‘ਡਾਕਟਰਜ਼ ਡੇਅ’ ਖੂਬਸੂਰਤ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਪ੍ਰੇਰਣਾ

Monday, Jul 01, 2024 - 04:10 PM (IST)

‘ਡਾਕਟਰਜ਼ ਡੇਅ’ ਖੂਬਸੂਰਤ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਪ੍ਰੇਰਣਾ

ਜਨਮ ਤੋਂ ਲੈ ਕੇ ਉਮਰ ਦੇ ਆਖਰੀ ਪੜਾਅ ਤੱਕ ਡਾਕਟਰ ਹੀ ਇਨਸਾਨ ਦੇ ਰੂਪ ’ਚ ਉਹ ਭਗਵਾਨ ਹੁੰਦਾ ਹੈ ਜੋ ਵਾਰ-ਵਾਰ ਬੜੀ ਕੀਮਤੀ ਜ਼ਿੰਦਗੀ ਨੂੰ ਬਚਾਉਂਦਾ ਹੈ। ਭਗਵਾਨ ਬਸ ਇਕ ਵਾਰ ਖੂਬਸੂਰਤ ਜ਼ਿੰਦਗੀ ਦਿੰਦਾ ਹੈ ਪਰ ਉਸ ਨੂੰ ਸਾਰੀਆਂ ਕਮਜ਼ੋਰੀਆਂ ਅਤੇ ਬੀਮਾਰੀਆਂ ਤੋਂ ਛੁਟਕਾਰਾ ਦੇ ਕੇ ਸੁੰਦਰ ਡਾਕਟਰ ਹੀ ਬਣਾਉਂਦਾ ਹੈ। ਦੂਜੇ ਸ਼ਬਦਾਂ ’ਚ ਕਹੀਏ ਤਾਂ ਭਗਵਾਨ ਦਾ ਦੂਜਾ ਰੂਪ ਜੇਕਰ ਇਸ ਧਰਤੀ ’ਤੇ ਕੋਈ ਹੈ ਤਾਂ ਉਹ ਡਾਕਟਰ ਹੀ ਹੈ। ਦੁਨੀਆ ’ਚ ਪਤਾ ਨਹੀਂ ਅਜਿਹੀਆਂ ਕਿੰਨੀਆਂ ਉਦਾਹਰਣਾਂ ਮਿਲ ਜਾਣਗੀਆਂ ਜਦੋਂ ਧਰਤੀ ਦੇ ਇਸ ਭਗਵਾਨ ਨੇ ਇਕ ਤੋਂ ਇਕ ਉਹ ਕੰਮ ਕੀਤੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਅੱਜ ਸਾਨੂੰ ਸਰੀਰ ’ਚ ਕੋਈ ਰੋਗ ਦਿਸਦਾ ਹੈ ਤਾਂ ਸਿੱਧੇ ਡਾਕਟਰ ਹੀ ਯਾਦ ਆਉਂਦੇ ਹਨ। ਦਵਾਈ ਅਤੇ ਦੁਆ ਦਾ ਇਹੀ ਅਨੋਖਾ ਸੰਗਮ ਡਾਕਟਰ ਨੂੰ ਧਰਤੀ ਦਾ ਭਗਵਾਨ ਬਣਾਉਂਦਾ ਹੈ। ਸ਼ਾਇਦ ਇਸੇ ਲਈ ਭਾਵੇਂ ਆਮ ਹੋਵੇ ਜਾਂ ਖਾਸ ਹਰ ਕੋਈ ਡਾਕਟਰ ਨੂੰ ਧਰਤੀ ਦਾ ਸਾਕਸ਼ਾਤ ਭਗਵਾਨ ਕਹਿੰਦਾ ਹੈ। ਭਾਰਤ ’ਚ ਤਾਂ ਇਨ੍ਹਾਂ ਦਾ ਮਹੱਤਵ ਵੈਦ ਦੇ ਰੂਪ ’ਚ ਚਿਰ ਕਾਲ ਤੋਂ ਹੈ। ਸਾਡੇ ਅਨੇਕਾਂ ਧਾਰਮਿਕ ਗ੍ਰੰਥਾਂ ’ਚ ਇਸ ਗੱਲ ਦਾ ਵਰਨਣ ਵੀ ਹੈ। ਇਨ੍ਹਾਂ ਦੇ ਸਮਰਪਣ ਅਤੇ ਤਿਆਗ ਨੂੰ ਯਾਦ ਕਰਦੇ ਹੋਏ 1 ਜੁਲਾਈ ਦਾ ਦਿਨ ਭਾਰਤ ’ਚ ‘ਰਾਸ਼ਟਰੀ ਡਾਕਟਰਜ਼ ਦਿਵਸ’ ਭਾਵ ‘ਡਾਕਟਰਜ਼ ਡੇ’ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਦੇਸ਼ ਦੇ ਪ੍ਰਮੁੱਖ ਡਾਕਟਰ, ਆਜ਼ਾਦੀ ਘੁਲਾਟੀਏ, ਸਮਾਜ ਸੇਵੀ ਭਾਰਤ ਰਤਨ ਡਾ. ਬਿਧਾਨ ਚੰਦਰ ਰਾਏ ਦੀ ਯਾਦ ’ਚ ਮਨਾਉਣ ਦੀ ਪ੍ਰੰਪਰਾ ਸੰਨ 1991 ਤੋਂ 1 ਜੁਲਾਈ ਨੂੰ ਸ਼ੁਰੂ ਹੋਈ। ਇਸੇ ਦਿਨ ਇਸ ਮਹਾਨ ਸ਼ਖਸੀਅਤ ਦਾ ਜਨਮ ਦਿਨ ਅਤੇ ਬਰਸੀ ਦੋਵੇਂ ਹਨ। ਇਸ ਦੇ ਪਿੱਛੇ ਉੱਤਮ ਅਤੇ ਨੇਕ ਮਕਸਦ ਇਹ ਵੀ ਹੈ ਕਿ ਸਾਰੇ ਡਾਕਟਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਅਤੇ ਲੋਕਾਂ ਦੀ ਸਿਹਤ ਨਾਲ ਸਬੰਧਤ ਦੁੱਖ, ਤਕਲੀਫ ਅਤੇ ਰੋਗਾਂ ਪ੍ਰਤੀ ਚੌਕਸ ਰਹਿਣ। 1 ਜੁਲਾਈ, 1882 ਨੂੰ ਜਨਮੇ ਬਿਧਾਨ ਚੰਦਰ ਰਾਏ ਭਾਰਤੀ ਆਜ਼ਾਦੀ ਸੰਗਰਾਮ ਦੇ ਵੀ ਅਹਿਮ ਸਿਪਾਹੀ ਸਨ। ਉਹ 14 ਸਾਲ ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵੀ ਰਹੇ। ਸੂਬੇ ਦੇ ਸਿਹਤ ਸੇਵਾ ਢਾਂਚੇ ਅਤੇ ਸਮਾਜਿਕ ਭਲਾਈ ਪ੍ਰੋਗਰਾਮਾਂ ’ਚ ਅਹਿਮ ਯੋਗਦਾਨ ਪਾਇਆ।

ਕਈ ਹਸਪਤਾਲਾਂ, ਮੈਡੀਕਲ ਕਾਲਜਾਂ ਦੀ ਸਥਾਪਨਾ ਦੇ ਨਾਲ ਸਿਹਤ ਸੇਵਾਵਾਂ ’ਚ ਮਹੱਤਵਪੂਰਨ ਬਦਲਾਵਾਂ ਦੇ ਸਮਰਥਨ ਦੇ ਨਾਲ ਸਾਰਿਆਂ ਤੱਕ ਸਿਹਤ ਸੇਵਾ ਪਹੁੰਚਾਉਣ ’ਚ ਪ੍ਰਬਲ ਪੱਖੀ ਰਹੇ। ਆਜ਼ਾਦੀ ਦੇ ਬਾਅਦ ਉਨ੍ਹਾਂ ਨੇ ਸਾਰੀ ਜ਼ਿੰਦਗੀ ਡਾਕਟਰੀ ਸੇਵਾ ਨੂੰ ਸਮਰਪਿਤ ਕਰ ਦਿੱਤੀ। ਪੱਛਮੀ ਬੰਗਾਲ ’ਚ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਕਈ ਅਹਿਮ ਵਿਕਾਸ ਕਾਰਜ ਕੀਤੇ। ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਸਮਾਜ ਭਲਾਈ ਕਾਰਜਾਂ ਲਈ ਸਾਲ 1961 ’ਚ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਵੀ ਸਨਮਾਨਿਤ ਕੀਤਾ ਗਿਆ। 1 ਜੁਲਾਈ, 1962 ਨੂੰ ਉਨ੍ਹਾਂ ਦਾ ਦਿਹਾਂਤ ਹੋਇਆ।

