ਸਿਹਤਮੰਦ ਜ਼ਿੰਦਗੀ ਜਿਊਣ ਲਈ ਸਿਹਤਮੰਦ ਬਦਲ ਚੁਣੋ

Monday, Feb 17, 2025 - 04:25 PM (IST)

ਸਿਹਤਮੰਦ ਜ਼ਿੰਦਗੀ ਜਿਊਣ ਲਈ ਸਿਹਤਮੰਦ ਬਦਲ ਚੁਣੋ

ਸਾਡਾ ਪਾਚਨ ਤੰਤਰ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪ੍ਰਭਾਵਿਤ ਹੁੰਦਾ ਹੈ, ਜਿਨ੍ਹਾਂ ’ਚ ਹਲਕੇ ਲੱਛਣ ਤੋਂ ਲੈ ਕੇ ਮੌਤ ਦਰ ਅਤੇ ਬੀਮਾਰੀ ਤਕ ਸ਼ਾਮਲ ਹੈ। ਅਸੀਂ ਇਨ੍ਹਾਂ ਪ੍ਰਣਾਲੀਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਈ ਬੀਮਾਰੀਆਂ ਬਾਰੇ ਸੁਣਦੇ ਰਹਿੰਦੇ ਹਾਂ, ਜੋ ਕਈ ਕਾਰਨਾਂ ਨਾਲ ਹੁੰਦੀਆਂ ਹਨ। ਸਭ ਤੋਂ ਪਹਿਲਾਂ ਲੋਕਾਂ ’ਚ ਬੀਮਾਰੀਆਂ ਬਾਰੇ ਜਾਗਰੂਕਤਾ ਵਧੀ ਹੈ। ਨਵੇਂ ਡਾਇਗਨੌਸਟਿਕ ਟੈਸਟ, ਐਡਵਾਂਸ ਇਮੇਜਿੰਗ ਅਤੇ ਐਂਡੋਸਕੋਪੀ ਪ੍ਰਕਿਰਿਆਵਾਂ ਦੇ ਨਾਲ ਇਲਾਜ ਕਰਨਾ ਵੀ ਆਸਾਨ ਹੋ ਗਿਆ ਹੈ।

ਇਲਾਜ ਦੇ ਵੱਖ-ਵੱਖ ਤਰੀਕਿਆਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ’ਚ ਨਵੀਆਂ ਦਵਾਈਆਂ, ਇਮਿਊਨੋਥੈਰੇਪੀ ਸ਼ਾਮਲ ਹੈ, ਜੋ ਬੀਮਾਰੀਆਂ ਨਾਲ ਲੜਨ ਲਈ ਸਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ। ਐਂਡੋਸਕੋਪੀ ਰਾਹੀਂ ਘੱਟੋ-ਘੱਟ ਹਮਲਾਵਰ ਪ੍ਰਕਿਰਿਆਵਾਂ ਹੁੰਦੀਆਂ ਹਨ, ਜੋ ਵੱਡੇ ਆਪ੍ਰੇਸ਼ਨ ਤੋਂ ਬਚਾ ਸਕਦੀਆਂ ਹਨ।

ਅਮਰੀਕਾ ’ਚ ਅਸੀਂ ਫੈਟੀ ਲੀਵਰ ਦੇ ਵੱਧ ਤੋਂ ਵੱਧ ਰੋਗੀਆਂ ਨੂੰ ਦੇਖ ਰਹੇ ਹਾਂ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਲੀਵਰ ’ਚ ਫੈਟ ਜਮ੍ਹਾ ਹੋਣ ਦੀ ਮਾਤਰਾ ਵਧ ਜਾਂਦੀ ਹੈ ਅਤੇ ਇਹ ਇਕ ਖਾਮੋਸ਼ ਰੋਗ ਹੋ ਸਕਦਾ ਹੈ। ਇਸ ਨਾਲ ਲੀਵਰ ’ਤੇ ਨਿਸ਼ਾਨ ਪੈ ਸਕਦੇ ਹਨ, ਲੀਵਰ ਦਾ ਸਿਰੋਸਿਸ ਅਤੇ ਸੰਬੰਧਤ ਮੁਸ਼ਕਲਾਂ ਅਤੇ ਇਥੋਂ ਤਕ ਕਿ ਲੀਵਰ ਫੇਲੀਅਰ ਵੀ ਹੋ ਸਕਦਾ ਹੈ।

