ਦੁਬਈ ਦਾ ਆਰਥਿਕ ਵਿਕਾਸ ਤੇ ਭਾਰਤ ਦਾ ਯੋਗਦਾਨ

Saturday, Feb 24, 2024 - 03:01 PM (IST)

ਦੁਬਈ ਦਾ ਆਰਥਿਕ ਵਿਕਾਸ ਤੇ ਭਾਰਤ ਦਾ ਯੋਗਦਾਨ

ਪੱਤਰਕਾਰੀ, ਲੇਖਨ ਅਤੇ ਫਿਲਮ ਨਿਰਮਾਣ ਦੇ ਕਾਰੋਬਾਰ ’ਚ ਘੁੰਮਣ-ਫਿਰਨ, ਨਵੀਆਂ ਥਾਵਾਂ ਨੂੰ ਦੇਖਣ ਦਾ ਸ਼ੌਕ ਹੋ ਹੀ ਜਾਂਦਾ ਹੈ। ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰਨਾ ਅਜਿਹਾ ਹੈ ਜਿਵੇਂ ਖੁਸ਼ੀਆਂ ਦੇ ਪਲਾਂ ਨੂੰ ਵੰਡਣਾ। ਅਚਾਨਕ ਪ੍ਰੋਗਰਾਮ ਬਣਿਆ ਕਿ ਦੁਬਈ ਹੋ ਕੇ ਆਇਆ ਜਾਵੇ ਅਤੇ ਹਾਲ ਹੀ ’ਚ ਨਿਰਮਿਤ ਹਿੰਦੂ ਮੰਦਰ ਵੀ ਦੇਖਿਆ ਜਾਵੇ।

ਤੇਲ ਅਤੇ ਤੇਲ ਦੀ ਧਾਰ

ਸੰਯੁਕਤ ਅਰਬ ਅਮੀਰਾਤ ਜਾਂ ਯੂ. ਏ. ਈ. ਦਾ ਖਾੜੀ ਦੇਸ਼ਾਂ ’ਚ ਆਪਣਾ ਵੱਖਰਾ ਸਥਾਨ ਹੈ। ਇਸ ਵਿਚ 7 ਸਟੇਟ ਹਨ। ਆਬੂ ਧਾਬੀ ਪ੍ਰਮੁੱਖ ਹੈ ਅਤੇ ਇੱਥੋਂ ਦੀ ਰਾਜਧਾਨੀ ਹੈ। ਦੁਬਈ ਵਪਾਰ ਦਾ ਕੇਂਦਰ ਹੈ, ਜਿੱਥੇ ਦੁਨੀਆ ਭਰ ਤੋਂ ਲੋਕ ਆ ਕੇ ਇਸ ਨੂੰ ਖੁਸ਼ਹਾਲ ਬਣਾਉਂਦੇ ਹਨ ਪਰ ਸਭ ਤੋਂ ਵੱਧ ਭਾਰਤ ਦੇ ਲੋਕਾਂ ਨੇ ਇਸ ਨੂੰ ਖੁਸ਼ਹਾਲ ਕੀਤਾ ਹੈ। ਹੋਰ ਸਟੇਟਾਂ ’ਚ ਸ਼ਾਰਜਾਹ ਹੈ ਜੋ ਖੇਡਾਂ ਅਤੇ ਖਾਸ ਤੌਰ ’ਤੇ ਕ੍ਰਿਕਟ ਲਈ ਪ੍ਰਸਿੱਧ ਹੈ। ਅਜਮਾਨ, ਉਮ ਅਲ ਕੁਵਾਈਨ, ਰਾਸ ਅਲ ਖੈਮਾਹ ਅਤੇ ਫੁਜੈਰਹ ਹਨ। ਇਹ ਪਹਾੜੀ ਇਲਾਕਿਆਂ ’ਚ ਆਉਂਦੇ ਹਨ। ਇੱਥੇ ਜਾਣਾ ਉਨ੍ਹਾਂ ਦਿਨਾਂ ਦੀ ਤਸਵੀਰ ਦਾ ਅੰਦਾਜ਼ਾ ਲਾਉਣ ਵਰਗਾ ਹੈ ਜਦ ਲੋਕ ਕਬੀਲਿਆਂ ’ਚ ਰਹਿੰਦੇ ਸਨ, ਖਾਨਾਬਦੋਸ਼ ਵਾਂਗ ਜਿੱਥੇ ਲੋੜਾਂ ਪੂਰੀਆਂ ਹੁੰਦੀਆਂ ਹਨ, ਚਲੇ ਜਾਂਦੇ ਸਨ। ਸਮੁੰਦਰ ’ਚੋਂ ਮੋਤੀ, ਸਿੱਪੀਆਂ ਅਤੇ ਦੂਜੀਆਂ ਚੀਜ਼ਾਂ ਕੱਢਦੇ ਅਤੇ ਗੁਜ਼ਾਰਾ ਕਰਦੇ ਸਨ। ਅੱਜ ਸਭ ਕੁਝ ਬਦਲ ਗਿਆ ਹੈ।

