ਕਿੰਨੀ ਕਾਮਯਾਬ ਹੋਵੇਗੀ ਕੋਰੋਨਾ ਵੈਕਸੀਨ

12/02/2020 3:33:14 AM

ਰੰਜਨਾ ਮਿਸ਼ਰਾ

ਕਿਸੇ ਵੀ ਵੱਡੀ ਬੀਮਾਰੀ ਦੀ ਵੈਕਸੀਨ ਦੇ ਰਿਸਰਚ, ਟ੍ਰਾਇਲ ਅਤੇ ਲੋਕਾਂ ਤਕ ਪਹੁੰਚਣ ’ਚ 10 ਸਾਲ ਤਕ ਦਾ ਸਮਾਂ ਲੱਗ ਸਕਦਾ ਹੈ। ਪੋਲੀਓ ਦੀ ਵੈਕਸੀਨ ਬਣਾਉਣ ’ਚ 47 ਸਾਲ, ਚਿਕਨਪਾਕਸ ਦੀ ਵੈਕਸੀਨ ਬਣਾਉਣ ’ਚ 42 ਸਾਲ, ਇਬੋਲਾ ਦੀ ਵੈਕਸੀਨ ’ਚ 43 ਸਾਲ, ਹੈਪੇਟਾਈਟਿਸ ਬੀ ਦੀ ਵੈਕਸੀਨ ਬਣਾਉਣ ’ਚ 13 ਸਾਲ ਲੱਗੇ ਅਤੇ ਅੈੱਚ. ਆਈ. ਵੀ. ਏਡਜ਼ ਦਾ ਇਲਾਜ ਲੱਭਣ ’ਚ 61 ਸਾਲ ਲੱਗ ਗਏ ਪਰ ਇਸ ਦਾ ਇਲਾਜ ਅਜੇ ਤਕ ਸੰਭਵ ਨਹੀਂ ਹੋਇਆ। ਪਿਛਲੇ 200 ਸਾਲਾਂ ’ਚ ਸਿਰਫ ਸਮਾਲਪਾਕਸ ਨੂੰ ਹੀ ਜੜ੍ਹ ਤੋਂ ਮਿਟਾਇਆ ਜਾ ਸਕਿਆ ਹੈ।

ਇਸ ਤੋਂ ਇਲਾਵਾ ਇਨਸਾਨਾਂ ਨੂੰ ਹੋਣ ਵਾਲੀ ਕਿਸੇ ਇਨਫੈਕਸ਼ਨ ਦੀ ਬੀਮਾਰੀ ਨੂੰ ਅਜੇ ਤਕ ਜੜ੍ਹ ਤੋਂ ਖਤਮ ਨਹੀਂ ਕੀਤਾ ਜਾ ਸਕਿਆ ਪਰ ਹੁਣ ਦੁਨੀਆ ਭਰ ਦੇ ਵਿਗਿਆਨੀ ਕੋਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ।

ਇਸ ਦੀ ਵੈਕਸੀਨ ਨੂੰ ਸਿਰਫ 10 ਮਹੀਨਿਆਂ ’ਚ ਹੀ ਤਿਆਰ ਕਰ ਲਿਆ ਗਿਆ ਹੈ। ਦੁਨੀਆ ਭਰ ’ਚ ਹੁਣ ਕੋਰੋਨਾ ਵਾਇਰਸ ਦੀਆਂ ਕਈ ਵੈਕਸੀਨਾਂ ਤਿਆਰ ਹੋ ਚੁੱਕੀਅਾਂ ਹਨ। ਇਨ੍ਹਾਂ ਵੈਕਸੀਨਾਂ ਨੂੰ ਬਣਾਉਣ ਵਾਲੀਅਾਂ ਕੰਪਨੀਅਾਂ ਆਪਣੀ-ਆਪਣੀ ਵੈਕਸੀਨ ਦੀ ਸਫਲਤਾ ਦੇ ਵੱਖ-ਵੱਖ ਦਾਅਵੇ ਕਰ ਰਹੀਆਂ ਹਨ।