ਡਾ. ਰਾਏ ਪ੍ਰਤੀ ਸਨਮਾਨ ਅਤੇ ਆਮ ਲੋਕਾਂ ’ਚ ਡਾਕਟਰਾਂ ਦੇ ਭਰੋਸੇ ਦੀ ਡੋਰ ਨੂੰ ਬਣਾਈ ਰੱਖਣ ਅਤੇ ਵਧਾਉਣ ਦੇ ਮਕਸਦ ਨਾਲ ਭਰੇ ਇਸ ਦਿਵਸ ਨੂੰ ਮਨਾਉਣ ਦੇ ਪਿੱਛੇ ਉਸ ਦੀ ਸੱਚੀ ਯਾਦ ਨਾਲ ਮੈਡੀਕਲ ਪੇਸ਼ੇ ਦੀ ਪਵਿੱਤਰਤਾ ਦੀ ਲਗਾਤਾਰਤਾ ਯਾਦ ਦਿਵਾਉਣਾ ਵੀ ਹੈ। ਵਧਦੀ ਆਬਾਦੀ ਅਤੇ ਮੁਕਾਬਲੇਬਾਜ਼ੀ ਦੇ ਨਵੇਂ ਦੌਰ ’ਚ ਸਾਰਿਆਂ ਦਾ ਇਲਾਜ ਅਤੇ ਨਿਰੋਗੀ ਕਾਇਆ ਜ਼ਰੂਰੀ ਹੈ। ਇਹ ਇਕ ਅਜਿਹਾ ਕਿੱਤਾ ਹੈ ਜਿਸ ’ਤੇ ਲੋਕ ਵੱਧ ਭਰੋਸਾ ਕਰਦੇ ਹਨ। ਬਸ ਇਹੀ ਬਣਾਈ ਰੱਖਣ ਤੇ ਡਾਕਟਰਾਂ ਨੂੰ ਵੀ ਯਾਦ ਕਰਾਉਣ ਖਾਤਿਰ ਦੁਨੀਆ ਭਰ ’ਚ ‘ਡਾਕਟਰਜ਼ ਡੇ’ ਨੂੰ ਵੱਖ-ਵੱਖ ਦਿਨਾਂ ’ਚ ਮਨਾਏ ਜਾਣ ਦੀ ਰਵਾਇਤ ਹੈ। ਇਹ ਦਿਨ ਡਾਕਟਰਾਂ ਲਈ ਵੀ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਡਾਕਟਰੀ ਸਿੱਖਿਆ, ਸਿਖਲਾਈ ਅਤੇ ਸਹੁੰ ਨੂੰ ਯਾਦ ਕਰਨ ਦੇ ਨਾਲ ਹੀ ਜਿੰਨਾ ਕੀਤਾ ਉਸ ਤੋਂ ਵੀ ਵਧੀਆ ਕਰਨ ਦੀ ਪ੍ਰੇਰਣਾ ਦਿੰਦਾ ਹੈ।

ਯਕੀਨੀ ਤੌਰ ’ਤੇ ਡਾਕਟਰ ਜਦੋਂ ਆਪਣੀ ਡਾਕਟਰੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਤਾਂ ਉਨ੍ਹਾਂ ਦੇ ਮਨ ’ਚ ਨੈਤਿਕਤਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਇਕ ਜਜ਼ਬਾ ਹੁੰਦਾ ਹੈ। ਇਹੀ ਮਿਸ਼ਨ ਵੀ ਹੈ। ਇਸ ਪਵਿੱਤਰ ਕਿੱਤੇ ਨਾਲ ਜੁੜੇ ਕਈ ਲੋਕ ਇੰਨੇ ਨੇਕ ਇਰਾਦੇ ਨਾਲ ਆਉਣ ਦੇ ਬਾਅਦ ਵੀ ਰਾਹ ਤੋਂ ਭਟਕ ਕੇ ਭ੍ਰਿਸ਼ਟ ਹੋ ਕੇ ਅਨੈਤਿਕਤਾ ਦੇ ਰਾਹ ’ਤੇ ਨਿਕਲ ਪੈਂਦੇ ਹਨ ਪਰ ਇਹ ਦਿਨ ਡਾਕਟਰਾਂ ਨੂੰ ਵਾਰ-ਵਾਰ ਯਾਦ ਦਿਵਾਉਂਦਾ ਹੈ ਕਿ ਉਹ ਆਪਣੇ ਅੰਦਰ ਝਾਤੀ ਮਾਰਨ।