ਪਿਛਲੀ ਸਦੀ ’ਚ ਜਦ ਪਤਾ ਲੱਗਾ ਕਿ ਉਹ ਤਾਂ ਤੇਲ ਦੇ ਖੂਹਾਂ ਦੇ ਰੂਪ ’ਚ ਅਜਿਹੀ ਜਾਇਦਾਦ ਦੇ ਮਾਲਕ ਹਨ ਜਿਸ ਦੀ ਸਭ ਦੇਸ਼ਾਂ ਨੂੰ ਲੋੜ ਹੈ ਤਾਂ ਸਮਝ ਗਏ ਕਿ ਗੁਰਬਤ (ਗਰੀਬੀ) ਦੇ ਦਿਨ ਲਦ ਗਏ। ਇਹੀ ਨਹੀਂ, ਆਪਣੀਆਂ ਸ਼ਰਤਾਂ ’ਤੇ ਤੇਲ ਦਾ ਸੌਦਾ ਕਰਨ ’ਚ ਮਾਹਿਰ ਹੋ ਗਏ। ਇਹ ਵੀ ਤਦ ਸਮਝੇ ਜਦ ਅੰਗ੍ਰੇਜ਼ ਇੱਥੋਂ ਚਲੇ ਗਏ, ਉਨ੍ਹਾਂ ਨੇ ਕਦੇ ਇਨ੍ਹਾਂ ਨੂੰ ਇਹ ਸਮਝਣ ਹੀ ਨਹੀਂ ਦਿੱਤਾ ਕਿ ਇਹ ਕਿਸ ਅਨਮੋਲ ਖਜ਼ਾਨੇ ਦੇ ਮਾਲਕ ਹਨ। ਤੇਲ ਦੇ ਪੂਰੇ ਕਾਰੋਬਾਰ ’ਤੇ ਅੰਗ੍ਰੇਜ਼ਾਂ ਦਾ ਕਬਜ਼ਾ ਸੀ।

ਇਸ ਕਬਜ਼ੇ ਤੋਂ ਛੁਟਕਾਰਾ ਮਿਲਿਆ। ਹੁਸ਼ਿਆਰ ਅਰਬ ਇਲਾਕਿਆਂ ਨੇ ਫੈੱਡਰੇਸ਼ਨ ਬਣਾ ਲਈ, ਮਤਲਬ ਇਕ ਦੇਸ਼ ਜਿਸ ਦੀ ਰਾਜਧਾਨੀ ਆਬੂ ਧਾਬੀ ਬਣੀ ਅਤੇ ਸੱਤਾ ਦਾ ਸੰਚਾਲਨ ਇੱਥੋਂ ਹੋਣ ਲੱਗਾ। ਦੁਬਈ ਵਪਾਰ ਦਾ ਕੇਂਦਰ ਹੋ ਗਿਆ ਜਿੱਥੇ ਮੌਸਮ ਅਜਿਹਾ ਬਣਾ ਦਿੱਤਾ ਕਿ ਪੂਰਾ ਸਾਲ ਕੰਮ ਹੋ ਸਕੇ। ਇੱਥੋਂ ਦੀ ਗਰਮੀ ’ਚ ਦੁਪਹਿਰ ਨੂੰ ਕੰਮ ਕਰਨਾ ਮੁਸ਼ਕਲ ਸੀ, ਇਸ ਲਈ 12 ਤੋਂ 3 ਵਜੇ ਤੱਕ ਘਰ ਜਾਂ ਦਫਤਰ ’ਚ ਤਾਂ ਰਹਿ ਸਕਦੇ ਹਨ ਪਰ ਬਾਹਰ ਖੁੱਲ੍ਹੇ ’ਚ ਕੋਈ ਕੰਮ ਕਰਨ ’ਤੇ ਪਾਬੰਦੀ ਹੈ। ਅੱਜ ਇਹ ਵੀ ਬਦਲ ਰਿਹਾ ਹੈ।

