ਇਕ ਚੁੰਬਕੀ ਸ਼ਖ਼ਸੀਅਤ ਸਨ ਜਥੇਦਾਰ ਗੁਰਚਰਨ ਸਿੰਘ ਟੌਹੜਾ

Tuesday, Sep 24, 2024 - 02:38 PM (IST)

ਸਤਨਾਮ ਸਿੰਘ ਸੰਧੂ ਸੰਸਦ ਮੈਂਬਰ (ਰਾਜ ਸਭਾ)

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਹਿਲੀ ਵਾਰੀ ਮੈਂ ਗੁਰੂ ਨਾਨਕ ਕਾਲਜ, ਮੋਗਾ ਦੇ ਵਿਦਿਆਰਥੀ ਹੁੰਦਿਆਂ ਸੁਣਿਆ ਸੀ, ਜਿੱਥੇ ਉਹ ਕਾਲਜ ਦੇ ਕਿਸੇ ਸਮਾਗਮ ਦੀ ਪ੍ਰਧਾਨਗੀ ਕਰਨ ਆਏ ਹੋਏ ਸਨ। ਉਨ੍ਹਾਂ ਦੇ ਭਾਸ਼ਣ ਦਾ ਇਕੱਲਾ-ਇਕੱਲਾ ਸ਼ਬਦ ਦਿਲ ਟੁੰਬਵਾਂ ਸੀ। ਜਥੇਦਾਰ ਟੌਹੜਾ ਦੀ ਚੁੰਬਕੀ ਸ਼ਖਸੀਅਤ ਤੋਂ ਮੈਂ ਐਸਾ ਪ੍ਰਭਾਵਿਤ ਹੋਇਆ ਕਿ ਮਨ ਹੀ ਮਨ ਵਿਚ ਉਹ ਮੇਰੇ ਰੋਲ ਮਾਡਲ ਬਣ ਗਏ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਮੁੱਚਾ ਜੀਵਨ ਸਿੱਖੀ ਜੀਵਨ ਜਾਚ ਦੀ ਸਾਕਾਰ ਮੂਰਤ ਸੀ। ਦੀਦਾਰੀ ਗੁਰਸਿੱਖ ਜਥੇਦਾਰ ਟੌਹੜਾ ਸਿੱਖ ਪੰਥ ਦੀ ਉਹ ਅਜ਼ੀਮ ਸ਼ਖਸੀਅਤ ਸਨ, ਜਿਨ੍ਹਾਂ ਨੇ ਸਿਆਸੀ, ਧਾਰਮਿਕ ਅਤੇ ਸਮਾਜਿਕ ਖੇਤਰ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਵਿਚ ਵੀ ਲਾਮਿਸਾਲ ਯੋਗਦਾਨ ਪਾਇਆ।

ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਚ 24 ਸਤੰਬਰ, 1924 ਨੂੰ ਜਨਮੇ ਜਥੇਦਾਰ ਟੌਹੜਾ ਤਕਰੀਬਨ 30 ਸਾਲ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਤਕਰੀਬਨ ਇੰਨਾ ਹੀ ਅਰਸਾ ਮੁਲਕ ਦੀ ਪਾਰਲੀਮੈਂਟ ਦੇ ਮੈਂਬਰ ਰਹੇ। ਉਹ ਲੰਬਾ ਸਮਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਅਤੇ ਸ੍ਰੀ ਗੁਰੂ ਸਿੰਘ ਸਭਾ ਦੇ ਵੀ ਮੁੱਖ ਸੇਵਾਦਾਰ ਰਹੇ। ਸ਼੍ਰੋਮਣੀ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਰਹਿੰਦਿਆਂ ਜਥੇਦਾਰ ਟੌਹੜਾ ਨੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਪਸਾਰ ਵਿਚ ਨਵੀਆਂ ਪਿਰਤਾਂ ਪਾਈਆਂ। ਇਸ ਅਰਸੇ ਦੌਰਾਨ ਤਕਰੀਬਨ ਸਾਰੇ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਆਲੀਸ਼ਾਨ ਇਮਾਰਤਾਂ ਦੀ ਉਸਾਰੀ ਹੋਈ। ਅਰਬਾਂ ਰੁਪਏ ਦੀ ਕੀਮਤ ਦੀਆਂ ਪੰਥਕ ਜਾਇਦਾਦਾਂ ਤੋਂ ਨਾਜ਼ਾਇਜ਼ ਕਬਜ਼ੇ ਖ਼ਤਮ ਕਰਾਏ ਗਏ, ਧਰਮ ਪ੍ਰਚਾਰ ਲਈ ਆਧੁਨਿਕ ਢੰਗ ਅਪਣਾਏ ਜਾਣੇ ਸ਼ੁਰੂ ਹੋਏ ਅਤੇ ਸਿੱਖ ਇਤਿਹਾਸ ’ਤੇ ਸਿਧਾਂਤ ਸਬੰਧੀ ਮਿਆਰੀ ਪੁਸਤਕਾਂ ਦੀ ਪ੍ਰਕਾਸ਼ਨਾ ਹੋਈ।

