...ਆਖਰ ਹੋਰ ਕਿੰਨੀਆਂ ‘ਨਿਰਭਯਾ’ ਬਾਕੀ

Saturday, Aug 24, 2024 - 12:36 PM (IST)

...ਆਖਰ ਹੋਰ ਕਿੰਨੀਆਂ ‘ਨਿਰਭਯਾ’ ਬਾਕੀ

ਦੇਸ਼-ਵਿਦੇਸ਼ ਵਿਚ ਸਦਮਾ, ਡਰ, ਅਵਿਸ਼ਵਾਸ ਅਤੇ ਸੋਗ ਹੈ ਕਿਉਂਕਿ ਮੇਰੇ ਦੇਸ਼ ਵਿਚ ਔਰਤਾਂ ਨਾਲ ਜਬਰ-ਜ਼ਨਾਹ ਅਤੇ ਅੱਤਿਆਚਾਰ ਵਧ ਰਹੇ ਹਨ। ਹੁਣ ਇਸ ਦੇਸ਼ ਦੀਆਂ ਕੁਝ ਔਰਤਾਂ ਨੇ ਆਪਣੇ ਰਿਸ਼ਤੇਦਾਰਾਂ ਜਾਂ ਸਾਥੀਆਂ ਦੇ ਵਿਵਹਾਰ ਬਾਰੇ ਹੌਲੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਛੂਹਣਾ, ਦਬਾਉਣਾ ਅਤੇ ਇਹ ਦੇਖਣ ਦੀ ਕੋਸ਼ਿਸ਼ ਕਰਨਾ ਕਿ ਉਨ੍ਹਾਂ ਦੀਆਂ ਸੀਮਾਵਾਂ ਕੀ ਹਨ। ਇਹ ਉਹੀ ਚਲਾਕ, ਧੋਖੇਬਾਜ਼ ਰਿਸ਼ਤੇਦਾਰ, ਚਚੇਰੇ ਭਰਾ, ਚਾਚੇ ਜਾਂ ਸਹਿਕਰਮੀ ਹਨ ਜਿਨ੍ਹਾਂ ਨੂੰ ਤੁਹਾਨੂੰ ਕਿਸੇ ਵੀ ਪਰਿਵਾਰ ਵਿਚ ਪੈਦਾ ਹੋਣ ’ਤੇ ਝੱਲਣਾ ਪੈਂਦਾ ਹੈ। ਇਸ ਦੇਸ਼ ਵਿਚ ਤੁਹਾਨੂੰ ਇਸ ਦੀ ਆਦਤ ਪੈ ਜਾਂਦੀ ਹੈ ਕਿਉਂਕਿ ਕੋਈ ਵੀ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਤੁਹਾਡੀ ਮਦਦ ਨਹੀਂ ਕਰੇਗਾ।

