ ਇਸਦਾ ਸਸਕਾਰ ਕਰੋ। ਇਸ ਸਮੇਂ ਇਹ ਜਿਵੇਂ ਤੁਹਾਡੇ ਸਨੇਹ ਦਾ ਪਾਤਰ ਹੈ, ਉਸੇ ਤਰ੍ਹਾਂ ਮੇਰਾ ਵੀ ਸਨੇਹ ਅਧਿਕਾਰੀ ਹੈ। ਇਹੀ ਨਹੀਂ        ਜੰਗ ਉਪਰੰਤ ਹਾਰੇ ਹੋਏ ਰਾਵਣ ਦੇ ਪਰਿਵਾਰ ਅਤੇ ਉਸਦੇ ਫੌਜੀਆਂ ਦੀਆਂ ਔਰਤਾਂ ਨਾਲ ਕਿਸੇ ਵੀ ਕਿਸਮ ਦਾ ਘਟੀਆ ਸਲੂਕ ਨਹੀਂ ਹੋਇਆ। ਸ਼੍ਰੀ ਰਾਮ, ਵਿਭੀਸ਼ਣ ਨੂੰ ਉਨ੍ਹਾਂ ਸਾਰੀਆਂ ਔਰਤਾਂ ਨੂੰ ਹੌਸਲਾ ਦੇਣ ਅਤੇ ਆਪਣੇ ਨਿਵਾਸ ਸਥਾਨ ’ਤੇ ਪਰਤਣ ਦੀ ਬੇਨਤੀ ਕਰਦੇ ਹਨ।

ਇਹ ਸਹੀ ਹੈ ਕਿ ਸਮੇਂ ਦੇ ਬਦਲਣ ਨਾਲ ਜੰਗ ਦੇ ਨਿਯਮਾਂ ਦੀ ਪਾਲਣਾ ’ਚ ਹਰਾਸ਼ ਹੁੰਦਾ ਚਲਾ ਗਿਆ। ਮਹਾਭਾਰਤ ਦਾ ਦੌਰ ਇਸਦੀ ਜ਼ਿੰਦਾ ਮਿਸਾਲ ਹੈ, ਜਿਥੇ ਲਾਕਸ਼ਾਗ੍ਰਹਿ, ਜੂਆਖਾਨਾ, ਦ੍ਰੋਪਦੀ ਚੀਰ ਹਰਣ, ਕੌਰਵ-ਪਾਂਡਵ ਵਲੋਂ ਯੁੱਧ ਦੌਰਾਨ ਧੋਖੇ (ਅਭਿਮਨਿਊ, ਦ੍ਰੋਣਾਚਾਰੀਆ ਅਤੇ ਦੁਰਯੋਧਨ ਦੀ ਹੱਤਿਆ) ਨਾਲ ਸ਼੍ਰੀ ਰਾਮ ਵਲੋਂ ਸਥਾਪਿਤ ਜੀਵਨ ਦੀਆਂ ਕਦਰਾਂ-ਕੀਮਤਾਂ ਦਾ ਮੱਧਮ ਹੋਣਾ ਆਰੰਭ ਹੋਇਆ। ਸ਼ਾਇਦ ਮੌਜੂਦਾ ਸਮਾਜ ’ਚ ਜੀਵਨ ਸਬੰਧੀ ਕਦਰਾਂ-ਕੀਮਤਾਂ ਦੇ ਗਿਰਾਵਟ ਦਾ ਇਹ ਵੱਡਾ ਕਾਰਨ ਹੈ।

ਭਾਰਤ ’ਚ ਸ਼੍ਰੀ ਰਾਮ ਦੇ ਜੀਵਨ ਦਰਸ਼ਨ ਅਤੇ ਪਰੰਪਰਾਵਾਂ ਦਾ ਅਸਲੀ ਜ਼ਿੰਦਗੀ ’ਚ ਅਨੁਸਰਨ ਕਰਨ ਦਾ ਯਤਨ ਵੀ ਹੋਇਆ ਹੈ। ਵੀਰ ਛਤਰਪਤੀ ਸ਼ਿਵਾਜੀ ਅਤੇ ਮਹਾਨ ਦਲੇਰ ਮਹਾਰਾਣਾ ਪ੍ਰਤਾਪ ਇਸਦੀ ਉਦਾਹਰਣ ਹੈ। ਜਦੋਂ-ਜਦੋਂ ਇਨ੍ਹਾਂ ਵੀਰ ਬਹਾਦਰਾਂ ਨੇ ਮੁਗਲਾਂ ਨੂੰ ਜੰਗਾਂ ’ਚ ਹਰਾਇਆ, ਉਦੋਂ-ਉਦੋਂ ਹਾਰਿਆਂ (ਔਰਤਾਂ ਸਮੇਤ) ਦਾ ਮਰਿਆਦਾ ਪੂਰਨ ਸਨਮਾਨ ਕੀਤਾ। ਮੁਸਲਿਮ ਇਸਤਰੀਆਂ ਨਾਲ ਘਟੀਆ ਸਲੂਕ ਦੀ ਸੰਭਾਵਨਾ ਨੂੰ ਰੋਕਣ ਲਈ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਇਕ ਸੱਚੇ ਸਿੱਖ ਦਾ ਉਨ੍ਹਾਂ ਨਾਲ ਯੌਨ ਸਬੰਧ ਬਣਾਉਣਾ ਵਰਜਿਤ ਕੀਤਾ ਗਿਆ। ਸਪੱਸ਼ਟ ਹੈ ਕਿ ਸ਼੍ਰੀ ਰਾਮ ਦਾ ਹਾਰਿਆਂ ਨਾਲ ਵਤੀਰਾ ਸਿਰਫ ਰਾਮਾਇਣ ਦੇ ਪੰਨਿਆਂ ਤਕ ਸੀਮਤ ਨਹੀਂ ਹੈ।

