ਜਸਟਿਸ ਗੁਰਨਾਮ ਸਿੰਘ ਦੀ ਵਿਰਾਸਤ ਨੂੰ ਸੰਭਾਲ ਕੇ ਰੱਖੀਏ ਅਸੀਂ

Saturday, Feb 25, 2023 - 11:10 AM (IST)

ਜਸਟਿਸ ਗੁਰਨਾਮ ਸਿੰਘ ਦੀ ਵਿਰਾਸਤ ਨੂੰ ਸੰਭਾਲ ਕੇ ਰੱਖੀਏ ਅਸੀਂ

ਜਸਟਿਸ ਗੁਰਨਾਮ ਸਿੰਘ ਜੋ ਕਿ ਪੰਜਾਬ ਦੇ ਪਹਿਲੇ ਗ਼ੈਰ-ਕਾਂਗਰਸੀ ਮੁੱਖ ਮੰਤਰੀ ਸਨ, ਦਾ ਅੱਜ 124ਵਾਂ ਜਨਮ ਦਿਨ ਹੈ। 1947 ਵਿਚ ਭਾਰਤ ਦੀ ਵੰਡ ਦੇ ਤੁਰੰਤ ਬਾਅਦ ਗੜਬੜ ਵਾਲੇ ਸਾਲਾਂ ਵਿਚ ਪੰਜਾਬ ਦੇ ਨੇਤਾਵਾਂ ਵਿਚ ਉਨ੍ਹਾਂ ਦੀ ਇਕ ਵੱਖਰੀ ਪਛਾਣ ਸੀ। ਉਸ ਵੇਲੇ ਦੇ ਪੰਜਾਬ ਦੇ ਹਾਲਾਤ ਦਾ ਭਾਰਤ ਤੇ ਇਸ ਦਾ ਸੰਵਿਧਾਨ ਬਣਾਉਣ ’ਤੇ ਬਹੁਤ ਅਸਰ ਹੋਇਆ। ਜਸਟਿਸ ਗੁਰਨਾਮ ਸਿੰਘ ਦਾ ਨਾਂ ਇਸ ਸੰਦਰਭ ਵਿਚ ਇਕ ਈਮਾਨਦਾਰ, ਸਪੱਸ਼ਟ ਅਤੇ ਆਜ਼ਾਦ ਸੋਚ ਵਾਲੇ ਆਦਮੀ ਵਜੋਂ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਪੰਜਾਬ ਤੇ ਇਸ ਤੋਂ ਬਾਹਰ ਪੰਜਾਬ ਦਾ ਆਕਾਰ ਨਵੇਂ ਭਾਰਤ ਵਿਚ ਬਣਾਇਆ।

ਜਸਟਿਸ ਗੁਰਨਾਮ ਸਿੰਘ ਦਾ ਜਨਮ 25 ਫਰਵਰੀ, 1889 ਨੂੰ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ। ਉਨ੍ਹਾਂ ਨੇ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸ ਤੋਂ ਬਾਅਦ 1928 ਵਿਚ ਮਿਡਲ ਟੈਂਪਲ ਲੰਡਨ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਜਸਟਿਸ ਗੁਰਨਾਮ ਸਿੰਘ ਹਾਕੀ ਤੇ ਅੈਥਲੈਟਿਕਸ ਦੇ ਚੋਟੀ ਦੇ ਖਿਡਾਰੀ ਸਨ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਮੈਂਬਰ ਵੀ ਸਨ। ਉਹ ਆਪਣੀ ਬੇਮਿਸਾਲ ਕਾਨੂੰਨੀ ਨਿਪੁੰਨਤਾ ਦੇ ਕਾਰਨ ਆਪਣੇ ਕਰੀਅਰ ਦੇ ਸ਼ੁਰੂ ਵਿਚ ਹੀ ਇਕ ਮੋਹਰੀ ਵਕੀਲ ਬਣ ਗਏ ਸਨ। ਇਸ ਤੋਂ ਬਾਅਦ ਉਹ 1950 ਤੋਂ 1959 ਤੱਕ ਪੈਪਸੂ ਤੇ ਪੰਜਾਬ ਹਾਈਕੋਰਟ ਦੇ ਜੱਜ ਰਹੇ।

