ਕਾਸ਼! ਰੇਲ ਮੰਤਰਾਲਾ ਨੇ ਧਿਆਨ ਦਿੱਤਾ ਹੁੰਦਾ

Thursday, Jun 08, 2023 - 01:57 PM (IST)

ਕਾਸ਼! ਰੇਲ ਮੰਤਰਾਲਾ ਨੇ ਧਿਆਨ ਦਿੱਤਾ ਹੁੰਦਾ

ਓਡਿਸ਼ਾ ’ਚ ਬਾਲਾਸੋਰ ਨੇੜੇ ਮੰਦਭਾਗਾ ਰੇਲ ਹਾਦਸਾ ਕਈ ਸਾਲਾਂ ’ਚ ਆਪਣੀ ਤਰ੍ਹਾਂ ਦਾ ਸਭ ਤੋਂ ਭਿਆਨਕ ਟ੍ਰੇਨ ਹਾਦਸਾ ਹੈ। ਹੁਣ ਜਦਕਿ ਸਰਕਾਰ ਨੇ ਇਸ ਗੱਲ ਦੀ ਡੂੰਘੀ ਜਾਂਚ ਸ਼ੁਰੂ ਕੀਤੀ ਹੈ ਕਿ ਹਾਦਸਾ ਕਿਹੜੇ ਕਾਰਨਾਂ ਕਾਰਨ ਹੋਇਆ ਅਤੇ ਕੀ ਇਹ ਮਨੁੱਖੀ ਜਾਂ ਫਿਰ ਮਕੈਨੀਕਲ ਅਸਫਲਤਾ ਸੀ।

ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਜਾਂਚ ਸੌਂਪਣ ਦੇ ਰੇਲਵੇ ਬੋਰਡ ਦੇ ਫੈਸਲੇ ਨੇ ਇਸ ਹਾਦਸੇ ਨੂੰ ਇਕ ਹੋਰ ਨਵਾਂ ਕੋਣ ਦਿੱਤਾ ਹੈ। ਇਹ ਆਸ ਕੀਤੀ ਜਾਂਦੀ ਹੈ ਕਿ ਜਾਂਚ ’ਚ ਤੇਜ਼ੀ ਲਿਆਂਦੀ ਜਾਵੇਗੀ ਜਦਕਿ ਅਤੀਤ ’ਚ ਕਈ ਜਾਂਚਾਂ ਦੇ ਪੂਰਾ ਹੋਣ ’ਚ ਕਈ ਸਾਲ ਲੱਗ ਗਏ ਅਤੇ ਆਮ ਤੌਰ ’ਤੇ ਜਨਤਕ ਚੇਤਿਆਂ ’ਚ ਉਨ੍ਹਾਂ ਨੂੰ ਭੁਲਾ ਦਿੱਤਾ ਹੈ।

ਹਾਲਾਂਕਿ ਤਬਾਹਕੁੰਨ ਰੇਲ ਹਾਦਸੇ ਦੇ ਬਾਅਦ ਉਭਰੇ ਕੁਝ ਤੱਥ ਦੱਸਦੇ ਹਨ ਕਿ ਸ਼ਾਇਦ ਇਹ ਹਾਦਸਾ ਇਕੋ-ਇਕ ਅਜਿਹਾ ਹਾਦਸਾ ਸੀ ਜਿਸ ’ਚ 3 ਟਰੇਨਾਂ ਸ਼ਾਮਲ ਹਨ। ਦੇਸ਼ ’ਚ ਰੇਲਵੇ ਦੇ ਮੁੱਢਲੇ ਢਾਂਚੇ ਦੇ ਨਵੀਨੀਕਰਨ ਦੇ ਰੱਖ-ਰਖਾਅ ’ਤੇ ਤੁਲਨਾਤਮਕ ਤੌਰ ’ਤੇ ਘੱਟ ਧਿਆਨ ਦਿੱਤਾ ਗਿਆ ਹੈ।