ਦਿੱਲੀ ਦੇ ਇਤਿਹਾਸਕ ਗੁਰਧਾਮਾਂ ਨੂੰ ਪੰਥਕ ਪ੍ਰਬੰਧ ਹੇਠਾਂ ਲਿਆਉਣ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ-1971 ਬਣਵਾਉਣ ਵਿਚ ਜਥੇਦਾਰ ਟੌਹੜਾ ਨੇ ਫ਼ੈਸਲਾਕੁੰਨ ਭੂਮਿਕਾ ਨਿਭਾਈ ਸੀ। ਪੰਥ ਤੇ ਪੰਜਾਬ ਦੇ ਹਿੱਤਾਂ ਲਈ ਲੜੇ ਗਏ ਲੰਬੇ ਸੰਘਰਸ਼ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮੋਹਰੀ ਭੂਮਿਕਾ ਨਿਭਾਉਂਦਿਆਂ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਜੇਲ੍ਹਾਂ ਵਿਚ ਗੁਜ਼ਾਰਿਆ। ਪੰਜਾਬ ਵਿਚ ਅਕਾਲੀ ਸਰਕਾਰਾਂ ਬਣਾਉਣ ਵਿਚ ਜਥੇਦਾਰ ਟੌਹੜਾ ਦੀ ਹਮੇਸ਼ਾ ਵੱਡੀ ਭੂਮਿਕਾ ਹੁੰਦੀ ਸੀ। ਪੰਥਕ ਜਜ਼ਬਾਤ ਨਾਲ ਲਬਰੇਜ ਜਥੇਦਾਰ ਟੌਹੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਦੇ ਮੁਢਲੇ ਸਰੋਕਾਰਾਂ ਤੋਂ ਥਿੜਕਣ ਤੋਂ ਰੋਕਣ ਲਈ ਵੀ ਲੰਬੀ ਲੜਾਈ ਲੜੀ।