ਆਪਣੀਆਂ ਜ਼ਿੰਮੇਵਾਰੀਆਂ ਤੇ ਸਮਾਜ ਦੀਆਂ ਆਸਾਂ ਨੂੰ ਸਮਝਣ। ਇਹ ਵੀ ਸਮਝਣ ਕਿ ਉਨ੍ਹਾਂ ਲਈ ਪੈਸਾ ਭਗਵਾਨ ਨਹੀਂ ਹੈ ਸਗੋਂ ਡਾਕਟਰ ਦੇ ਰੂਪ ’ਚ ਉਹ ਸਮਾਜ ਦੇ ਭਗਵਾਨ ਹਨ। ਭਗਵਾਨ ਕਿਸੇ ਤੋਂ ਕੁਝ ਲੈਂਦੇ ਨਹੀਂ, ਸਗੋਂ ਜਿੰਨਾ ਵੀ ਬਣਦਾ ਹੈ, ਦਿੰਦੇ ਹੀ ਹਨ, ਬਸ ਇਸੇ ਭਾਵ ਨੂੰ ਜਗਾਉਣ ਦਾ ਅਸਲ ਮਕਸਦ ਹੀ ਡਾਕਟਰ ਦਿਵਸ ਹੈ ਜੋ ਡਾ. ਬਿਧਾਨ ਰਾਏ ’ਚ ਕੁੱਟ-ਕੁੱਟ ਕੇ ਭਰਿਆ ਸੀ।

ਤ੍ਰਾਸਦੀ ਦੇਖੋ, ਡਾਕਟਰੀ ਪੇਸ਼ੇ ’ਚ ਵੀ ਮੁਕਾਬਲੇਬਾਜ਼ੀ ਹੋ ਗਈ ਹੈ। ਨੀਟ ਵਰਗੀਆਂ ਪ੍ਰੀਖਿਆਵਾਂ ’ਚ ਪੈਸੇ ਦੇ ਕੇ ਪਾਸ ਹੋਣ ਦੀਆਂ ਕੋਸ਼ਿਸ਼ਾਂ ਦਾ ਹੁਣੇ ਸਾਹਮਣੇ ਆਇਆ ਜੁਗਾੜ ਦੁਖਦਾਇਕ ਹੈ। ਭਲਾ ਅਜਿਹੇ ਲੋਕ ਇਸ ਪਵਿੱਤਰ ਪੇਸ਼ੇ ਨਾਲ ਕਿਵੇਂ ਨਿਆਂ ਕਰ ਸਕਣਗੇ? ਅਜਿਹੇ ਲੋਕਾਂ ਦਾ ਪਿਛਲੀ ਖਿੜਕੀ ਰਾਹੀਂ ਦਾਖਲ ਹੋਣਾ ਚਿੰਤਾਜਨਕ ਹੈ। ਯਕੀਨਨ ਵਧਦਾ ਭ੍ਰਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ’ਚ ਆਏ ਨਿਘਾਰ ਦੇ ਕਾਰਨ ਹੀ ਮਾਣ-ਸਨਮਾਨ ਘੱਟ ਰਿਹਾ ਹੈ। ਜਿਸ ਡਾਕਟਰ ਦਾ ਦਰਜਾ ਭਗਵਾਨ ਦੇ ਬਰਾਬਰ ਹੋਵੇ, ਉਹ ਪੈਸੇ ’ਚ ਗੜੁੱਚ ਹੋ ਜਾਵੇ ਤਾਂ ਕਿਸੇ ਵੀ ਤਰ੍ਹਾਂ ਨਿਆਂਸੰਗਤ ਨਹੀਂ ਅਖਵਾਉਂਦਾ।

