ਹਿੰਦੀ ਦਿਵਸ ਜਾਂ ਅੰਗਰੇਜ਼ੀ ਹਟਾਓ ਦਿਵਸ?

09/15/2020 4:01:16 AM

ਡਾ. ਵੇਦਪ੍ਰਤਾਪ ਵੈਦਿਕ

ਭਾਰਤ ਸਰਕਾਰ ਨੂੰ ਹਿੰਦੀ ਦਿਵਸ ਮਨਾਉਂਦਿਆਂ 70 ਸਾਲ ਹੋ ਗਏ ਪਰ ਕੋਈ ਸਾਨੂੰ ਦੱਸੇ ਕਿ ਸਰਕਾਰੀ ਕੰਮਕਾਜ ਅਤੇ ਰੋਜ਼ਾਨਾ ਜਨ-ਜੀਵਨ ’ਚ ਹਿੰਦੀ ਕੀ ਇਕ ਕਦਮ ਵੀ ਅੱਗੇ ਵਧੀ ਹੈ? ਇਸਦਾ ਮੂਲ ਕਾਰਨ ਹੈ ਕਿ ਸਾਡੇ ਨੇਤਾ ਨੌਕਰਸ਼ਾਹਾਂ ਦੇ ਨੌਕਰ ਹਨ। ਉਹ ਦਾਅਵਾ ਕਰਦੇ ਹਨ ਕਿ ਉਹ ਜਨਤਾ ਦੇ ਨੌਕਰ ਹਨ। ਚੋਣਾਂ ਦੌਰਾਨ ਜਨਤਾ ਅੱਗੇ ਉਹ ਨੌਕਰਾਂ ਤੋਂ ਵੀ ਜ਼ਿਆਦਾ ਪੂਛ ਹਿਲਾਉਂਦੇ ਹਨ ਪਰ ਉਹ ਜਿਉਂ ਹੀ ਚੋਣ ਜਿੱਤ ਕੇ ਕੁਰਸੀ ’ਤੇ ਬੈਠਦੇ ਹਨ, ਨੌਕਰਸ਼ਾਹਾਂ ਦੀ ਨੌਕਰੀ ਵਜਾਉਣ ਲੱਗਦੇ ਹਨ। ਭਾਰਤ ਦੇ ਨੌਕਰਸ਼ਾਹ ਸਾਡੇ ਸਥਾਈ ਸ਼ਾਸਕ ਹਨ। ਉਨ੍ਹਾਂ ਦੀ ਭਾਸ਼ਾ ਅੰਗਰੇਜ਼ੀ ਹੈ। ਦੇਸ਼ ਦੇ ਕਾਨੂੰਨ ਅੰਗਰੇਜ਼ੀ ’ਚ ਬਣਦੇ ਹਨ, ਅਦਾਲਤਾਂ ਆਪਣੇ ਫੈਸਲੇ ਅੰਗਰੇਜ਼ੀ ’ਚ ਦਿੰਦੀਆਂ ਹਨ, ਉੱਚੀ ਪੜ੍ਹਾਈ ਅਤੇ ਖੋਜ ਅੰਗਰੇਜ਼ੀ ’ਚ ਹੁੰਦੇ ਹਨ। ਅੰਗਰੇਜ਼ੀ ਦੇ ਬਿਨਾਂ ਤੁਹਾਨੂੰ ਕੋਈ ਉੱਚੀ ਨੌਕਰੀ ਨਹੀਂ ਮਿਲ ਸਕਦੀ। ਕੀ ਅਸੀਂ ਆਪਣੇ ਨੇਤਾਵਾਂ ਅਤੇ ਸਰਕਾਰ ਤੋਂ ਆਸ ਕਰੀਏ ਕਿ ਹਿੰਦੀ ਦਿਵਸ ’ਤੇ ਉਨ੍ਹਾਂ ਨੂੰ ਕੁਝ ਸ਼ਰਮ ਆਵੇਗੀ ਅਤੇ ਅੰਗਰੇਜ਼ੀ ਦੀ ਜਨਤਕ ਵਰਤੋਂ ’ਤੇ ਪਾਬੰਦੀ ਲਗਾਉਣਗੇ? ਇਹ ਸ਼ਲਾਘਾਯੋਗ ਹੈ ਕਿ ਨਵੀਂ ਸਿੱਖਿਆ ਨੀਤੀ ’ਚ ਪ੍ਰਾਇਮਰੀ ਪੱਧਰ ’ਤੇ ਮਾਤਭਾਸ਼ਾਵਾਂ ਦੇ ਮੀਡੀਅਮ ਨੂੰ ਲਾਗੂ ਕੀਤਾ ਜਾਵੇਗਾ ਪਰ ਉੱਚੇ ਤੋਂ ਉੱਚੇ ਪੱਧਰ ਤੋਂ ਜਦੋਂ ਤਕ ਅੰਗਰੇਜ਼ੀ ਨੂੰ ਰੁਖਸਤ ਨਹੀਂ ਕੀਤਾ ਜਾਵੇਗਾ, ਹਿੰਦੀ ਦੀ ਹੈਸੀਅਤ ਨੌਕਰਾਣੀ ਦੀ ਹੀ ਬਣੀ ਰਹੇਗੀ।