ਭਾਰਤ ਦੇ ਕੰਪਟ੍ਰੋਲਰ ਅਤੇ ਆਡਿਟਰ ਜਨਰਲ (ਸੀ. ਏ. ਜੀ.) ਦੀ ਨਵੀਨਤਮ ਰਿਪੋਰਟ ਅਨੁਸਾਰ ਜਾਇਦਾਦ ਦੇ ਬਦਲਣ ਅਤੇ ਨਵਿਆਉਣ ਲਈ ਰੇਲਵੇ ਘਟਾਓ ਰਿਜ਼ਰਵ ਫੰਡ (ਆਰ. ਡੀ. ਆਰ. ਐੱਫ.) ਦਾ ਖਰਚ ਨਾਕਾਫੀ ਸੀ। ਰੇਲਵੇ ਨੇ ਨਾਨ-ਲੈਪਸੇਬਲ ਨੈਸ਼ਨਲ ਰੇਲਵੇ ਸੇਫਟੀ ਫੰਡ (ਐੱਨ. ਆਰ. ਐੱਸ. ਐੱਫ.) ਤੋਂ ਪੁਰਾਣੀਆਂ ਰੇਲ ਪਟੜੀਆਂ ਨੂੰ ਬਦਲਣ ’ਤੇ ਸਿਰਫ 13,523 ਕਰੋੜ ਰੁਪਏ ਖਰਚ ਕੀਤੇ ਜਦਕਿ ਇਸ ਲਈ ਜ਼ਰੂਰੀ 58,459 ਕਰੋੜ ਰੁਪਏ ਦੀ ਵਿਵਸਥਾ ਸੀ ਅਤੇ ਇਹ ਇਸ ਮਕਸਦ ਲਈ ਉਪਲੱਬਧ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2020-21 ਦੇ ਦੌਰਾਨ ਉਸ ਸਾਲ ਬਜਟ ’ਚ 1000 ਕਰੋੜ ਰੁਪਏ ਦੀ ਵਿਵਸਥਾ ਦੇ ਬਾਵਜੂਦ ਪੁਰਾਣੀਆਂ ਜਾਇਦਾਦਾਂ ਦੇ ਨਵੀਨੀਕਰਨ ਅਤੇ ਬਦਲਣ ’ਤੇ ਸਿਰਫ 671.92 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਕਿਉਂਕਿ ਫੰਡ ਨਾਨ-ਲੈਪਸੇਬਲ ਹੈ ਜਿਸ ਦਾ ਅਰਥ ਇਹ ਹੈ ਕਿ ਇਸ ਨੂੰ ਭਵਿੱਖ ਦੇ ਸਾਲਾਂ ’ਚ ਖਰਚ ਕੀਤਾ ਜਾ ਸਕਦਾ ਹੈ ਅਤੇ ਵਿੱਤੀ ਸਾਲ ਦੇ ਅਖੀਰ ’ਚ ਲੈਪਸੇਬਲ ਨਹੀਂ ਹੋ ਸਕਦਾ। ਮੌਜੂਦਾ ਸਮੇਂ ’ਚ ਧਨ ਦੀ ਕੁਲ ਮੁਹਾਰਤਤਾ 94,873 ਕਰੋ਼ੜ ਰੁਪਏ ਹੈ। ਇਸ ’ਚ ਟ੍ਰੈਕ ਨਵੀਨੀਕਰਨ ਅਤੇ ਮੁੜ ਸਥਾਪਨ, ਸਿੰਗਨਲਿੰਗ ਅਤੇ ਦੂਰਸੰਚਾਰ ਅਤੇ ਉਤਪਾਦਨ ਇਕਾਈਆਂ ਦਾ ਪੈਸਾ ਸ਼ਾਮਲ ਹੈ। ਇਸ ਤਰ੍ਹਾਂ ਪੁਰਾਣੀਆਂ ਜਾਇਦਾਦਾਂ ਦੇ ਨਵੀਨੀਕਰਨ ਅਤੇ ਲੈਪਸਿੰਗ ਦਾ ਬੜਾ ਵੱਡਾ ਬੈਕਲਾਗ ਹੈ ਜਿਸ ਨੂੰ ਟ੍ਰੇਨਾਂ ਦੇ ਸੁਚਾਰੂ ਸੰਚਾਲਨ ਲਈ ਸਮੇਂ ’ਤੇ ਬਦਲਣ ਦੀ ਲੋੜ ਹੈ।

ਕਾਸ਼! ਰੇਲ ਮੰਤਰਾਲਾ ਨੇ ਸੁਝਾਅ ’ਤੇ ਧਿਆਨ ਦਿੱਤਾ ਹੁੰਦਾ ਤੇ ਪਟੜੀਆਂ ਦੇ ਨਵੀਨੀਕਰਨ ਅਤੇ ਬਦਲਣ ’ਤੇ ਕੰਮ ’ਚ ਤੇਜ਼ੀ ਕੀਤੀ ਹੁੰਦੀ। ਇਹ ਯਕੀਨੀ ਬਣਾਉਣ ਲਈ ਰੇਲਵੇ ਦਾ ਦੇਸ਼ ’ਚ ਇਕ ਵਿਸ਼ਾਲ ਨੈੱਟਵਰਕ ਹੈ ਅਤੇ ਇਹ 1.3 ਮਿਲੀਅਨ ਤੋਂ ਵੱਧ ਮੁਲਾਜ਼ਮਾਂ ਦੇ ਨਾਲ ਸਭ ਤੋਂ ਵੱਡੇ ਰੋਜ਼ਗਾਰਦਾਤਿਆਂ ’ਚੋਂ ਇਕ ਹੈ। ਇਹ ਰੋਜ਼ਾਨਾ 13,000 ਤੋਂ ਵੱਧ ਯਾਤਰੀ ਟ੍ਰੇਨਾਂ ਚਲਾਉਂਦੀ ਹੈ ਅਤੇ ਇਸ ਦੀ ਟ੍ਰੈਕ ਲੰਬਾਈ ਲਗਭਗ 67,000 ਕਿਲੋਮੀਟਰ ਹੈ।