ਲਗਭਗ 500 ਸਾਲ ਪਹਿਲਾਂ ਜਿਥੇ ਅਯੁੱਧਿਆ ਸਥਿਤ ਰਾਮ ਮੰਦਿਰ ਨੂੰ ਜੇਹਾਦੀ ਮਾਨਸਿਕਤਾ ਵਲੋਂ ਢਹਿ-ਢੇਰੀ ਕੀਤਾ ਗਿਆ ਤਾਂ ਹੁਣ ਉਸੇ ਜ਼ਹਿਰੀਲੇ ਦਰਸ਼ਨ ਦੇ ਮਾਨਸਪੁੱਤਰ ਸ਼੍ਰੀ ਰਾਮ ਦੇ ਅਕਸ, ਉਨ੍ਹਾਂ ਦੇ ਜੀਵਨ ਦਰਸ਼ਨ ਅਤੇ ਚਰਿੱਤਰ ਨੂੰ ਧੁੰਦਲਾ ਕਰਨ ਦੀਅਾਂ ਘਟੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਹ ਜਮਾਤ ਸ਼੍ਰੀ ਰਾਮ ਨੂੰ ਪਿੱਛੜਾ, ਆਦਿਵਾਸੀ, ਦਲਿਤ ਅਤੇ ਇਸਤਰੀ ਵਿਰੋਧੀ ਕਹਿ ਕੇ ਸੰਬੋਧਨ ਕਰਦੀ ਆ ਰਹੀ ਹੈ।