ਫੈਟੀ ਲੀਵਰ ਦਾ ਮੁੱਖ ਕਾਰਨ ਕੋਲੈਸਟ੍ਰਾਲ ਦਾ ਵਧਣਾ, ਹਾਈ ਬਲੱਡ ਸ਼ੂਗਰ, ਜ਼ਿਆਦਾ ਭਾਰ ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣਾ ਹੈ। ਆਮ ਤੌਰ ’ਤੇ ਖੂਨ ਦੇ ਟੈਸਟ, ਸਕੈਨਸ, ਅਲਟ੍ਰਾਸਾਊਂਡ ਅਤੇ ਫਾਈਬ੍ਰੋਸਕੈਨ ਵਰਗੇ ਸਕੈਨ ਨਾਲ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਦਾ ਇਲਾਜ ਅੰਦਰੂਨੀ ਕਾਰਨ ਦਾ ਇਲਾਜ ਕਰਨਾ ਹੈ। ਫੈਟੀ ਲੀਵਰ ਦਾ ਇਲਾਜ ਸਿਹਤਮੰਦ ਜੀਵਨ-ਸ਼ੈਲੀ, ਕਸਰਤ, ਸਿਹਤਮੰਦ ਖਾਣ ਦੀਆਂ ਆਦਤਾਂ, ਭਾਰ ਘੱਟ ਕਰਨ ਅਤੇ ਬਲੱਡ ਸ਼ੂਗਰ ਅਤੇ ਕੋਲੈਸਟ੍ਰਾਲ ਨੂੰ ਹਮਲਾਵਰ ਢੰਗ ਨਾਲ ਕੰਟਰੋਲ ਕਰਨ ਲਈ ਇਕ ਪ੍ਰੇਰਣਾ ਹੈ।

ਫੈਟੀ ਲੀਵਰ ਦੇ ਬਹੁਤ ਉੱਨਤ ਮਾਮਲਿਆਂ ਲਈ ਇਕ ਨਵੀਂ ਦਵਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਇਸ ਦੇ ਅਸਰ ਅਤੇ ਮਾੜੇ ਅਸਰ ਲਈ, ਇਸ ਨੇ ਅਜੇ ਵੀ ਸਮੇਂ ਦੀ ਕਸੌਟੀ ’ਤੇ ਪੂਰਾ ਉਤਰਨਾ ਹੈ।ਪਿਛਲੇ ਦਹਾਕੇ ’ਚ ਦਵਾਈਆਂ ਦੇ ਵਿਕਾਸ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦਵਾਈਆਂ ਦੀ ਇਕ ਨਵੀਂ ਸ਼੍ਰੇਣੀ ਜਿਸ ਨੂੰ ਇਮਿਊਨੋਥੈਰੇਪੀ ਕਿਹਾ ਜਾਂਦਾ ਹੈ, ਇਹ ਦਵਾਈਆਂ ਸਾਡੇ ਸਰੀਰ ਦੀ ਪ੍ਰਤੀਰੱਖਿਆ ’ਚ ਸੁਧਾਰ ਕਰ ਸਕਦੀਆਂ ਹਨ ਅਤੇ ਕੋਲਾਈਟਿਸ ਅਤੇ ਇਥੋਂ ਤਕ ਕਿ ਕੁਝ ਕੈਂਸਰ ਦਾ ਇਲਾਜ ਕਰਨ ’ਚ ਮਦਦ ਕਰ ਸਕਦੀਆਂ ਹਨ।