ਇੱਥੋਂ ਦੇ ਅਮੀਰਾਂ ਮਤਲਬ ਸ਼ੇਖਾਂ ਅਤੇ ਹਾਕਮਾਂ ’ਚ ਭਵਿੱਖ ਨੂੰ ਪੜ੍ਹਨ ਦੀ ਕਾਬਲੀਅਤ ਸੀ, ਉਹ ਸਮਝ ਗਏ ਕਿ ਤੇਲ ਤੋਂ ਮਿਲਣ ਵਾਲੀ ਦੌਲਤ ਹਮੇਸ਼ਾ ਨਹੀਂ ਮਿਲਦੀ ਰਹਿ ਸਕਦੀ ਅਤੇ ਇਕ ਦਿਨ ਇਹ ਭੰਡਾਰ ਖਤਮ ਹੋਣੇ ਹੀ ਹਨ। ਉਨ੍ਹਾਂ ਨੇ ਕਾਰੋਬਾਰ ਅਤੇ ਸੈਰ-ਸਪਾਟੇ ਨੂੰ ਆਪਣਾ ਟੀਚਾ ਬਣਾਇਆ। ਦੁਬਈ ਅਤੇ ਆਬੂ ਧਾਬੀ ਇਸ ਦੇ ਕੇਂਦਰ ਬਣ ਗਏ। ਇਸ ਦੇ ਨਾਲ ਹੀ ਇੱਥੇ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਵਿਸਥਾਰ ਕੀਤਾ। ਪੜ੍ਹੇ-ਲਿਖੇ ਅਤੇ ਸਿਹਤਮੰਦ ਲੋਕ ਕਿਸੇ ਵੀ ਦੇਸ਼ ਦੀ ਤਰੱਕੀ ਦਾ ਸਭ ਤੋਂ ਅਹਿਮ ਅੰਗ ਹਨ। ਤੇਲ ਦੀ ਕਮਾਈ ਨੂੰ ਦੇਸ਼ ਵਾਸੀਆਂ ਦੀ ਭਲਾਈ ’ਚ ਲਾ ਦਿੱਤਾ।

ਇਨ੍ਹਾਂ ਦੋਵਾਂ ਸਥਾਨਾਂ ’ਤੇ ਅਰਬ ਲੋਕਾਂ ਨੇ ਆਪਣੀ ਹੈਸੀਅਤ ਮੁਤਾਬਕ ਆਲੀਸ਼ਾਨ ਘਰ ਬਣਾ ਲਏ। ਇਕ ਪਾਸੇ ਇਹ ਰਹਿੰਦੇ ਹਨ ਅਤੇ ਨੇੜੇ ਹੀ ਦੁਨੀਆ ਭਰ ਦੇ ਅਮੀਰ ਲੋਕਾਂ ਦੀਆਂ ਬਸਤੀਆਂ ਹਨ। ਭਾਰਤ ਦੇ ਅਮੀਰਾਂ, ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਅਤੇ ਕਾਰੋਬਾਰੀਆਂ ਦੇ ਸ਼ਾਨਦਾਰ ਘਰ ਹਨ। ਸਾਰੇ ਮਾਲ ਅਤੇ ਬੁਰਜ ਖਲੀਫਾ ਵਰਗੇ ਟਾਵਰਾਂ ’ਚ ਉਨ੍ਹਾਂ ਦੇ ਘਰ ਵੀ ਹਨ ਅਤੇ ਦਫਤਰ ਵੀ। ਮੰਨਿਆ ਜਾਂਦਾ ਹੈ ਕਿ ਦੁਬਈ ’ਚ ਕਾਰੋਬਾਰ ਕਰਨਾ ਹੈ ਤਾਂ ਰਹਿਣਾ ਵੀ ਇੱਥੇ ਹੀ ਚਾਹੀਦਾ ਹੈ। ਇੱਥੋਂ ਦੇ ਹੁਕਮਰਾਨ ਵੀ ਚਾਹੁੰਦੇ ਹਨ ਕਿ ਇੱਥੇ ਲੋਕ ਆਪਣਾ ਘਰ ਬਣਾਉਣ। ਅਸਲ ’ਚ ਪੂਰੀ ਅਰਥਵਿਵਸਥਾ ਹੀ ਵਿਦੇਸ਼ੀਆਂ ’ਤੇ ਟਿਕੀ ਹੈ ਅਤੇ ਇਸ ’ਚ ਭਾਰਤੀਆਂ ਦੀ ਭੂਮਿਕਾ ਪ੍ਰਮੁੱਖ ਹੈ।

ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਹਨ। ਭਾਰਤ, ਪਾਕਿਸਤਾਨ ਅਤੇ ਨੇਪਾਲ ਤੋਂ ਇੱਥੇ ਕੰਮ ਅਤੇ ਕਾਰੋਬਾਰ ਲਈ ਆ ਕੇ ਵਸ ਗਏ ਲੋਕ ਬਹੁਤ ਵੱਡੀ ਤਾਦਾਦ ਵਿਚ ਹਨ। ਆਪਣੇ ਕੰਮ ਨਾਲ ਕੰਮ ਰੱਖਦੇ ਹਨ, ਮਿਲ-ਜੁਲ ਕੇ ਰਹਿੰਦੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਕ-ਦੂਜੇ ਦੇ ਸੁੱਖ ਜਾਂ ਦੁੱਖ ’ਚ ਸਾਥ ਨਿਭਾਉਂਦੇ ਹਨ।

ਦੁਬਈ ’ਚ ਸਭ ਕੁਝ ਮਤਲਬ ਖਾਣ-ਪੀਣ ਦਾ ਸਾਮਾਨ ਅਤੇ ਸਾਰੀਆਂ ਲੋੜ ਦੀਆਂ ਚੀਜ਼ਾਂ ਦੁਨੀਆ ਭਰ ਤੋਂ ਆਉਂਦੀਆਂ ਹਨ। ਇੱਥੇ ਉਨ੍ਹਾਂ ਦਾ ਕੁਝ ਨਹੀਂ ਹੈ, ਬਸ ਵਿਦੇਸ਼ੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਆਪਣਾ ਵਿਕਾਸ ਕਰ ਲਿਆ। ਇੱਥੋਂ ਤੱਕ ਕਿ ਪੂਰੇ ਸ਼ਹਿਰ ’ਚ ਹਰਿਆਲੀ ਦੀ ਖੇਤੀ ਕਰ ਲਈ। ਵਿਦੇਸ਼ਾਂ ਤੋਂ ਰੁੱਖ-ਪੌਦੇ ਮੰਗਵਾਏ ਅਤੇ ਇੱਥੇ ਲਾ ਦਿੱਤੇ। ਉਨ੍ਹਾਂ ਨੂੰ ਪਾਲਣ-ਪੋਸ਼ਣ ਅਤੇ ਵੱਡਾ ਕਰਨ ਦਾ ਕੰਮ ਆਧੁਨਿਕ ਤਕਨੀਕ ਨਾਲ ਕੀਤਾ। ਅੱਜ ਚਹੁੰ ਪਾਸੀਂ ਹਰਿਆਲੀ ਦਿਖਾਈ ਦਿੰਦੀ ਹੈ।