ਜਸਟਿਸ ਗੁਰਨਾਮ ਸਿੰਘ ਨੇ ਵਿਅਕਤੀਗਤ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਦੀ ਨਿਰਪੱਖਤਾ ਅਤੇ ਨਿਆਪੂਰਨਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦੀ ਸੋਚ ਵਿਚ ਸਖ਼ਤ ਕਾਨੂੰਨ ਦੀ ਨਿਰੰਤਰਤਾ ਇਕ ਸੁਤੰਤਰ ਰਾਜ ਵਿਚ ਆਮ ਨਾਗਰਿਕਾਂ ਦੀ ਜ਼ਿੰਦਗੀ ਤੇ ਆਜ਼ਾਦੀ ਲਈ ਠੀਕ ਨਹੀਂ ਹੋਵੇਗੀ। ਆਜ਼ਾਦ ਸਿਆਸਤ ਦਾ ਨੀਂਹ ਪੱਥਰ ਨਿਆਪਾਲਿਕਾ ਹੋਣੀ ਚਾਹੀਦੀ ਹੈ ਜੋ ਕਿ ਇਨ੍ਹਾਂ ਦੀਆਂ ਕਾਰਜਕਾਰੀ ਸ਼ਕਤੀਆਂ ’ਤੇ ਰੋਕ ਲਗਾ ਸਕੇ। ਸਿਆਸੀ ਵਿਰੋਧੀਆਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾਉਣਾ ਆਜ਼ਾਦੀ ਲਈ ਖ਼ਤਰਨਾਕ ਹੋਵੇਗਾ। ਇਹ ਸਾਰੀ ਗੱਲ ਤੱਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ 6 ਜੁਲਾਈ, 1960 ਨੂੰ ਲਿਖੀ ਚਿੱਠੀ ਵਿਚ ਸਾਫ਼ ਹੁੰਦੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਕਿ ਸਖ਼ਤ ਕਾਨੂੰਨ ਸੱਤਾ ਵਿਚ ਰਹਿਣ ਵਾਲੇ ਵਿਅਕਤੀਆਂ ਲਈ ਇਕ ਭਿਆਨਕ ਹਥਿਆਰ ਬਣ ਜਾਵੇਗਾ।

ਅੱਜ ਜੋ ਹੋ ਰਿਹਾ ਹੈ, ਉਨ੍ਹਾਂ ਨੇ ਉਸ ਵੇਲੇ ਇਸ ਤੋਂ ਸਾਵਧਾਨ ਕਰ ਦਿੱਤਾ ਸੀ। ਜਸਟਿਸ ਗੁਰਨਾਮ ਸਿੰਘ ਇਕ ਵਿਧਾਨਪਾਲਿਕਾ ਦਾ ਚੋਟੀ ਦਾ ਬੁਲਾਰਾ, ਸਾਹਸੀ ਅਤੇ ਦੂਰਅੰਦੇਸ਼ੀ ਵਿਅਕਤੀ ਸੀ। ਉਹ ਹਮੇਸ਼ਾ ਜਨਤਕ ਜੀਵਨ ਵਿਚ ਜਵਾਬਦੇਹੀ ਤੇ ਜ਼ਿਲ੍ਹਾ ਪੱਧਰ ਤੋਂ ਹੀ ਆਜ਼ਾਦ ਨਿਆਪਾਲਿਕਾ ਹੋਣ ਦੇ ਹੱਕ ਵਿਚ ਸਨ ਪਰ ਉਸ ਵੇਲੇ ਹੇਠਲੀਆਂ ਨਿਆਪਾਲਿਕਾਵਾਂ ਸਿਵਲ ਸੇਵਾ ਤੇ ਕਾਰਜਕਾਰੀਆਂ ਦੇ ਹੱਥ ਵਿਚ ਸਨ। ਗੁਰਨਾਮ ਸਿੰਘ ਚਾਹੁੰਦੇ ਸਨ ਕਿ ਇਨ੍ਹਾਂ ਦੋਵਾਂ ਦੀਆਂ ਤਾਕਤਾਂ ਵੱਖ-ਵੱਖ ਹੋਣੀਆਂ ਚਾਹੀਦੀਆਂ ਹਨ ਅਤੇ ਫਿਰਕੂ ਸਦਭਾਵਨਾਵਾਂ ਇਕ ਆਜ਼ਾਦ ਰਾਜ ਲਈ ਜ਼ਰੂਰੀ ਹਨ।