ਉਹ ਤੁਹਾਡੇ ਤੋਂ ਉਮੀਦ ਕਰਦੇ ਹਨ ਕਿ ਤੁਸੀਂ ਚੁੱਪ ਰਹੋ, ਇਸ ਨੂੰ ਬਰਦਾਸ਼ਤ ਕਰੋ, ਨਹੀਂ ਤਾਂ ਪਰਿਵਾਰ ਦੀ ਸਾਖ ਖਰਾਬ ਹੋ ਜਾਵੇਗੀ। ਕੁਝ ਲੋਕਾਂ ਨੇ ਇਸ ਤੋਂ ਅੱਗੇ ਜਾ ਕੇ ਕਿਹਾ ਕਿ ਸ਼ਾਇਦ ਕੁੜੀ ਨੇ ਉਸ ਆਦਮੀ ਨੂੰ ਉਤਸ਼ਾਹਿਤ ਕੀਤਾ ਹੋਵੇਗਾ। ਮੇਰੀ ਇਕ ਸਹੇਲੀ ਨਾਲ ਉਸ ਦਾ ਸਕਾ ਭਰਾ ਹਰ ਰਾਤ ਸੈਕਸ ਕਰਦਾ ਸੀ। ਘਰ ਦੀ ਕੁੜੀ ਨੇ ਹੀ ਪਰਿਵਾਰ ਦੀ ਇੱਜ਼ਤ ਬਣਾਈ ਰੱਖਣੀ ਹੁੰਦੀ ਹੈ। ਭਾਵੇਂ ਉਸ ਦਾ ਚਚੇਰਾ ਭਰਾ, ਚਾਚਾ, ਭਤੀਜਾ ਹਰ ਰਾਤ ਉਸ ਨੂੰ ਮਜਬੂਰ ਕਰ ਰਿਹਾ ਹੋਵੇ। ਕਈ ਥਾਈਂ ਤਾਂ ਘਰ ਦੀ ਔਰਤ ਵੀ ਆਪਣੀ ਧੀ ਨੂੰ ਮੁਸੀਬਤ ਵਿਚ ਦੇਖ ਕੇ ਅੱਖਾਂ ਫੇਰ ਲੈਂਦੀ ਹੈ। ਤੁਸੀਂ ਬੱਸ ਜਾਂ ਲੋਕਲ ਟਰੇਨ ਵਿਚ ਸਫ਼ਰ ਕਰਦੇ ਹੋ ਤਾਂ ਲੋਕ ਤੁਹਾਡੇ ਨਾਲ ਟਕਰਾਉਣ ਦੀ ਕੋਸ਼ਿਸ਼ ਕਰਦੇ ਹਨ, ਗਲਤੀ ਨਾਲ ਤੁਹਾਨੂੰ ਛੂਹ ਲੈਂਦੇ ਹਨ, ਇੱਥੋਂ ਤਕ ਕਿ ਕਈ ਵਾਰ ਤੁਹਾਡੇ ਪਿੱਛੇ ਖੜ੍ਹੇ ਹੋ ਕੇ ਹੱਥਰਸੀ ਕਰਦੇ ਹਨ ਜਦੋਂ ਕਿ ਲੋਕਲ ਟਰਾਂਸਪੋਰਟ ਵਿਚ ਹਰ ਕੋਈ ਦੇਖ ਰਿਹਾ ਹੁੰਦਾ ਹੈ, ਕੁਝ ਲੋਕ ਇਸ ਦਾ ਆਨੰਦ ਲੈਂਦੇ ਹਨ ਅਤੇ ਕੁਝ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਤਾਕਤਵਰ ਪਰਿਵਾਰਾਂ, ਅਮੀਰ ਘਰਾਂ ਦੀਆਂ ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਵੱਡੇ ਹੋਣ ਦੇ ਦੌਰਾਨ ਸਾਲਾਂ ਤੱਕ ਲਗਾਤਾਰ ਇਸ ਸਰੀਰਕ-ਮਾਨਸਿਕ ਤਸ਼ੱਦਦ ਵਿਚੋਂ ਲੰਘੀਆਂ ਹਨ। ਉਹ ਬੋਲਣ ਦੀ ਹਿੰਮਤ ਨਹੀਂ ਕਰਦੀਆਂ। ਇਹ ਇਕ ਕਿਸਮ ਦੀ ਮਾਨਸਿਕਤਾ ਹੈ। ਇਹ ਗਲਤ ਪਾਲਣ-ਪੋਸ਼ਣ ਹੈ। ਇਹ ਸਾਡੇ ਬੱਚਿਆਂ ਦੇ ਮਨਾਂ ਵਿਚ ਪਾਇਆ ਜਾਂਦਾ ਹੈ। ਮੁੰਡਾ ਹਰ ਕਿਸੇ ਦੀ ਅੱਖ ਦਾ ਤਾਰਾ ਹੁੰਦਾ ਹੈ ਜਦ ਕਿ ਕੁੜੀ ਬੋਝ ਹੁੰਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਇਕ ਕੁੜੀ ਹੈ ਜੋ ਤੁਹਾਡੇ ਬੁੱਢੇ ਹੋਣ ’ਤੇ ਤੁਹਾਡੀ ਦੇਖਭਾਲ ਕਰੇਗੀ ਅਤੇ ਇਹ ਪਤਾ ਹੁੰਦਾ ਹੈ ਕਿ ਜਦੋਂ ਮੁੰਡਾ ਵਿਆਹ ਕਰੇਗਾ, ਉਹ ਪਤਨੀ ਦੇ ਪਰਿਵਾਰ ਨੂੰ ਸਮਰਪਿਤ ਹੋਵੇਗਾ। ਹੁਣ ਅਸੀਂ ਕੁੜੀਆਂ ਨੂੰ ਨਹੀਂ, ਲੜਕਿਆਂ ਨੂੰ ਤਰਜੀਹ ਦਿੰਦੇ ਹਾਂ।

