ਭਾਰਤ-ਪਾਕਿ ਫੌਜ ਕਾਬੁਲ ਜਾਏ?

06/22/2021 3:27:50 AM

ਡਾ. ਵੇਦਪ੍ਰਤਾਪ ਵੈਦਿਕ
ਅਫਗਾਨਿਸਤਾਨ ਸੰਕਟ ’ਤੇ ਵਿਚਾਰ ਕਰਨ ਦੇ ਲਈ ਇਸ ਹਫਤੇ ’ਚ ਦੋ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਕ ਤਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਵਾਸ਼ਿੰਗਟਨ ਜਾ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਮਿਲਣਾ ਅਤੇ ਦੂਜਾ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿਖੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਮੋਈਦ ਯੁਸੂਫ ਦੀ ਮੁਲਾਕਾਤ ਦੀ ਸੰਭਾਵਨਾ ਹੈ! ਦੁਸ਼ਾਂਬੇ ਵਿਖੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਹੋ ਰਹੀ ਹੈ। ਇਨ੍ਹਾਂ ਦੋਹਾਂ ਮੁਲਾਕਾਤਾਂ ਦਾ ਮਹੱਤਵ ਅਫਗਾਨਿਸਤਾਨ ਦੀ ਸੁੱਰਖਿਆ ਲਈ ਹੀ ਨਹੀਂ ਹੈ ਸਗੋਂ ਦੱਖਣੀ ਏਸ਼ੀਆ ਦੀ ਸ਼ਾਂਤੀ ਅਤੇ ਸਹਿਯੋਗ ਦੇ ਲਈ ਵੀ ਹੈ।

ਅਫਗਾਨਿਸਤਾਨ ’ਚੋਂ ਸਤੰਬਰ ’ਚ ਅਮਰੀਕੀ ਫੌਜਾਂ ਦੀ ਵਾਪਸੀ ਹੋਵੇਗੀ। ਇਸ ਖਬਰ ਨਾਲ ਹੀ ਉਥੇ ਉਥਲ-ਪੁੱਥਲ ਮਚਣੀ ਸ਼ੁਰੂ ਹੋ ਗਈ ਹੈ। ਲੋਕਾਂ ’ਚ ਘਬਰਾਹਟ ਫੈਲ ਰਹੀ ਹੈ। ਕਾਬੁਲ, ਕੰਧਾਰ ਅਤੇ ਹੇਰਾਤ ਦੇ ਕਈ ਅਫਗਾਨ ਮਿੱਤਰ ਫੋਨ ਕਰ ਕੇ ਮੇਰੇ ਕੋਲੋਂ ਪੁੱਛ ਰਹੇ ਹਨ ਕਿ ਅਸੀਂ ਸਾਰੇ ਪਰਿਵਾਰ ਸਮੇਤ ਰਹਿਣ ਲਈ ਭਾਰਤ ਆ ਜਾਈਏ? ਉਨ੍ਹਾਂ ਨੂੰ ਡਰ ਹੈ ਕਿ ਅਮਰੀਕੀ ਫੌਜ ਦੀ ਵਾਪਸੀ ਦੇ ਹੁੰਦਿਆਂ ਹੀ ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋ ਜਾਵੇਗਾ ਅਤੇ ਉਨ੍ਹਾਂ ਦਾ ਉਥੇ ਜਿਊਣਾ ਹੈਰਾਨ ਹੋ ਜਾਵੇਗਾ।