ਇਸਦੇ ਲਈ ਉਹ ਸ਼੍ਰੀਮਦ ਗੋਸਵਾਮੀ ਤੁਲਸੀਦਾਸ ਜੀ ਕ੍ਰਿਤ ਰਾਮਾਇਣ ਦੀ ਚੌਪਾਈ : ‘‘ਢੋਲ ਗਵਾਂਰ ਸੂਦਰ ਪਸੂ ਨਾਰੀ।। ਸਕਲ ਤਾਈਨਾ ਕੇ ਅਧਿਕਾਰੀ।।’’ ਦਾ ਧੋਖੇ ਦਾ ਵਿਸ਼ਲੇਸ਼ਣ ਕਰਦੇ ਹਨ। ਰਾਮ ਕਥਾ ਨੂੰ ਤੁਲਸੀ ਦਾਸ ਨੇ ਆਪਣੇ ਸ਼ਬਦਾਂ ’ਚ ਪਰੋਇਆ ਹੈ। ਇਸ ’ਚ ਵੱਖ-ਵੱਖ ਪਾਤਰਾਂ ਵਲੋਂ ਬੋਲੇ ਗਏ ਬੋਲ ਵੀ ਹਨ। ਦੁਰਾਚਾਰੀ ਰਾਵਣ ਅਕਸਰ ਸ਼੍ਰੀ ਰਾਮ, ਸੀਤਾ ਅਤੇ ਹਨੰੂਮਾਨ ਲਈ ਅਪਸ਼ਬਦਾਂ ਦੀ ਵਰਤੋਂ ਕਰਦਾ ਹੈ। ਕੀ ਇਨ੍ਹਾਂ ਨੰੂ ਗੋਸਵਾਮੀ ਜੀ ਦੇ ਸ਼ਬਦ ਕਹਿਣਾ ਤਰਕਸੰਗਤ ਹੋਵੇਗਾ? ਪਰ ਮਾਰਕਸ-ਮੈਕਾਲੇ ਅਤੇ ਜੇਹਾਦੀ ਮਾਨਸਿਕਤਾ ਵਾਲਿਅਾਂ ਨੇ ਉਕਤ ਚੌਪਾਈ ਦੀ ਆਪਣੇ ਏਜੰਡੇ ਅਨੁਸਾਰ ਵਿਆਖਿਆ ਕੀਤੀ ਹੈ। ਇਹ ਸ਼ਬਦ ਨਾ ਤਾਂ ਰਾਮ ਦੇ ਹਨ ਅਤੇ ਨਾ ਹੀ ਰਾਮਾਇਣ ਦੇ ਅਜਿਹੇ ਚਰਿੱਤਰ ਦੇ, ਜਿਸ ਨੂੰ ਹਿੰਦੂ ਪੂਜਨੀਕ ਮੰਨਦੇ ਹਨ। ਰਾਮ ਲੰਕਾ ਜਾਣ ਲਈ ਸਮੁੰਦਰ ਤੋਂ ਰਸਤਾ ਮੰਗ ਰਹੇ ਹਨ ਪਰ ਉਹ ਹੱਠੀ ਹੈ। ਰਾਮ ਦੀ ਬੇਨਤੀ ਨੂੰ ਅਣਸੁਣਿਆ ਕਰ ਦਿੰਦਾ ਹੈ ਤਦ ਰਾਮ ਨੂੰ ਗੁੱਸਾ ਆਉਂਦਾ ਹੈ ਅਤੇ ਉਹ ਕਹਿੰਦੇ ਹਨ ਕਿ ਤਿੰਨ ਦਿਨ ਬੀਤ ਗਏ ਪਰ ਸਮੁੰਦਰ ਬੇਨਤੀ ਨਹੀਂ ਮੰਨਦਾ। ਉਦੋਂ ਸ਼੍ਰੀ ਰਾਮ ਜੀ ਗੁੱਸੇ ’ਚ ਆ ਕੇ ਬੋਲੇ-ਬਿਨਾਂ ਭੈਅ ਦੇ ਪ੍ਰੀਤ ਨਹੀਂ ਹੁੰਦੀ। ਇਸਦੇ ਜਵਾਬ ’ਚ ਡਰਿਆ ਹੋਇਆ ਸਮੁੰਦਰ ਕਹਿੰਦਾ ਹੈ ਕਿ ਪ੍ਰਭੂ ਨੇ ਚੰਗਾ ਕੀਤਾ ਜੋ ਮੈਨੂੰ ਸਿੱਖਿਆ ਦਿੱਤੀ ਪਰ ਮਰਿਆਦਾ ਵੀ ਤੁਹਾਡੀ ਹੀ ਬਣਾਈ ਹੋਈ ਹੈ। ਢੋਲ, ਗੰਵਾਰ, ਸ਼ੂਦਰ, ਪਸ਼ੂ ਅਤੇ ਇਸਤਰੀ-ਇਹ ਸਭ ਸਿੱਖਿਆ ਦੇ ਅਧਿਕਾਰੀ ਹਨ।

ਸ਼੍ਰੀ ਰਾਮ ਦੇ ਸਨੇਹ ਦੀ ਕੋਈ ਹੱਦ ਨਹੀਂ। ਸੀਤਾ ਦੀ ਰੱਖਿਆ ’ਚ ਆਪਣੇ ਪ੍ਰਾਣਾਂ ਦੀ ਬਾਜ਼ੀ ਲਗਾਉਣ ਵਾਲੇ ਗਿਧਰਾਜ ਜਟਾਯੂ ਨੂੰ ਸ਼੍ਰੀ ਰਾਮ ਉਸਦੇ ਕਰਮਾਂ ਤੋਂ ਦੇਖਦੇ ਹਨ ਅਤੇ ਪਿਤਾ ਦਾ ਦਰਜਾ ਦੇ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਦੇ ਹਨ। ਸ਼੍ਰੀਮਦ ਵਾਲਮੀਕਿ ਰਾਮਾਇਣ ਦੇ ਰਚੇਤਾ ਮੁਨੀ ਵਾਲਮੀਕਿ-ਜਿਨ੍ਹਾਂ ਸਬੰਧੀ ਅਕਸਰ ਵਿਆਧ, ਬ੍ਰਾਹਮਣ ਅਤੇ ਸ਼ੂਦਰ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਜਾਤੀ ਵਿਸ਼ੇਸ਼ ਦੇ ਘੇੇਰੇ ’ਚ ਬੰਨ੍ਹਣਾ ਉੱਚਿਤ ਨਹੀਂ। ਉਹ ਸ਼੍ਰੀ ਰਾਮ ਦੀ ਮਹਿਮਾ ਗਾਉਂਦੇ-ਗਾਉਂਦੇ ਖੁਦ ਭਗਵਾਨ ਹੋ ਗਏ।

