ਭਾਰਤ-ਨੇਪਾਲ : ਸਾਰਥਕ ਗੱਲਬਾਤ

01/17/2021 3:29:09 AM

ਡਾ. ਵੇਦਪ੍ਰਤਾਪ ਵੈਦਿਕ

ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਦੀ ਇਹ ਦਿੱਲੀ ਯਾਤਰਾ ਹੋਈ ਤਾਂ ਇਸ ਲਈ ਹੈ ਕਿ ਦੋਵਾਂ ਰਾਸ਼ਟਰਾਂ ਦੇ ਸਾਂਝੇ ਕਮਿਸ਼ਨ ਦੀ ਸਾਲਾਨਾ ਬੈਠਕ ਹੋਣੀ ਸੀ ਪਰ ਇਹ ਯਾਤਰਾ ਬਹੁਤ ਚੰਗੀ ਅਤੇ ਸਾਰਥਕ ਰਹੀ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਪਰਸਪਰ ਸੜਕਾਂ ਬਣਾਉਣ, ਰੇਲ ਲਾਈਨ ਵਿਛਾਉਣ, ਵਪਾਰ ਵਧਾਉਣ, ਕੁਝ ਨਵੇਂ ਨਿਰਮਾਣ ਕਾਰਜ ਕਰਨ ਆਦਿ ਮਸਲਿਆਂ ’ਤੇ ਸਹਿਮਤੀ ਦਿੱਤੀ ਪਰ ਇਨ੍ਹਾਂ ਸੁਰੱਖਿਅਤ ਮਾਮਲਿਆਂ ਦੇ ਇਲਾਵਾ ਸਭ ਤੋਂ ਘੁੰਡੀ ਵਾਲਾ ਮਾਮਲਾ ਦੋਵਾਂ ਦੇਸ਼ਾਂ ਦੇ ਦਰਮਿਆਨ ਅੱਜਕਲ ਚੱਲ ਰਿਹਾ ਹੈ, ਉਸ ’ਤੇ ਵੀ ਦੋਵਾਂ ਵਿਦੇਸ਼ ਮੰਤਰੀਆਂ ਨੇ ਗੱਲ ਕੀਤੀ ਹੈ।

ਨਵੰਬਰ 2020 ’ਚ ਸ਼ੁਰੂ ਹੋਏ ਸਰਹੱਦੀ ਇਲਾਕੇ ਦੇ ਲਿਪੁਲੇਖ-ਕਾਲਾਪਾਨੀ- ਲਿੰਪਿਆਧੁਰਾ ਦੇ ਸਰਹੱਦੀ ਵਿਵਾਦ ਦੇ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਕਾਫੀ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਭਾਰਤੀ ਵਿਦੇਸ਼ ਮੰਤਰਾਲਾ ਇਸ ਮਾਮਲੇ ਨੂੰ ਇਸ ਗੱਲਬਾਤ ਦੇ ਦੌਰਾਨ ਸ਼ਾਇਦ ਜ਼ਿਆਦਾ ਤੂਲ ਦੇਣੀ ਨਹੀਂ ਚਾਹੁੰਦਾ ਸੀ। ਇਸ ਲਈ ਆਪਣੇ ਬਿਆਨ ’ਚ ਇਸ ’ਤੇ ਕੋਈ ਚਰਚਾ ਦਾ ਸੰਕੇਤ ਨਹੀਂ ਦਿੱਤਾ ਪਰ ਨੇਪਾਲੀ ਵਿਦੇਸ਼ ਮੰਤਰਾਲਾ ਨੇ ਉਸ ਚਰਚਾ ਦਾ ਸਾਫ-ਸਾਫ ਜ਼ਿਕਰ ਕੀਤਾ।

ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਨੇਪਾਲ ਦੀ ਅੰਦਰੂਨੀ ਸਿਆਸਤ ਦਾ ਇਹ ਵੱਡਾ ਮੁੱਦਾ ਬਣ ਗਿਆ ਹੈ। ਨੇਪਾਲ ਦੀ ਓਲੀ ਸਰਕਾਰ ਵੱਲੋਂ ਸੰਸਦ ’ਚ ਰੱਖੇ ਗਏ ਨੇਪਾਲ ਦੇ ਨਵੇਂ ਨਕਸ਼ੇ ’ਚ ਸਰਬਸੰਮਤੀ ਨਾਲ ਮੋਹਰ ਲਗਾਈ ਗਈ ਹੈ। ਭਾਰਤ ਦੇ ਗੁਆਂਢੀ ਦੇਸ਼ਾਂ ਦੀ ਸਿਆਸਤ ਦੀ ਇਹ ਮਜਬੂਰੀ ਹੈ ਕਿ ਉਨ੍ਹਾਂ ਦੇ ਨੇਤਾ ਆਪਣੀ ਪ੍ਰਸਿੱਧੀ ਵਧਾਉਣ ਲਈ ਭਾਰਤ-ਵਿਰੋਧੀ ਤੇਵਰ ਧਾਰਨ ਕਰ ਲੈਂਦੇ ਹਨ। ਹੁਣ ਕਿਉਂਕਿ ਸੱਤਾਧਾਰੀ ਨੇਪਾਲੀ ਕਮਿਊਨਿਸਟ ਪਾਰਟੀ ਦੇ ਦੋ ਟੋਟੋ ਹੋ ਗਏ ਹਨ, ਸੰਸਦ ਭੰਗ ਕਰ ਦਿੱਤੀ ਗਈ ਹੈ ਅਤੇ ਓਲੀ ਸਰਕਾਰ ਇਸ ਸਮੇਂ ਸੰਕਟ ’ਚ ਹੈ, ਇਸ ਲਈ ਭਾਰਤ ਨਾਲ ਵੀ ਸਹਿਜ ਸਬੰਧ ਦਿਖਾਈ ਦੇਣ, ਇਹ ਜ਼ਰੂਰੀ ਹੈ। ਇਸ ਕੰਮ ਨੂੰ ਨੇਪਾਲੀ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਨੇ ਕਾਫੀ ਸਿਆਣਪ ਭਰੇ ਢੰਗ ਨਾਲ ਸੰਪੰਨ ਕੀਤਾ ਹੈ। ਇਸ ਦਰਮਿਆਨ ਉਂਝ ਵੀ ਭਾਰਤ ਦੇ ਫੌਜ ਮੁਖੀ ਅਤੇ ਵਿਦੇਸ਼ ਸਕੱਤਰ ਦੀ ਕਾਠਮੰਡੂ ਯਾਤਰਾ ਨੇ ਆਪਸੀ ਤਣਾਅ ਨੂੰ ਥੋੜ੍ਹਾ ਘੱਟ ਕੀਤਾ ਹੈ।

ਇੰਡੀਅਨ ਕੌਂਸਲ ਆਫ ਵਰਲਡ ਅਫੇਅਰਸ ’ਚ ਗਿਆਵਲੀ ਨੇ ਕਈ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇੰਨੀ ਸਾਵਧਾਨੀ ਵਰਤੀ ਕਿ ਭਾਰਤ-ਵਿਰੋਧੀ ਇਕ ਸ਼ਬਦ ਵੀ ਉਨ੍ਹਾਂ ਦੇ ਮੂੰਹ ’ਚੋਂ ਨਹੀਂ ਨਿਕਲਿਆ। ਕੁਝ ਟੇਢੇ ਸਵਾਲਾਂ ਦਾ ਜਵਾਬ ਦਿੰਦੇ ਸਮੇਂ ਜੇਕਰ ਉਹ ਖੁੰਝ ਜਾਂਦੇ ਤਾਂ ਉਨ੍ਹਾਂ ਨੂੰ ਨੇਪਾਲ ’ਚ ਚੀਨੀ ਦਖਲਅੰਦਾਜ਼ੀ ਨੂੰ ਪ੍ਰਵਾਨ ਕਰਨਾ ਪੈਂਦਾ ਪਰ ਉਨ੍ਹਾਂ ਨੇ ਕੂਟਨੀਤਕ ਚਲਾਕੀ ਦਾ ਸਬੂਤ ਦਿੰਦੇ ਹੋਏ ਮਾਹਿਰਾਂ ਅਤੇ ਪੱਤਰਕਾਰਾਂ ’ਤੇ ਇਹੀ ਪ੍ਰਭਾਵ ਛੱਡਿਆ ਕਿ ਭਾਰਤ-ਨੇਪਾਲ ਸਰਹੱਦੀ ਝਗੜਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ।

ਉਨ੍ਹਾਂ ਨੇ 1950 ਦੀ ਭਾਰਤ-ਨੇਪਾਲ ਸੰਧੀ ਦੇ ਨਵੀਨੀਕਰਨ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਭਾਰਤ-ਨੇਪਾਲ ਸਬੰਧ ਬਰਾਬਰੀ ਦੇ ਆਧਾਰ ’ਤੇ ਸੰਚਾਲਿਤ ਕਰਨ ’ਤੇ ਜ਼ੋਰ ਦਿੱਤਾ ਅਤੇ ਕੋਰੋਨਾ ਟੀਕਾ ਦੇਣ ਲਈ ਭਾਰਤ ਦਾ ਧੰਨਵਾਦ ਕੀਤਾ। ਭਾਰਤ-ਨੇਪਾਲ ਸਬੰਧਾਂ ਦੀ ਭਵਿੱਖੀ ਦਿਸ਼ਾ ਕੀ ਹੋਵੇਗੀ, ਇਹ ਜਾਣਨ ਤੋਂ ਪਹਿਲਾਂ ਨੇਪਾਲੀ ਸਿਆਸਤ ਦੀ ਅੰਦਰੂਨੀ ਬੁਝਾਰਤ ਦੇ ਹੱਲ ਹੋਣ ਦੀ ਉਡੀਕ ਸਾਨੂੰ ਕਰਨੀ ਹੋਵੇਗੀ। ਤਤਕਾਲਿਕ ਭਾਰਤ-ਨੇਪਾਲ ਗੱਲਬਾਤ ਤਾਂ ਸਾਰਥਕ ਹੀ ਰਹੀ ਹੈ।


Bharat Thapa

Content Editor

Related News