ਹੁਣੇ ਜਿਹੇ ਹੀ ਤਾਲਿਬਾਨ ਨੇ 40 ਹੋਰਨਾਂ ਜ਼ਿਲਿਆਂ ’ਤੇ ਕਬਜ਼ਾ ਕਰ ਲਿਆ ਹੈ। ਲਗਭਗ ਅੱਧੇ ਅਫਗਾਨਿਸਤਾਨ ’ਚ ਉਸ ਦਾ ਬੋਲਬਾਲਾ ਹੈ। ਉਹ ਵਧੇਰੇ ਕਰ ਕੇ ਗਿਲਜਈ ਪਠਾਨ ਹਨ। ਅਫਗਾਨਿਸਤਾਨ ਦੇ ਤਾਜ਼ਿਕ, ਉਜਬੇਕ, ਹਜਾਰਾ, ਸ਼ਿਆ ਅਤੇ ਮੂ-ਏ-ਸੁਰਖ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ’ਚੋਂ ਵਧੇਰੇ ਗਰੀਬ ਅਤੇ ਮਿਹਨਤੀ ਲੋਕ ਹਨ। ਉਨ੍ਹਾਂ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਹ ਵਿਦੇਸ਼ਾਂ ’ਚ ਜਾ ਕੇ ਵੱਸ ਸਕਣ। ਅਫਗਾਨਿਸਤਾਨ ਦੀ ਫੌਜ ’ਚ ਵੀ ਖਲਬਲੀ ਮਚੀ ਹੋਈ ਹੈ। ਕਾਬੁਲ ’ਚ ਜਿਸਦਾ ਵੀ ਕਬਜ਼ਾ ਹੋਵੇਗਾ, ਫੌਜ ਨੂੰ ਆਪਣਾ ਰੰਗ ਪਲਟਦਿਆਂ ਦੇਰ ਨਹੀਂ ਲੱਗੇਗੀ।

ਅਜਿਹੀ ਹਾਲਤ ’ਚ ਕਾਬੁਲ ’ਤੇ 13 ਸਾਲ ਤਕ ਰਾਜ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਲਈ ਸਾਰਾ ਦੋਸ਼ ਅਮਰੀਕਾ ’ਤੇ ਮੜ ਰਹੇ ਹਨ ਜਦਕਿ ਮੌਜੂਦਾ ਰਾਸ਼ਟਰਪਤੀ ਗਨੀ ਇਸ ਲਈ ਵਾਸ਼ਿੰਗਟਨ ਗਏ ਹਨ ਤਾਂ ਜੋ ਉਹ ਅਮਰੀਕੀ ਫੌਜਾਂ ਦੀ ਵਾਪਸੀ ਨੂੰ ਰੁਕਵਾ ਸਕਣ। ਦੁਸ਼ਾਂਬੇ ’ਚ ਭਾਰਤ-ਪਾਕਿ ਅਧਿਕਾਰੀ ਜੇਕਰ ਮਿਲੇ ਤਾਂ ਉਨ੍ਹਾਂ ਦੀ ਗੱਲਬਾਤ ਦਾ ਇਹੀ ਸਭ ਤੋਂ ਵੱਡਾ ਮੁੱਦਾ ਹੋਵੇਗਾ।

ਪਾਕਿਸਤਾਨ ਅਜੇ ਵੀ ਤਾਲਿਬਾਨ ਦੀ ਤਰਫਦਾਰੀ ਕਰ ਰਿਹਾ ਹੈ। ਉਹ ਅਫਗਾਨਿਸਤਾਨ ਦੀ ਅਰਾਜਕਤਾ ਲਈ ‘ਇਸਲਾਮੀ ਰਾਜ’ ਦੇ ਅੱਤਵਾਦੀਆਂ ਨੂੰ ਜ਼ਿੰਮੇਵਾਰ ਕਰਾਰ ਦੇ ਰਿਹਾ ਹੈ। ਉਸ ਨੇ ਅਮਰੀਕਾ ਨੂੰ ਆਪਣੇ ਦੇਸ਼ ’ਚ ਅਜਿਹੇ ਫੌਜੀ ਹਵਾਈ ਅੱਡੇ ਬਣਾਉਣ ਤੋਂ ਰੋਕ ਦਿੱਤਾ ਹੈ, ਜਿਨ੍ਹਾਂ ਰਾਹੀਂ ਅਫਗਾਨਿਸਤਾਨ ’ਚ ਹੋਣ ਵਾਲੇ ਤਾਲਿਬਾਨ ਹਮਲੇ ਦਾ ਮੁਕਾਬਲਾ ਕੀਤਾ ਜਾ ਸਕੇ। ਪਾਕਿਸਤਾਨ ਬੇਹੱਦ ਔਖੀ ਹਾਲਤ ’ਚ ਹੈ। ਉਸ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਫਗਾਨਿਸਤਾਨ ’ਚ ਭਾਰਤ ਦੀ ਭੂਮਿਕਾ ਨੂੰ ‘ਲੋੜ ਤੋਂ ਵੱਧ’ ਦੱਸਿਆ ਹੈ।