ਜੇਕਰ ਤੁਹਾਡੇ ਬੱਚੇ ਜਾਂ ਪੋਤੇ-ਪੋਤੀਆਂ ਸਕੂਲ ਜਾਂਦੇ ਹਨ ਤਾਂ ਉਹ ਤੁਹਾਨੂੰ ਦੱਸਣਗੇ ਕਿ ਕਿਵੇਂ ਮੁੰਡੇ ਉਨ੍ਹਾਂ ਨੂੰ ਧਮਕਾਉਂਦੇ ਹਨ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ ਪਰ ਸ਼ਾਇਦ ਹੀ ਕਿਸੇ ਦੀ ਹਿੰਮਤ ਹੋਵੇ ਕਿ ਉਹ ਸਕੂਲ ਦੇ ਅਧਿਆਪਕਾਂ ਨੂੰ ਇਸ ਦੀ ਰਿਪੋਰਟ ਕਰ ਸਕੇ ਕਿਉਂਕਿ ਫਿਰ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਤੇ ਧਮਕਾਇਆ ਜਾਵੇਗਾ। ਮੈਨੂੰ ਅੱਜ ਦੀਆਂ ਕੁੜੀਆਂ ਤੋਂ ਬਹੁਤ ਉਮੀਦਾਂ ਹਨ ਪਰ ਮੈਂ ਦੇਖਦੀ ਹਾਂ ਕਿ ਸਿੱਖਿਆ, ਸੋਸ਼ਲ ਮੀਡੀਆ ਐਕਸਪੋਜ਼ਰ ਦੇ ਨਾਲ ਵੀ ਉਹ ਅਜੇ ਵੀ ਆਪਣੇ ਪਰਿਵਾਰ, ਇੱਜ਼ਤ ਅਤੇ ਸਮਾਜਿਕ ਜ਼ਿੰਮੇਵਾਰੀਆਂ ਦੇ ਬੋਝ ਹੇਠ ਦੱਬੀਆਂ ਹਨ। ਤੁਸੀਂ ਉਨ੍ਹਾਂ ਨੂੰ ਕਿੰਨਾ ਬਚਾ ਸਕਦੇ ਹੋ। ਅਸੀਂ ਉਨ੍ਹਾਂ ਨੂੰ ਸਵੈ-ਰੱਖਿਆ ਸਿਖਾ ਸਕਦੇ ਹਾਂ ਪਰ ਸਮੂਹਿਕ ਜਬਰ-ਜ਼ਨਾਹ ਤੋਂ ਨਹੀਂ।

ਭਾਰਤੀ ਮਰਦਾਂ ਦੀ ਮਾਨਸਿਕਤਾ ਇਹ ਹੈ ਕਿ ਉਹ ਆਪਣੀਆਂ ਇੱਛਾਵਾਂ ਤੋਂ ਬਾਹਰ ਨਹੀਂ ਦੇਖ ਸਕਦੇ। ਜੇਕਰ ਤੁਸੀਂ ਕਿਸੇ ਆਦਮੀ ’ਤੇ ਮੁਸਕਰਾਉਂਦੇ ਹੋ ਜਾਂ ਸਿਰ ਹਿਲਾ ਦਿੰਦੇ ਹੋ ਤਾਂ ਉਹ ਸੋਚਦਾ ਹੈ ਕਿ ਤੁਸੀਂ ਉਸ ਨਾਲ ਹਮਬਿਸਤਰ ਹੋਣਾ ਚਾਹੁੰਦੇ ਹੋ। ਭਾਰਤੀ ਮਰਦਾਂ ਦੀ ਨਿਰਾਸ਼ਾ ਹਰ ਉਸ ਚੀਜ਼ ਨੂੰ ਪਾਰ ਕਰ ਜਾਂਦੀ ਹੈ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਹੈ। ਸਾਲ 2012 ’ਚ ਉਨ੍ਹਾਂ ਨੇ ਨਾ ਸਿਰਫ ਉਸ ਨਾਲ ਜਬਰ-ਜ਼ਨਾਹ ਕੀਤਾ ਸਗੋਂ ਉਸ ਦੀਆਂ ਆਂਦਰਾਂ ਨਾਲ ਵੀ ਖਿਲਵਾੜ ਕੀਤਾ। ਇਹ ਦਿੱਲੀ ਵਿਚ ਹੋਇਆ ਅਤੇ ਉਨ੍ਹਾਂ ਨੇ ਉਸ ਦਾ ਨਾਂ ਨਿਰਭਯਾ ਰੱਖ ਦਿੱਤਾ।

