ਲਵ ਜੇਹਾਦ : ਇਕੋ ਜਿਹਾ ਕਾਨੂੰਨ
Thursday, Nov 19, 2020 - 03:49 AM (IST)

ਡਾ. ਵੇਦਪ੍ਰਤਾਪ ਵੈਦਿਕ
ਮੱਧ ਪ੍ਰਦੇਸ਼ ਸਰਕਾਰ ‘ਲਵ ਜੇਹਾਦ’ ਵਿਰੁੱਧ ਕਾਨੂੰਨ ਬਣਾਉਣ ਵਾਲੀ ਹੈ। ਅਜਿਹਾ ਐਲਾਨ ਉੱਤਰ ਪ੍ਰਦੇਸ਼, ਹਰਿਆਣਾ ਅਤੇ ਕਰਨਾਟਕ ਦੀਅਾਂ ਸਰਕਾਰਾਂ ਨੇ ਵੀ ਕੀਤਾ ਹੈ। ਕੋਈ ਹੈਰਾਨੀ ਨਹੀਂ ਕਿ ਭਾਜਪਾ ਦੀਆਂ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਦਾ ਕਾਨੂੰਨ ਬਣਾ ਦੇਣ। ਇਸ ਕਾਨੂੰਨ ਦੇ ਤਹਿਤ ਉਨ੍ਹਾਂ ਸਾਰੇ ਲੋਕਾਂ ਨੂੰ ਪੰਜ ਸਾਲ ਦੀ ਸਜ਼ਾ ਹੋਵੇਗੀ, ਜੋ ਲੜਕੀਆਂ ਨੂੰ ਵਿਅਾਹ ਦੇ ਨਾਂ ’ਤੇ ਭਰਮਾਉਣ, ਧੱਕੇ ਨਾਲ ਵਿਅਾਹ ਕਰਨ ਅਤੇ ਧਰਮ ਤਬਦੀਲ ਕਰਨ ਲਈ ਮਜਬੂਰ ਕਰਦੇ ਹਨ।
ਪੀੜਤਾ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਉਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਦੀ ਜ਼ਮਾਨਤ ਵੀ ਨਹੀਂ ਹੋਵੇਗੀ। ਇਸ ਤਰ੍ਹਾਂ ਦਾ ਸਖਤ ਕਾਨੂੰਨ ਲਿਅਾਉਣ ਦੀ ਲੋੜ ਕਿਉਂ ਸਮਝੀ ਜਾ ਰਹੀ ਹੈ? ਕੁਝ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਸਰਕਾਰਾਂ ਇਹ ਕਾਨੂੰਨ ਇਸ ਲਈ ਲਿਅਾ ਰਹੀਆਂ ਹਨ ਕਿ ਉਹ ਮੁਸਲਿਮ-ਵਿਰੋਧੀ ਹਨ? ਹਿੰਦੂ ਲੜਕੀਅਾਂ ਮੁਸਲਮਾਨ ਨਾ ਬਣ ਸਕਣ, ਇਸ ਲਈ ਇਹ ਕਾਨੂੰਨ ਲਿਆਇਆ ਜਾ ਰਿਹਾ ਹੈ। ਇਹ ਸੱਚਾਈ ਨਹੀਂ ਹੈ। ਜੇਕਰ ਇਹ ਕਾਨੂੰਨ ਬਣੇਗਾ ਤਾਂ ਅਜਿਹਾ ਬਣੇਗਾ, ਜੋ ਹਿੰਦੂ-ਮੁਸਲਮਾਨਾਂ ’ਤੇ ਇਕੋ ਜਿਹਾ ਲਾਗੂ ਹੋਵੇਗਾ। ਨਾ ਤਾਂ ਲਾਲਚ ਜਾਂ ਡਰ ਦੇ ਮਾਰੇ ਹਿੰਦੂ ਲੜਕੀਅਾਂ ਨੂੰ ਮੁਸਲਮਾਨ ਬਣਾਇਆ ਜਾ ਸਕੇਗਾ ਅਤੇ ਨਾ ਹੀ ਮੁਸਲਮਾਨ ਲੜਕੀਅਾਂ ਨੂੰ ਹਿੰਦੂ! ਦੋਵਾਂ ’ਤੇ ਇਹ ਕਾਨੂੰਨ ਸਮਾਨ ਰੂਪ ਨਾਲ ਲਾਗੂ ਹੋਵੇਗਾ, ਜੇਕਰ ਨਹੀਂ ਹੋਵੇਗਾ ਤਾਂ ਅਦਾਲਤਾਂ ਇਸ ਨੂੰ ਅਸੰਵਿਧਾਨਿਕ ਐਲਾਨ ਕਰ ਦੇਣਗੀਆਂ। ਕੋਈ ਵੀ ਅਦਾਲਤ ਕਿਸੇ ਨੂੰ ਵੀ ਸਵੈ-ਇੱਛਾ ਨਾਲ ਧਰਮ ਪਰਿਵਰਤਨ ਕਰਨ ਤੋਂ ਰੋਕ ਨਹੀਂ ਸਕਦੀ।
ਇਥੇ ਅਸਲੀ ਸਵਾਲ ਇਹ ਹੈ ਕਿ ਅਜਿਹਾ ਕਾਨੂੰਨ ਕਿਉਂ ਲਿਆਉਣਾ ਪੈ ਰਿਹਾ ਹੈ? ਇਹ ਇਸ ਲਈ ਲਿਆਂਦਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਕੇਰਲ ਅਤੇ ਕਰਨਾਟਕ ਦੇ ਪਾਦਰੀਅਾਂ ਨੇ ਸ਼ੋਰ ਮਚਾਇਆ ਸੀ ਕਿ ਉਨ੍ਹਾਂ ਦੀਆਂ ਲਗਭਗ 4000 ਈਸਾਈ ਬੇਟੀਅਾਂ ਨੂੰ ਡਰਾ ਕੇ, ਲਾਲਚ ਦੇ ਕੇ, ਝੂਠ ਬੋਲ ਕੇ ਅਤੇ ਫੁਸਲਾ ਕੇ ਮੁਸਲਮਾਨ ਬਣਾ ਲਿਆ ਗਿਆ ਹੈ। ਜੋ ਕੰਮ ਅੰਗਰੇਜ਼ਾਂ ਦੇ ਜ਼ਮਾਨੇ ’ਚ ਵਿਦੇਸ਼ੀ ਪਾਦਰੀ ਲੋਕ ਬੇਖਟਕੇ ਕਰਦੇ ਸਨ, ਉਸੇ ਕੰਮ ਦਾ ਦੋਸ਼ ਉਨ੍ਹਾਂ ਨੇ ਮੌਲਵੀਅਾਂ ’ਤੇ ਲਗਾਇਆ। ਵਿਆਹ ਦੇ ਨਾਂ ’ਤੇ ਕੀਤਾ ਗਿਆ ਇਹ ਧਰਮ ਤਬਦੀਲ ਅਨੈਤਿਕ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਕੇਂਦਰੀ ਜਾਂਚ ਏਜੰਸੀ ਨੇ ਪਾਇਆ ਕਿ ਕੁਝ ਵਿਦੇਸ਼ੀ ਤਾਕਤਾਂ ਇਸ ਕੰਮ ਨੂੰ ਯੋਜਨਾਬੱਧ ਢੰਗ ਨਾਲ ਕਰ ਰਹੀਅਾਂ ਹਨ। ਅਜੇ ਕੁਝ ਦਿਨ ਪਹਿਲਾਂ ਹਰਿਆਣਾ ’ਚ ਇਕ ਹਿੰਦੂ ਲੜਕੀ ਦੀ ਹੱਤਿਆ ਦਾ ਕਾਰਨ ਵੀ ਇਹੀ ਦੱਸਿਆ ਜਾਂਦਾ ਹੈ ਕਿ ਇਕ ਮੁਸਲਮਾਨ ਲੜਕਾ ਉਸ ਨਾਲ ਵਿਆਹ ਕਰਨ ’ਤੇ ਉਤਾਰੂ ਸੀ ਪਰ ਲੜਕੀ ਨੇ ਉਸ ਨੂੰ ਮਨ੍ਹਾ ਕਰ ਦਿੱਤਾ ਸੀ। ਇਸ ਨੂੰ ਹੀ ‘ਲਵ ਜੇਹਾਦ’ ਕਿਹਾ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ਜਿਥੇ ਲਵ ਹੁੰਦਾ ਹੈ, ਉਥੇ ਜੇਹਾਦ ਲਈ ਥਾਂ ਨਹੀਂ ਰਹਿੰਦੀ। ਜੇਹਾਦ ਉਹੀ ਹੁੰਦਾ ਹੈ, ਜਿਥੇ ਦਿਲ ’ਚ ਇੱਟਾਂ ਭਰੀਅਾਂ ਹੋਣ ਅਤੇ ਬੁੱਲ੍ਹਾਂ ’ਤੇ ਖੁਦਾ ਹੁੰਦਾ ਹੈ। ਮੈਂ ਅਮਰੀਕਾ, ਸੂਰੀਨਾਮ, ਮਾਰੀਸ਼ਸ, ਰੂਸ ਅਤੇ ਚੀਨ ਵਰਗੇ ਕਈ ਦੇਸ਼ਾਂ ’ਚ ਆਪਣੇ ਮਿੱਤਰ-ਪਰਿਵਾਰਾਂ ਦੇ ਨਾਲ ਰਹਿੰਦਾ ਰਿਹਾ ਹਾਂ, ਜਿਨ੍ਹਾਂ ’ਚ ਪਤੀ-ਪਤਨੀ ਵੱਖ-ਵੱਖ ਮਜ਼੍ਹਬਾਂ ਨੂੰ ਮੰਨਣ ਵਾਲੇ ਹਨ ਪਰ ਉਹ ਬੜੇ ਪ੍ਰੇਮ ਨਾਲ ਰਹਿੰਦੇ ਹਨ। ਹਿੰਦੂ ਪਤੀ ਅਾਪਣੀ ਮੁਸਲਮਾਨ ਪਤਨੀ ਦੇ ਨਾਲ ਰੋਜ਼ਾ ਰੱਖਦਾ ਹੈ ਅਤੇ ਮੁਸਲਿਮ ਪਤਨੀ ਆਪਣੇ ਪਤੀ ਅਤੇ ਮਿੱਤਰਾਂ ਦੇ ਸਾਹਮਣੇ ਮਗਨ ਹੋ ਕੇ ਕ੍ਰਿਸ਼ਨ ਭਜਨ ਗਾਉਂਦੀ ਹੈ। ਹਿੰਦੂ ਪਤੀ ਗਿਰਜੇ ’ਚ ਜਾਂਦਾ ਹੈ ਤਾਂ ਈਸਾਈ ਗੋਰੀ ਪਤਨੀ ਮੰਦਿਰ ’ਚ ਆਰਤੀ ਉਤਾਰਦੀ ਹੈ। ਜੇਕਰ ਤੁਹਾਡੇ ਦਿਲ ’ਚ ਕਿਸੇ ਦੇ ਲਈ ਸੱਚਾ ਪ੍ਰੇਮ ਹੈ, ਤਾਂ ਸਾਰੇ ਭੇਦ-ਭਾਵ ਹਵਾ ਹੋ ਜਾਂਦੇ ਹਨ। ਤੁਹਾਡੀ ਨਜ਼ਰ ਬਿਨਾਂ ਭੇਦਭਾਵ ਦੇ ਹੋ ਜਾਂਦੀ ਹੈ। ਮੰਦਿਰ, ਮਸਜਿਦ, ਗਿਰਜੇ ਦੀਅਾਂ ਦੀਵਾਰਾਂ ਡਿੱਗ ਜਾਂਦੀਅਾਂ ਹਨ ਅਤੇ ਉਸ ਸਰਵਵਿਆਪੀ ਨੂੰ ਤੁਸੀਂ ਆਪਣੇ-ਆਪ ਉਪਲੱਬਧ ਹੋ ਜਾਂਦੇ ਹੋ।