ਹਿੰਦੀ ਦਿਵਸ ਨੂੰ ਸਾਰਥਕ ਬਣਾਉਣ ਲਈ ਅੰਗਰੇਜ਼ੀ ਦੀ ਜਨਤਕ ਵਰਤੋਂ ’ਤੇ ਪਾਬੰਦੀ ਦੀ ਲੋੜ ਕਿਉਂ ਹੈ? ਇਸ ਲਈ ਨਹੀਂ ਕਿ ਸਾਨੂੰ ਅੰਗਰੇਜ਼ੀ ਨਾਲ ਨਫਰਤ ਹੈ। ਕੋਈ ਮੂਰਖ ਹੀ ਹੋਵੇਗਾ ਕਿ ਜੋ ਕਿਸੇ ਵਿਦੇਸ਼ੀ ਭਾਸ਼ਾ ਜਾਂ ਅੰਗਰੇਜ਼ੀ ਨਾਲ ਨਫਰਤ ਕਰੇਗਾ। ਕੋਈ ਆਪਣੀ ਮਰਜ਼ੀ ਨਾਲ ਜਿੰਨੀਆਂ ਵੀ ਵਿਦੇਸ਼ੀ ਭਾਸ਼ਾਵਾਂ ਪੜ੍ਹੇ, ਓਨਾ ਹੀ ਵਧੀਆ! ਮੈਂ ਅੰਗਰੇਜ਼ੀ ਤੋਂ ਇਲਾਵਾ ਰੂਸੀ, ਜਰਮਨ ਅਤੇ ਫਾਰਸੀ ਪੜ੍ਹੀ ਪਰ ਆਪਣਾ ਅੰਤਰਰਾਸ਼ਟਰੀ ਰਾਜਨੀਤੀ ਵਿਚ ਪੀ. ਐੱਚ. ਡੀ. ਦਾ ਖੋਜਗ੍ਰੰਥ ਹਿੰਦੀ ’ਚ ਲਿਖਿਆ। 55 ਸਾਲ ਪਹਿਲਾਂ ਦੇਸ਼ ’ਚ ਹੰਗਾਮਾ ਹੋ ਗਿਆ। ਸੰਸਦ ਠੱਪ ਹੋ ਗਈ, ਕਿਉਂਕਿ ਦਿਮਾਗੀ ਗੁਲਾਮੀ ਦਾ ਮਾਹੌਲ ਫੈਲਿਆ ਹੋਇਆ ਸੀ। ਅੱਜ ਵੀ ਉਹੀ ਹਾਲ ਹੈ। ਇਸ ਹਾਲ ਨੂੰ ਬਦਲੀਏ ਕਿਵੇਂ?