2017 ’ਚ ਉਨ੍ਹਾਂ ਨੇ ਨਾ ਸਿਰਫ ਉਸ ਨਾਲ ਜਬਰ-ਜ਼ਨਾਹ ਕੀਤਾ, ਸਗੋਂ ਉਸ ਨੂੰ ਦਰੱਖਤ ’ਤੇ ਲਟਕਾ ਦਿੱਤਾ। ਇਹ ਉੱਨਾਵ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਨਿਰਭਯਾ-2 ਦਾ ਨਾਂ ਦਿੱਤਾ ਸੀ। 2019 ਵਿਚ ਉਨ੍ਹਾਂ ਨੇ ਨਾ ਸਿਰਫ ਉਸ ਨਾਲ ਜਬਰ-ਜ਼ਨਾਹ ਕੀਤਾ, ਸਗੋਂ ਉਸ ਨੂੰ ਜ਼ਿੰਦਾ ਸਾੜ ਦਿੱਤਾ। ਇਹ ਹੈਦਰਾਬਾਦ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਨਿਰਭਯਾ-3 ਦਾ ਨਾਂ ਦਿੱਤਾ। 2019 ਤੋਂ ਹੁਣ ਤੱਕ ਅਸੀਂ ਸਿਰਫ ਮੋਮਬੱਤੀਆਂ ਜਗਾ ਰਹੇ ਹਾਂ, ਆਪਣੀਆਂ ਨੋਟਬੁੱਕਾਂ ਨੂੰ ਕਾਲਾ ਕਰ ਰਹੇ ਹਾਂ, ਕੁਝ ਫੇਸਬੁੱਕ ਪੇਜਾਂ ’ਤੇ ਟਿੱਪਣੀਆਂ ਕਰ ਰਹੇ ਹਾਂ ਅਤੇ ਇਕ ਹਫ਼ਤੇ ਦੇ ਅੰਦਰ-ਅੰਦਰ ਸਭ ਕੁਝ ਭੁੱਲ ਜਾਂਦੇ ਹਾਂ। ਦਿਨ ਬੀਤਦੇ ਹਨ ਅਤੇ ਨਿਰਭਯਾ 4, 5, 6 ਸਾਡੇ ਸਾਹਮਣੇ ਆਉਂਦੀਆਂ ਹਨ। 2024 ਵਿਚ ਉਨ੍ਹਾਂ ਨੇ ਇਕ ਰੈਜ਼ੀਡੈਂਟ ਡਾਕਟਰ ਨਾਲ ਬੇਰਹਿਮੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਨੂੰ ਮਾਰ ਦਿੱਤਾ।

ਜਦੋਂ ਰਾਤੋ-ਰਾਤ ਕਰੰਸੀ ਬਦਲੀ ਜਾ ਸਕਦੀ ਹੈ, ਜਦੋਂ ਸਿਆਸਤਦਾਨਾਂ ਦੀਆਂ ਤਨਖਾਹਾਂ ਵਧਾਉਣ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਸਕਦਾ ਹੈ, ਜਦੋਂ ਭਰੋਸੇ ਦੀ ਵੋਟ ਲਈ ਸੰਸਦ ਸਾਰੀ ਰਾਤ ਖੁੱਲ੍ਹੀ ਰਹਿ ਸਕਦੀ ਹੈ, ਫਿਰ ਜਬਰ-ਜ਼ਨਾਹ ਵਿਰੁੱਧ ਸਖ਼ਤ ਕਾਨੂੰਨ ਪਾਸ ਕਰਨ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਜਬਰ-ਜ਼ਨਾਹ, ਅੱਤਿਆਚਾਰ, ਗੰਦੀਆਂ ਨਜ਼ਰਾਂ ਜਾਰੀ ਰਹਿਣਗੀਆਂ। ਸਾਡੀਆਂ ਮੋਮਬੱਤੀਆਂ, ਸਾਡੀਆਂ ਉਮੀਦਾਂ ਬਲਦੀਆਂ ਰਹਿਣਗੀਆਂ ਪਰ ਨਵੇਂ ਸਿਰਿਓਂ। ਇਹ ਸਭ ਸ਼ਰਮਨਾਕ ਅਤੇ ਅਪਮਾਨਜਨਕ ਹੈ।

