ਭਾਰਤ-ਚੀਨ ਤਿਕੋਣੀ ਕੂਟਨੀਤੀ

Monday, Jun 08, 2020 - 02:17 AM (IST)

ਭਾਰਤ-ਚੀਨ ਤਿਕੋਣੀ ਕੂਟਨੀਤੀ

ਡਾ. ਵੇਦ ਪ੍ਰਤਾਪ ਵੈਦਿਕ

ਇਧਰ ਛਾਲ ਮਾਰਦੇ ਹੋਏ ਕੋਰੋਨਾ ਨਾਲ ਭਾਰਤ ਨਜਿੱਠ ਹੀ ਰਿਹਾ ਹੈ, ਉਧਰ ਚੀਨ ਅਤੇ ਨੇਪਾਲ ਦੀਆਂ ਹੱਦਾਂ ’ਤੇ ਸਿਰਦਰਦ ਖੜ੍ਹਾ ਹੋ ਗਿਆ ਹੈ ਪਰ ਸੁਖਾਵਾਂ ਵਿਸ਼ਾ ਇਹ ਹੈ ਕਿ ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਦੇ ਨਾਲ ਇਸ ਸਰਹੱਦੀ-ਝਗੜੇ ਨੇ ਤੂਲ ਨਹੀਂ ਫੜੀ। ਸਾਡੇ ਕੁਝ ਬੜੇ ਉਤਸ਼ਾਹੀ ਟੀ.ਵੀ. ਚੈਨਲ ਅਤੇ ਅਖਬਾਰ ਕੁੱਝ ਨੇਪਾਲੀ ਅਤੇ ਚੀਨੀ ਅਖਬਾਰਾਂ ਵਾਂਗ ਕਾਫੀ ਭੜਕੇ ਹੋਏ ਦਿਖਾਈ ਦੇ ਰਹੇ ਸਨ ਪਰ ਤਿੰਨਾਂ ਦੇਸ਼ਾਂ ਦੀ ਦਾਦ ਦੇਣੀ ਹੋਵੇਗੀ ਕਿ ਉਨ੍ਹਾਂ ਨੇ ਠਰ੍ਹੰਮੇ ਤੋਂ ਕੰਮ ਲਿਆ ਅਤੇ ਆਪਣੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਓਲੀ ਨੇ ਜ਼ਰੂਰ ਆਪਣੇ ਬਿਆਨਾਂ ’ਚ ਮਰਿਆਦਾ ਦੀ ਉਲੰਘਣਾ ਕੀਤੀ ਪਰ ਉਹ ਉਨ੍ਹਾਂ ਦੀ ਮਜਬੂਰੀ ਸੀ ਕਿਉਂਕਿ ਭਾਰਤ ’ਤੇ ਟਕੋਰ ਕਰ ਕੇ ਉਹ ਆਪਣੇ ਪਾਰਟੀ-ਵਿਰੋਧੀਆਂ ਦੀ ਹਵਾ ਢਿੱਲੀ ਕਰਨਾ ਚਾਹੁੰਦੇ ਸਨ ਪਰ ਅਸੀਂ ਜ਼ਰਾ ਦੇਖੀਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਚੀਨ ਦੇ ਰਾਸ਼ਟਰਪਤੀ ਨੇ ਇਸ ਵਿਵਾਦ ’ਤੇ ਕਿਵੇਂ ਚੁੱਪ ਧਾਰੀ ਰੱਖੀ। ਨੇਪਾਲ ਨੇ ਨਵਾਂ ਨਕਸ਼ਾ ਬਣਾਇਆ ਅਤੇ ਉਸ ’ਚ ਸਾਰਾ ਕਾਲਾਪਾਣੀ ਅਤੇ ਲਿਪੂਲੇਖ ਵਾਲਾ ਇਲਾਕਾ ਆਪਣੀ ਸਰਹੱਦ ’ਚ ਦਿਖਾ ਦਿੱਤਾ। 1816 ਦੀ ਸਗੌਲੀ ਸੰਧੀ ਦਾ ਇਕਤਰਫਾ ਚਿਤਰਨ ਕਰਕੇ ਉਸ ਨਕਸ਼ੇ ਨੂੰ ਓਲੀ ਨੇ ਆਪਣੀ ਸੰਸਦ ਦੀ ਮੋਹਰ ਲਈ ਪੇਸ਼ ਕਰ ਦਿੱਤਾ। ਵਿਰੋਧੀ ਧਿਰ ਦੀ ਨੇਪਾਲੀ ਕਾਂਗਰਸ ਨੂੰ ਵੀ ਮਜਬੂਰੀ ’ਚ ਹਾਂ ਕਰਨੀ ਪੈ ਗਈ। ਹੁਣ ਨੇਪਾਲ ਦਾ ਕਹਿਣਾ ਹੈ ਕਿ ਭਾਰਤ ਤੁਰੰਤ ਗੱਲਬਾਤ ਸ਼ੁਰੂ ਕਰੇ। ਕੋਰੋਨਾ ਦਾ ਬਹਾਨਾ ਨਾ ਬਣਾਏ। ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰ ਇੰਟਰਨੈੱਟ ’ਤੇ ਹੀ ਗੱਲ ਕਰਨ (ਜੇਕਰ ਨਹੀਂ ਕਰਨਗੇ ਤਾਂ ਨਵੀਂ ਸਰਹੱਦੀ-ਰੇਖਾ ’ਤੇ ਨੇਪਾਲੀ ਸੰਸਦ ਮੋਹਰ ਲਗਾ ਦੇਵੇਗੀ)।