ਇੱਥੋਂ ਦੀ ਜ਼ਮੀਨ ਰੇਤਲੀ ਅਤੇ ਹੇਠਾਂ ਤੇਲ ਦੀ ਚਿਕਨਾਈ ਹੋਣ ਨਾਲ ਕੁਝ ਉੱਗ ਨਹੀਂ ਸਕਦਾ। ਕਮਾਲ ਇਸ ਗੱਲ ਦੀ ਹੈ ਕਿ ਵੱਡੇ-ਵੱਡੇ ਰੁੱਖਾਂ ਅਤੇ ਝਾੜੀਆਂ ਦੀਆਂ ਉੱਚੀਆਂ ਕੰਧਾਂ। ਫੁੱਲਾਂ ਦਾ ਬਗੀਚਾ ਹੈ ਜਿਸ ਨੂੰ ਮਿਰੇਕਲ ਗਾਰਡਨ ਕਹਿੰਦੇ ਹਨ। 9-10 ਮਹੀਨੇ ਉਹ ਖਿੜਦੇ ਹਨ ਅਤੇ 2-3 ਮਹੀਨੇ ਉਨ੍ਹਾਂ ਨੂੰ ਬਣਾਵਟੀ ਤੌਰ ’ਤੇ ਤਿਆਰ ਕਰਨ ’ਚ ਲੱਗਦੇ ਹਨ। ਦੁਬਈ ਦਾ ਮੌਸਮ ਵੀ ਬਦਲ ਕੇ ਰੱਖ ਦਿੱਤਾ। ਹੁਣ ਇੱਥੇ ਬਾਰਿਸ਼ ਹੁੰਦੀ ਹੈ ਅਤੇ ਗੜੇ ਵੀ ਪੈ ਜਾਂਦੇ ਹਨ। ਸ਼ਾਮ ਨੂੰ ਠੰਢ ਦਾ ਅਹਿਸਾਸ ਹੁੰਦਾ ਹੈ। ਊਨੀ ਕੱਪੜਿਆਂ ਦੀ ਲੋੜ ਪੈਂਦੀ ਹੈ। ਜੋ ਕਦੇ ਮਾਰੂਥਲ ਹੋਇਆ ਕਰਦਾ ਸੀ, ਅੱਜ ਗੁਲਜ਼ਾਰ ਹੈ ਅਤੇ ਆਧੁਨਿਕ ਸ਼ਹਿਰਾਂ ਅਤੇ ਆਰਥਿਕ ਤਰੱਕੀ ਦੀ ਉਦਾਹਰਣ ਹੈ। ਸਭ ਤੋਂ ਵੱਧ ਜ਼ਿਕਰਯੋਗ ਹੈ ਕਿ ਇਸ ਵਿਚ ਭਾਰਤੀਆਂ ਦਾ ਯੋਗਦਾਨ ਬਹੁਤ ਹੈ। ਅਸੀਂ ਉਹ ਕਰ ਦਿੱਤਾ ਜੋ ਕਦੇ ਖਿਆਲੀ ਸੀ।

ਹਿੰਦੂ ਮੰਦਰ

ਆਬੂ ਧਾਬੀ ’ਚ ਭਾਰਤ ਦੇ ਸੰਤ ਸੁਆਮੀ ਮਹਾਰਾਜ ਦੀ ਪ੍ਰੇਰਣਾ ਨਾਲ ਉਨ੍ਹਾਂ ਦੀ ਸੰਸਥਾ ਵੱਲੋਂ ਹਿੰਦੂ ਮੰਦਰ ਦਾ ਨਿਰਮਾਣ ਹੋਇਆ ਹੈ ਜਿਸ ਵਿਚ ਸਾਰੇ ਪ੍ਰਮੁੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹਨ। ਰਾਮ ਦਰਬਾਰ, ਸ਼ਿਵ-ਪਾਰਵਤੀ, ਰਾਧਾ-ਕ੍ਰਿਸ਼ਨ ਪ੍ਰਮੁੱਖ ਹਨ। ਪੂਰੇ ਮੰਦਰ ’ਚ ਇਤਾਲਵੀ ਮਾਰਬਲ ’ਚ ਉੱਕਰੀਆਂ ਗਈਆਂ ਮੂਰਤੀਆਂ ਅਦਭੁੱਤ ਕਾਰੀਗਰੀ ਦਾ ਨਮੂਨਾ ਹਨ। ਖੰਭਿਆਂ, ਮਹਿਰਾਬਾਂ ਅਤੇ ਕੰਧਾਂ ’ਤੇ ਇੰਨੀਆਂ ਸ਼ਾਨਦਾਰ ਕਲਾਕ੍ਰਿਤੀਆਂ ਹਨ ਕਿ ਮਨ ਮੋਹ ਲੈਂਦੀਆਂ ਹਨ।