ਓਧਰ ਹੁਣ ਤਾਂ ਨਵੀਂ ਤਕਨੀਕ, ਉਦਯੋਗ ਅਤੇ ਪੂੰਜੀਵਾਦ ਦੀ ਬੁੱਕਲ ’ਚ ਜਕੜਿਆ ਡਾਕਟਰੀ ਕਿੱਤਾ ਕਾਰਪੋਰੇਟ ਸ਼੍ਰੇਣੀ ’ਚ ਢੱਲ ਕੇ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਵਧੇ ਪੂੰਜੀ ਨਿਵੇਸ਼ ਅਤੇ ਮਹਿੰਗੇੇ ਇਲਾਜ ਨੇ ਡਾਕਟਰ ਅਤੇ ਮਰੀਜ਼ ਦੇ ਮਨੁੱਖੀ ਸਬੰਧਾਂ ਨੂੰ ਕਾਫੀ ਕਮਜ਼ੋਰ ਕੀਤਾ ਹੈ। ਬਾਵਜੂਦ ਇਨ੍ਹਾਂ ਸਭ ਦੇ ਅਜੇ ਵੀ ਕਿਤੇ ਨਾ ਕਿਤੇ ਭਗਵਾਨ ਮਿਲ ਹੀ ਜਾਂਦੇ ਹਨ ਜੋ ਸੱਚੇ ਅਤੇ ਚੰਗੇ ਸੇਵਕ ਹੁੰਦੇ ਹਨ ਪਰ ਇਸ ਸੱਚਾਈ ਨੂੰ ਵੀ ਮੰਨਣਾ ਹੋਵੇਗਾ ਕਿ ਦਿਹਾਤੀ ਡਾਕਟਰੀ ਵਿਵਸਥਾ ਬੜੀ ਭੈੜੀ ਹੋ ਗਈ ਹੈ। ਕੋਈ ਵੀ ਡਾਕਟਰ ਉਨ੍ਹਾਂ ਪਿੰਡਾਂ ’ਚ ਤਾਇਨਾਤ ਹੋਣਾ ਨਹੀਂ ਚਾਹੁੰਦਾ ਜਿੱਥੇ ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਰਹਿੰਦਾ ਹੈ। ਯਕੀਨਨ ਇਹ ਪੇਸ਼ਾ ਕੁਲੀਨ ਹੈ ਪਰ ਸੇਵਾ ਮਲੀਨ ਦੀ ਵੀ ਕਰਨੀ ਹੁੰਦੀ ਹੈ। ਬਸ ਇਸ ਟੀਚੇ ਅਤੇ ਸਹੁੰ ਦੇ ਲਈ ਹਰ ਸਾਲ ਭਾਰਤ ’ਚ ਇਕ ਜੁਲਾਈ ਨੂੰ ਭਾਰਤ ਰਤਨ ਡਾ. ਬਿਧਾਨ ਰਾਏ ਨੂੰ ਯਾਦ ਕਰਦੇ ਹੋਏ ਡਾਕਟਰ ਦਿਵਸ ਮਨਾਇਆ ਜਾਂਦਾ ਹੈ।

ਨਿਸ਼ਕਾਮ ਕਰਮਯੋਗੀ ਡਾ. ਬਿਧਾਨ ਰਾਏ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਜਦੋਂ ਡਾਕਟਰ ਬੀਮਾਰ ਇਨਸਾਨ ਲਈ ਭਗਵਾਨ ਬਣ ਕੇ ਉਸ ਯੋਧੇ ਵਰਗਾ ਕੰਮ ਕਰਨ ਜਿਨ੍ਹਾਂ ਦਾ ਮਕਸਦ ਸਿਰਫ ਟੀਚੇ ਨੂੰ ਹੀ ਧਿਆਨ ’ਚ ਰੱਖਣਾ ਹੈ। ਕਿੰਨਾ ਚੰਗਾ ਹੁੰਦਾ ਕਿ ਡਾਕਟਰੀ ਪੇਸ਼ਾ ਵੀ ਆਪਣੇ ਅਸਲੀ ਮਕਸਦ ’ਤੇ ਇਕਾਗਰ ਹੋ ਕੇ ਮਨੁੱਖ ਲਈ ਸਾਕਸ਼ਾਤ ਭਗਵਾਨ ਹੀ ਬਣਿਆ ਰਹਿੰਦਾ।

ਰਿਤੂਪਰਣ ਦਵੇ


author

Tanu

Content Editor

Related News