ਉਨ੍ਹਾਂ ਨੇ ਜਨਵਰੀ 1970 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਕ ਚਿੱਠੀ ਲਿਖੀ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਪਿੰਡਾਂ ਵਿਚ ਫਿਰਕੂ ਵਾਇਰਸ ਨੂੰ ਮੈਂ ਫੈਲਣ ਨਹੀਂ ਦੇਵਾਂਗਾ। ਅੱਜ ਪੰਜਾਬ ਵਿਚ ਜਿਹੜੇ ਮੁੱਦੇ ਸਭ ਤੋਂ ਅੱਗੇ ਹਨ, ਉਨ੍ਹਾਂ ਨੇ 1967 ਤੇ 1970 ਵਿਚ ਉਨ੍ਹਾਂ ’ਤੇ ਕੰਮ ਕੀਤਾ ਸੀ, ਜਦੋਂ ਉਹ ਗ਼ੈਰ-ਕਾਂਗਰਸੀ ਮੁੱਖ ਮੰਤਰੀ ਤੇ ਇਕੱਲੇ ਪੱਕੇ ਜੱਜ ਸਨ ਜਿਨ੍ਹਾਂ ਨੇ ਇਕ ਚੁਣੀ ਹੋਈ ਸਰਕਾਰ ਦੀ ਅਗਵਾਈ ਕੀਤੀ ਸੀ।

ਉਸ ਸਮੇਂ ਭਾਰਤ ਵਿਚ ਪਹਿਲੀ ਵਾਰ ਪੇਂਡੂ ਇਲਾਕਿਆਂ ਵਿਚ ਬਿਜਲੀ ਲਿਆਉਣ ਦੀ ਪਹਿਲ ਉਨ੍ਹਾਂ ਨੇ ਪੰਜਾਬ ਤੋਂ ਹੀ ਕੀਤੀ ਸੀ। ਦੇਸ਼ ਵਿਚ ਪੇਂਡੂ ਮੰਡੀਆਂ ਦੀ ਸਥਾਪਨਾ ਅਤੇ ਲਿੰਕ ਸੜਕ ਨਾਲ ਜੋੜਨ ਦਾ ਕੰਮ ਵੀ ਉਨ੍ਹਾਂ ਨੇ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਰਾਜ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਆਉਣ ’ਤੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਸਕੂਲ ਸਿੱਖਿਆ ਬੋਰਡ ਤੇ ਕਈ ਹੋਰ ਕਾਲਜ ਪੰਜਾਬ ਵਿਚ ਸਿੱਖਿਆ ਨੂੰ ਉਤਸ਼ਾਹ ਦੇਣ ਲਈ ਖੋਲ੍ਹੇ।

ਉਨ੍ਹਾਂ ਅਜਿਹੇ ਕਈ ਕੰਮ ਕੀਤੇ ਜੋ ਅੱਜ ਮੀਲ ਪੱਥਰ ਸਾਬਤ ਹੋ ਰਹੇ ਹਨ। ਖੇਤੀਬਾੜੀ ਦੀ ਤਰੱਕੀ ਲਈ ਇਕ ਲੰਬੀ ਯੋਜਨਾ ਬਣਾਈ ਤੇ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਉਸ ਵੇਲੇ ਉਨ੍ਹਾਂ ਨੇ ਹੋਕਾ ਦਿੱਤਾ ਜਿਹੜਾ ਕਿ ਅਸੀਂ ਹੁਣ ਮਹਿਸੂਸ ਕਰ ਰਹੇ ਹਾਂ।

ਅੱਜ ਉਨ੍ਹਾਂ ਦੇ ਜਨਮ ਦਿਨ ’ਤੇ ਜਸਟਿਸ ਗੁਰਨਾਮ ਸਿੰਘ ਦੀ ਵਿਰਾਸਤ ਨੂੰ ਧਿਆਨ ਵਿਚ ਲਿਆਉਣ ਦੀ ਲੋੜ ਹੈ।

ਗੁਰਦੇਵ ਮੁੱਲਾਂਪੁਰੀ


author

Harnek Seechewal

Content Editor

Related News