ਆਪਣਾ ਵਚਨ ਨਿਭਾਉਣਾ ਹੀ ਈਮਾਨਦਾਰੀ

Monday, Oct 21, 2024 - 04:49 PM (IST)

ਆਪਣੇ ਵਚਨ ਦਾ ਪੱਕਾ ਆਦਮੀ ਜਾਂ ਔਰਤ ਅਖਵਾਉਣਾ ਕਿੰਨਾ ਖੂਬਸੂਰਤ ਹੈ। ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਇਕ ਵਾਅਦਾ ਅਤੇ ਹੱਥ ਮਿਲਾਉਣਾ ਹੀ ਸਭ ਕੁਝ ਸੀ। ਇਕਰਾਰ ਕਾਫੀ ਹੱਦ ਤਕ ਵਿਦੇਸ਼ੀ ਅਤੇ ਬੇਲੋੜੇ ਸਨ। ਅਸਲ ’ਚ ਕਿਸੇ ’ਤੇ ਜ਼ੋਰ ਦੇਣਾ ਨਿਰਾਦਰ ਮੰਨਿਆ ਜਾਂਦਾ ਸੀ। ਕਿਉਂ? ਕਿਉਂਕਿ ਇਕ ਆਦਮੀ ਦਾ ਵਚਨ ਉਸ ਦਾ ਬੰਧਨ ਹੁੰਦਾ ਹੈ। ਕੋਈ ਵੀ ਆਪਣਾ ਵਚਨ ਤੋੜ ਕੇ ਆਪਣੀ ਸਮਾਜਿਕ ਪੂੰਜੀ ਨੂੰ ਜੋਖਮ ’ਚ ਪਾਉਣ ਲਈ ਤਿਆਰ ਨਹੀਂ ਸੀ।

ਪਰ ਸਮਾਂ ਕਿੰਨਾ ਬਦਲ ਗਿਆ ਹੈ। ਪਿਛਲੇ ਮਹੀਨੇ ’ਚ 2 ਵਾਰ ਮੈਂ ਲੋਕਾਂ ਨੂੰ ਆਪਣੇ ਵਚਨ ਦਾ ਖੁੱਲ੍ਹੇਆਮ ਨਿਰਾਦਰ ਕਰਦਿਆਂ ਦੇਖਿਆ ਹੈ। ਦੋਵੇਂ ਇਕ ਜ਼ੁਬਾਨੀ ਕਰਾਰ ਦੇ ਸਨ ਅਤੇ ਦੋਵੇਂ ਕਥਿਤ ਤੌਰ ’ਤੇ ਧਾਰਮਿਕ ਵਿਅਕਤੀ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਸਪੱਸ਼ਟ ਸੀ। ਕੋਈ ਅਸਪੱਸ਼ਟਤਾ ਨਹੀਂ ਸੀ। ਖਾਸ ਕਰ ਕੇ ਉਨ੍ਹਾਂ ਲਈ ਇਕ ਦੁਖਦਾਈ ਹੈ। ਆਪਣਾ ਵਚਨ ਨਿਭਾਉਣਾ ਈਮਾਨਦਾਰੀ ਦਾ ਸਾਰ ਹੈ। ਜਿਵੇਂ ਕਿ ਸਟੀਫਨ ਕੋਵੇ ਦੱਸਦੇ ਹਨ, ‘‘ਈਮਾਨਦਾਰੀ ਤੁਹਾਡੇ ਸ਼ਬਦਾਂ ਨੂੰ ਅਸਲੀਅਤ ਦੇ ਅਨੁਸਾਰ ਬਣਾਉਂਦੀ ਹੈ।’’ ਇਹ ਅਗਵਾਈ ਲਈ ਜ਼ਰੂਰੀ ਹੈ। ਇਸ ਦੇ ਬਿਨਾਂ ‘ਤੁਸੀਂ’ ਇਕ ਪ੍ਰਭਾਵਸ਼ਾਲੀ ਆਗੂ ਨਹੀਂ ਹੋ ਸਕਦੇ।