ਮੰਦਰ ਦਾ ਨਿਰਮਾਣ ਤਾਂ ਪੂਰਾ ਹੋ ਗਿਆ ਹੈ ਅਤੇ ਦਰਸ਼ਕਾਂ ਲਈ ਖੋਲ੍ਹ ਦਿੱਤਾ ਹੈ ਪਰ ਅਜੇ ਸੰਪੂਰਨ ਕੰਪਲੈਕਸ ਦਾ ਬਣਨਾ ਬਾਕੀ ਹੈ। ਖੁੱਲ੍ਹਾ ਵਿਹੜਾ ਹੈ ਜਿਸ ਵਿਚ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਣ ਦੀ ਭਰਪੂਰ ਵਿਵਸਥਾ ਹੈ। ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਮੰਦਰ ਬੇਮਿਸਾਲ, ਸ਼ਾਨਦਾਰ ਅਤੇ ਭਗਤੀ ਭਾਵ ਨਾਲ ਰੰਗ ਦੇਣ ਵਾਲਾ ਹੈ। ਜਾਣ ’ਤੇ ਪਤਾ ਲੱਗਦਾ ਹੈ ਕਿ ਭਾਰਤ ਦੇ ਹੀ ਕਿਸੇ ਮੰਦਰ ’ਚ ਦਰਸ਼ਨ ਕਰਨ ਆਏ ਹਾਂ। ਅਜੇ ਆਉਣ-ਜਾਣ ਦੇ ਸਾਧਨਾਂ ਦਾ ਵਿਸਥਾਰ ਹੋ ਰਿਹਾ ਹੈ ਅਤੇ ਜਿਵੇਂ ਕਿ ਆਯੋਜਕਾਂ ਦੀ ਯੋਜਨਾ ਹੈ, ਛੇਤੀ ਹੀ ਸਭ ਬਹੁਤ ਸੌਖਾ ਹੋ ਜਾਵੇਗਾ। ਇਸ ਸੰਸਥਾਨ ਦੇ ਦੁਨੀਆ ਭਰ ’ਚ ਬਣੇ ਮੰਦਰਾਂ ਦੀ ਲੜੀ ਹੈ ਅਤੇ ਸਭ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਹੁੰਦਾ ਹੈ।

ਆਬੂ ਧਾਬੀ ’ਚ ਦੁਨੀਆ ਭਰ ’ਚ ਪ੍ਰਸਿੱਧ ਮਸਜਿਦ ਹੈ ਜਿਸ ਨੂੰ ਦੇਖਣ ਦੁਨੀਆ ਭਰ ਤੇ ਸਾਰੇ ਧਰਮਾਂ ਦੇ ਲੋਕ ਆਉਂਦੇ ਹਨ। ਧਾਰਮਿਕ ਆਸਥਾ ਦੇ ਲੋਕ ਤਾਂ ਆਉਂਦੇ ਹੀ ਹਨ ਪਰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਵੀ ਇਸ ਦਾ ਬਹੁਤ ਮਹੱਤਵ ਹੈ। ਜਿਸ ਤਰ੍ਹਾਂ ਦੀਆਂ ਸਹੂਲਤਾਂ ਇਸ ਮਸਜਿਦ ਕੰਪਲੈਕਸ ਵਿਚ ਮਿਲਦੀਆਂ ਹਨ, ਉਸੇ ਤਰ੍ਹਾਂ ਹੀ ਹੁਣ ਹਿੰਦੂ ਮੰਦਰ ਦਾ ਆਲਾ-ਦੁਆਲਾ ਵੀ ਵਿਕਸਿਤ ਹੋ ਜਾਣ ’ਤੇ ਦਰਸ਼ਨ ਕਰਨ ਖਾਸ ਤੌਰ ’ਤੇ ਸ਼ਰਧਾਲੂ ਅਤੇ ਸੈਲਾਨੀ ਆਇਆ ਕਰਨਗੇ। ਭਾਰਤੀਆਂ ਲਈ ਇਹ ਮਾਣ ਦੀ ਗੱਲ ਹੈ।

- ਪੂਰਨ ਚੰਦ ਸਰੀਨ


author

Tanu

Content Editor

Related News