ਭਾਰਤ ਅਜੇ ਗੱਲਬਾਤ ਨੂੰ ਕਿਉਂ ਟਾਲਦਾ ਰਿਹਾ, ਸਮਝ ’ਚ ਨਹੀਂ ਆਉਂਦਾ ਪਰ ਨੇਪਾਲ ਦੀ ਜਲਦਬਾਜ਼ੀ ਵੀ ਹੈਰਾਨੀਜਨਕ ਹੈ। ਨੇਪਾਲ ਨੂੰ ਚਾਹੀਦਾ ਹੈ ਕਿ ਉਹ ਚੀਨ ਤੋਂ ਕੁਝ ਸਿੱਖੇ। ਕੱਲ ਦੋਵਾਂ ਪਾਸਿਆਂ ਦੇ ਫੌਜੀ ਅਫਸਰਾਂ ਦੀ ਗੱਲਬਾਤ 7-8 ਘੰਟੇ ਚੱਲੀ ਪਰ ਹੁਣ ਇਹ ਤੈਅ ਹੋਇਆ ਹੈ ਕਿ ਸਾਰੇ ਮਾਮਲਿਆਂ ’ਤੇ ਕੂਟਨੀਤਿਕ ਵਾਰਤਾ ਹੋਵੇ। ਜੇਕਰ ਕੂਟਨੀਤਿਕ ਵਾਰਤਾ ਨਾਲ ਵੀ ਮਾਮਲਾ ਹੱਲ ਨਹੀਂ ਹੋਵੇਗਾ ਤਾਂ ਫਿਰ ਸਿਆਸੀ ਪੱਧਰ ’ਤੇ ਸਿੱਧੀ ਗੱਲਬਾਤ ਹੋਵੇਗੀ। ਇਸ ਤੋਂ ਕੀ ਜ਼ਾਹਿਰ ਹੁੰਦਾ ਹੈ? ਇਹੀ ਕਿ ਦੋਵੇਂ ਦੇਸ਼ ਪ੍ਰਪੱਕਤਾ ਦਾ ਸਬੂਤ ਦੇ ਰਹੇ ਹਨ। ਦੋਵਾਂ ਦੇਸ਼ਾਂ ਨੇ ਅਸਲ ਕੰਟ੍ਰੋਲ ਰੇਖਾ ਤੋਂ ਆਪਣੀ ਫੌਜੀ ਹਾਜ਼ਰੀ ਨੂੰ ਘਟਾ ਲਿਆ ਹੈ। ਚੀਨ ਨੂੰ ਇਹ ਯਕੀਨ ਹੋ ਗਿਆ ਹੈ ਕਿਸੇ ਤੀਸਰੇ ਦੇਸ਼ ਦੇ ਇਸ਼ਾਰੇ ’ਤੇ ਭਾਰਤ ਆਪਣੇ ਗੁਆਂਢੀ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ। ਕੀ ਚੀਨੀ ਨੇਤਾ ਅਤੇ ਕੂਟਨੀਤਿਕ ਇਹ ਨਹੀਂ ਦੇਖ ਰਹੇ ਹੋਣਗੇ ਕਿ ਭਾਰਤ ਸਰਕਾਰ ਨੇ ਚੀਨੀ ਮਾਲ ਦੇ ਬਾਈਕਾਟ ਦੇ ਸਮਰਥਨ ’ਚ ਇਕ ਵੀ ਸ਼ਬਦ ਨਹੀਂ ਬੋਲਿਆ?


author

Bharat Thapa

Content Editor

Related News