ਪਰ ਅਜਿਹਾ ਕਿਉਂ ਹੁੰਦਾ ਹੈ? ਭਰੋਸੇ ਲਈ ਈਮਾਨਦਾਰੀ ਦੀ ਲੋੜ ਹੁੰਦੀ ਹੈ। ਜੇਕਰ ਲੋਕ ਤੁਹਾਡੇ ਸ਼ਬਦਾਂ ’ਤੇ ਭਰੋਸਾ ਨਹੀਂ ਕਰ ਸਕਦੇ ਤਾਂ ਉਹ ਤੁਹਾਡੇ ’ਤੇ ਵੀ ਭਰੋਸਾ ਨਹੀਂ ਕਰਨਗੇ। ਪ੍ਰਭਾਵ ਲਈ ਭਰੋਸਾ ਜ਼ਰੂਰੀ ਹੈ। ਲੋਕ ਉਨ੍ਹਾਂ ਵਿਅਕਤੀਆਂ ਨੂੰ ਚੁਣਦੇ ਹਨ, ਜਿਨ੍ਹਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਕਾਫੀ ਹੱਦ ਤਕ ਭਰੋਸੇ ’ਤੇ ਆਧਾਰਿਤ ਹੁੰਦਾ ਹੈ। ਹਾਂ ਕਦੇ-ਕਦਾਈਂ ਆਪਣਾ ਵਚਨ ਨਿਭਾਉਣਾ ਔਖਾ, ਮਹਿੰਗਾ ਅਤੇ ਅਣਸੁਖਾਵਾਂ ਹੁੰਦਾ ਹੈ ਪਰ ਅਜਿਹਾ ਨਾ ਕਰਨ ਦੀ ਕੀਮਤ ਹੋਰ ਵੀ ਵੱਧ ਮਹਿੰਗੀ ਹੁੰਦੀ ਹੈ। ਇਸ ਨਾਲ ਤੁਹਾਨੂੰ ਅਖੀਰ ਆਪਣੀ ਅਗਵਾਈ ਦੀ ਕੀਮਤ ਚੁਕਾਉਣੀ ਪੈਂਦੀ ਹੈ। ਆਪਣੇ ਉਪਦੇਸ਼ ’ਚ, ਯਿਸੂ ਨੇ ਸਪੱਸ਼ਟ ਤੌਰ ’ਤੇ ਕਿਹਾ, ‘‘ਤੁਹਾਡੀ ਗੱਲਬਾਤ ਹਾਂ-ਹਾਂ, ਨਹੀਂ, ਨਹੀਂ ਹੋਵੇ, ਕਿਉਂਕਿ ਜੋ ਕੁਝ ਇਨ੍ਹਾਂ ਤੋਂ ਵੱਧ ਹੈ ਉਹ ਬੁਰਾਈ ਤੋਂ ਆਉਂਦਾ ਹੈ।’’

ਹਾਂ ਤੁਹਾਡਾ ਵਚਨ ਇੰਨਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ ਕਿ ਲਿਖਤੀ ਸਮਝੌਤਾ ਤੁਹਾਡੀ ਈਮਾਨਦਾਰੀ ਦਾ ਮਜ਼ਾਕ ਉਡਾਏ ਅਤੇ ਤੁਹਾਡੇ ਚਰਿੱਤਰ ’ਤੇ ਇਕ ਬੁਰਾ ਧੱਬਾ ਹੋਵੇ। ਜਿਵੇਂ ਕਿ ਮੈਂ ਸ਼ੁਰੂਆਤ ’ਚ ਕਿਹਾ, ਆਪਣੇ ਵਚਨ ਦੇ ਪੱਕੇ ਆਦਮੀ ਜਾਂ ਔਰਤ ਵਜੋਂ ਜਾਣਿਆ ਜਾਣਾ ਕਿੰਨਾ ਸੁੰਦਰ ਹੈ ਅਤੇ ਫਿਰ ਮੈਂ ਕਿਹਾ, ਇਹ ਦੁਖਦਾਈ ਹੈ ਜਦੋਂ ਕੋਈ ਆਪਣਾ ਵਚਨ ਤੋੜਦਾ ਹੈ, ਨਾ ਸਿਰਫ ਉਸ ਵਿਅਕਤੀ ਲਈ ਜੋ ਪੀੜਤ ਹੈ ਸਗੋਂ ਉਸ ਤੋਂ ਵੀ ਵੱਧ ਉਸ ਵਿਅਕਤੀ ਲਈ ਜੋ ਵਚਨ ਤੋੜਦਾ ਹੈ ਕਿਉਂਕਿ ਬੇਸ਼ੱਕ ਉਸ ਨੇ ਅਜਿਹਾ ਕਰ ਕੇ ਭੌਤਿਕ ਤੌਰ ’ਤੇ ਲਾਭ ਉਠਾਇਆ ਹੈ ਪਰ ਉਸ ਨੇ ਉਹ ਗੁਆ ਦਿੱਤਾ ਹੈ ਜੋ ਉਹ ਕਦੇ ਵਾਪਸ ਨਹੀਂ ਹਾਸਲ ਕਰ ਸਕਦਾ ਅਤੇ ਜੋ ਸੋਨੇ ਜਾਂ ਚਾਂਦੀ ਨਾਲੋਂ ਵੀ ਵੱਧ ਕੀਮਤੀ ਹੈ ਅਤੇ ਉਹ ਹੈ ਉਸ ਦਾ ਵੱਕਾਰ।