ਇਸਤਰੀ ਪ੍ਰਤੀ ਸ਼੍ਰੀ ਰਾਮ ਦਾ ਆਚਰਣ ਆਦਰਸ਼ ਹੈ। ਉਨ੍ਹਾਂ ਨੇ ਬਾਲੀ ਅਤੇ ਰਾਵਣ ਨਾਲ ਯੁੱਧ ਸਿਰਫ ਇਸਤਰੀ ਦੇ ਸਨਮਾਨ ਅਤੇ ਸ਼ਾਲੀਨਤਾ ਦੀ ਰੱਖਿਆ ਲਈ ਲੜਿਆ। ਤੀਰਾਂ ਨਾਲ ਜ਼ਖਮੀ ਬਾਲੀ ਜਦੋਂ ਰਾਮ ਕੋਲੋਂ ਪੁੱਛਦਾ ਹੈ-ਮੈਂ ਬੈਰੀ ਸੁਗ੍ਰੀਵ ਪਿਆਰੀ : ਅਵਗੁਨ ਕਵਨ ਨਾਥ ਮੋਹਿ ਮਾਰਾ।। ਉਦੋਂ ਰਾਮ ਉੱਤਰ ਦਿੰਦੇ ਹਨ- ਅਨੁਜ ਬਧੂ ਭਗਿਨੀ ਸੁਤ ਨਾਰੀ। ਸੁਨੁ ਸਠ ਕੰਨਿਆ ਸਮ ਏ ਚਾਰੀ।। ਇੰਹਹਿ ਕੁਦ੍ਰਿਸ਼ਟੀ ਬਿਲੋਕਈ ਜੋਈ। ਤਾਹਿ ਬੰਧੇ ਕਛੁ ਪਾਪ ਨਾ ਹੋਈ।।

ਭਾਵ ਛੋਟੇ ਭਰਾ ਦੀ ਪਤਨੀ, ਭੈਣ, ਨੂੰਹ, ਪੁੱਤਰੀ-ਇਹ ਚਾਰੋਂ ਇਕ ਸਮਾਨ ਹਨ। ਇਨ੍ਹਾਂ ਨੂੰ ਜੋ ਕੋਈ ਬੁਰੀ ਨਜ਼ਰ ਨਾਲ ਦੇਖਦਾ ਹੈ, ਉਸਨੂੰ ਮਾਰਨ ਨਾਲ ਕੋਈ ਪਾਪ ਨਹੀਂ ਹੁੰਦਾ। ਰਾਮ ਦਾ ਜੀਵਨ ਚਰਿੱਤਰ ਜਨਮ, ਜਾਤ ਅਤੇ ਭੌਤਿਕਤਾ ਤੋਂ ਉੱਪਰ ਹੈ। ਪੁਲਸਤਯਾ ਕੁਲ ’ਚ ਪੈਦਾ ਮਹਾਗਿਆਨੀ ਬ੍ਰਾਹਮਣ ਰਾਵਣ ਦਾ ਰਾਮ ਵਧ ਕਰਦੇ ਹਨ ਕਿਉਂਕਿ ਉਹ ਆਪਣੇ ਆਚਰਣ ਤੋਂ ਭ੍ਰਿਸ਼ਟ ਹਨ। ਸ਼ਬਰੀ, ਹਨੂੰਮਾਨ ਅਤੇ ਗਿਧਰਾਜ ਜਟਾਯੂ ਉਨ੍ਹਾਂ ਦੇ ਸਨੇਹ ਦੇ ਪਾਤਰ ਹਨ। ਸ਼੍ਰੀ ਰਾਮ ਕਰਮ ਅਤੇ ਭਾਵ ਨੂੰ ਮਹੱਤਵ ਦਿੰਦੇ ਹਨ। ਆਚਰਣ ਧਰਮ ਤੋਂ ਮਰਿਆਦਿਤ ਹੈ। ਇਨ੍ਹਾਂ ਕਦਰਾਂ-ਕੀਮਤਾਂ ਦੇ ਆਧਾਰ ’ਤੇ ਉਹ ਰਾਮਰਾਜ ਦੀ ਸਥਾਪਨਾ ਕਰਦੇ ਹਨ ਅਤੇ ਉਹ ਕਲਪਨਾ ਅੱਜ ਦੇ ਸਮੇਂ ’ਚ ਗਾਂਧੀ ਜੀ ਦਾ ਸੁਪਨਾ ਬਣ ਜਾਂਦਾ ਹੈ। ਰਾਮ ਸਮਸ੍ਰਿਸ਼ਟੀ ਹਨ ਅਤੇ ਸਮਰਸ ਸਮਾਜ ਦੇ ਪਾਲਕ ਹਨ।


Bharat Thapa

Content Editor

Related News