ਫਾਈਜ਼ਰ ਕੰਪਨੀ ਆਪਣੀ ਵੈਕਸੀਨ ਦੇ 95% ਤਕ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕਰ ਰਹੀ ਹੈ। ਓਧਰ ਮਾਡਰਨਾ 94.5%, ਰੂਸ ਦੀ ਸਪੂਤਨਿਕ ਬੀ 95%, ਆਕਸਫੋਰਡ ਅਤੇ ਐਸਟ੍ਰਾਜੇਨੇਕਾ ਦੀ ਵੈਕਸੀਨ 90% ਅਤੇ ਭਾਰਤ ’ਚ ਬਣ ਰਹੀ ਕੋ-ਵੈਕਸੀਨ ਦੇ 60% ਤਕ ਸਫਲ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਸਾਰੇ ਨਤੀਜੇ ਇਕ ਕੰਟਰੋਲ ਵਾਤਾਵਰਣ ’ਚ ਕੀਤੇ ਗਏ ਤੀਸਰੇ ਪੜਾਅ ਦੇ ਟ੍ਰਾਇਲ ਤੋਂ ਪ੍ਰਾਪਤ ਹੋਏ ਹਨ ਪਰ ਜਦੋਂ ਇਹ ਆਮ ਲੋਕਾਂ ਤਕ ਪਹੁੰਚੇਗੀ ਤਾਂ ਇਨ੍ਹਾਂ ਦੀ ਸਫਲਤਾ ਦਰ ਕਾਫੀ ਹੇਠਾਂ ਡਿੱਗ ਜਾਵੇਗੀ।

ਕਿਉਂਕਿ ਟ੍ਰਾਇਲ ਦੇ ਦੌਰਾਨ ਲੋਕਾਂ ਨੂੰ ਦੋ ਗਰੁੱਪਾਂ ’ਚ ਵੰਡਿਆ ਜਾਂਦਾ ਹੈ, ਇਨ੍ਹਾਂ ’ਚੋਂ ਅੱਧੇ ਲੋਕਾਂ ਨੂੰ ਵੈਕਸੀਨ ਦਿੱਤੀ ਜਾਂਦੀ ਹੈ ਅਤੇ ਅੱਧੇ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ। ਫਾਈਜ਼ਰ ਦੇ ਟ੍ਰਾਇਲ ’ਚ 43 ਹਜ਼ਾਰ ਲੋਕ ਸ਼ਾਮਲ ਹੋਏ, ਇਨ੍ਹਾਂ ’ਚੋਂ 170 ਲੋਕਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਹੋਇਆ ਪਰ ਇਨ੍ਹਾਂ ’ਚੋਂ 162 ਲੋਕਾਂ ਨੂੰ ਕੋਈ ਵੈਕਸੀਨ ਨਹੀਂ ਦਿੱਤੀ ਗਈ ਜਦਕਿ 8 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਅਤੇ ਇਸੇ ਆਧਾਰ ’ਤੇ ਇਸ ਵੈਕਸੀਨ ਦੇ 95 ਫੀਸਦੀ ਤਕ ਸਫਲ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਇਹ ਇਸ ਵੈਕਸੀਨ ਦੀ ਐਫੀਕੇਸੀ ਸੀ, ਇਫੈਕਟਿਵਨੈੱਸ ਨਹੀਂ।

ਐਫੀਕੇਸੀ ਦਾ ਭਾਵ ਹੈ ਕਿ ਟ੍ਰਾਇਲ ਦੌਰਾਨ ਇਸ ਵੈਕਸੀਨ ’ਚ ਲੋਕਾਂ ਨੂੰ 95 ਫੀਸਦੀ ਤਕ ਠੀਕ ਕਰਨ ਦੀ ਸਮਰੱਥਾ ਪਾਈ ਗਈ। ਆਮ ਤੌਰ ’ਤੇ ਟ੍ਰਾਇਲ ’ਚ ਸ਼ਾਮਲ ਲੋਕ ਤੰਦਰੁਸਤ ਹੁੰਦੇ ਹਨ। ਉਨ੍ਹਾਂ ਨੂੰ ਪਹਿਲਾਂ ਤੋਂ ਗੰਭੀਰ ਬੀਮਾਰੀ ਨਹੀਂ ਹੁੰਦੀ। ਜਦੋਂ ਇਹੀ ਵੈਕਸੀਨ ਦੁਨੀਆ ਦੇ ਕਰੋੜਾਂ ਲੋਕਾਂ ਨੂੰ ਦਿੱਤੀ ਜਾਵੇਗੀ ਤਦ ਇਸ ਦੇ ਅਸਲੀ ਅਸਰ ਬਾਰੇ ਪਤਾ ਲੱਗ ਸਕੇਗਾ ਕਿਉਂਕਿ ‘ਦਿ ਲੈਂਸੇਟ ਮੈਡੀਕਲ ਜਰਨਲ’ ਦੇ ਅਨੁਸਾਰ ਦੁਨੀਆ ਦੇ 95 ਫੀਸਦੀ ਲੋਕਾਂ ਨੂੰ ਪਹਿਲਾਂ ਤੋਂ ਹੀ ਕੋਈ ਨਾ ਕੋਈ ਬੀਮਾਰੀ ਹੁੰਦੀ ਹੈ, ਇਸ ਲਈ ਜਦੋਂ ਇਹ ਵੈਕਸੀਨ ਲੋਕਾਂ ਨੂੰ ਦਿੱਤੀ ਜਾਵੇਗੀ ਉਦੋਂ ਸਹੀ ਤੌਰ ’ਤੇ ਵੱਖ-ਵੱਖ ਲੋਕਾਂ ਅਤੇ ਵੱਖ-ਵੱਖ ਹਾਲਤਾਂ ’ਤੇ ਇਨ੍ਹਾਂ ਦੀ ਸਫਲਤਾ ਦੀ ਫੀਸਦੀ ਦਾ ਪਤਾ ਲੱਗ ਸਕੇਗਾ।