ਮੈਂ ਇਕ ਮਿੱਤਰ ਨੂੰ ਜਾਣਦਾ ਹਾਂ, ਜਿਸ ਨੇ ਮੇਰੇ ਸਕੂਲ ਦੇ ਦਿਨਾਂ ’ਚ ਮੈਨੂੰ ਪ੍ਰਭਾਵਿਤ ਕੀਤਾ ਸੀ, ਜਿਸ ਨੂੰ ਆਪਣੇ ਵਿਆਹ ਦੇ ਇਕ ਸਾਲ ਦੇ ਅੰਦਰ ਪਤਾ ਲੱਗਾ ਕਿ ਉਸ ਦੀ ਪਤਨੀ ਇਕ ਮਾਨਸਿਕ ਨਾਮੁਰਾਦ ਬੀਮਾਰੀ ਤੋਂ ਪੀੜਤ ਹੈ। ਕੀ ਉਸ ਨੇ ਉਸ ਨੂੰ ਤਲਾਕ ਦੇ ਦਿੱਤਾ? ਕੀ ਉਸ ਨੇ ਕਿਹਾ ਕਿ ਇਹ ਉਹ ਨਹੀਂ ਸੀ ਜੋ ਉਸ ਨੇ ਵਿਆਹ ਬਾਰੇ ਸੁਪਨਾ ਦੇਖਿਆ ਸੀ? ਨਹੀਂ, ਹੁਣ ਉਸ ਦੇ ਵਿਆਹ ਨੂੰ 40 ਸਾਲ ਤੋਂ ਵੱਧ ਹੋ ਚੁੱਕੇ ਹਨ, ਉਹ ਦਿਨ-ਰਾਤ ਉਸ ਦੀ ਦੇਖਭਾਲ ਕਰਦਾ ਹੈ।

ਹੋ ਸਕਦਾ ਹੈ ਕਿ ਉਸ ਨੇ ਵਿਆਹੁਤਾ ਜ਼ਿੰਦਗੀ ਦੀ ਇਕ ਪਿਆਰੀ ਯਾਤਰਾ ਗੁਆ ਦਿੱਤੀ ਹੋਵੇ ਪਰ ਉਨ੍ਹਾਂ ਦੀਆ ਪ੍ਰਤਿੱਗਿਆਵਾਂ, ‘ਮੈਂ ਕਰਦਾ ਹਾਂ’ ਨੂੰ ਨਿਭਾਉਣ ਨਾਲ ਦਰਜਨਾਂ ਅਤੇ ਇਥੋਂ ਤੱਕ ਕਿ ਸੈਂਕੜੇ ਲੋਕਾਂ ਨੂੰ ਇਹ ਸਮਝਣ ’ਚ ਮਦਦ ਮਿਲੀ ਹੈ ਕਿ ਪਰਮਾਤਮਾ ਵੱਲੋਂ ਦਿੱਤੀ ਜ਼ਿੰਦਗੀ ਜਿਊਣੀ ਕੀ ਹੈ। ਜਦੋਂ ਅਸੀਂ ਆਰਾਮ ਕਰਾਂਗੇ ਤਾਂ ਲੋਕਾਂ ਲਈ ਇਹ ਕਿੰਨਾ ਸੁੰਦਰ ਹੋਵੇਗਾ ਕਿ ਉਹ ਕਹਿਣ, ‘ਉਹ ਆਪਣੇ ਵਚਨ ਦਾ ਪੱਕਾ ਆਦਮੀ ਸੀ...!’


-ਰਾਬਰਟ ਕਲੀਮੈਂਟਸ 
 


Tanu

Content Editor

Related News