ਸ਼੍ਰੋਮਣੀ ਕਮੇਟੀ ਦੀ ਅਨੂਠੀ ਸ਼ਾਨ ਤੇ ਬੁਲੰਦ ਰੁਤਬੇ ਨੂੰ ਵੇਖਦਿਆਂ ਹੀ ਪ੍ਰਸਿੱਧ ਪੱਤਰਕਾਰ ਖੁਸ਼ਵੰਤ ਸਿੰਘ ਨੇ ਇਕ ਵਾਰ ਕਿਹਾ ਸੀ ਕਿ ਪੰਜਾਬ ਵਿਚ ਮੁੱਖ ਮੰਤਰੀ ਦਾ ਅਹੁਦਾ ਨਹੀਂ ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਵਧੇਰੇ ਮਹੱਤਵਪੂਰਨ ਹੈ। ਸਾਧਾਰਨ ਪੇਂਡੂ ਘਰ ਵਿਚ ਅਨਪੜ੍ਹ ਮਾਪਿਆਂ ਦੇ ਘਰ ਵਿਚ ਜਨਮੇ ਜਥੇਦਾਰ ਟੌਹੜਾ ਦਾ ਖਾਲਸਾ ਪੰਥ ਦੇ ਸਿਰਮੌਰ ਆਗੂ ਬਣਨ ਪਿੱਛੇ ਉਨ੍ਹਾਂ ਦੀ ਸਖ਼ਤ ਘਾਲਣਾ, ਈਮਾਨਦਾਰੀ, ਅਤਿ ਸਾਦਾ ਜੀਵਨ, ਲੋਕਾਂ ਵਿਚ ਰਹਿਣਾ ਅਤੇ ਨਿੱਕੇ ਤੋਂ ਨਿੱਕੇ ਵਰਕਰ ਨੂੰ ਮਾਣ-ਸਨਮਾਨ ਦੇਣ ਵਰਗੇ ਮੀਰੀ ਗੁਣ ਸਨ। ਉਨ੍ਹਾਂ ਨੂੰ ਵਿਰਸੇ ਵਿਚ 8 ਏਕੜ ਜ਼ਮੀਨ ਅਤੇ ਇਕ ਕੜੀ ਬਾਲਿਆਂ ਦੀ ਛੱਤ ਵਾਲਾ ਘਰ ਮਿਲਿਆ ਸੀ। ਜਦੋਂ ਉਹ ਇਸ ਦੁਨੀਆ ਤੋਂ ਰੁਖ਼ਸਤ ਹੋਏ ਤਾਂ ਉਸੇ 8 ਏਕੜ ਜ਼ਮੀਨ ਅਤੇ ਥੋੜ੍ਹੀ ਜਿਹੀ ਭੰਨ-ਤੋੜ ਤੋਂ ਬਾਅਦ ਉਨ੍ਹਾਂ ਦਾ ਪਿੰਡ ਵਾਲਾ ਘਰ ਰਹਿਣ ਯੋਗ ਕੀਤਾ ਗਿਆ। ਹਰ ਚੋਣ ਵਿਚ ਮਿਲਦੇ ਲੱਖਾਂ ਰੁਪਏ ਦੇ ਚੋਣ ਫੰਡ ਵਿਚੋਂ ਉਹ ਇਕ ਪੈਸਾ ਵੀ ਘਰ ਨਹੀਂ ਲਿਆਉਂਦੇ ਸਨ। ਉਹ ਇਸ ਪੈਸੇ ਨੂੰ ਵੀ ਪੂਜਾ ਦੇ ਧਨ ਸਮਾਨ ਹੀ ਸਮਝਦੇ ਸਨ।

ਸਰਕਾਰਾਂ ਵਲੋਂ ਪਾਰਲੀਮੈਂਟ ਮੈਂਬਰਾਂ ਨੂੰ ਦਿੱਲੀ ਤੇ ਚੰਡੀਗੜ੍ਹ ਵਿਚ ਰਿਆਇਤੀ ਦਰਾਂ ਉਤੇ ਦਿੱਤੇ ਗਏ ਪਲਾਟ ਵੀ ਉਨ੍ਹਾਂ ਨੇ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤੇ ਸੀ ਕਿ ਜਦੋਂ ਇਥੇ ਰਹਿਣਾ ਹੀ ਨਹੀਂ ਤਾਂ ਫਿਰ ਪਲਾਟ ਲੈ ਕੇ ਕੀ ਕਰਨਾ ਹੈ। ਜਥੇਦਾਰ ਟੌਹੜਾ ਆਪਣੀ ਸਾਰੀ ਉਮਰ ਆਪਣੇ ਪਿੰਡ ਤੇ ਆਪਣੇ ਇਲਾਕੇ ਦੇ ਲੋਕਾਂ ਨਾਲ ਜੁੜੇ ਰਹੇ। ਇਥੋਂ ਤੱਕ ਕਿ ਖਾੜਕੂਵਾਦ ਦੇ ਦੌਰ ਵਿਚ ਜਦੋਂ ਸਾਰੇ ਵੱਡੇ ਸਿਆਸੀ ਆਗੂ ਪਿੰਡ ਛੱਡ ਕੇ ਸ਼ਹਿਰਾਂ ਵਿਚ ਰਹਿਣ ਲੱਗ ਪਏ ਸਨ ਤਾਂ ਜਥੇਦਾਰ ਟੌਹੜਾ ਨੇ ਪਿੰਡ ਨਹੀਂ ਛੱਡਿਆ। ਉਨ੍ਹਾਂ ਦੇ ਘਰ ਦੇ ਬੂਹੇ ਸਵੇਰੇ ਚਾਰ ਵਜੇ ਹੀ ਲੋਕਾਂ ਲਈ ਖੁੱਲ੍ਹ ਜਾਂਦੇ ਸਨ ਤੇ ਕੋਈ ਵੀ ਉਨ੍ਹਾਂ ਨੂੰ ਬਿਨਾਂ ਰੋਕ ਟੋਕ ਮਿਲ ਸਕਦਾ ਸੀ। ਜਥੇਦਾਰ ਟੌਹੜਾ ਵਲੋਂ ਵਿੱਦਿਅਕ ਖੇਤਰ ਵਿਚ ਪਾਇਆ ਗਿਆ ਵਡਮੁੱਲਾ ਯੋਗਦਾਨ ਅਕਸਰ ਹੀ ਅੱਖੋਂ-ਪਰੋਖੇ ਹੋ ਜਾਂਦਾ ਹੈ। 