ਦੁਨੀਆ ਭਰ ਦੇ ਸਾਰੇ ਦੇਸ਼ਾਂ ਨੇ ਇਨ੍ਹਾਂ ਵੱਖ-ਵੱਖ ਵੈਕਸੀਨਾਂ ਨੂੰ ਖਰੀਦਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਪਰ ਸਾਰੇ ਦੇਸ਼ ਅਗਲੇ ਇਕ ਸਾਲ ’ਚ ਸਿਰਫ 20 ਤੋਂ 25 ਫੀਸਦੀ ਲੋਕਾਂ ਨੂੰ ਹੀ ਇਹ ਵੈਕਸੀਨ ਮੁਹੱਈਆ ਕਰਵਾ ਸਕਣਗੇ। ਪਹਿਲੇ ਪੜਾਅ ’ਚ ਇਹ ਵੈਕਸੀਨ ਸਿਹਤ ਕਾਮਿਅਾਂ ਨੂੰ ਮਿਲੇਗੀ, ਦੂਸਰੇ ਪੜਾਅ ’ਚ ਸੋਸ਼ਲ ਕੇਅਰ ਵਰਕਰਜ਼ ਨੂੰ ਮਿਲੇਗੀ, ਤੀਸਰੇ ਪੜਾਅ ’ਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮਿਲੇਗੀ ਅਤੇ ਚੌਥੇ ਪੜਾਅ ’ਚ ਆਮ ਜਨਤਾ ਨੂੰ ਦਿੱਤੀ ਜਾਵੇਗੀ।

ਆਮ ਤੌਰ ’ਤੇ ਵੈਕਸੀਨ ਨੂੰ 2 ਤੋਂ 3 ਡਿਗਰੀ ਸੈਲਸੀਅਸ ਤਾਪਮਾਨ ’ਤੇ ਸਟੋਰ ਕਰਨ ਦੀ ਲੋੜ ਹੁੰਦੀ ਹੈ। ਅਮੀਰ ਦੇਸ਼ਾਂ ’ਚ ਇਨ੍ਹਾਂ ਦੇ ਰੱਖ-ਰਖਾਅ ’ਚ ਕੋਈ ਮੁਸ਼ਕਲ ਨਹੀਂ ਹੋਵੇਗੀ ਪਰ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਜਿਥੇ ਸਰੋਤਾਂ ਦੀ ਘਾਟ ਹੈ ਅਤੇ ਬਿਜਲੀ ਦੀ ਸਮੱਸਿਆ ਹੈ, ਉਥੇ ਇਨ੍ਹਾਂ ਨੂੰ ਸਟੋਰ ਕਰ ਕੇ ਰੱਖਣਾ ਮੁਸ਼ਕਲ ਕੰਮ ਹੋ ਸਕਦਾ ਹੈ।