ਰੇਲਵੇ ਅਜੇ ਵੀ ਵਿਸ਼ੇਸ਼ ਤੌਰ ’ਤੇ ਲੰਬੀ ਯਾਤਰਾ ਲਈ ਟ੍ਰਾਂਸਪੋਰਟ ਦਾ ਸਭ ਤੋਂ ਸਸਤਾ ਸਾਧਨ ਹੈ ਅਤੇ ਰੋਜ਼ਾਨਾ ਔਸਤਨ 25 ਮਿਲੀਅਨ ਯਾਤਰੀ ਨੈੱਟਵਰਕ ’ਤੇ ਯਾਤਰਾ ਕਰਦੇ ਹਨ। ਸਰਕਾਰ ਦੇਰੀ ਨਾਲ ਆਧੁਨਿਕੀਕਰਨ ’ਤੇ ਕੰਮ ਕਰ ਰਹੀ ਹੈ ਅਤੇ ਵੰਦੇ ਭਾਰਤ ਵਰਗੀਆਂ ਹਾਈ ਸਪੀਡ ਟਰੇਨਾਂ ਦੀ ਸ਼ੁਰੂਆਤ ਕਰ ਰਹੀ ਹੈ।

ਪਹਿਲੀ ਹਾਈ ਸਪੀਡ ਟ੍ਰੇਨ ’ਤੇ ਵੀ ਕੰਮ ਚੱਲ ਰਿਹਾ ਹੈ ਅਤੇ ਰੇਲ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਸਹੂਲਤ ’ਚ ਆਮ ਸੁਧਾਰ ਹੋ ਰਿਹਾ ਹੈ, ਜਿਸ ’ਚ ਵਧੀਆ ਸਾਫ-ਸਫਾਈ, ਵਧੀਆ ਸਮੇਂ ਦੀ ਪਾਲਣਾ ਅਤੇ ਟਿਕਟ ਸਹੂਲਤ ਦੀ ਬਿਹਤਰੀ ਸ਼ਾਮਲ ਹੈ।

ਵੱਖ-ਵੱਖ ਪੱਧਰਾਂ ’ਤੇ ਸੁਰੱਖਿਆ ’ਤੇ ਆਪਣੇ ਰਿਕਾਰਡ ਸਮੇਤ ਰੇਲਵੇ ਦੇ ਪ੍ਰਦਰਸ਼ਨ ’ਚ ਸੁਧਾਰ ਦੇਖਿਆ ਗਿਆ ਹੈ। ਉਦਾਹਰਣ ਲਈ ਨਤੀਜੇ ਵਜੋਂ ਰੇਲ ਹਾਦਸਿਆਂ ਦੀ ਗਿਣਤੀ 2017-18 ’ਚ 74 ਤੋਂ ਘੱਟ ਕੇ 2020-21 ’ਚ 20 ਹੋ ਗਈ ਹਾਲਾਂਕਿ ਹੋਰ ਮਾਪਦੰਡਾਂ ’ਚ ਸੁਧਾਰ ਦੀ ਗੁੰਜਾਇਸ਼ ਹੈ।

ਵਧੇਰੇ ਯਾਤਰੀ ਜੋ ਰੇਲ ਦੀ ਵਰਤੋਂ ਰੋਜ਼ਾਨਾ ਯਾਤਰਾ ਕਰਨ ਲਈ ਕਰਦੇ ਹਨ, ਭੀੜ-ਭਾੜ ਵਾਲੇ ਆਮ (ਜਨਰਲ) ਡੱਬਿਆਂ ਨੂੰ ਵੀ ਭਰਦੇ ਹਨ ਜਿੱਥੇ ਮੂਲਢਾਂਚਾ ਸਮੇਂ ’ਚ ਰੁਕ ਜਾਂਦਾ ਲੱਗਦਾ ਹੈ। ਆਧੁਨਿਕੀਕਰਨ ਦੇ ਯਤਨਾਂ ਨਾਲ ਅਜੇ ਵੀ ਮਹੱਤਵਪੂਰਨ ਤੌਰ ’ਤੇ ਇਹ ਪ੍ਰਭਾਵਿਤ ਨਹੀਂ ਹੋਏ ਹਨ।

ਹਾਲ ਹੀ ਦਾ ਹਾਦਸਾ, ਜਿਸ ’ਚ ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਜ਼ਖਮੀ ਹੋ ਗਏ ਹਨ, ਨੇ ਯਾਤਰੀ ਸੁਰੱਖਿਆ ’ਤੇ ਵੱਧ ਧਿਆਨ ਦੇਣ ਲਈ ਖਤਰੇ ਦੀ ਘੰਟੀ ਵਜਾਈ ਹੈ ਅਤੇ ਪ੍ਰਬੰਧਨ ਨੂੰ ਉਨ੍ਹਾਂ ਹਿੱਸਿਆਂ ਦੀ ਯਾਦ ਦਿਵਾਈ ਹੈ ਜੋ ਸੁਧਾਰ ਅਤੇ ਬਿਹਤਰੀ ਤੋਂ ਬਚੇ ਹੋਏ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਨਿਗਰਾਨੀ ਦੀ ਲੋੜ ਹੈ।

ਵਿਪਿਨ ਪੱਬੀ


author

Rakesh

Content Editor

Related News