ਅਸੀਂ ਦੇਣਾ ਨਹੀਂ ਸਿੱਖਦੇ ਤਾਂ ਖੁਦ ਨੂੰ ਮ੍ਰਿਤ ਹੀ ਸਮਝੋ

Thursday, Oct 10, 2024 - 06:12 PM (IST)

ਅਸੀਂ ਦੇਣਾ ਨਹੀਂ ਸਿੱਖਦੇ ਤਾਂ ਖੁਦ ਨੂੰ ਮ੍ਰਿਤ ਹੀ ਸਮਝੋ

ਜਿਵੇਂ ਕਿ ਮੈਂ ਸਾਰੇ ਸਮਾਚਾਰ ਚੈਨਲਾਂ ਅਤੇ ਅਖਬਾਰਾਂ ’ਚ ਇਜ਼ਰਾਈਲ ਦੇ ਬਾਰੇ ’ਚ ਸੁਣਦਾ ਰਹਿੰਦਾ ਹਾਂ, ਮੈਂ ਉਸ ਦੇਸ਼ ’ਚ ਮਿਜ਼ਾਈਲਾਂ ਅਤੇ ਬੰਬਾਰੀ ਬਾਰੇ ਨਹੀਂ ਸਗੋਂ ਕੁਝ ਦਿਲਚਸਪ ਪੜ੍ਹਿਆ ਜੋ ਕਿ ਮ੍ਰਿਤ ਸਾਗਰ (ਡੈੱਡ ਸੀ) ਬਾਰੇ ਹੈ!

ਖੈਰ, ਮ੍ਰਿਤ ਸਾਗਰ ਅਸਲ ’ਚ ਇਕ ਝੀਲ ਹੈ, ਸਮੁੰਦਰ ਨਹੀਂ। ਇਸ ’ਚ ਲੂਣ ਦੀ ਮਾਤਰਾ ਇੰਨੀ ਵੱਧ ਹੈ ਕਿ ਮਨੁੱਖੀ ਸਰੀਰ ਆਸਾਨੀ ਨਾਲ ਤੈਰ ਸਕਦਾ ਹੈ। ਤੁਸੀਂ ਲਗਭਗ ਲੇਟ ਕੇ ਕਿਤਾਬ ਪੜ੍ਹ ਸਕਦੇ ਹੋ!

ਮ੍ਰਿਤ ਸਾਗਰ ’ਚ 35 ਫੀਸਦੀ ਤਕ ਲੂਣ ਹੈ। ਆਮ ਸਮੁੰਦਰੀ ਪਾਣੀ ਤੋਂ ਲਗਭਗ 10 ਗੁਣਾ ਵੱਧ। ਅਤੇ ਇਸ ਸਾਰੇ ਖਾਰੇਪਨ ਦਾ ਮਤਲਬ ਹੈ ਕਿ ਮ੍ਰਿਤ ਸਾਗਰ ’ਚ ਬਿਲਕੁਲ ਵੀ ਜੀਵਨ ਨਹੀਂ ਹੈ, ਕੋਈ ਮੱਛੀ ਨਹੀਂ, ਕੋਈ ਬਨਸਪਤੀ ਨਹੀਂ ਅਤੇ ਕੋਈ ਸਮੁੰਦਰੀ ਜਾਨਵਰ ਨਹੀਂ। ਮ੍ਰਿਤ ਸਾਗਰ ’ਚ ਕੁਝ ਵੀ ਨਹੀਂ ਰਹਿੰਦਾ।

ਮ੍ਰਿਤ ਸਾਗਰ ਦੇ ਠੀਕ ਉੱਤਰ ’ਚ ਗੈਲਿਲੀ ਸਾਗਰ ਹੈ। ਗੈਲਿਲੀ ਸਾਗਰ ਅਤੇ ਮ੍ਰਿਤ ਸਾਗਰ ਦੋਵਾਂ ਨੂੰ ਇਕ ਹੀ ਜਾਰਡਨ ਨਦੀ ਤੋਂ ਪਾਣੀ ਮਿਲਦਾ ਹੈ ਅਤੇ ਫਿਰ ਵੀ, ਉਹ ਬਹੁਤ ਵੱਖ ਹਨ।