ਹਿੰਦੀ ਦਿਵਸ ਨੂੰ ਸਾਰਾ ਦੇਸ਼ ਅੰਗਰੇਜ਼ੀ-ਹਟਾਓ ਦਿਵਸ ਦੇ ਤੌਰ ’ਤੇ ਮਨਾਵੇ! ਅੰਗਰੇਜ਼ੀ ਮਿਟਾਓ ਨਹੀਂ, ਸਿਰਫ ਹਟਾਓ! ਅੰਗਰੇਜ਼ੀ ਦੀ ਲਾਜ਼ਮੀਅਤਾ ਹਰ ਥਾਂ ਤੋਂ ਹਟਾਈ ਜਾਵੇ। ਉਨ੍ਹਾਂ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਮਾਨਤਾ ਖਤਮ ਕੀਤੀ ਜਾਵੇ, ਜੋ ਅੰਗਰੇਜ਼ੀ ਮੀਡੀਅਮ ਰਾਹੀਂ ਕੋਈ ਵੀ ਵਿਸ਼ਾ ਪੜ੍ਹਾਉਂਦੇ ਹਨ। ਸੰਸਦ ਅਤੇ ਵਿਧਾਨ ਸਭਾਵਾਂ ’ਚ ਜੋ ਵੀ ਅੰਗਰੇਜ਼ੀ ਬੋਲੇ, ਉਸ ਨੂੰ ਘੱਟ ਤੋਂ ਘੱਟ 6 ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇ। ਇਹ ਮੈਂ ਨਹੀਂ ਕਹਿ ਰਿਹਾ ਸਗੋਂ ਇਹ ਮਹਾਤਮਾ ਗਾਂਧੀ ਨੇ ਕਿਹਾ ਸੀ। ਸਾਰੇ ਕਾਨੂੰਨ ਹਿੰਦੀ ਅਤੇ ਲੋਕ ਭਾਸ਼ਾਵਾਂ ’ਚ ਬਣਨ ਅਤੇ ਅਦਾਲਤੀ ਬਹਿਸ ਅਤੇ ਫੈਸਲੇ ਵੀ ਉਨ੍ਹਾਂ ਹੀ ਭਾਸ਼ਾਵਾਂ ’ਚ ਹੋਣ। ਅੰਗਰੇਜ਼ੀ ਦੇ ਟੀ. ਵੀ. ਚੈਨਲ ਅਤੇ ਰੋਜ਼ਾਨਾ ਅਖਬਾਰਾਂ ’ਤੇ ਪਾਬੰਦੀ ਹੋਵੇ। ਵਿਦੇਸ਼ੀਆਂ ਲਈ ਸਿਰਫ ਇਕ ਚੈਨਲ ਅਤੇ ਇਕ ਅਖਬਾਰ ਵਿਦੇਸ਼ੀ ਭਾਸ਼ਾ ’ਚ ਹੋ ਸਕਦਾ ਹੈ। ਨੌਕਰੀ ਲਈ ਅੰਗਰੇਜ਼ੀ ਲਾਜ਼ਮੀ ਨਾ ਹੋਵੇ। ਹਰ ਯੂਨੀਵਰਸਿਟੀ ’ਚ ਦੁਨੀਆ ਦੀਆਂ ਪ੍ਰਮੁੱਖ ਵਿਦੇਸ਼ੀ ਭਾਸ਼ਾਵਾਂ ਨੂੰ ਸਿਖਾਉਣ ਦਾ ਪ੍ਰਬੰਧ ਹੋਵੇ ਤਾਂ ਕਿ ਸਾਡੇ ਲੋਕ ਕੂਟਨੀਤੀ, ਵਿਦੇਸ਼ ਵਪਾਰ ਅਤੇ ਖੋਜ ਦੇ ਮਾਮਲੇ ’ਚ ਨਿਪੁੰਨ ਹੋਣ। ਦੇਸ਼ ਦਾ ਹਰ ਨਾਗਰਿਕ ਪ੍ਰਣ ਕਰੇ ਕਿ ਉਹ ਆਪਣੇ ਦਸਤਖਤ ਆਪਣੀ ਭਾਸ਼ਾ ਜਾਂ ਹਿੰਦੀ ’ਚ ਕਰੇਗਾ ਅਤੇ ਇਕ ਹੋਰ ਭਾਰਤੀ ਭਾਸ਼ਾ ਸਿੱਖੇਗਾ। ਅਸੀਂ ਆਪਣਾ ਰੋਜ਼ਾਨਾ ਦਾ ਕੰਮਕਾਜ ਹਿੰਦੀ ਜਾਂ ਆਪਣੀ ਭਾਸ਼ਾ ’ਚ ਕਰੀਏ। ਭਾਰਤ ’ਚ ਜਦੋਂ ਤਕ ਅੰਗਰੇਜ਼ੀ ਦਾ ਬੋਲਬਾਲਾ ਬਣਿਆ ਰਹੇਗਾ, ਭਾਵ ਅੰਗਰੇਜ਼ੀ ਮਹਾਰਾਣੀ ਬਣੀ ਰਹੇਗੀ, ਉਦੋਂ ਤਕ ਤੁਹਾਡੀ ਹਿੰਦੀ ਨੌਕਰਾਣੀ ਹੀ ਬਣੀ ਰਹੇਗੀ।

(ਲੇਖਕ, ਭਾਰਤੀ ਭਾਸ਼ਾ ਸੰਮੇਲਨ ਦੇ ਪ੍ਰਧਾਨ ਹਨ)


Bharat Thapa

Content Editor

Related News