ਨਵੇਂ ਐਂਡੋਸਕੋਪ ਦੇ ਵਿਕਾਸ ਨਾਲ ਅਸੀਂ ਸਕੋਪ ਰਾਹੀਂ ਘੱਟੋ-ਘੱਟ ਇਨਵੇਸਿਵ ਸਰਜਰੀ ਕਰ ਸਕਦੇ ਹਾਂ ਅਤੇ ਬਿਨਾਂ ਚੀਰਾ ਲਗਾਏ ਜਾਂ ਕੱਟੇ, ਕਈ ਸਥਿਤੀਆਂ ਦਾ ਇਲਾਜ ਕਰ ਸਕਦੇ ਹਾਂ। ਅਸੀਂ ਸਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਬਹੁਤ ਕੁਝ ਸੁਣਦੇ ਹਾਂ, ਇਹ ਅਜੇ ਵੀ ਆਪਣੇ ਮੁੱਢਲੇ ਪੜਾਅ ’ਚ ਹੈ ਪਰ ਛੇਤੀ ਹੀ ਤੁਹਾਡੇ ਫੋਨ ’ਚ ਜਾਣਕਾਰੀ ਦਰਜ ਕਰ ਕੇ ਅਤੇ ਆਪਣੀਆਂ ਤਸਵੀਰਾਂ ਭੇਜ ਕੇ ਕਈ ਬੀਮਾਰੀਆਂ ਦਾ ਪਤਾ ਲਗਾਉਣ ਦੀ ਇਹ ਇਜਾਜ਼ਤ ਦੇਵੇਗਾ।

ਵਿਸ਼ਾਲ ਡਾਟਾ ਬੇਸ ਤੁਹਾਡੇ ਲੱਛਣਾਂ ਅਤੇ ਪ੍ਰੀਖਣਾਂ ਨੂੰ ਉੱਚ ਸਟੀਕਤਾ ਦੇ ਨਾਲ ਸੰਭਾਵਿਤ ਇਲਾਜ ਨਾਲ ਮਿਲਾਨ ਕਰਨ ’ਚ ਸਮਰੱਥ ਹੋਵੇਗਾ ਅਤੇ ਇਥੋਂ ਤੱਕ ਕਿ ਇਲਾਜ ਯੋਜਨਾ ਵੀ ਬਣਾ ਸਕੇਗਾ। ਕੈਂਸਰ ਦਾ ਇਲਾਜ ਕਿਸੇ ਲਈ ਵੀ ਵਿਨਾਸ਼ਕਾਰੀ ਹੁੰਦਾ ਹੈ ਅਤੇ ਜੀ. ਆਈ. ਟ੍ਰੈਕਟ ਕੈਂਸਰ ਬਹੁਤ ਆਮ ਹੈ। ਇਹ ਪਾਚਨ ਤੰਤਰ, ਪੈਨਕ੍ਰਿਆਜ਼, ਜਿਗਰ ਅਤੇ ਗਲੈਡਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਸਿਗਰਟਨੋਸ਼ੀ, ਸ਼ਰਾਬ ਪੀਣਾ, ਤੰਬਾਕੂ ਖਾਣਾ ਕਈ ਕੈਂਸਰ ਦੇ ਜੋਖਮ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ। ਕੁਝ ਕੈਂਸਰ ਦਾ ਜੋਖਮ ਜੈਨੇਟਿਕ ਹੁੰਦਾ ਹੈ। ਜੇਕਰ ਤੁਹਾਡੇ ਪਰਿਵਾਰ ’ਚ ਕੋਈ ਬੀਮਾਰੀ ਹੈ ਤਾਂ ਆਪਣੇ ਡਾਕਟਰ ਤੋਂ ਸਲਾਹ ਲਓ ਕਿ ਤੁਸੀਂ ਆਪਣੇ ਜੋਖਮ ਨੂੰ ਕਿਵੇਂ ਘੱਟ ਕਰ ਸਕਦੇ ਹੋ।