ਮ੍ਰਿਤ ਸਾਗਰ ਦੇ ਉਲਟ, ਗੈਲਿਲੀ ਸਾਗਰ ਖੁਸ਼ਹਾਲ, ਰੰਗੀਨ ਸਮੁੰਦਰੀ ਜੀਵਨ ਨਾਲ ਭਰਿਆ ਹੋਇਆ ਹੈ। ਉੱਥੇ ਬਹੁਤ ਸਾਰੇ ਪੌਦੇ ਅਤੇ ਬਹੁਤ ਸਾਰੀਆਂ ਮੱਛੀਆਂ ਵੀ ਹਨ। ਅਸਲ ’ਚ, ਗੈਲਿਲੀ ਸਾਗਰ ’ਚ 20 ਤੋਂ ਵੱਧ ਵੱਖ-ਵੱਖ ਕਿਸਮ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ। ਇਕ ਹੀ ਖੇਤਰ, ਪਾਣੀ ਦਾ ਇਕ ਹੀ ਸੋਮਾ ਅਤੇ ਫਿਰ ਵੀ ਇਕ ਸਾਗਰ ਜੀਵਨ ਨਾਲ ਭਰਪੂਰ ਹੈ, ਜਦ ਕਿ ਦੂਜਾ ਮ੍ਰਿਤ ਹੈ। ਅਜਿਹਾ ਕਿਉਂ?

ਜ਼ਾਹਿਰ ਤੌਰ ’ਤੇ ਇਸ ਦਾ ਕਾਰਨ ਇਹ ਹੈ ਕਿ ਜਾਰਡਨ ਨਦੀ ਗੈਲਿਲੀ ਸਾਗਰ ’ਚ ਵਹਿੰਦੀ ਹੈ ਅਤੇ ਫਿਰ ਬਾਹਰ ਨਿਕਲ ਜਾਂਦੀ ਹੈ। ਪਾਣੀ ਸਿਰਫ ਗੈਲਿਲੀ ਸਾਗਰ ’ਚ ਅੰਦਰ ਜਾ ਕੇ ਬਾਹਰ ਨਿਕਲਦਾ ਹੈ ਅਤੇ ਇਸ ਨਾਲ ਸਮੰੁਦਰ ਖੁਸ਼ਹਾਲ ਅਤੇ ਜੀਵੰਤ ਰਹਿੰਦਾ ਹੈ ਅਤੇ ਸਮੁੰਦਰੀ ਜੀਵਨ ਨਾਲ ਭਰਿਆ ਹੋਇਆ ਹੈ।

ਪਰ ਮ੍ਰਿਤ ਸਾਗਰ ਔਸਤ ਸਮੁੰਦਰੀ ਤਲ ਤੋਂ ਇੰਨਾ ਹੇਠਾਂ ਹੈ ਕਿ ਇਸ ਦਾ ਕੋਈ ਨਿਕਾਸ ਨਹੀਂ ਹੈ। ਪਾਣੀ ਜਾਰਡਨ ਨਦੀ ਤੋਂ ਅੰਦਰ ਆਉਂਦਾ ਹੈ ਪਰ ਬਾਹਰ ਨਹੀਂ ਨਿਕਲਦਾ। ਕੋਈ ਨਿਕਾਸ ਧਾਰਾ ਨਹੀਂ ਹੈ।

ਅੰਦਾਜ਼ਾ ਹੈ ਕਿ ਹਰ ਦਿਨ ਮ੍ਰਿਤ ਸਾਗਰ ਤੋਂ 7 ਮਿਲੀਅਨ ਟਨ ਤੋਂ ਵੱਧ ਪਾਣੀ ਵਾਸ਼ਪੀਕਰਨ ਨਾਲ ਉਡ ਜਾਂਦਾ ਹੈ ਜਿਸ ਕਾਰਨ ਇਹ ਖਾਰਾ ਹੋ ਜਾਂਦਾ ਹੈ। ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਅਤੇ ਕਿਸੇ ਵੀ ਸਮੁੰਦਰੀ ਜੀਵਨ ਲਈ ਅਣਉਚਿੱਤ ਹੁੰਦਾ ਹੈ ।