ਜੇਕਰ ਅਸਲ ’ਚ ਅਜਿਹੀ ਗੱਲ ਹੈ ਤਾਂ ਪਾਕਿਸਤਾਨ ਦੇ ਆਗੂਆਂ ਨੂੰ ਮੈਂ ਕਹਿੰਦਾ ਹਾਂ ਕਿ ਉਹ ਹਿੰਮਤ ਕਰਨ ਅਤੇ ਅਫਗਾਨਿਸਤਾਨ ’ਚ ਪਾਕਿਸਤਾਨ ਅਤੇ ਭਾਰਤ ਦੀਆਂ ਫੌਜਾਂ ਨੂੰ ਸਾਂਝੇ ਤੌਰ ’ਤੇ ਭੇਜ ਦੇਣ। ਪਾਕਿਸਤਾਨ ਜੇਕਰ ਸਚਮੁੱਚ ਅੱਤਵਾਦ ਦਾ ਵਿਰੋਧ ਕਰਦਾ ਹੈ ਤਾਂ ਇਸ ਤੋਂ ਵਧੀਆ ਪਹਿਲ ਹੋਰ ਕੀ ਹੋ ਸਕਦੀ ਹੈ? ਕੀ ਤਾਲਿਬਾਨ ਆਪਣੇ ਸਰਪ੍ਰਸਤਾਂ ’ਤੇ ਹਮਲਾ ਕਰੇਗਾ? ਭਾਰਤ ਅਤੇ ਪਾਕਿਸਤਾਨ ਮਿਲ ਕੇ ਉਥੇ ਨਿਰਪੱਖ ਆਮ ਚੋਣਾਂ ਕਰਵਾਉਣ। ਜਿਸ ਨੂੰ ਵੀ ਅਫਗਾਨ ਲੋਕ ਪਸੰਦ ਕਰਨ-ਤਾਲਿਬਾਨ ਨੂੰ, ਮੁਜਾਹਿਦੀਨ ਨੂੰ, ਖਲਕ-ਪਰਚਮ ਨੂੰ ਜਾਂ ਗਨੀ, ਅਬਦੁੱਲਾ ਜਾਂ ਕਰਜ਼ਈ ਨੂੰ- ਉਸ ਨੂੰ ਉਹ ਚੁਣ ਲੈਣ। ਜੇਕਰ ਭਾਰਤ-ਪਾਕਿ ਸਹਿਯੋਗ ਅਫਗਾਨਿਸਤਾਨ ’ਚ ਸਫਲ ਹੋ ਜਾਵੇ ਤਾਂ ਕਸ਼ਮੀਰ ਦਾ ਮਸਲਾ ਚੁਟਕੀ ਵਜਾਉਂਦਿਆਂ ਹੀ ਹੱਲ ਹੋ ਜਾਵੇਗਾ।

(ਲੇਖਕ, ਭਾਰਤੀ ਵਿਦੇਸ਼ ਨੀਤੀ ਕੌਂਸਲ ਦੇ ਮੁਖੀ ਹਨ)


Bharat Thapa

Content Editor

Related News