ਜਦੋਂ ਤੁਸੀਂ ਵਿਦੇਸ਼ ਯਾਤਰਾ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਜਦੋਂ ਸਾਨੂੰ ਕਿਹਾ ਜਾਂਦਾ ਹੈ ਕਿ ਸਾਡਾ ਦੇਸ਼ ਜਬਰ-ਜ਼ਨਾਹ ਕਰਨ ਵਾਲਿਆਂ ਦਾ ਦੇਸ਼ ਹੈ ਅਤੇ ਅਸੀਂ ਆਪਣੀਆਂ ਔਰਤਾਂ ਨੂੰ ਤੁਹਾਡੇ ਦੇਸ਼ ਦੀ ਯਾਤਰਾ ਨਹੀਂ ਕਰਨ ਦੇਵਾਂਗੇ ਕਿਉਂਕਿ ਉਨ੍ਹਾਂ ’ਤੇ ਤਸ਼ੱਦਦ ਕੀਤਾ ਜਾਵੇਗਾ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ ਜਾਵੇਗਾ, ਭਾਵੇਂ ਉਹ ਪੰਜ ਤਾਰਾ ਹੋਟਲ ਵਿਚ ਰਹਿਣ ਜਾਂ ਏਅਰ ਬੀ. ਐੱਨ. ਬੀ. ਵਿਚ। ਉਹ ਸਾਡੇ ਟੈਕਸੀ ਡਰਾਈਵਰਾਂ ’ਤੇ ਭਰੋਸਾ ਨਹੀਂ ਕਰ ਸਕਦੇ। ਉਹ ਹੋਟਲ ਦੇ ਵੇਟਰਾਂ ’ਤੇ ਭਰੋਸਾ ਨਹੀਂ ਕਰ ਸਕਦੇ।

ਕੀ ਅਸੀਂ ਅਸਾਧਾਰਨ ਹਾਂ, ਇਹ ਇਕ ਸਵਾਲ ਹੈ ਜੋ ਮੈਂ ਪੁੱਛਦੀ ਹਾਂ ਕਿ ਕੀ ਅਜਿਹੇ ਭਾਰਤੀ ਅਪਰਾਧੀਆਂ ਲਈ ਸਜ਼ਾ ਬਹੁਤ ਘੱਟ ਹੈ ਅਤੇ ਜਬਰ-ਜ਼ਨਾਹ ਤੋਂ ਲੈ ਕੇ ਕਤਲ, ਲਾਸ਼ਾਂ ਦੇ ਭੰਡਾਰ ਕਰਨ ਤੋਂ ਲੈ ਕੇ ਹਰ ਖੇਤਰ ਵਿਚ ਭ੍ਰਿਸ਼ਟ ਅਮਲ ਅਪਣਾਏ ਜਾ ਰਹੇ ਹਨ? ਉਨ੍ਹਾਂ ਨੂੰ ਕਿੰਨੀ ਵਾਰ ਪੈਰੋਲ ਦਿੱਤੀ ਜਾਂਦੀ ਹੈ। ਮੈਂ ਫਿਰ ਵੀ ਇਹੀ ਕਹਾਂਗੀ ਕਿ ਬੇਟੀ ਲਕਸ਼ਮੀ ਹੈ ਜੋ ਤੁਹਾਡੀ ਮੌਤ ਤੱਕ ਤੁਹਾਡੇ ਨਾਲ ਰਹੇਗੀ ਅਤੇ ਤੁਹਾਡੀ ਹਰ ਤਰ੍ਹਾਂ ਨਾਲ ਦੇਖਭਾਲ ਕਰੇਗੀ ਅਤੇ ਆਪਣਾ ਸਭ ਕੁਝ ਤਿਆਗ ਦੇਵੇਗੀ। ਉਹ ਆਪਣੇ ਪਰਿਵਾਰ ਅਤੇ ਉਨ੍ਹਾਂ ਦੀ ਭਲਾਈ ਲਈ ਅਜਿਹਾ ਕਰਦੀ ਹੈ। ਕਿਰਪਾ ਕਰ ਕੇ ਅਸੀਂ ਆਪਣੀਆਂ ਧੀਆਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਅਤੇ ਸਖ਼ਤ ਸਜ਼ਾ ਹੀ ਇਸ ਦਾ ਇਕੋ-ਇਕ ਜਵਾਬ ਹੈ। ਔਰਤਾਂ ਦਾ ਸਤਿਕਾਰ ਕਰਨ ਬਾਰੇ ਆਪਣੇ ਪੁੱਤਰ ਦੀ ਮਾਨਸਿਕਤਾ ਨੂੰ ਠੀਕ ਕਰ ਕੇ ਹੁਣੇ ਸ਼ੁਰੂਆਤ ਕਰੋ। ਉਸ ਨੂੰ ਕਹੋ ਕਿ ਕੁੜੀਆਂ ਅਨਮੋਲ ਹਨ, ਉਨ੍ਹਾਂ ਨੂੰ ਧਿਆਨ ਨਾਲ ਸੰਭਾਲੋ।

ਦੇਵੀ ਐੱਮ. ਚੇਰੀਅਨ


author

Tanu

Content Editor

Related News