ਵੈਕਸੀਨ ਇਨਫੈਕਸ਼ਨ ਦੇ ਬਾਅਦ ਨਹੀਂ ਸਗੋਂ ਇਨਫੈਕਸ਼ਨ ਤੋਂ ਬਚਾਅ ਲਈ ਦਿੱਤੀ ਜਾਂਦੀ ਹੈ, ਜ਼ਿਆਦਾਤਰ ਵੈਕਸੀਨਾਂ ਦੇ ਨਿਰਮਾਣ ’ਚ ਇਸੇ ਦੇ ਕਮਜ਼ੋਰ ਹੋ ਚੁੱਕੇ ਵਾਇਰਸ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਮਰੇ ਹੋਏ ਵਾਇਰਸ ਤੋਂ ਵੈਕਸੀਨ ਬਣਾਈ ਜਾਂਦੀ ਹੈ। ਇਸ ਲਈ ਇਸ ਵੈਕਸੀਨ ਦੇ ਲੱਗਣ ਦੇ ਬਾਅਦ ਲੋਕਾਂ ’ਚ ਕੋਵਿਡ-19 ਦੇ ਲੱਛਣ ਦਿਖਾਈ ਦੇ ਸਕਦੇ ਹਨ ਜਿਵੇਂ ਤੇਜ਼ ਬੁਖਾਰ ਚੜ੍ਹਨਾ, ਮਾਸਪੇਸ਼ੀਅਾਂ ’ਚ ਦਰਦ ਹੋਣਾ, ਧਿਆਨ ਇਕਾਗਰ ਕਰਨ ’ਚ ਕਮੀ ਆਉਣੀ ਅਤੇ ਸਿਰ ਦਰਦ ਦੀ ਸ਼ਿਕਾਇਤ ਹੋਣੀ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਇਸ ਵਾਇਰਸ ਨੂੰ ਪਛਾਣ ਕੇ ਉਸ ਨਾਲ ਲੜਨ ਲੱਗਦੀ ਹੈ ਅਤੇ ਇਥੋਂ ਵਾਇਰਸ ਦੇ ਵਿਰੁੱਧ ਇਮਿਊਨਿਟੀ ਤਿਆਰ ਹੁੰਦੀ ਹੈ। ਇਸ ਤੋਂ ਬਾਅਦ ਵੈਕਸੀਨ ਦੀ ਦੂਸਰੀ ਡੋਜ਼ ਦਿੱਤੀ ਜਾਂਦੀ ਹੈ।

ਇਸ ਦੇ ਭੈੜੇ ਅਸਰ ਪਹਿਲਾਂ ਨਾਲੋਂ ਘੱਟ ਹੁੰਦੇ ਹਨ। ਇਨਫੈਕਸ਼ਨ ਦੇ ਵਿਰੁੱਧ ਅਕਸਰ ਚਾਰ ਕਿਸਮ ਦੀਆਂ ਵੈਕਸੀਨਾਂ ਕੰਮ ਕਰਦੀਅਾਂ ਹਨ। ਪਹਿਲੀ ਹੁੰਦੀ ਹੈ ਜੈਨੇਟਿਕ ਵੈਕਸੀਨ, ਇਸ ’ਚ ਵਾਇਰਸ ਦੇ ਜੀਂਸ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਸਰਗਰਮ ਕਰਦੇ ਹਨ, ਦੂਸਰੀ ਹੈ ਵਾਇਰਲ ਵੈਕਟਰ ਵੈਕਸੀਨ, ਇਹ ਵੈਕਸੀਨ ਸਰੀਰ ਦੀਅਾਂ ਕੋਸ਼ਿਕਾਵਾਂ ਭਾਵ ਸੈੱਲਾਂ ’ਚ ਪ੍ਰਵੇਸ਼ ਕਰਦੀ ਹੈ ਅਤੇ ਕੋਸ਼ਿਕਾਵਾਂ ਵਾਇਰਸ ਨਾਲ ਲੜਨ ਵਾਲੇ ਪ੍ਰੋਟੀਨ ਦਾ ਨਿਰਮਾਣ ਕਰਨ ਲੱਗਦੀਅਾਂ ਹਨ। ਤੀਸਰੀ ਹੈ ਪ੍ਰੋਟੀਨ ਆਧਾਰ ਵੈਕਸੀਨ, ਇਸ ’ਚ ਕੋਰੋਨਾ ਵਾਇਰਸ ਦੇ ਪ੍ਰੋਟੀਨ ਹੁੰਦੇ ਹਨ। ਚੌਥੀ ਹੈ ਗੈਰ-ਸਰਗਰਮ ਵੈਕਸੀਨ, ਜੋ ਕਮਜ਼ੋਰ ਜਾਂ ਗੈਰ-ਸਰਗਰਮ ਹੋ ਚੁੱਕੇ ਵਾਇਰਸ ਤੋਂ ਤਿਆਰ ਕੀਤੀ ਜਾਂਦੀ ਹੈ।


Bharat Thapa

Content Editor

Related News