ਜੇਕਰ ਸ਼ੁਰੂਆਤੀ ਪੜਾਵਾਂ ’ਚ ਇਲਾਜ ਕੀਤਾ ਜਾਏ ਤਾਂ ਜ਼ਿਆਦਾਤਰ ਕੈਂਸਰ ਠੀਕ ਹੋ ਸਕਦੇ ਹਨ। ਆਮ ਲੱਛਣ ਭਾਰ ਘਟਣਾ, ਪਖਾਨੇ ’ਚ ਖੂਨ ਆਉਣਾ, ਨਿਗਲਣ ’ਚ ਮੁਸ਼ਕਲ, ਅੰਤੜੀਆਂ ’ਚ ਤਬਦੀਲੀ, ਲਗਾਤਾਰ ਪੇਟ ਦਰਦ ਹੋ ਸਕਦੇ ਹਨ। ਤਕਨਾਲੋਜੀ ਵਿਚ ਤਰੱਕੀ ਅਤੇ ਕਈ ਪ੍ਰੀਖਣ ਮੁੱਢਲੇ ਇਲਾਜ ਵਿਚ ਮਦਦ ਕਰਦੇ ਹਨ। ਰੋਕਥਾਮ ਅਤੇ ਸ਼ੁਰੂਆਤੀ ਇਲਾਜ ’ਤੇ ਜ਼ੋਰ ਦਿੱਤਾ ਜਾਂਦਾ ਹੈ, ਇਸ ਲਈ ਜੀਵਨ-ਸ਼ੈਲੀ ’ਚ ਤਬਦੀਲੀ ਜ਼ਰੂਰੀ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਆਮ ਗਿਆਨ ਅਤੇ ਮੂਲ ਗੱਲਾਂ ਹਨ। ਚੰਗੀ ਨਿੱਜੀ ਸਵੱਛਤਾ, ਸਾਫ ਪਾਣੀ ਪੀਣਾ, ਆਪਣੇ ਆਲੇ-ਦੁਆਲੇ ਨੂੰ ਸਾਫ ਰੱਖਣਾ ਕਈ ਆਮ ਗੈਸਟ੍ਰੋਇੰਟੇਰਾਈਟਿਸ ਸੰਬੰਧੀ ਬੀਮਾਰੀਆਂ ਦੀਆਂ ਘਟਨਾਵਾਂ ਨੂੰ ਘੱਟ ਕਰ ਸਕਦਾ ਹੈ।

ਸਿਹਤਮੰਦ, ਤਾਜ਼ੇ ਫਲ, ਸਬਜ਼ੀਆਂ, ਸਲਾਦ, ਮੇਵੇ, ਸਾਬਤ ਅਨਾਜ ਖਾਓ। ਪ੍ਰੋਸੈੱਸਡ ਫੂਡ, ਫਾਸਟ ਫੂਡ, ਪਹਿਲਾਂ ਤੋਂ ਪੈਕ ਕੀਤੇ ਗਏ ਖੁਰਾਕੀ ਪਦਾਰਥ, ਬਹੁਤ ਜ਼ਿਆਦਾ ਨਮਕ ਅਤੇ ਖੰਡ ਤੋਂ ਬਚੋ। ਸਰੀਰਕ ਸਰਗਰਮੀਆਂ ਵਧਾਓ ਜਿਵੇਂ ਚੱਲਣਾ, ਯੋਗ ਅਤੇ ਸੌਖੇ ਯਤਨ ਜਿਵੇਂ ਕੁਝ ਮੰਜ਼ਿਲਾਂ ਤੱਕ ਲਿਫਟ ਦੀ ਬਜਾਏ ਪੌੜੀਆਂ ਚੜ੍ਹਨਾ ਆਦਿ।

ਸਾਰਿਆਂ ਨੂੰ 40 ਦੀ ਉਮਰ ’ਚ ਇਕ ਯੋਗ ਡਾਕਟਰ ਤੋਂ ਆਮ ਜਾਂਚ ਕਰਵਾਉਣ ਅਤੇ ਸਮੇਂ-ਸਮੇਂ ’ਤੇ ਰੈਗੂਲਰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰੋ। ਆਓ ਅਸੀਂ ਆਪਣੇ ਬੱਚਿਆਂ, ਅਗਲੀ ਪੀੜ੍ਹੀ ਨੂੰ ਵੀ ਜਦੋਂ ਉਹ ਨੌਜਵਾਨ ਹੋਣ, ਸਿਹਤਮੰਦ ਬਦਲ ਚੁਣਨ ਲਈ ਸਿੱਖਿਅਤ ਕਰੀਏ ਅਤੇ ਖੁਦ ਮਿਸਾਲ ਪੇਸ਼ ਕਰੀਏ। ਅਸੀਂ ਆਪਣੇ ਜੀਨ ਨੂੰ ਨਹੀਂ ਬਦਲ ਸਕਦੇ ਪਰ ਅਸੀਂ ਯਕੀਨੀ ਤੌਰ ’ਤੇ ਸਿਹਤਮੰਦ ਜੀਵਨ ਜਿਊਣ ਲਈ ਸਿਹਤਮੰਦ ਬਦਲ ਚੁਣ ਸਕਦੇ ਹਾਂ।

-ਡਾ. ਮਨੋਜ ਮਿੱਤਲ


author

Tanu

Content Editor

Related News