ਮ੍ਰਿਤ ਸਾਗਰ ਜਾਰਡਨ ਨਦੀ ਤੋਂ ਪਾਣੀ ਲੈਂਦਾ ਹੈ ਅਤੇ ਉਸ ਨੂੰ ਆਪਣੇ ਕੋਲ ਰੱਖਦਾ ਹੈ। ਇਹ ਪਾਣੀ ਨਹੀਂ ਦਿੰਦਾ। ਨਤੀਜਾ, ਇਸ ’ਚ ਕੋਈ ਜੀਵਨ ਨਹੀਂ। ਇਸ ਬਾਰੇ ਸੋਚੋ। ਜ਼ਿੰਦਗੀ ਸਿਰਫ ਪਾਉਣ ਬਾਰੇ ਨਹੀਂ ਹੈ। ਇਹ ਸਭ ਦੇਣ ਬਾਰੇ ਹੈ। ਸਾਨੂੰ ਸਾਰਿਆਂ ਨੂੰ ਗੈਲਿਲੀ ਸਾਗਰ ਵਾਂਗ ਹੋਣਾ ਚਾਹੀਦਾ ਹੈ।

ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਧਨ, ਗਿਆਨ, ਪ੍ਰੇਮ ਅਤੇ ਸਨਮਾਨ ਮਿਲਦਾ ਹੈ ਪਰ ਅਸੀਂ ਜੇ ਦੇਣਾ ਨਹੀਂ ਸਿੱਖਦੇ ਤਾਂ ਅਸੀਂ ਸਾਰੇ ਮ੍ਰਿਤ ਸਾਗਰ ਵਾਂਗ ਹੋ ਸਕਦੇ ਹਾਂ। ਪ੍ਰੇਮ ਅਤੇ ਸਨਮਾਨ, ਧਨ ਅਤੇ ਗਿਆਨ ਸਭ ਵਾਸ਼ਿਪ ਬਣ ਕੇ ਉਡ ਸਕਦੇ ਹਨ, ਜਿਵੇਂ ਮ੍ਰਿਤ ਸਾਗਰ ਦਾ ਪਾਣੀ।

ਜੇ ਅਸੀਂ ਮ੍ਰਿਤ ਸਾਗਰ ਦੀ ਮਾਨਸਿਕਤਾ ਅਪਣਾਉਂਦੇ ਹਾਂ ਕਿ ਬਸ ਜ਼ਿਆਦਾ ਪਾਣੀ, ਜ਼ਿਆਦਾ ਪੈਸਾ, ਜ਼ਿਆਦਾ ਪਿਆਰ, ਸਭ ਕੁਝ ਜ਼ਿਆਦਾ ਲੈਣਾ ਹੈ ਤਾਂ ਨਤੀਜੇ ਤਬਾਹਕੁੰਨ ਹੋ ਸਕਦੇ ਹਨ।

ਇਹ ਯਕੀਨੀ ਬਣਾਉਣਾ ਚੰਗਾ ਵਿਚਾਰ ਹੈ ਕਿ ਤੁਹਾਡੇ ਆਪਣੇ ਜੀਵਨ ਦੇ ਸਾਗਰ ’ਚ, ਤੁਹਾਡੇ ਕੋਲ ਆਊਟਲੈੱਟ ਹੋਣ। ਪਿਆਰ ਅਤੇ ਧਨ ਲਈ ਕਈ ਆਊਟਲੈੱਟ ਅਤੇ ਤੁਹਾਡੇ ਜੀਵਨ ’ਚ ਮਿਲਣ ਵਾਲੀ ਹਰ ਚੀਜ਼ ਲਈ ਜੇ ਤੁਸੀਂ ਅਜੇ ਤਕ ਅਜਿਹਾ ਨਹੀਂ ਕੀਤਾ ਹੈ ਤਾਂ ਖੁਦ ਨੂੰ ਦੇਣ ਲਈ ਆਊਟਲੈੱਟ ਬਣਾਓ...!

ਰਾਬਰਟ ਕਲੀਮੈਂਟਸ


author

Rakesh

Content Editor

Related News