1973 ਵਿਚ ਜਥੇਦਾਰ ਟੌਹੜਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਸਮੇਂ ਸ਼੍ਰੋਮਣੀ ਕਮੇਟੀ ਸਿਰਫ਼ ਤਿੰਨ-ਚਾਰ ਵਿੱਦਿਅਕ ਅਦਾਰੇ ਚਲਾਉਂਦੀ ਸੀ। ਜਦੋਂ ਉਹ 2004 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ ਤਾਂ ਸ਼੍ਰੋਮਣੀ ਕਮੇਟੀ ਵਲੋਂ 2 ਇੰਜੀਨੀਅਰਿੰਗ ਕਾਲਜ, 2 ਮੈਡੀਕਲ ਅਤੇ ਇਕ ਡੈਂਟਲ ਕਾਲਜ ਸਮੇਤ ਤਕਰੀਬਨ 20 ਕਾਲਜ ਤੇ 30 ਸਕੂਲ ਚਲਾਏ ਜਾ ਰਹੇ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪੰਜਵੀਂ ਜਮਾਤ ਤੋਂ ਬਾਅਦ ਸਕੂਲ ਛੱਡਣਾ ਪਿਆ, ਕਿਉਂਕਿ ਪਿਓ ਦਾ ਸਾਇਆ ਸਿਰ ਉਤੇ ਨਾ ਹੋਣ ਕਾਰਨ ਘਰ ਵਿਚ ਅਤਿ ਦੀ ਗਰੀਬੀ ਸੀ। ਉਨ੍ਹਾਂ ਨੂੰ ਵਿੱਦਿਆ ਪ੍ਰਾਪਤ ਨਾ ਕਰ ਸਕਣ ਦਾ ਸਾਰੀ ਉਮਰ ਰਿਹਾ ਮਲਾਲ ਹੀ ਪ੍ਰੇਰਨਾ ਬਣੀ ਜਿਸ ਸਦਕਾ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਲੋਂ ਵਿੱਦਿਅਕ ਅਦਾਰੇ ਸਥਾਪਤ ਕਰਨ ਵੱਲ ਉਚੇਚਾ ਧਿਆਨ ਦਿੱਤਾ। ਪਹਿਲੀ ਅਪ੍ਰੈਲ 2004 ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿਆਸੀ, ਧਾਰਮਿਕ ਅਤੇ ਵਿੱਦਿਅਕ ਖੇਤਰ ਵਿਚ ਪਿਆ ਜ਼ਬਰਦਸਤ ਖੱਪਾ ਅਜੇ ਪੂਰਿਆ ਜਾਣਾ ਬਾਕੀ ਹੈ।


rajwinder kaur

Content Editor

Related News